‘ਇਕ ਰਾਸ਼ਟਰ ਇਕ ਭਾਸ਼ਾ’ ਦਾ ਵਿਚਾਰ ਹੁਣ ਵਿਵਹਾਰਿਕ ਨਹੀਂ

09/16/2019 2:06:51 AM

ਭਾਰਤੀ ਸਮਾਜ ਨੂੰ ਇਕਜੁੱਟ ਕਰਨ ਵਾਲੀ ਤਾਕਤ ਦੇ ਰੂਪ ’ਚ ਹਿੰਦੀ ਬਾਰੇ ਗੱਲ ਕਰਨ ਤੋਂ ਪਹਿਲਾਂ ਭਾਰਤੀ ਭਾਸ਼ਾਵਾਂ ਬਾਰੇ ਕੁਝ ਮਹੱਤਵਪੂਰਨ ਤੱਥ ਜਾਣ ਲੈਣੇ ਜ਼ਰੂਰੀ ਹਨ। ਸਭ ਤੋਂ ਪਹਿਲਾਂ ਤਾਂ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਅੱਜ ਵੀ ਵਰਤੀ ਜਾਣ ਵਾਲੀ ਭਾਸ਼ਾ ਕਿਹੜੀ ਹੈ? ਜਵਾਬ ਹੈ–ਤਮਿਲ। ਅਸਲ ’ਚ ਵਿਸ਼ਵ ਦੀਆਂ 8 ਸਭ ਤੋਂ ਪੁਰਾਣੀਆਂ ਅਤੇ ਵਰਤੀਆਂ ਜਾ ਰਹੀਆਂ ਭਾਸ਼ਾਵਾਂ ’ਚ ਇਹ ਪਹਿਲੇ ਸਥਾਨ ’ਤੇ ਹੈ।

ਦੂਜਾ, ਭਾਰਤ ਵਿਚ ਕਿੰਨੇ ਲੋਕ ਹਿੰਦੀ ਬੋਲਦੇ ਹਨ। ਜਵਾਬ ਹੈ–41.03 ਫੀਸਦੀ। ਭਾਰਤ ਵਿਚ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅੰਗਰੇਜ਼ੀ, ਜਿਸ ਨੂੰ 12.1 ਫੀਸਦੀ ਲੋਕ ਬੋਲਦੇ ਹਨ। ਤੀਜੀ ਸਭ ਤੋਂ ਵੱਧ 8.11 ਫੀਸਦੀ ਲੋਕਾਂ ਵਲੋਂ ਬੋਲੀ ਜਾਣ ਵਾਲੀ ਭਾਸ਼ਾ ਹੈ ਬੰਗਾਲੀ, ਜਿਸ ਤੋਂ ਬਾਅਦ ਤੇਲਗੂ ਦਾ ਸਥਾਨ ਹੈ।

ਸੰਵਿਧਾਨ ਦੇ ਆਰਟੀਕਲ-343 ਅਤੇ ਆਫੀਸ਼ੀਅਲ ਲੈਂਗੂਏਜ ਐਕਟ ਨੇ 1950 ਵਿਚ ਕਿਹਾ ਕਿ ਸੰਵਿਧਾਨ ਵਿਚ 14 ਰਾਸ਼ਟਰੀ ਭਾਸ਼ਾਵਾਂ ਹੋਣਗੀਆਂ। ਉਦੋਂ ਤੋਂ 3 ਵਾਰ ਸੋਧ ਕਰ ਕੇ ਇਨ੍ਹਾਂ ਦੀ ਗਿਣਤੀ 22 ਹੋ ਚੁੱਕੀ ਹੈ। ਇਹ ਮਹਿਸੂਸ ਕੀਤਾ ਗਿਆ ਕਿ ਹਿੰਦੀ ਅਤੇ ਕੁਝ ਸਮੇਂ ਲਈ ਅੰਗਰੇਜ਼ੀ ਸਰਕਾਰੀ ਭਾਸ਼ਾਵਾਂ ਰਹਿਣਗੀਆਂ। ਇਸ ਤੋਂ ਇਲਾਵਾ ਖੇਤਰੀ ਭਾਸ਼ਾਵਾਂ ਨੂੰ ਵੀ ਉਤਸ਼ਾਹ ਦਿੱਤਾ ਜਾਵੇਗਾ ਪਰ ਅਨੁਸੂਚਿਤ ਭਾਸ਼ਾਵਾਂ ਨੂੰ ਬਰਾਬਰ ਸਥਾਨ ਦਿੱਤਾ ਜਾਵੇਗਾ। ਪਰ ਸਮੇਂ-ਸਮੇਂ ’ਤੇ ਹਿੰਦੀ ਨੂੰ ਸੂਬਿਆਂ ਪਰ ਅਨੁਸੂਚਿਤ ਭਾਸ਼ਾਵਾਂ ਨੂੰ ਹਿੰਦੀ ਦੀ ਜਗ੍ਹਾ ਅਧਿਕਾਰਤ ਭਾਸ਼ਾ ਦੇ ਰੂਪ ਵਿਚ ਅਦਾਲਤਾਂ, ਵਿਧਾਨ ਸਭਾਵਾਂ ਆਦਿ ’ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਅਜਿਹੇ ਵਿਚ ਕੇਂਦਰ ਅਤੇ ਸੂਬਿਆਂ ਵਿਚ ਤਣਾਅਪੂਰਨ ਸਥਿਤੀ ਬਣ ਜਾਂਦੀ ਹੈ।

ਤਮਿਲ ਵਿਰੋਧ ਦੇ ਕਾਰਨ ਤਾਮਿਲਨਾਡੂ ’ਚ ਸਾਰਾ ਅਧਿਕਾਰਤ ਕੰਮ ਤਮਿਲ ਵਿਚ ਹੋਣ ਲੱਗਾ ਤਾਂ ਪੰਜਾਬ ਵਿਚ ਪੰਜਾਬੀ ਸੂਬਾ ਅੰਦੋਲਨ ਇਸ ਦਾ ਕਾਰਨ ਬਣਿਆ। ਮਹਾਰਾਸ਼ਟਰ ’ਚ ਸ਼ਿਵ ਸੈਨਾ ਨੇ ਸਿਰਫ ਬੰਬਈ ਦਾ ਨਾਂ ਮੁੰਬਈ ਹੀ ਨਹੀਂ ਕੀਤਾ, ਸਾਰੀਆਂ ਦੁਕਾਨਾਂ ਦੇ ਨਾਵਾਂ ਦੇ ਬੋਰਡ ਵੀ ਮਰਾਠੀ ਵਿਚ ਲਿਖਣ ’ਤੇ ਜ਼ੋਰ ਦਿੱਤਾ। ਹਾਲਾਂਕਿ ਇਹ ਇਕ ਵੱਖਰਾ ਮੁੱਦਾ ਹੈ ਕਿ ਸ਼ਿਵ ਸੈਨਾ ਨੇਤਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਨ ਲਈ ਭੇਜਦੇ ਰਹੇ।

ਤਾਂ ਹਿੰਦੀ ਦਿਵਸ ’ਤੇ ਅਮਿਤ ਸ਼ਾਹ ਵਲੋਂ ਸਾਲ 2022 ਤਕ ਸਭ ਨੂੰ ਹਿੰਦੀ ਪੜ੍ਹਾਏ ਜਾਣ ਦੇ ਬਿਆਨ ’ਤੇ ਦੱਖਣੀ ਭਾਰਤੀ ਸੂਬਿਆਂ ’ਚ ਹਿੰਦੀ ਵਿਰੋਧੀ ਉਬਾਲ ਉੱਠਣ ਲੱਗਾ ਹੈ। ‘ਇਕ ਰਾਸ਼ਟਰ ਇਕ ਭਾਸ਼ਾ’ ਦਾ ਵਿਚਾਰ ਪੁਰਾਣਾ ਹੈ ਅਤੇ ਗੈਰ-ਪ੍ਰਸੰਗਿਕ ਹੋ ਚੁੱਕਾ ਹੈ। ਅਸਲ ਵਿਚ ਭਾਰਤ ਹੀ ਸੀ, ਜੋ 19569 ਤੋਂ ਵੱਧ ਭਾਸ਼ਾਵਾਂ ਦੇ ਬਾਵਜੂਦ ਇਕ ਰਾਸ਼ਟਰ ਹੋਣ ਦੀ ਅਦੁੱਤੀ ਮਿਸਾਲ ਹੈ। ਈ. ਯੂ. ਦੇ ਗਠਨ ਦੇ ਸਮੇਂ ਉਨ੍ਹਾਂ ਨੇ ਭਾਰਤ ਵਰਗੇ ਬਹੁਰਾਸ਼ਟਰੀ ਦੇਸ਼ ਤੋਂ ਪ੍ਰੇਰਣਾ ਲੈਂਦੇ ਹੋਏ ਸਾਰੇ ਰਾਜਾਂ ਨੂੰ ਸਨਮਾਨਜਨਕ ਸਥਾਨ ਦਿੱਤਾ।

ਇਸਰਾਈਲੀ ਲੇਖਕ ਯੁਵਾਲ ਨੋਹਾ ਲਿਖਦੇ ਹਨ, ‘‘ਮਨੁੱਖ ਛੋਟੇ-ਛੋਟੇ ਕਬੀਲਿਆਂ ’ਚ ਰਹਿਣਾ ਪਸੰਦ ਕਰਦੇ ਸਨ ਪਰ ਜਦੋਂ ਇਹ ਕਬੀਲੇ ਵੱਡੀਆਂ-ਵੱਡੀਆਂ ਸਮੱਸਿਆਵਾਂ–ਜਿਵੇਂ ਹੜ੍ਹ, ਸੋਕਾ ਆਦਿ ਦਾ ਹੱਲ ਇਕੱਲਿਆਂ ਨਹੀਂ ਕੱਢ ਸਕੇ ਤਾਂ ਰਾਸ਼ਟਰਾਂ ਦਾ ਨਿਰਮਾਣ ਹੋਇਆ। ਅਜਿਹੇ ਵਿਚ ਜ਼ਰੂਰੀ ਨਹੀਂ ਕਿ ਤੁਸੀਂ ਰਾਸ਼ਟਰ ਦੇ ਹਰ ਵਿਅਕਤੀ ਦਾ ਨਾਂ ਜਾਣਦੇ ਹੋਵੋ ਜਾਂ ਉਸ ਨਾਲ ਗੱਲ ਕਰਦੇ ਹੋਵੋ।’’

ਕਿਸੇ ਦੇਸ਼ ਨੂੰ ਇਕੱਠਾ ਰੱਖਣ ਵਾਲਾ ਕਾਰਕ ਕੋਈ ਸਾਂਝੀ ਭਾਸ਼ਾ ਜਾਂ ਧਰਮ ਨਹੀਂ, ਸਗੋਂ ਇਹ ਧਾਰਨਾ ਹੈ ਕਿ ਉਹ ਇਕ ਹੀ ਸਾਂਝੀ ਸੰਸਕ੍ਰਿਤੀ, ਸਾਂਝੇ ਤਜਰਬੇ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਤੇ ਗ਼ਮ ਦੋਵੇਂ ਸਾਂਝੇ ਹੋ ਜਾਂਦੇ ਹਨ।

ਸੰਭਵ ਤੌਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਚੋਣਾਂ ਦੇ ਮੌਕੇ ’ਤੇ ਬਿਆਨ ਹਿੰਦੀ-ਭਾਸ਼ੀ ਸੂਬਿਆਂ ਅਤੇ ਹਿੰਦੀ ਦਿਵਸ ਮਨਾਉਣ ਵਾਲੇ ਲੋਕਾਂ ਲਈ ਇਕ ਸੱਦਾ ਸੀ, ਜੋ ਹਿੰਦੀ ਨਾ ਬੋਲਣ ਵਾਲੇ ਦੇਸ਼ ਦੇ 49 ਫੀਸਦੀ ਲੋਕਾਂ ਨੂੰ ਪਸੰਦ ਨਹੀਂ ਆਇਆ। ਦ੍ਰਮੁਕ ਦੇ ਨੇਤਾ ਐੱਮ. ਕੇ. ਸਟਾਲਿਨ ਤਾਂ ਪਹਿਲਾਂ ਹੀ ਹਿੰਦੀ ਵਿਰੋਧੀ ਸੁਰ ਕੱਢ ਰਹੇ ਹਨ। ਲਿਹਾਜ਼ਾ ਇਕ ਭਾਸ਼ਾ ਦੀ ਗੱਲ ਕਰਨ ਨਾਲ ਅਸੀਂ ਇਕ ਏਕੀਕ੍ਰਿਤ ਰਾਸ਼ਟਰ ਦੀ ਧਾਰਨਾ ਤੋਂ ਹਟ ਕੇ ਸੰਭਵ ਤੌਰ ’ਤੇ ਲੋਕਾਂ ਨੂੰ ਵੰਡ ਅਤੇ ਭੈਅ ਵੱਲ ਹੀ ਲਿਜਾਵਾਂਗੇ।

Bharat Thapa

This news is Content Editor Bharat Thapa