ਦੇਸ਼ ''ਚ ਆਤਮ-ਹੱਤਿਆ ਦਾ ਮਾੜਾ ਰੁਝਾਨ ਲੋਕਾਂ ''ਚ ਵਧ ਰਹੀ ਪ੍ਰੇਸ਼ਾਨੀ ਅਤੇ ਨਿਰਾਸ਼ਾ ਦਾ ਨਤੀਜਾ

07/14/2019 4:23:31 AM

ਇਕ ਪਾਸੇ ਦੇਸ਼ 'ਚ ਆਰਥਿਕ ਤੰਗੀ ਦੇ ਕਾਰਣ ਕਿਸਾਨ ਵੱਡੀ ਗਿਣਤੀ 'ਚ ਆਤਮ-ਹੱਤਿਆ ਕਰ ਰਹੇ ਹਨ, ਤਾਂ ਦੂਜੇ ਪਾਸੇ ਵੱਖ-ਵੱਖ ਕਾਰਣਾਂ ਕਰ ਕੇ ਲੋਕਾਂ 'ਚ ਵਧ ਰਹੀ ਪ੍ਰੇਸ਼ਾਨੀ ਅਤੇ ਨਿਰਾਸ਼ਾ ਕਾਰਣ ਆਤਮ-ਹੱਤਿਆ ਕਰਨ ਦਾ ਮਾੜਾ ਰੁਝਾਨ ਬੜੀ ਤੇਜ਼ੀ ਨਾਲ ਵਧਣ ਕਰਕੇ ਵੱਡੀ ਗਿਣਤੀ ਵਿਚ ਪਰਿਵਾਰ ਉੱਜੜ ਰਹੇ ਹਨ। ਇਥੇ ਪੇਸ਼ ਹਨ ਸਿਰਫ 11 ਦਿਨਾਂ ਦੀਆਂ ਕੁਝ ਦਿਲ ਨੂੰ ਹਲੂਣ ਦੇਣ ਵਾਲੀਆਂ ਘਟਨਾਵਾਂ :

* 02 ਜੁਲਾਈ ਨੂੰ ਅਸੰਧ ਦੇ 'ਫਫੜਾਨਾ' ਵਿਚ ਲੰਮੀ ਬੀਮਾਰੀ ਤੋਂ ਪ੍ਰੇਸ਼ਾਨ ਔਰਤ ਅਤੇ ਉਸ ਦੇ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕਰ ਲਈ।
* 02 ਜੁਲਾਈ ਨੂੰ ਗੁਰਦਾਸਪੁਰ 'ਚ ਪ੍ਰੇਮਿਕਾ ਦੇ ਵਿਸ਼ਵਾਸਘਾਤ ਤੋਂ ਦੁਖੀ ਨੌਜਵਾਨ ਨੇ ਟਰੇਨ ਦੇ ਹੇਠਾਂ ਆ ਕੇ ਆਤਮ-ਹੱਤਿਆ ਕਰ ਲਈ।
* 02 ਜੁਲਾਈ ਨੂੰ ਹੀ ਪਾਨੀਪਤ ਦੇ ਚੰਦੌਲੀ ਪਿੰਡ 'ਚ 11ਵੀਂ ਕਲਾਸ ਦੇ ਵਿਦਿਆਰਥੀ-ਵਿਦਿਆਰਥਣ ਨੇ ਆਪੋ-ਆਪਣੇ ਘਰਾਂ 'ਚ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰ ਲਈ।
* 03 ਜੁਲਾਈ ਨੂੰ ਲੁਧਿਆਣਾ ਦੀ ਬਸਤੀ ਜੋਧੇਵਾਲ ਵਿਚ ਮਾਮੂਲੀ ਜਿਹੀ ਗੱਲ 'ਤੇ ਪਤੀ ਨਾਲ ਝਗੜੇ ਤੋਂ ਬਾਅਦ ਨਵ-ਵਿਆਹੁਤਾ ਨੇ ਫਾਹ ਲੈ ਲਿਆ।
* 03 ਜੁਲਾਈ ਨੂੰ ਘਰੇਲੂ ਕਲੇਸ਼ ਕਾਰਣ ਨਾਰਾਇਣਗੜ੍ਹ 'ਚ ਇਕ ਨਵੇਂ ਜੋੜੇ ਨੇ ਹਸਪਤਾਲ ਦੇ ਬਾਹਰ ਜ਼ਹਿਰੀਲਾ ਪਦਾਰਥ ਨਿਗਲ ਲਿਆ।
* 04 ਜੁਲਾਈ ਨੂੰ ਰਾਮਾ ਮੰਡੀ ਦੇ ਨੇੜੇ ਪਿੰਡ ਸੇਖੂ 'ਚ ਧੀ ਦੇ ਵਿਆਹ ਨੂੰ ਲੈ ਕੇ ਚਿੰਤਤ ਅਤੇ ਕਰਜ਼ੇ ਕਾਰਣ ਪ੍ਰੇਸ਼ਾਨ ਇਕ ਕਿਸਾਨ ਨੇ ਆਤਮ-ਹੱਤਿਆ ਕਰ ਲਈ।
* 05 ਜੁਲਾਈ ਨੂੰ ਘਰੇਲੂ ਪ੍ਰੇਸ਼ਾਨੀ ਦੇ ਕਾਰਣ ਜਲੰਧਰ ਦੇ ਇਕ ਕੋਲਡ ਸਟੋਰੇਜ 'ਚ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਜ਼ਹਿਰ ਖਾ ਕੇ ਜੀਵਨ ਲੀਲਾ ਖਤਮ ਕਰ ਲਈ।
* 05 ਜੁਲਾਈ ਨੂੰ ਜਲੰਧਰ 'ਚ 23 ਸਾਲਾ ਨੌਜਵਾਨ ਨੇ ਆਪਣੇ ਆਪ੍ਰੇਸ਼ਨ ਲਈ ਲੋਕਾਂ ਤੋਂ ਉਧਾਰ ਲਏ ਹੋਏ ਪੈਸੇ ਵਾਪਿਸ ਕਰਨ 'ਚ ਅਸਮਰੱਥ ਰਹਿਣ 'ਤੇ ਆਤਮ-ਹੱਤਿਆ ਕਰ ਲਈ।
* 05 ਜੁਲਾਈ ਨੂੰ ਪਾਨੀਪਤ 'ਚ ਪ੍ਰਾਈਵੇਟ ਫਾਇਨਾਂਸਰਾਂ ਦੇ 25,000 ਰੁਪਏ ਦੇ ਕਰਜ਼ੇ ਹੇਠ ਦੱਬੇ 17 ਸਾਲਾ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ।
* 05 ਜੁਲਾਈ ਨੂੰ ਮਹਾਰਾਸ਼ਟਰ ਦੇ ਪਾਲਘਰ 'ਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਗਰੀਬੀ ਅਤੇ ਭੁੱਖ ਤੋਂ ਤੰਗ ਔਰਤ ਨੇ ਆਪਣੇ 2 ਬੱਚਿਆਂ ਨਾਲ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ਨਾਲ ਔਰਤ ਅਤੇ ਉਸ ਦੀ ਬੱਚੀ ਦੀ ਮੌਤ ਹੋ ਗਈ।
* 07 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ਦੇ ਮਹੋਖਰ ਪਿੰਡ 'ਚ ਆਪਣੀ ਧੀ ਦੀ ਮੈਡੀਕਲ ਦਾਖਲਾ ਪ੍ਰੀਖਿਆ ਲਈ ਫੀਸ ਦਾ ਪ੍ਰਬੰਧ ਨਾ ਕਰ ਸਕਣ ਕਾਰਣ ਨਿਰਾਸ਼ ਹੋ ਕੇ ਇਕ ਕਿਸਾਨ ਨੇ ਸਰੀਰ 'ਤੇ ਮਿੱਟੀ ਦਾ ਤੇਲ ਛਿੜਕ ਕੇ ਆਤਮਦਾਹ ਕਰ ਲਿਆ।
* 07 ਜੁਲਾਈ ਨੂੰ ਆਪਣੀ ਪਤਨੀ ਦੇ ਵਤੀਰੇ ਤੋਂ ਤੰਗ ਇਕ ਵਿਅਕਤੀ ਨੇ ਆਪਣੇ 2 ਬੱਚਿਆਂ ਨਾਲ ਹਨੂੰਮਾਨਗੜ੍ਹ 'ਚ ਨਹਿਰ ਵਿਚ ਛਾਲ ਮਾਰ ਦਿੱਤੀ।
* 08 ਜੁਲਾਈ ਨੂੰ ਜੰਮੂ ਦੇ ਮੀਰਾਂ ਸਾਹਿਬ ਇਲਾਕੇ 'ਚ ਇਕ ਕੈਂਪ 'ਚ ਫੌਜ ਦੇ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ।
* 09 ਜੁਲਾਈ ਨੂੰ ਬਠਿੰਡਾ ਦੇ ਪਿੰਡ ਕੋਰਟਸ਼ਮੀਰ ਨਿਵਾਸੀ ਇਕ ਵਿਅਕਤੀ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਸਹੁਰੇ ਜਾ ਕੇ ਜ਼ਹਿਰ ਨਿਗਲ ਲਿਆ।
* 09 ਜੁਲਾਈ ਨੂੰ ਜਲੰਧਰ ਛਾਉਣੀ ਦੇ ਪੀ. ਏ. ਪੀ. ਕੰਪਲੈਕਸ 'ਚ ਤਾਇਨਾਤ ਇਕ ਮਹਿਲਾ ਏ. ਐੱਸ. ਆਈ. ਦੇ ਪਤੀ ਨੇ ਪੱਖੇ ਨਾਲ ਫਾਹ ਲੈ ਕੇ ਆਤਮ-ਹੱਤਿਆ ਕਰ ਲਈ।
* 09 ਜੁਲਾਈ ਨੂੰ ਬੰਗਾ ਦੇ ਘੁੰਮਣ ਪਿੰਡ 'ਚ ਆਪਣੇ ਪਸ਼ੂਆਂ ਦੀ ਮੌਤ ਤੋਂ ਦੁਖੀ ਅਤੇ ਕਰਜ਼ੇ ਹੇਠ ਦੱਬੇ ਕਿਸਾਨ ਨੇ ਆਤਮ-ਹੱਤਿਆ ਕਰ ਲਈ।
* 11 ਜੁਲਾਈ ਨੂੰ ਇਕ ਔਰਤ ਨੇ ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡ ਬੜਾ ਪਿੰਡ ਦੇ ਨੇੜੇ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਉਸ ਨੇ ਆਪਣੇ ਸੁਸਾਈਡ ਨੋਟ 'ਚ ਆਤਮ-ਹੱਤਿਆ ਦਾ ਕਾਰਣ ਕਾਲਜ ਤੋਂ ਬਿਨਾਂ ਗਲਤੀ ਕੱਢਿਆ ਜਾਣਾ ਦੱਸਿਆ।
* 11 ਜੁਲਾਈ ਨੂੰ ਵਿਦੇਸ਼ ਜਾਣ ਦੇ ਇੱਛੁਕ ਨੌਜਵਾਨ ਨੇ ਆਤਮ-ਹੱਤਿਆ ਕਰ ਲਈ ਕਿਉਂਕਿ ਉਸ ਦੇ ਮਾਤਾ-ਪਿਤਾ ਕੋਲ ਉਸ ਨੂੰ ਵਿਦੇਸ਼ ਭੇਜਣ ਲਈ ਪੈਸੇ ਨਹੀਂ ਸਨ।
* 11 ਜੁਲਾਈ ਨੂੰ ਕਾਦੀਆਂ 'ਚ 8 ਮਹੀਨੇ ਪਹਿਲਾਂ ਵਿਆਹੀ ਔਰਤ ਨੇ ਆਤਮ-ਹੱਤਿਆ ਕਰ ਲਈ, ਜਿਸ ਦਾ ਪਤੀ ਗੁਜਰਾਤ 'ਚ ਡਰਾਈਵਰੀ ਕਰਦਾ ਹੈ।
* 12 ਜੁਲਾਈ ਨੂੰ ਅਲੀਗੜ੍ਹ 'ਚ ਇਕ ਨਵ-ਵਿਆਹੁਤਾ ਨੇ ਆਪਣੇ ਘਰ 'ਚ ਆਯੋਜਿਤ ਸਮਾਰੋਹ 'ਚ ਪਹਿਨਣ ਲਈ ਪਤੀ ਵਲੋਂ ਨਵੀਂ ਸਾੜ੍ਹੀ ਨਾ ਦਿਵਾਉਣ 'ਤੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ।
* 12 ਜੁਲਾਈ ਨੂੰ ਕਪੂਰਥਲਾ ਦੇ ਪਿੰਡ ਸ਼ਾਹਜਹਾਂਪੁਰ 'ਚ ਆਪਣੀ ਨਵ-ਵਿਆਹੁਤਾ ਪਤਨੀ ਦੀ ਨਜ਼ਰ ਘੱਟ ਹੋਣ ਅਤੇ ਮਾਨਸਿਕ ਸੰਤੁਲਨ ਠੀਕ ਨਾ ਹੋਣ ਦਾ ਭੇਤ ਖੁੱਲ੍ਹਣ 'ਤੇ 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਆਤਮ-ਹੱਤਿਆ ਕਰ ਲਈ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਬੀਮਾਰੀ, ਪ੍ਰੇਮ ਪ੍ਰਸੰਗਾਂ ਵਿਚ ਅਸਫਲਤਾ, ਆਰਥਿਕ ਤੰਗੀ, ਕਰਜ਼ਾ, ਘਰੇਲੂ ਕਲੇਸ਼ ਆਦਿ ਆਤਮ-ਹੱਤਿਆ ਦੇ ਕਾਰਣ ਬਣ ਰਹੇ ਹਨ। ਇਹ ਇਸ ਗੱਲ ਦਾ ਵੀ ਪ੍ਰਮਾਣ ਹਨ ਕਿ ਲੋਕਾਂ 'ਚ ਨਿਰਾਸ਼ਾ ਅਤੇ ਪ੍ਰੇਸ਼ਾਨੀ ਬਹੁਤ ਜ਼ਿਆਦਾ ਵਧ ਰਹੀ ਹੈ।
ਇਸ 'ਤੇ ਰੋਕ ਲਾਉਣ ਲਈ ਲੋਕਾਂ 'ਚ ਸੰਜਮ, ਸਹਿਣਸ਼ੀਲਤਾ ਅਤੇ ਕਿਸੇ ਵੀ ਕਾਰਣ ਤਣਾਅ ਦੀਆਂ ਸ਼ਿਕਾਰ ਔਰਤਾਂ, ਮਰਦ ਅਤੇ ਬੱਚਿਆਂ ਦੀ ਯੋਗ ਮਨੋਚਿਕਿਤਸਕਾਂ ਤੋਂ ਕਾਊਂਸਲਿੰਗ ਕਰਵਾਉਣ ਦੇ ਨਾਲ-ਨਾਲ ਪਰਿਵਾਰਕ ਵਿਵਾਦ ਆਪਸ ਵਿਚ ਮਿਲ-ਬੈਠ ਕੇ ਸੁਲਝਾਉਣ ਦੀ ਲੋੜ ਹੈ।

                                                                                                       —ਵਿਜੇ ਕੁਮਾਰ

KamalJeet Singh

This news is Content Editor KamalJeet Singh