''ਸੰਨ 2017 ਦੇ ਆਖਰੀ ਦਿਨ'' ਸੀ. ਆਰ. ਪੀ. ਐੱਫ. ''ਤੇ ਵੱਡਾ ਅੱਤਵਾਦੀ ਹਮਲਾ

01/02/2018 7:26:32 AM

26 ਤੋਂ ਜ਼ਿਆਦਾ ਵਰ੍ਹਿਆਂ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕਿਆਂ 'ਚ ਚੱਲ ਰਹੇ ਸਿਖਲਾਈ ਕੈਂਪਾਂ 'ਚ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੇ ਲਗਾਤਾਰ ਜੰਮੂ-ਕਸ਼ਮੀਰ 'ਚ ਹਿੰਸਾ ਦਾ ਤਾਂਡਵ ਜਾਰੀ ਰੱਖਿਆ ਹੋਇਆ ਹੈ ਅਤੇ ਉਹ ਸ਼ਹਿਰੀ ਆਬਾਦੀ ਤੋਂ ਇਲਾਵਾ ਸੁਰੱਖਿਆ ਬਲਾਂ 'ਤੇ ਲਗਾਤਾਰ ਹਮਲੇ ਕਰਦੇ ਆ ਰਹੇ ਹਨ। ਇਸੇ ਦਾ ਹੀ ਸਿੱਟਾ ਹੈ ਕਿ ਸੰਨ 2017 'ਚ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨਾਲ ਸਬੰਧਤ ਹਿੰਸਾ 'ਚ ਸੁਰੱਖਿਆ ਬਲਾਂ ਦੇ ਘੱਟੋ-ਘੱਟ 86 ਜਵਾਨ ਅਤੇ 97 ਸਿਵਲੀਅਨ ਮਾਰੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਜੰਮੂ-ਕਸ਼ਮੀਰ 'ਚ ਅੱਤਵਾਦ ਨਾਲ ਸਬੰਧਤ ਘਟਨਾਵਾਂ ਇਕ ਦਹਾਕੇ 'ਚ ਸਭ ਤੋਂ ਜ਼ਿਆਦਾ ਹੋਈਆਂ ਹਨ ਅਤੇ 2017 'ਚ ਸੁਰੱਖਿਆ ਬਲਾਂ ਤੇ ਸਿਵਲੀਅਨ ਆਬਾਦੀ ਦੇ ਲੋਕਾਂ ਦੀਆਂ ਹੱਤਿਆਵਾਂ 'ਚ ਵਾਧੇ ਦਾ ਰੁਝਾਨ ਦੇਖਣ ਨੂੰ ਮਿਲਿਆ। ਹੁਣ ਸੰਨ 2017 ਦੇ ਆਖਰੀ ਦਿਨ 31 ਦਸੰਬਰ ਨੂੰ ਤੜਕੇ 2 ਵਜੇ ਭਾਰਤੀ ਸੁਰੱਖਿਆ ਬਲਾਂ 'ਤੇ ਹਮਲੇ ਦੀ ਕੜੀ 'ਚ ਅੰਡਰ ਬੈਰਲ ਗ੍ਰਨੇਡ ਲਾਂਚਰਾਂ ਅਤੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਪਾਕਿਸਤਾਨੀ ਅੱਤਵਾਦੀਆਂ ਨੇ ਪੁਲਵਾਮਾ ਜ਼ਿਲੇ ਦੇ ਲੇਥਪੁਰਾ ਇਲਾਕੇ 'ਚ ਸੀ. ਆਰ. ਪੀ. ਐੱਫ. ਦੇ ਟ੍ਰੇਨਿੰਗ ਸੈਂਟਰ 'ਤੇ ਹਮਲਾ ਕਰ ਕੇ 5 ਜਵਾਨਾਂ ਨੂੰ ਸ਼ਹੀਦ ਤੇ 3 ਨੂੰ ਜ਼ਖ਼ਮੀ ਕਰ ਦਿੱਤਾ।
ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ ਅਤੇ ਪਿਛਲੇ 4 ਮਹੀਨਿਆਂ 'ਚ ਇਹ ਤੀਜਾ ਹਮਲਾ ਹੈ, ਜਦੋਂ ਜੈਸ਼ ਦੇ ਫਿਦਾਈਨਾਂ ਨੇ ਸੁਰੱਖਿਆ ਕੈਂਪਾਂ ਦਾ ਘੇਰਾ ਤੋੜਿਆ। ਜੈਸ਼ ਦੇ ਬੁਲਾਰੇ ਹਸਨ ਸ਼ਾਹ ਨੇ ਕਿਹਾ ਹੈ ਕਿ 3 ਫਿਦਾਈਨਾਂ ਨੇ ਨੂਰ ਮੁਹੰਮਦ ਤਾਂਤਰੇ ਅਤੇ ਤਲਹਾ ਰਸ਼ੀਦ ਦੀ ਹੱਤਿਆ ਦਾ ਬਦਲਾ ਲੈਣ ਲਈ ਸੀ. ਆਰ. ਪੀ. ਐੱਫ. ਦੇ ਕੈਂਪ 'ਤੇ ਹਮਲਾ ਕੀਤਾ ਸੀ। 
ਅੱਤਵਾਦੀ ਖਤਰੇ ਅਤੇ ਸੰਭਾਵੀ ਹਮਲੇ ਦੇ ਇਨਪੁੱਟ ਦੇ ਬਾਵਜੂਦ ਅੱਤਵਾਦੀ ਬਹੁਤ ਜ਼ਿਆਦਾ ਪਹਿਰੇ ਵਾਲੇ ਸਕਿਓਰਿਟੀ ਕੈਂਪ 'ਤੇ ਹਮਲਾ ਕਰਨ 'ਚ ਸਫਲ ਹੋ ਗਏ। ਡਾਇਰੈਕਟਰ ਜਨਰਲ ਆਫ ਪੁਲਸ ਐੱਸ. ਪੀ. ਵੈਦ ਨੇ ਇਸ ਹਮਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ''ਇਹ ਖੁਫੀਆ ਵਿਭਾਗ ਵਲੋਂ ਦਿੱਤੀ ਗਈ ਅਗਾਊਂ ਚਿਤਾਵਨੀ ਦੇ ਬਾਵਜੂਦ ਹੋਇਆ ਹੈ। ਪਿਛਲੇ 2-3 ਦਿਨਾਂ ਤੋਂ ਸਾਨੂੰ ਇਨਪੁੱਟ ਮਿਲ ਰਿਹਾ ਸੀ।''
''ਉਹ (ਅੱਤਵਾਦੀ) ਕੋਸ਼ਿਸ਼ ਕਰ ਰਹੇ ਸਨ। ਸ਼ਾਇਦ ਪਹਿਲਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਸਮਾਂ ਅਤੇ ਜਗ੍ਹਾ ਨਹੀਂ ਮਿਲ ਸਕੀ, ਲਿਹਾਜ਼ਾ ਉਨ੍ਹਾਂ ਨੇ ਪਿਛਲੀ ਰਾਤ ਹਮਲਾ ਕੀਤਾ। ਜਦੋਂ ਤਕ ਪਾਕਿਸਤਾਨ ਅੱਤਵਾਦੀ ਭੇਜਦਾ ਰਹੇਗਾ, ਉਦੋਂ ਤਕ ਸੁਰੱਖਿਆ ਬਲਾਂ ਅਤੇ ਕਸ਼ਮੀਰ ਦੇ ਲੋਕਾਂ ਨੂੰ ਇਨ੍ਹਾਂ ਹਾਲਾਤ 'ਚੋਂ ਲੰਘਣਾ ਪੈਂਦਾ ਰਹੇਗਾ।''
ਜਿਥੇ ਅੱਤਵਾਦੀਆਂ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਨਾਕਾਮ ਕਰਨ ਸਬੰਧੀ ਸਵਾਲ ਉਠਾਏ ਜਾ ਰਹੇ ਹਨ, ਉਥੇ ਹੀ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਕ੍ਰਿਸਮਸ ਅਤੇ ਨਵੇਂ ਵਰ੍ਹੇ ਦੇ ਮੌਕੇ 'ਤੇ ਹੋਣ ਵਾਲੇ ਆਯੋਜਨਾਂ ਤੇ ਸਮਾਗਮਾਂ 'ਤੇ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਰੋਕਣ ਲਈ ਅਲਰਟ ਜਾਰੀ ਕਰਦਿਆਂ ਸਾਰੀਆਂ ਸੂਬਾ ਸਰਕਾਰਾਂ ਨੂੰ ਚੌਕਸ ਰਹਿਣ ਲਈ ਕਿਹਾ ਹੋਇਆ ਸੀ। 
ਅਲਰਟ 'ਚ ਜਨਤਕ ਥਾਵਾਂ, ਮੰਦਿਰਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹਵਾਈ ਅੱਡਿਆਂ 'ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕਰਨ ਦੇ ਨਾਲ ਹੀ ਵੱਡੇ ਸ਼ਹਿਰਾਂ ਦੀਆਂ ਹੱਦਾਂ 'ਤੇ ਸਖ਼ਤ ਨਜ਼ਰ ਰੱਖਣ ਲਈ ਕਿਹਾ ਗਿਆ ਸੀ। 
ਬਾਅਦ ਵਿਚ ਅਲਕਾਇਦਾ ਵਲੋਂ ਆਪਣੇ ਅੱਤਵਾਦੀਆਂ ਨੂੰ ਦਿੱਲੀ, ਕੋਲਕਾਤਾ ਤੇ ਬੈਂਗਲੁਰੂ ਵਰਗੇ ਵੱਡੇ ਸ਼ਹਿਰਾਂ ਵਿਚ ਫੌਜ ਨੂੰ ਨਿਸ਼ਾਨਾ ਬਣਾਉਣ ਲਈ ਕਹਿਣ ਦੀਆਂ ਖ਼ਬਰਾਂ ਆਈਆਂ ਸਨ। ਇੰਨਾ ਹੀ ਨਹੀਂ, ਕਸ਼ਮੀਰੀ ਅਤੇ ਖਾਲਿਸਤਾਨੀ ਅੱਤਵਾਦੀਆਂ ਵਲੋਂ ਜਲੰਧਰ ਦੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਸੀ। 
ਖੁਫੀਆ ਬਿਊਰੋ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਜਲੰਧਰ ਰੇਲਵੇ ਸਟੇਸ਼ਨ ਸਮੇਤ ਕੁਝ ਹੋਰਨਾਂ ਥਾਵਾਂ ਨੂੰ ਅੱਤਵਾਦੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। 
ਅੱਤਵਾਦੀ ਦਿੱਲੀ ਜਾਂ ਹੋਰਨਾਂ ਥਾਵਾਂ 'ਤੇ ਤਾਂ ਕੁਝ ਨਹੀਂ ਕਰ ਸਕੇ ਪਰ ਕਸ਼ਮੀਰ ਵਿਚ ਸੀ. ਆਰ. ਪੀ. ਐੱਫ. 'ਤੇ ਹਮਲਾ ਕਰ ਕੇ ਉਨ੍ਹਾਂ ਨੇ ਸਾਡੀ ਸੁਰੱਖਿਆ ਖਾਮੀ ਜ਼ਰੂਰ ਜ਼ਾਹਿਰ ਕਰ ਦਿੱਤੀ ਹੈ। 
ਇਸ ਦੇ ਨਿਵਾਰਣ ਲਈ ਖੁਫੀਆ ਤੰਤਰ ਵਲੋਂ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਸਭ ਤੋਂ ਹੇਠਲੇ ਪੱਧਰ ਤਕ ਪਹੁੰਚਾਉਣ ਦਾ ਪ੍ਰਬੰਧ ਕਰਨ, ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ, ਅੰਦਰੂਨੀ ਸੁਰੱਖਿਆ ਦੀ ਸਥਾਈ ਸਮੀਖਿਆ ਕਰ ਕੇ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਅਤੇ ਜਿਸ ਕਿਸੇ ਪੱਧਰ 'ਤੇ ਵੀ ਕੋਈ ਖਾਮੀ ਮਿਲੇ, ਉਸ ਨੂੰ ਫੌਰਨ ਦੂਰ ਕਰਨ ਦੀ ਲੋੜ ਹੈ ਤਾਂ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਆਮ ਨਾਗਰਿਕਾਂ ਦੀਆਂ ਕੀਮਤੀ ਜਾਨਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ। 
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra