ਅੱਜ 35 ਫੀਸਦੀ ਔਲਾਦਾਂ ਮਾਤਾ-ਪਿਤਾ ਨਾਲ ਨਹੀਂ ਰਹਿਣਾ ਚਾਹੁੰਦੀਆਂ

06/18/2019 6:27:53 AM

ਇਕ ਚੈਰੀਟੇਬਲ ਸੰਗਠਨ ਵਲੋਂ ਹੁਣੇ ਜਿਹੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਬਜ਼ੁਰਗਾਂ ਦੀ ਦੇਖਭਾਲ ਅਤੇ ਸੇਵਾ ਬਾਰੇ ‘ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ’ (15 ਜੂਨ) ’ਤੇ ਕਰਵਾਏ ਸਰਵੇਖਣ ’ਚ ਬਜ਼ੁਰਗਾਂ ਦੀ ਤਰਸਯੋਗ ਹਾਲਤ ਸਾਹਮਣੇ ਆਈ ਹੈ।

ਰਿਪੋਰਟ ਅਨੁਸਾਰ ਲੱਗਭਗ 35 ਫੀਸਦੀ ਔਲਾਦਾਂ ਆਪਣੇ ਮਾਤਾ-ਪਿਤਾ ਨਾਲ ਨਹੀਂ ਰਹਿਣਾ ਚਾਹੁੰਦੀਆਂ ਅਤੇ ਉਨ੍ਹਾਂ ਨੂੰ ਵੱਡਾ ਬੋਝ ਸਮਝਣ ਲੱਗੀਆਂ ਹਨ। ਇਸੇ ਲਈ ਬਜ਼ੁਰਗਾਂ ਨਾਲ ਸਭ ਤੋਂ ਵੱਧ ਬੁਰੇ ਸਲੂਕ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਇਸ ਲਈ ਜਾਂ ਤਾਂ ਅੱਜਕਲ ਦੀਆਂ ਔਲਾਦਾਂ ਉਨ੍ਹਾਂ ਨਾਲੋਂ ਵੱਖ ਰਹਿਣ ਲੱਗੀਆਂ ਹਨ ਜਾਂ ਉਨ੍ਹਾਂ ਨੂੰ ਕਿਸੇ ਓਲਡ ਏਜ ਹੋਮ ’ਚ ਛੱਡ ਜਾਂਦੀਆਂ ਹਨ, ਜਿਸ ਕਾਰਣ ਉਥੇ ਬਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ।

ਇਨ੍ਹਾਂ ਲੋਕਾਂ ਅਨੁਸਾਰ ਆਪਣੇ ਬਜ਼ੁਰਗਾਂ ਦੀ ਦੇਖਭਾਲ ਅਤੇ ਸੇਵਾ ਕਰਨ ’ਚ ਉਹ ਬਿਲਕੁਲ ਵੀ ਖੁਸ਼ੀ ਅਤੇ ਸੰਤੋਖ ਮਹਿਸੂਸ ਨਹੀਂ ਕਰਦੇ, ਜਦਕਿ ਲੱਗਭਗ 14 ਫੀਸਦੀ ਲੋਕਾਂ ਅਨੁਸਾਰ ਉਹ ਉਨ੍ਹਾਂ ਨੂੰ ਵੱਡਾ ਬੋਝ ਮੰਨਦੇ ਹਨ।

ਰਿਪੋਰਟ ਅਨੁਸਾਰ, ‘‘ਆਪਣੇ ਬਾਲਗ ਬੱਚਿਆਂ ਹੱਥੋਂ ਅਪਮਾਨ ਅਤੇ ਅਣਦੇਖੀ ਸਹਿਣ ਕਰਨ ਦੇ ਬਾਵਜੂਦ ਲੱਗਭਗ 82 ਫੀਸਦੀ ਬਜ਼ੁਰਗ ਇਸ ਉਮੀਦ ਨਾਲ ਪਰਿਵਾਰ ’ਚ ਹੀ ਰਹਿਣਾ ਪਸੰਦ ਕਰਦੇ ਹਨ ਕਿ ਸ਼ਾਇਦ ਕਦੇ ਔਲਾਦ ਦਾ ਨਜ਼ਰੀਆ ਬਦਲ ਜਾਵੇਗਾ।’’

‘‘ਔਲਾਦਾਂ ਦੇ ਰਵੱਈਏ ’ਚ ਆਮ ਤੌਰ ’ਤੇ ਆਪਣੇ ਬਜ਼ੁਰਗਾਂ ਪ੍ਰਤੀ ਪਿਆਰ ਦੀ ਘਾਟ ਪਾਈ ਜਾਂਦੀ ਹੈ। ਸਰਵੇ ’ਚ ਸ਼ਾਮਿਲ ਲੱਗਭਗ ਅੱਧੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੂੰ ਆਪਣੇ ਬਜ਼ੁਰਗਾਂ ਦੇ ਇਲਾਜ ਅਤੇ ਦਵਾਈ-ਦਾਰੂ ’ਤੇ ਖਰਚ ਕਰਨਾ ਪੈਂਦਾ ਹੈ, ਜਦਕਿ ਇਕ-ਚੌਥਾਈ ਲੋਕਾਂ ਨੇ ਕਿਹਾ ਕਿ ਕੰਮ ਦੀ ਥਕਾਵਟ ਅਤੇ ਹੋਰ ਪ੍ਰੇਸ਼ਾਨੀਆਂ ਕਾਰਣ ਉਹ ਆਪਣੇ ਬਜ਼ੁਰਗਾਂ ਨਾਲ ਹਮਲਾਵਰ ਵਰਤਾਓ ਕਰਦੇ ਹਨ ਅਤੇ ਉਨ੍ਹਾਂ ’ਤੇ ਗੁੱਸਾ ਕੱਢਦੇ ਹਨ।’’

ਬਜ਼ੁਰਗਾਂ ਦੀ ਅਣਦੇਖੀ ਦੀ ਇਕ ਵਜ੍ਹਾ ਸੋਸ਼ਲ ਮੀਡੀਆ ਵੀ ਹੈ ਕਿਉਂਕਿ ਅੱਜਕਲ ਲੋਕ ਸੋਸ਼ਲ ਮੀਡੀਆ ’ਤੇ ਇੰਨੇ ਰੁੱਝੇ ਰਹਿੰਦੇ ਹਨ ਕਿ ਉਹ ਘਰ ਦੇ ਬਜ਼ੁਰਗਾਂ ਨਾਲ ਗੱਲ ਹੀ ਨਹੀਂ ਕਰਦੇ ਅਤੇ ਨਾ ਕਦੇ ਉਨ੍ਹਾਂ ਨਾਲ ਲਗਾਅ ਮਹਿਸੂਸ ਕਰਦੇ ਹਨ।

ਉਕਤ ਰਿਪੋਰਟ ਤੋਂ ਸਪੱਸ਼ਟ ਹੈ ਕਿ ਭਾਰਤ ’ਚ ਅੱਜ ਜ਼ਿਆਦਾਤਰ ਬਜ਼ੁਰਗਾਂ ਦੀ ਸਥਿਤੀ ਕਿੰਨੀ ਤਰਸਯੋਗ ਹੋ ਗਈ ਹੈ। ਇਸੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ‘ਸਰਪ੍ਰਸਤ ਅਤੇ ਸੀਨੀਅਰ ਸਿਟੀਜ਼ਨ ਦੇਖਭਾਲ ਅਤੇ ਕਲਿਆਣ’ ਕਾਨੂੰਨ ਬਣਾਏ ਹਨ ਪਰ ਇਨ੍ਹਾਂ ਕਾਨੂੰਨਾਂ ਅਤੇ ਆਪਣੇ ਅਧਿਕਾਰਾਂ ਦੀ ਅਜੇ ਤਕ ਜ਼ਿਆਦਾ ਬਜ਼ੁਰਗਾਂ ਨੂੰ ਜਾਣਕਾਰੀ ਨਹੀਂ ਹੈ।

ਇਸ ਲਈ ਕਾਨੂੰਨਾਂ ਦਾ ਵਿਆਪਕ ਪ੍ਰਚਾਰ ਕਰਨ ਦੀ ਲੋੜ ਹੈ ਤਾਂ ਕਿ ਬਜ਼ੁਰਗਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗੇ ਅਤੇ ਉਨ੍ਹਾਂ ਨੂੰ ਜੀਵਨ ਦੀ ਸੰਧਿਆ ’ਚ ਆਪਣੀਆਂ ਹੀ ਔਲਾਦਾਂ ਦੀ ਅਣਦੇਖੀ ਦਾ ਸ਼ਿਕਾਰ ਨਾ ਹੋਣਾ ਪਵੇ।

–ਵਿਜੇ ਕੁਮਾਰ
 


Related News