ਫੌਜ ਦੀ ਵੱਡੀ ਕੁਤਾਹੀ ''ਅਲਰਟ ਦੇ ਬਾਵਜੂਦ'' ''ਉੜੀ'' ਤੋਂ ਬਾਅਦ ਇਕ ਹੋਰ ਵੱਡਾ ਅੱਤਵਾਦੀ ਹਮਲਾ

02/15/2019 4:55:29 AM

28 ਤੋਂ ਜ਼ਿਆਦਾ ਵਰ੍ਹਿਆਂ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕਿਆਂ 'ਚ ਚੱਲ ਰਹੇ ਸਿਖਲਾਈ ਕੈਂਪਾਂ ਤੋਂ ਸਿਖਲਾਈ-ਪ੍ਰਾਪਤ ਅੱਤਵਾਦੀਆਂ ਨੇ ਜੰਮੂ-ਕਸ਼ਮੀਰ 'ਚ ਹਿੰਸਾ ਦਾ ਤਾਂਡਵ ਲਗਾਤਾਰ ਜਾਰੀ ਰੱਖਿਆ ਹੋਇਆ ਹੈ, ਜੋ ਭਾਰਤੀ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ਦੇ ਜਾਨ-ਮਾਲ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ, ਜੋ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਅੱਤਵਾਦੀਆਂ ਪ੍ਰਤੀ ਸਾਡੀ ਨੀਤੀ ਸਹੀ ਹੈ ਜਾਂ ਨਹੀਂ?
ਪਾਕਿਸਤਾਨ ਦੀ ਫੌਜ ਅਤੇ ਉਸ ਦੇ ਪਾਲ਼ੇ ਹੋਏ ਅੱਤਵਾਦੀਆਂ ਵਲੋਂ ਜਾਰੀ ਹਿੰਸਾ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਦਰਮਿਆਨ ਸਾਰੀਆਂ ਚਿਤਾਵਨੀਆਂ ਦੇ ਬਾਵਜੂਦ 18 ਸਤੰਬਰ 2016 ਨੂੰ ਬਾਰਾਮੂਲਾ ਸ਼ਹਿਰ ਦੇ ਉੜੀ ਸੈਕਟਰ 'ਚ ਕੰਟਰੋਲ ਲਾਈਨ ਨੇੜੇ ਫੌਜ ਦੇ 12-ਬ੍ਰਿਗੇਡ ਹੈੱਡਕੁਆਰਟਰ 'ਤੇ ਅੱਤਵਾਦੀਆਂ ਦੇ ਹਮਲੇ 'ਚ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। 
ਉੜੀ 'ਚ ਬਹੁਤ ਅਹਿਮ ਭਾਰਤੀ ਫੌਜ ਦੇ ਇਸ ਟਿਕਾਣੇ 'ਤੇ ਹੋਏ ਹਮਲੇ ਨੂੰ ਸੁਰੱਖਿਆ ਬਲਾਂ ਦੀ ਬਹੁਤ ਵੱਡੀ ਕੁਤਾਹੀ ਦੱਸਿਆ ਗਿਆ ਸੀ। ਉੜੀ 'ਤੇ ਹਮਲੇ ਦੇ ਜਵਾਬ 'ਚ ਭਾਰਤ ਨੇ ਪਾਕਿਸਤਾਨ ਦੀ ਸਰਹੱਦ ਅੰਦਰ ਸਥਿਤ ਅੱਤਵਾਦੀਆਂ ਦੇ 7 ਟਿਕਾਣਿਆਂ 'ਤੇ 29 ਸਤੰਬਰ 2016 ਨੂੰ ਸਰਜੀਕਲ ਸਟ੍ਰਾਈਕ ਕਰਕੇ 38 ਅੱਤਵਾਦੀ ਮਾਰ ਮੁਕਾਏ ਸਨ। 
ਭਾਰਤੀ ਸੁਰੱਖਿਆ ਬਲਾਂ ਵਲੋਂ ਵਾਦੀ 'ਚ ਅੱਤਵਾਦੀਆਂ ਵਿਰੁੱਧ ਮੁਹਿੰਮ ਵੀ ਜਾਰੀ ਹੈ ਅਤੇ ਗ੍ਰਹਿ ਮੰਤਰਾਲੇ ਅਨੁਸਾਰ 2018 'ਚ ਘੱਟੋ-ਘੱਟ 250 ਕੱਟੜਪੰਥੀ ਮਾਰੇ ਗਏ। ਸਰਕਾਰ ਵਲੋਂ ਕਿਹਾ ਗਿਆ ਕਿ ਵਾਦੀ 'ਚ ਅੱਤਵਾਦ ਆਖਰੀ ਸਾਹ ਲੈ ਰਿਹਾ ਹੈ ਪਰ ਇਹ ਦਾਅਵਾ ਸੱਚ ਦੀ ਕਸੌਟੀ 'ਤੇ ਖਰਾ ਨਹੀਂ ਉਤਰਿਆ।
ਪਾਕਿਸਤਾਨ ਤੋਂ ਸਮਰਥਨ-ਪ੍ਰਾਪਤ ਅੱਤਵਾਦੀਆਂ ਨੇ ਆਪਣੇ ਖਤਰਨਾਕ ਇਰਾਦਿਆਂ ਦਾ ਸਬੂਤ 14 ਫਰਵਰੀ ਨੂੰ ਇਕ ਵਾਰ ਫਿਰ ਦਿੱਤਾ, ਜਦੋਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅਵੰਤੀਪੁਰਾ ਦੇ ਗੌਰੀਪੁਰਾ ਇਲਾਕੇ 'ਚ ਬਾਅਦ ਦੁਪਹਿਰ 3.20 ਵਜੇ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਆਤਮਘਾਤੀ ਹਮਲੇ ਨੂੰ ਅੰਜਾਮ ਦੇ ਕੇ 44 ਜਵਾਨਾਂ ਨੂੰ ਸ਼ਹੀਦ ਅਤੇ ਘੱਟੋ-ਘੱਟ 22 ਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ।
ਇਸ ਕਾਫਿਲੇ 'ਚ 2545 ਤੋਂ ਜ਼ਿਆਦਾ ਜਵਾਨ ਸ਼ਾਮਿਲ ਸਨ। ਦੱਸਿਆ ਜਾਂਦਾ ਹੈ ਕਿ ਅੱਤਵਾਦੀਆਂ ਨੇ ਸੜਕ ਕੰਢੇ ਹੀ ਇਕ ਗੱਡੀ 'ਚ ਲੱਗਭਗ 350 ਕਿਲੋ ਆਈ. ਈ. ਡੀ. ਪਲਾਂਟ ਕੀਤਾ ਹੋਇਆ ਸੀ ਤੇ ਜਿਵੇਂ ਹੀ ਸੀ. ਆਰ. ਪੀ. ਐੱਫ. ਦੀਆਂ ਲੱਗਭਗ 78 ਗੱਡੀਆਂ ਦਾ ਕਾਫਿਲਾ ਉਥੋਂ ਲੰਘਿਆ, ਆਈ. ਈ. ਡੀ. ਨਾਲ ਲੈਸ ਗੱਡੀ 'ਚ ਸਵਾਰ ਅੱਤਵਾਦੀ ਨੇ ਕਾਫਿਲੇ 'ਚ ਚੱਲ ਰਹੀਆਂ ਬੱਸਾਂ ਨੂੰ ਟੱਕਰ ਮਾਰ ਦਿੱਤੀ। 
ਇਸ ਤੋਂ ਬਾਅਦ ਉਥੇ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਗੱਡੀਆਂ ਲਟ-ਲਟ ਕਰ ਕੇ ਸੜਨ ਲੱਗੀਆਂ। ਉੜੀ ਦੇ ਫੌਜੀ ਕੈਂਪ 'ਤੇ ਹਮਲੇ ਤੋਂ ਬਾਅਦ ਅੱਤਵਾਦੀਆਂ ਦਾ ਇਹ ਸਭ ਤੋਂ ਵੱਡਾ ਹਮਲਾ ਹੈ। 
ਦੂਜੇ ਪਾਸੇ ਸੀ. ਆਰ. ਪੀ. ਐੱਫ. ਦੇ ਸੂਤਰਾਂ ਮੁਤਾਬਿਕ ਜਦੋਂ ਕਾਫਿਲਾ ਉਥੋਂ ਲੰਘਿਆ ਤਾਂ ਸੜਕ ਕੰਢੇ ਖੜ੍ਹੀ ਇਕ ਚੌਪਹੀਆ ਗੱਡੀ, ਜਿਸ 'ਚ ਆਈ. ਈ. ਡੀ. ਲਗਾਇਆ ਗਿਆ ਸੀ, ਵਿਚ ਧਮਾਕਾ ਹੋ ਗਿਆ। ਸਭ ਤੋਂ ਜ਼ਿਆਦਾ ਸੰਭਾਵਨਾ ਹੈ ਕਿ ਇਹ ਇਕ ਰਿਮੋਟ ਕੰਟਰੋਲਡ ਵ੍ਹੀਕਲ ਆਈ. ਈ. ਡੀ. ਸੀ। 
7 ਦਿਨ ਪਹਿਲਾਂ ਸੰਸਦ ਭਵਨ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਅਤੇ ਜੇ. ਕੇ. ਐੱਲ. ਐੱਫ. ਦੇ ਬਾਨੀ ਮੁਹੰਮਦ ਮਕਬੂਲ ਬੱਟ ਦੀ ਫਾਂਸੀ ਦੀ ਬਰਸੀ ਤੋਂ ਠੀਕ ਪਹਿਲਾਂ 8 ਫਰਵਰੀ ਨੂੰ ਸੁਰੱਖਿਆ ਏਜੰਸੀਆਂ ਨੇ ਇਕ ਅਲਰਟ ਜਾਰੀ ਕੀਤਾ ਸੀ। 
ਇਸ ਅਲਰਟ 'ਚ ਕਿਹਾ ਗਿਆ ਸੀ ਕਿ ''ਅੱਤਵਾਦੀ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਉਨ੍ਹਾਂ ਦੇ ਆਉਣ-ਜਾਣ ਵਾਲੇ ਰਸਤੇ, ਸੀ. ਆਰ. ਪੀ. ਐੱਫ. ਅਤੇ ਪੁਲਸ ਦੇ ਕੈਂਪ 'ਤੇ ਆਈ. ਈ. ਡੀ. ਨਾਲ ਵੱਡਾ ਹਮਲਾ ਕਰ ਸਕਦੇ ਹਨ। ਇਸ ਲਈ ਇਲਾਕੇ ਨੂੰ ਸੁਰੱਖਿਅਤ (ਸੈਂਸੀਟਾਈਜ਼) ਕੀਤੇ ਬਿਨਾਂ ਉਹ ਉਸ ਇਲਾਕੇ 'ਚ ਡਿਊਟੀ 'ਤੇ ਨਾ ਜਾਣ।''
ਪਰ ਇਸ ਦੇ ਬਾਵਜੂਦ ਇਹ ਕੁਤਾਹੀ ਹੋਈ ਤੇ ਅੱਤਵਾਦੀ ਵੱਡਾ ਹਮਲਾ ਕਰਨ 'ਚ ਸਫਲ ਹੋ ਗਏ। ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਇਸ ਦੇ ਬੁਲਾਰੇ ਮੁਹੰਮਦ ਹਸਨ ਨੇ ਕਿਹਾ ਹੈ ਕਿ ''ਇਸ ਹਮਲੇ ਨੂੰ ਆਦਿਲ ਅਹਿਮਦ ਉਰਫ ਵਕਾਸ ਕਮਾਂਡੋ ਨੇ ਅੰਜਾਮ ਦਿੱਤਾ ਹੈ ਤੇ ਹਮਲੇ 'ਚ ਸੁਰੱਖਿਆ ਬਲਾਂ ਦੀਆਂ ਦਰਜਨਾਂ ਗੱਡੀਆਂ ਨਸ਼ਟ ਕਰ ਦਿੱਤੀਆਂ ਗਈਆਂ ਹਨ।''
ਜਿਵੇਂ ਕਿ ਹਰ ਹਮਲੇ ਤੋਂ ਬਾਅਦ ਹੁੰਦਾ ਹੈ, ਇਸ ਹਮਲੇ ਦੀ ਵੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ ਪਰ ਸਵਾਲ ਤਾਂ ਇਹ ਹੈ ਕਿ ਜੇ ਅਸੀਂ ਆਪਣੀਆਂ ਅਹਿਮ ਸਰਹੱਦਾਂ, ਆਪਣੀਆਂ ਫੌਜਾਂ ਤੇ ਅਹਿਮ ਫੌਜੀ ਟਿਕਾਣਿਆਂ ਦੀ ਹੀ ਸੁਰੱਖਿਆ ਨਹੀਂ ਕਰ ਸਕਦੇ, ਤਾਂ ਫਿਰ ਭਲਾ ਆਮ ਨਾਗਰਿਕਾਂ ਦੀ ਸੁਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ? 
ਅਜਿਹੀ ਸਥਿਤੀ 'ਚ ਖੁਫੀਆ ਤੰਤਰ ਵਲੋਂ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਸਭ ਤੋਂ ਹੇਠਲੇ ਪੱਧਰ ਤਕ ਪਹੁੰਚਾਉਣ ਦਾ ਪ੍ਰਬੰਧ ਕਰਨ, ਫੌਜੀਆਂ ਦੇ ਆਉਣ-ਜਾਣ ਦੌਰਾਨ ਅਤੇ ਫੌਜੀ ਕਾਫਿਲੇ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨ, ਅੰਦਰੂਨੀ ਸੁਰੱਖਿਆ ਦੀ ਲਗਾਤਾਰ ਸਮੀਖਿਆ ਕਰਕੇ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਅਤੇ ਕਿਸੇ ਵੀ ਪੱਧਰ 'ਤੇ ਮਿਲਣ ਵਾਲੀਆਂ ਤਰੁਟੀਆਂ ਨੂੰ ਫੌਰਨ ਦੂਰ ਕਰਨ ਦੀ ਲੋੜ ਹੈ।         –ਵਿਜੇ ਕੁਮਾਰ

Bharat Thapa

This news is Content Editor Bharat Thapa