‘ਸਰਹੱਦ ’ਤੇ 150 ਮੀਟਰ ਲੰਬੀ ਸੁਰੰਗ’‘ਇਸ ਦੇ ਲਈ ਅਸਲੀ ਕਸੂਰਵਾਰ ਕੌਣ?’

01/15/2021 2:11:32 AM

ਸਮੇਂ-ਸਮੇਂ ’ਤੇ ਭਾਰਤੀ ਹਾਕਮਾਂ ਵਲੋਂ ਪਾਕਿਸਤਾਨ ਸਰਕਾਰ ’ਤੇ ਭਾਰਤ ’ਚ ਹਥਿਆਰਾਂ, ਨਸ਼ੀਲੇ ਪਦਾਰਥਾਂ, ਜਾਅਲੀ ਕਰੰਸੀ ਦੀ ਸਮੱਗਲਿੰਗ ਕਰਵਾਉਣ ਦੇ ਦੋਸ਼ ਲਗਾਏ ਜਾਂਦੇ ਰਹਿੰਦੇ ਹਨ ਪਰ ਤਜਰਬਾ ਦੱਸਦਾ ਹੈ ਕਿ ਇਨ੍ਹਾਂ ਘਟਨਾਵਾਂ ਦੇ ਪਿੱਛੇ ਕਿਤੇ ਨਾ ਕਿਤੇ ਸਾਡੇ ਆਪਣੇ ਸੁਰੱਖਿਆ ਪ੍ਰਬੰਧਾਂ ਦੀ ਕੋਤਾਹੀ ਦਾ ਹੱਥ ਵੀ ਰਿਹਾ ਹੈ।

ਭਾਰਤ ਨੇ ਲਗਭਗ 10 ਸਾਲ ਪਹਿਲਾਂ ਵੀ ਪਾਕਿਸਤਾਨ ਦੇ ਕੋਲ ਇਹ ਮੁੱਦਾ ਉਠਾਇਆ ਸੀ ਜਦੋਂ 28 ਮਾਰਚ 2010 ਨੂੰ ਵਾਹਗਾ ’ਚ ਭਾਰਤ-ਪਾਕਿਸਤਾਨ ਦੇ ਦਰਮਿਆਨ ਬੀ. ਐੱਸ. ਐੱਫ. ਦੇ ਐਡੀਸ਼ਨਲ ਡੀ. ਆਈ. ਜੀ. ਸ਼੍ਰੀ ਪੀ. ਪੀ. ਐੱਸ. ਸਿੱਧੂ ਨੇ ਪਾਕਿ ਰੇਂਜਰਸ ਦੇ ਮਹਾਨਿਰਦੇਸ਼ਕ ਬ੍ਰਿਗੇਡੀਅਰ ਮੁਹੰਮਦ ਯਾਕੂਬ ਕੋਲ ਇਹ ਮਾਮਲਾ ਉਠਾਇਆ ਤਾਂ ਯਾਕੂਬ ਨੇ ਸਪੱਸ਼ਟ ਸ਼ਬਦਾਂ ’ਚ ਸਾਡੇ ਮੂੰਹ ’ਤੇ ਚਪੇੜ ਮਾਰਦਿਆਂ ਕਿਹਾ ਸੀ ਕਿ :

‘‘ਭਾਰਤ ਵੱਲ ਸਰਹੱਦ ’ਤੇ ਕੰਡਿਆਲੀ ਤਾਰ ਦੀ ਵਾੜ ਹੈ। ਸਮੱਗਲਰਾਂ ’ਤੇ ਨਜ਼ਰ ਰੱਖਣ ਲਈ ਫਲੱਡ ਲਾਈਟਾਂ ਲੱਗੀਆਂ ਹਨ। ਭਾਰਤੀ ਸਰਹੱਦ ’ਤੇ ਚੌਕਸੀ ਤੇ ਗਸ਼ਤ ਦੀ ਵਿਵਸਥਾ ਹੈ। ਇਸ ਦੇ ਬਾਵਜੂਦ ਜੇਕਰ ਸਰਹੱਦ ’ਤੇ ਸਮੱਗਲਿੰਗ ਦੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਇਸ ਬਾਰੇ ਭਾਰਤੀ ਅਧਿਕਾਰੀਆਂ ਨੂੰ ਹੀ ਸੋਚਣ ਦੀ ਲੋੜ ਹੈ।’’

ਫਿਰ 1 ਜੁਲਾਈ, 2012 ਨੂੰ ਵੀ ਪਾਕਿਸਤਾਨ ਰੇਂਜਰਸ ਦੇ ਮਹਾਨਿਰਦੇਸ਼ਕ ਮੀਆਂ ਮੋ. ਹਿਲਾਲ ਹੁਸੈਨ ਤੇ ਮੇਜਰ ਜਨਰਲ ਮੋ. ਰਿਜ਼ਵਾਨ ਅਖਤਰ ਨੇ ਵੀ ਇਸ ਬਾਰੇ ਭਾਰਤੀ ਦੋਸ਼ਾਂ ਨੂੰ ਦੋ ਟੁਕ ਸ਼ਬਦਾਂ ’ਚ ਨਕਾਰਦੇ ਹੋਏ ਇਸ ਦੇ ਲਈ ਭਾਰਤੀ ਸੁਰੱਖਿਆ ਬਲਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ :

‘‘ਪਾਕਿਸਤਾਨ ’ਤੇ ਹਮੇਸ਼ਾ ਭਾਰਤੀ ਸਰਹੱਦ ’ਚ ਘੁਸਪੈਠੀਆਂ ਨੂੰ ਭੇਜਣ ਅਤੇ ਸਮੱਗਲਿੰਗ ਕਰਵਾਉਣ ਦੇ ਦੋਸ਼ ਲਗਾਏ ਜਾਂਦੇ ਹਨ ਪਰ ਭਾਰਤੀ ਸਰਹੱਦ ਵਲੋਂ ਹੀ ਸੁਰੱਖਿਆ ਦੇ ਸਭ ਤੋਂ ਵੱਧ ਪ੍ਰਬੰਧ ਕੀਤੇ ਗਏ ਹਨ।’’

‘‘ਸਰਹੱਦ ’ਤੇ ਭਾਰਤ ਵਲੋਂ ਹੀ ਫੈਂਸਿੰਗ ਲਗਾਈ ਗਈ ਹੈ। ਇਸ ਤੋਂ ਇਲਾਵਾ ਸਰਚ ਲਾਈਟ ਤੇ ਫੈਂਸਿੰਗ ’ਚ ਕਰੰਟ ਵੀ ਬੀ. ਐੱਸ. ਐੱਫ. ਵਲੋਂ ਛੱਡਿਆ ਗਿਆ ਸੀ। ਅਜਿਹੇ ’ਚ ਭਲਾ ਅਸੀਂ ਭਾਰਤ ’ਚ ਘੁਸਪੈਠ ਤੇ ਸਮੱਗਲਿੰਗ ਕਿਵੇਂ ਕਰਵਾ ਸਕਦੇ ਹਾਂ? ਕਿਸੇ ਦੀ ਆਗਿਆ ਦੇ ਬਿਨਾਂ ਕਿਸੇ ਦੇ ਮਕਾਨ ’ਚ ਭਲਾ ਕੋਈ ਕਿਵੇਂ ਵੜ ਸਕਦਾ ਹੈ!’’

ਅਸੀਂ ਆਪਣੇ 5 ਜੁਲਾਈ 2012 ਦੇ ਸੰਪਾਦਕੀ ‘ਪਾਕਿਸਤਾਨੀਆਂ ਦੀ ਭਾਰਤ ਦੇ ਮੂੰਹ ’ਤੇ ਇਕ ਹੋਰ ਚਪੇੜ’ ਵਿਚ ਭਾਰਤ ਸਰਕਾਰ ਦਾ ਧਿਆਨ ਇਸ ਪਾਸੇ ਦਿਵਾਇਆ ਸੀ ਪਰ ਅਜੇ ਤਕ ਇਸ ਦਾ ਕੋਈ ਹਾਂ-ਪੱਖੀ ਨਤੀਜਾ ਨਹੀਂ ਨਿਕਲਿਆ ਹੈ। ਪਾਕਿਸਤਾਨ ਵਲੋਂ ਭਾਰਤ ’ਚ ਹਥਿਆਰਾਂ, ਨਸ਼ੀਲੇ ਪਦਾਰਥਾਂ, ਜਾਅਲੀ ਕਰੰਸੀ ਦੀ ਸਮੱਗਲਿੰਗ ਲਗਾਤਾਰ ਜਾਰੀ ਹੈ ਅਤੇ ਸੁਰੱਖਿਆ ਪ੍ਰਬੰਧਾਂ ’ਚ ਸਾਡੀਆਂ ਕਮਜ਼ੋਰੀਆਂ ਵਾਰ-ਵਾਰ ਸਾਹਮਣੇ ਆ ਰਹੀਆਂ ਹਨ।

ਇਸ ਦੀ ਤਾਜ਼ਾ ਉਦਾਹਰਣ ਸੀਮਾ ਸੁਰੱਖਿਆ ਬਲ ਵਲੋਂ ਜੰਮੂ-ਕਸ਼ਮੀਰ ਦੇ ਹੀਰਾਨਗਰ ਸੈਕਟਰ ਦੇ ਸਰਹੱਦੀ ਪਿੰਡ ਬੇਬਿਆ ’ਚ ਪਾਕਿਸਤਾਨ ਵਲੋਂ ਬਣਾਈ ਇਕ ਪੁਰਾਣੀ ਸੁਰੰਗ ਦਾ ਪਰਦਾਫਾਸ਼ ਕਰਨ ਤੋਂ ਮਿਲੀ ਜਿਸ ਦੇ ਬਾਰੇ ’ਚ ਭਾਰਤੀ ਸੁਰੱਖਿਆ ਬਲਾਂ ਨੂੰ ਹੁਣ ਪਤਾ ਲੱਗਾ ਹੈ।

ਇਸ ਸੁਰੰਗ ’ਚੋਂ ਬਰਾਮਦ ਬੋਰੀਆਂ ’ਚ ਸ਼ਕਰਗੜ੍ਹ ਅਤੇ ਕਰਾਚੀ ਦੀਆਂ ਸੀਮੈਂਟ ਫੈਕਟਰੀਆਂ ਦੇ ਟੈਗ ਲੱਗੇ ਸਨ ਅਤੇ ਉਨ੍ਹਾਂ ’ਚ ਰੇਤ ਭਰੀ ਹੋਈ ਸੀ। ਇਨ੍ਹਾਂ ਬੋਰੀਆਂ ’ਤੇ 2016-2017 ਦੀ ਤਰੀਕ ਛਪੀ ਹੋਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਇਹ ਸੁਰੰਗ 3-4 ਸਾਲ ਪਹਿਲਾਂ ਦੀ ਬਣਾਈ ਹੋਈ ਹੈ।

ਪਾਟੀ ਮੇਰੂ ਦੇ ਕੋਲ ਮਿਲੀ ਇਹ ਸੁਰੰਗ 150 ਮੀਟਰ ਲੰਬੀ ਅਤੇ 25-30 ਫੁੱਟ ਡੂੰਘੀ ਹੈ। ਭਾਰਤੀ ਇਲਾਕੇ ’ਚ 20 ਮੀਟਰ ਅੰਦਰ ਤਕ ਬਣੀ ਇਸ ਸੁਰੰਗ ਦਾ ਇਕ ਹਿੱਸਾ ਭਾਰਤ ’ਚ ਅਤੇ ਬਾਕੀ 130 ਮੀਟਰ ਹਿੱਸਾ ਪਾਕਿਸਤਾਨ ’ਚ ਅੱਤਵਾਦੀਆਂ ਦੇ ਗੜ੍ਹ ਅਤੇ ਲਾਂਚ ਪੈਡ ਮੰਨੇ ਜਾਣ ਵਾਲੇ ਸ਼ਕਰਗੜ੍ਹ ’ਚ ਨਿਕਲਦਾ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਸਾਲ 29 ਅਗਸਤ ਅਤੇ 20 ਨਵੰਬਰ ਨੂੰ ਸਾਂਬਾ ’ਚ 2 ਸੁਰੰਗਾਂ ਦਾ ਪਤਾ ਲੱਗਾ ਸੀ ਅਤੇ ਉਥੋਂ ਵੀ ਅਜਿਹੀਆਂ ਹੀ ਬੋਰੀਆਂ ਮਿਲੀਆਂ ਸਨ।

ਇਹ ਸਹੀ ਹੈ ਕਿ ਸਾਡੇ ਸੁਰੱਖਿਆ ਬਲਾਂ ਦੇ ਮੈਂਬਰਾਂ ਨੇ ਇਸ ਸੁਰੰਗ ਦਾ ਪਤਾ ਲਗਾਇਆ ਹੈ ਪਰ ਇੰਨੇ ਲੰਬੇ ਸਮੇਂ ਤਕ ਇਸ ਦਾ ਪਤਾ ਨਾ ਲੱਗ ਸਕਣ ਤੋਂ ਸਪੱਸ਼ਟ ਹੈ ਕਿ ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈ ਇਸ ਲਈ ਇਸ ‘ਸਫਲਤਾ’ ਉੱਤੇ ਆਪਣੀ ਪਿੱਠ ਥਾਪੜਣ ਦੀ ਬਜਾਏ ਸਾਨੂੰ ਆਪਣੀਆਂ ਕਮਜ਼ੋਰੀਆਂ ’ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਇਸ ਸੁਰੰਗ ਦਾ ਦੇਰ ਨਾਲ ਪਤਾ ਲੱਗਣ ਦੇ ਕਾਰਨ ਹੁਣ ਤਕ ਪਤਾ ਨਹੀਂ ਇਸ ਰਸਤੇ ਰਾਹੀਂ ਕਿੰਨਾ ਗੋਲਾ-ਬਾਰੂਦ, ਨਸ਼ੀਲੇ ਪਦਾਰਥਾਂ ਅਤੇ ਨਕਲੀ ਕਰੰਸੀ ਆਦਿ ਦੀ ਭਾਰਤ ’ਚ ਸਮੱਗਲਿੰਗ ਕਰਵਾਈ ਜਾ ਚੁੱਕੀ ਹੋਵੇਗੀ।

ਸਰਹੱਦੀ ਇਲਾਕਿਆਂ ’ਚ ਲਗਾਤਾਰ ਗਸ਼ਤ ਕਰਨ ਵਾਲੇ ਸਾਡੇ ਸੁਰੱਖਿਆ ਬਲਾਂ ਨੂੰ ਦੁਸ਼ਮਣ ਦੀਆਂ ਅਜਿਹੀਆਂ ਸਰਗਰਮੀਆਂ ਅਤੇ ਮਸ਼ੀਨਾਂ ਆਦਿ ਦੇ ਚੱਲਣ ਨਾਲ ਹੋਣ ਵਾਲੀ ਹਲਚਲ, ਉਨ੍ਹਾਂ ਦੀ ਆਵਾਜ਼ ਅਤੇ ਮਿੱਟੀ ਕੱਢੇ ਜਾਣ ਦੀਆਂ ਸਰਗਰਮੀਆਂ ਦਾ ਸਮਾਂ ਰਹਿੰਦਿਆਂ ਪਤਾ ਕਿਉਂ ਨਹੀਂ ਲੱਗ ਸਕਿਆ ਜਦਕਿ ਪਿਛਲੇ 10 ਸਾਲਾਂ ’ਚ ਇਸ ਖੇਤਰ ’ਚ ਮਿਲਣ ਵਾਲੀ ਇਹ 9ਵੀਂ ਸੁਰੰਗ ਹੈ।

ਇਨ੍ਹਾਂ ਹਾਲਾਤ ’ਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੀ ਚੌਕਸੀ ਸਬੰਧੀ ਤਰੁੱਟੀਆਂ ਵੱਲ ਦੇਖੀਏ। ਇਸ ਨੂੰ ਜ਼ਿਆਦਾ ਚੁਸਤ ਕਰੀਏ ਅਤੇ ਗਸ਼ਤ ਵੀ ਵਧਾਈਏ। ਸਰਹੱਦ ’ਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਵੀ ਲੋੜ ਹੈ।

ਇਹੀ ਨਹੀਂ, ਭਾਰਤੀ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ’ਚ ਲੁਕੇ ਉਨ੍ਹਾਂ ਗੱਦਾਰਾਂ ਦਾ ਪਤਾ ਲਗਾਉਣਾ ਵੀ ਜ਼ਰੂਰੀ ਹੈ ਜੋ ਆਪਣੇ ਹੀ ਦੇਸ਼ ਦੀਆਂ ਗੁਪਤ ਸੂਚਨਾਵਾਂ ਦੁਸ਼ਮਣ ਨੂੰ ਦੇ ਕੇ ਦੇਸ਼ ਨਾਲ ਧੋਖਾ ਕਰ ਰਹੇ ਹਨ ਜਿਵੇਂ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ਪੁਲਸ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਅੱਤਵਾਦੀਆਂ ਦੇ ਨਾਲ ਮਿਲੀਭੁਗਤ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਪਾਕਿਸਤਾਨ ਨਾਲ ਲੱਗਦੀ ਪੂਰੀ ਸਰਹੱਦ ’ਤੇ ਇਕ ਯੋਜਨਾਬੱਧ ਢੰਗ ਨਾਲ ਸਰਚ ਆਪ੍ਰੇਸ਼ਨ ਚਲਾਉਣਾ ਅਤੇ ਪਾਕਿਸਤਾਨੀ ਸਾਜ਼ਿਸ਼ ਨਾਲ ਬਣੀਆਂ ਅਜਿਹੀਆਂ ਸੁਰੰਗਾਂ ਦਾ ਪਰਦਾਫਾਸ਼ ਕਰਕੇ ਸਰਹੱਦ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਤਦ ਹੀ ਅਸੀਂ ਪਾਕਿਸਤਾਨੀ ਚੁਣੌਤੀ ਦਾ ਮੂੰਹ-ਤੋੜ ਜਵਾਬ ਦੇ ਸਕਦੇ ਹਾਂ।

–ਵਿਜੇ ਕੁਮਾਰ


 

Bharat Thapa

This news is Content Editor Bharat Thapa