ਲਗਾਤਾਰ ਵਧਦੀ ਜਾ ਰਹੀ ਹੈ ''ਪ੍ਰਭਾਵਸ਼ਾਲੀ ਲੋਕਾਂ ਦੀ ਗੁੰਡਾਗਰਦੀ''

05/13/2017 4:32:47 AM

ਸੱਤਾ ਅਦਾਰੇ ਨਾਲ ਜੁੜੇ ਅਤੇ ਪ੍ਰਭਾਵਸ਼ਾਲੀ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਗਲਤ ਕੰਮ ਨਹੀਂ ਕਰਨਗੇ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਲਝਾਉਣ ''ਚ ਮਦਦ ਕਰਨਗੇ ਪਰ ਅੱਜ ਸਥਿਤੀ ਇਸ ਦੇ ਉਲਟ ਹੁੰਦੀ ਜਾ ਰਹੀ ਹੈ ਤੇ ਉਹੀ ਲੋਕ ਧੱਕੇਸ਼ਾਹੀ ਕਰ ਰਹੇ ਹਨ, ਜਿਨ੍ਹਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮਾਜ ਦੇ ਕਮਜ਼ੋਰ ਅਤੇ ''ਦੱਬੇ ਹੋਏ'' ਲੋਕਾਂ ਦੀ ਮਦਦ ਕਰਨਗੇ।
ਬੀਤੀ 24 ਅਪ੍ਰੈਲ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਪੁਣੇ ਤੋਂ ਦਿੱਲੀ ਆਏ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਨੇ ਦਿੱਲੀ ਹਵਾਈ ਅੱਡੇ ''ਤੇ ਡਿਊਟੀ ਮੈਨੇਜਰ ਆਰ. ਸੁਕੁਮਾਰ ਨੂੰ ਗਾਲ੍ਹਾਂ ਕੱਢੀਆਂ, ਬੇਇੱਜ਼ਤ ਕੀਤਾ ਤੇ ਸੈਂਡਲਾਂ ਨਾਲ ਕੁੱਟਿਆ।
ਇਸ ''ਤੇ ਹੋਏ ਹੰਗਾਮੇ ਤੋਂ ਬਾਅਦ ਏਅਰ ਇੰਡੀਆ ਸਮੇਤ ਅੱਧਾ ਦਰਜਨ ਤੋਂ ਜ਼ਿਆਦਾ ਹਵਾਈ ਸੇਵਾਵਾਂ ਨੇ ਆਪਣੇ ਜਹਾਜ਼ਾਂ ''ਚ ਰਵਿੰਦਰ ਦੇ ਸਫਰ ਕਰਨ ''ਤੇ ਰੋਕ ਲਾ ਦਿੱਤੀ ਤੇ ਉਸ ਵਲੋਂ ਅਫਸੋਸ ਪ੍ਰਗਟਾਉਣ ਤੋਂ ਬਾਅਦ ਹੀ ਪਾਬੰਦੀ ਹਟਾਈ ਸੀ ਪਰ ਇਸ ਤੋਂ ਬਾਅਦ ਵੀ ਪ੍ਰਭਾਵਸ਼ਾਲੀ ਲੋਕਾਂ ਵਲੋਂ ਧੱਕੇਸ਼ਾਹੀ/ਗੁੰਡਾਗਰਦੀ ਦਾ ਇਹ ਸਿਲਸਿਲਾ ਰੁਕਿਆ ਨਹੀਂ ਹੈ, ਜਿਸ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 27 ਅਪ੍ਰੈਲ ਨੂੰ ਬਰੇਲੀ ਦੇ ਨਵਾਬਗੰਜ ਤੋਂ ਵਿਧਾਇਕ ਕੇਸਰ ਸਿੰਘ ਗੰਗਵਾਰ ਨੇ ਉੱਤਰ ਪ੍ਰਦੇਸ਼ ਗ੍ਰਾਮੀਣ ਬੈਂਕ ਦੀ ਦਲੇਰ ਨਗਰ ਬ੍ਰਾਂਚ ਦੇ ਮੈਨੇਜਰ ਨਾਲ ਮਾਰ-ਕੁਟਾਈ ਕਰ ਕੇ ਉਸ ਨੂੰ ਬੰਧਕ ਬਣਾ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਬੈਂਕ ''ਚੋਂ ਘੜੀਸਦੇ ਹੋਏ ਆਪਣੀ ਗੱਡੀ ''ਚ ਸੁੱਟ ਕੇ ਅਗਵਾ ਕਰ ਕੇ ਲੈ ਗਿਆ।
* 07 ਮਈ ਨੂੰ ਗੋਰਖਪੁਰ ''ਚ ਭਾਜਪਾ ਵਿਧਾਇਕ ਰਾਧਾਮੋਹਨ ਦਾਸ ਨੇ ਇਕ ਮਹਿਲਾ ਆਈ. ਪੀ. ਐੱਸ. ਅਧਿਕਾਰੀ ਨੂੰ ਆਪਣਾ ਰੁਤਬਾ ਦਿਖਾਉਂਦਿਆਂ ਸੜਕ ''ਤੇ ਹੀ ਲੋਕਾਂ ਸਾਹਮਣੇ ਧਮਕਾਉਣਾ ਸ਼ੁਰੂ ਕਰ ਦਿੱਤਾ।
* 09 ਮਈ ਨੂੰ ਵਾਰਾਣਸੀ ''ਚ ਨਗਰ ਨਿਗਮ ਵਲੋਂ ਚਲਾਈ ਗਈ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਦੌਰਾਨ ਸਪਾ ਆਗੂ ਅਤੇ ਪਾਰਟੀ ਦੇ ਮਹਾਨਗਰ ਪ੍ਰਧਾਨ ਇਕਬਾਲ ਅੰਸਾਰੀ ਦੇ ਭਰਾ ਨੇ ਆਪਣੀ ਬਿਲਡਿੰਗ ''ਤੋਂ ਕਬਜ਼ਾ ਹਟਾਉਣ ਆਏ ਕਬਜ਼ਾ-ਵਿਰੋਧੀ ਦਸਤੇ ਦੇ ਮੈਂਬਰਾਂ ਨੂੰ ਡਰਾ-ਧਮਕਾ ਕੇ ਭਜਾ ਦਿੱਤਾ।
* 09 ਮਈ ਨੂੰ ਹੀ ਗੁਜਰਾਤ (ਜਿਥੇ ਸ਼ਰਾਬਬੰਦੀ ਲਾਗੂ ਹੈ) ਦੇ ਅਹਿਮਦਾਬਾਦ ਹਵਾਈ ਅੱਡੇ ''ਤੇ ਉਪ-ਮੁੱਖ ਮੰਤਰੀ ਨਿਤਿਨ ਪਟੇਲ ਦੇ ਬੇਟੇ ਜੈਮਿਨ ਪਟੇਲ ਨੂੰ ਕਤਰ ਏਅਰਵੇਜ਼ ਦੀ ਫਲਾਈਟ ''ਚ ਜਾਣ ਤੋਂ ਰੋਕ ਦਿੱਤਾ ਗਿਆ।
ਦੱਸਿਆ ਜਾਂਦਾ ਹੈ ਕਿ ਉਹ ਕਥਿਤ ਤੌਰ ''ਤੇ ਨਸ਼ੇ ''ਚ ਟੱਲੀ ਸੀ। ਉਸ ਨੇ ਹਵਾਈ ਅੱਡੇ ''ਤੇ ਹਵਾਈ ਸੇਵਾ ਦੇ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਅਮਲੇ ਦੇ ਮੈਂਬਰਾਂ ਨੇ ਜੈਮਿਨ, ਉਸ ਦੀ ਪਤਨੀ ਤੇ ਬੇਟੇ ਨੂੰ ਗਰੀਸ ਲਈ ਉਡਾਣ ਭਰਨ ਤੋਂ ਰੋਕ ਦਿੱਤਾ।
* ਅਤੇ ਹੁਣ 10 ਮਈ ਨੂੰ ਏਟਾ ''ਚ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਸਭਾਪਤੀ ਅਤੇ ਸਪਾ ਆਗੂ ਰਮੇਸ਼ ਯਾਦਵ ਦੇ ਭਤੀਜੇ ਮੋਹਿਤ ਯਾਦਵ ਵਲੋਂ ਸ਼ਰਾਬ ਦੇ ਨਸ਼ੇ ''ਚ ਟੱਲੀ ਹੋ ਕੇ ਜ਼ਿਲਾ ਹਸਪਤਾਲ ''ਚ ਖਰੂਦ ਮਚਾਉਣ ਤੇ ਗੁੰਡਾਗਰਦੀ ਦਿਖਾਉਣ ਦਾ ਖੁਲਾਸਾ ਹੋਇਆ ਹੈ।
ਜ਼ਿਲਾ ਹਸਪਤਾਲ ''ਚ ਬਿਨਾਂ ਲਾਈਨ ''ਚ ਲੱਗੇ ਅਤੇ ਪਰਚੀ ਕਟਵਾਏ ਐਕਸ-ਰੇ ਕਰਵਾਉਣ ਨੂੰ ਲੈ ਕੇ ਡਾਕਟਰਾਂ ਨਾਲ ਹੋਈ ਬਹਿਸ ਤੋਂ ਬਾਅਦ ਮੋਹਿਤ ਯਾਦਵ ਨੇ ਰੇਡੀਓਲਾਜਿਸਟ ਅਤੇ ਦੋ ਟੈਕਨੀਸ਼ੀਅਨਾਂ ਨੂੰ ਖੂਬ ਕੁੱਟਿਆ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ।
ਮਾਮਲਾ ਇਥੇ ਹੀ ਸ਼ਾਂਤ ਨਹੀਂ ਹੋਇਆ, ਮੋਹਿਤ ਯਾਦਵ ਨੇ ਇਸ ਤੋਂ ਬਾਅਦ ਮੌਕੇ ''ਤੇ ਪਹੁੰਚੇ ਏ. ਐੱਸ. ਆਈ. ਜਤਿੰਦਰ ਸਿੰਘ ਨੂੰ ਗੰਦੀਆਂ ਗਾਲ੍ਹਾਂ ਕੱਢਦਿਆਂ ਥੱਪੜ ਮਾਰ ਦਿੱਤਾ ਤੇ ਲਖਨ ਨਾਮੀ ਇਕ ਹੋਰ ਪੁਲਸ ਮੁਲਾਜ਼ਮ ਨਾਲ ਵੀ ਮਾਰ-ਕੁਟਾਈ ਕੀਤੀ। ਉਸ ਦੇ ਕਬਜ਼ੇ ''ਚੋਂ ਇਕ ਦੇਸੀ ਹਥਿਆਰ ਵੀ ਬਰਾਮਦ ਕੀਤਾ ਗਿਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਕਿਸ ਤਰ੍ਹਾਂ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਜੇ ਇਸੇ ਤਰ੍ਹਾਂ ਇਹ ਲੋਕ ਕਾਨੂੰਨ ਹੱਥ ''ਚ ਲੈਣ ਲੱਗ ਪੈਣਗੇ ਤਾਂ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ? 
ਪ੍ਰਭਾਵਸ਼ਾਲੀ ਲੋਕਾਂ ਦੀ ਧੱਕੇਸ਼ਾਹੀ ਤੇ ਗੁੰਡਾਗਰਦੀ ਦੇ ਇਹ ਮਾਮਲੇ ਜ਼ਿਆਦਾਤਰ ਭਾਜਪਾ ਦੇ ਸ਼ਾਸਨ ਵਾਲੇ  ਸੂਬੇ ਯੂ. ਪੀ.''ਚ ਹੀ ਹੋਏ ਹਨ, ਇਸ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਸੱਤਾ ਸੰਭਾਲਣ ਤੋਂ ਬਾਅਦ ਕੁਝ ਹੀ ਸਮੇਂ ''ਚ ਉਨ੍ਹਾਂ ਨੇ ਕੁਝ ਛੋਟੇ-ਵੱਡੇ ਚੰਗੇ ਫੈਸਲੇ ਲਏ ਹਨ। ਲਿਹਾਜ਼ਾ ਇਸ ਮਾਮਲੇ ''ਚ ਵੀ ਉਨ੍ਹਾਂ ਨੂੰ ਪਹਿਲ ਕਰਦਿਆਂ ਛੇਤੀ ਸਖਤ ਕਦਮ ਚੁੱਕ ਕੇ ਇਸ ਮਾੜੇ ਰੁਝਾਨ ''ਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਕਿ ਪ੍ਰਭਾਵਸ਼ਾਲੀ ਲੋਕ ਸਮਝ ਲੈਣ ਕਿ ਕੋਈ ਵੀ ਆਦਮੀ ਕਾਨੂੰਨ ਤੋਂ ਉੱਪਰ ਨਹੀਂ ਹੈ।
ਅਜਿਹਾ ਕਰਨ ਨਾਲ ਜਿਥੇ ਯੂ. ਪੀ. ''ਚ ਪ੍ਰਭਾਵਸ਼ਾਲੀ ਲੋਕਾਂ ਦੀ ਗੁੰਡਾਗਰਦੀ ''ਤੇ ਰੋਕ ਲੱਗੇਗੀ, ਉਥੇ ਹੀ ਦੂਜੇ ਸੂਬਿਆਂ ਨੂੰ ਵੀ ਚੰਗਾ ਸੰਦੇਸ਼ ਜਾਵੇਗਾ ਤੇ ਇਸ ਨਾਲ ਦੇਸ਼ ਦੇ ਮਾਹੌਲ ''ਚ ਪਾਕੀਜ਼ਗੀ ਲਿਆਉਣ ''ਚ ਸਹਾਇਤਾ ਮਿਲੇਗੀ। 
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra