ਅਤੀਤ ਦੇ ਪੰਨਿਆਂ ’ਚੋਂ ‘ਭੀਸ਼ਮ ਪਿਤਾਮਹ ਦੇ ਸਬੰਧ ’ਚ’ ‘ਤੇਜਸਵੀ ਯਾਦਵ ਦੀ ਅਵਿਵੇਕਪੂਰਨ ਟਿੱਪਣੀ’

11/25/2020 3:53:48 AM

ਚਰਚਾ ਹਾਸਲ ਕਰਨ ਲਈ ਸਾਡੇ ਨੇਤਾ ਬਿਨਾਂ ਸੋਚੇ-ਸਮਝੇ ਆਪਣੇ ਮੂੰਹ ’ਚੋਂ ਕੁਝ ਵੀ ਬੋਲ ਦੇਣ ’ਚ ਰੱਤੀ ਭਰ ਵੀ ਸੰਕੋਚ ਨਹੀਂ ਕਰਦੇ ਜਿਸ ਕਾਰਨ ਕਈ ਵਾਰ ਭਾਰੀ ਵਿਵਾਦ ਖੜ੍ਹੇ ਹੋ ਜਾਂਦੇ ਹਨ। ਅਜਿਹੀ ਹੀ ਅਵਿਵੇਕਪੂਰਨ ਬਿਆਨਬਾਜ਼ੀ ਦੀ ਉਦਾਹਰਣ 23 ਨਵੰਬਰ ਨੂੰ ‘ਰਾਜਦ’ ਦੇ ਨੇਤਾ ਤੇਜਸਵੀ ਯਾਦਵ ਨੇ ਬਿਹਾਰ ਵਿਧਾਨ ਸਭਾ ’ਚ ਵਿਧਾਇਕ ਵਜੋਂ ਸਹੁੰ ਚੁੱਕਣ ਸਮੇਂ ਪੇਸ਼ ਕੀਤੀ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ‘ਮਹਾਭਾਰਤ’ ਦੇ ਸਭ ਤੋਂ ਮਹਾਨ ਪਾਤਰਾਂ ’ਚੋਂ ਇਕ ‘ਭੀਸ਼ਮ ਪਿਤਾਮਹ’ ਨਾਲ ਕਰਦੇ ਹੋਏ ਕਿਹਾ :

‘‘ਨਿਤੀਸ਼ ਕੁਮਾਰ ਭ੍ਰਿਸ਼ਟਾਚਾਰ ਦੇ ਭੀਸ਼ਮ ਪਿਤਾਮਹ ਹਨ ਕਿਉਂਕਿ ਜਿੰਨੇ ਵੀ ਗੁਨਾਹਗਾਰ ਅਤੇ ਭ੍ਰਿਸ਼ਟਾਚਾਰੀ ਹਨ, ਉਨ੍ਹਾਂ ਨੂੰ ਸਰਪ੍ਰਸਤੀ ਦੇਣੀ ਅਤੇ ਬਚਾਅ ਕਰਨਾ ਨਿਤੀਸ਼ ਕੁਮਾਰ ਦੀ ਫਿਤਰਤ ਰਹੀ ਹੈ। ਸਰਕਾਰ ’ਚ ਆਉਣ ਤੋਂ ਬਾਅਦ ਨਿਤੀਸ਼ ਨੇ ਮੁੜ ਉਹੀ ਕੰਮ ਕੀਤੇ।’’

ਤੇਜਸਵੀ ਯਾਦਵ ਦਾ ਉਕਤ ਬਿਆਨ ਤੱਥਾਂ ਦੇ ਬਿਲਕੁਲ ਉਲਟ ਹੈ। ਸਭ ਜਾਣਦੇ ਹਨ ਕਿ ਭੀਸ਼ਮ ਪਿਤਾਮਹ ਦਾ ਸੰਪੂਰਨ ਜੀਵਨ ਧਰਮਮਈ ਸੀ। ਉਨ੍ਹਾਂ ਕੌਰਵਾਂ ਦੇ ਪਿਤਾ ਧ੍ਰਿਤਰਾਸ਼ਟਰ ਦੇ ਪੁੱਤਰ ਮੋਹ ਦੀ ਹਮੇਸ਼ਾ ਵਿਰੋਧਤਾ ਕੀਤੀ ਅਤੇ ਧ੍ਰਿਤਰਾਸ਼ਟਰ ਨੂੰ ਹਮੇਸ਼ਾ ਨਿਅਾਂ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਰਹੇ। ਭ੍ਰਿਸ਼ਟਾਚਾਰ ਦੇ ਵੱਡੇ ਵਿਰੋਧੀ ਭੀਸ਼ਮ ਪਿਤਾਮਹ ਰਾਜ ਧਰਮ ਅਤੇ ਰਾਜਨੀਤੀ ਦੇ ਮਹਾਨ ਮਾਹਿਰ ਸਨ।

ਭੀਸ਼ਮ ਪਿਤਾਮਹ ਨੇ ਆਪਣੇ ਪਿਤਾ ਸ਼ਾਂਤਨੂੰ ਦਾ ਸੱਤਿਆਵਤੀ ਨਾਲ ਵਿਆਹ ਕਰਵਾਉਣ ਲਈ ਸਾਰੀ ਉਮਰ ਬ੍ਰਹਮਚਾਰੀਅਾ ਦਾ ਪਾਲਣ ਕਰਨ ਦੀ ਪ੍ਰਤਿੱਗਿਆ ਕੀਤੀ ਸੀ। ਉਨ੍ਹਾਂ ਦੀ ਅਜਿਹੀ ਪਿੱਤਰ ਭਗਤੀ ਦੇਖ ਕੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ‘ਇੱਛਾ ਮੌਤ’ ਦਾ ਵਰਦਾਨ ਦਿੱਤਾ ਸੀ।

ਸਾਰੀ ਉਮਰ ਵਿਆਹ ਨਾ ਕਰਵਾਉਣ ਅਤੇ ਬ੍ਰਹਮਚਾਰੀ ਰਹਿਣ ਦੀ ਇਸ ਭੀਸ਼ਮ ਪ੍ਰਤਿੱਗਿਆ ਕਾਰਨ ਹੀ ਉਹ ‘ਭੀਸ਼ਮ’ ਬਣੇ ਅਤੇ ਬਾਅਦ ’ਚ ਸਭ ਦੇ ਆਦਰਯੋਗ ਅਤੇ ਪਿਆਰੇ ‘ਭੀਸ਼ਮ ਪਿਤਾਮਹ’ ਕਹਾਏ। ਆਪਣੀ ਇਸੇ ਪ੍ਰਤਿੱਗਿਆ ਅਤੇ ਤਿਆਗ ਲਈ ਉਨ੍ਹਾਂ ਨੂੰ ਵਧੇਰੇ ਜਾਣਿਆ ਜਾਂਦਾ ਹੈ ਜਦੋਂਕਿ ਉਨ੍ਹਾਂ ਦਾ ਪਹਿਲਾ ਨਾਂ ‘ਦੇਵਵ੍ਰਤ’ ਸੀ।

ਇਸੇ ਪ੍ਰਤਿੱਗਿਆ ਦਾ ਪਾਲਣ ਕਰਨ ਲਈ ਭੀਸ਼ਮ ਪਿਤਾਮਹ ਨੇ ਹਸਤਿਨਾਪੁਰ ਦਾ ਰਾਜਾ ਬਣਨ ਦਾ ਅਸਲ ਅਧਿਕਾਰੀ ਹੋਣ ਦੇ ਬਾਵਜੂਦ ਹਸਤਿਨਾਪੁਰ ਦੀ ਰਾਜਗੱਦੀ ਦੇ ਸਰਪ੍ਰਸਤ ਦੀ ਭੂਮਿਕਾ ਨਿਭਾਈ ਅਤੇ ਹਸਤਿਨਾਪੁਰ ਦੀ ਰਾਜਗੱਦੀ ’ਤੇ ਬੈਠਣ ਤੋਂ ਨਾਂਹ ਕਰ ਦਿੱਤੀ। ਆਪਣੀ ਇਸੇ ਪ੍ਰਤਿੱਗਿਆ ਦਾ ਪਾਲਣ ਕਰਨ ਦੀ ਖਾਤਿਰ ਉਨ੍ਹਾਂ ‘ਮਹਾਭਾਰਤ’ ਦੀ ਜੰਗ ’ਚ ਕੌਰਵਾਂ ਵਲੋਂ ਹਿੱਸਾ ਲਿਆ ਸੀ।

ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਦੇ ਜਾਣੂ ਅਤੇ ਬ੍ਰਹਮਚਾਰੀ ਭੀਸ਼ਮ ਪਿਤਾਮਹ ਨੂੰ ਜੰਗ ’ਚ ਹਰਾਉਣਾ ਸੰਭਵ ਨਹੀਂ ਸੀ। ‘ਮਹਾਭਾਰਤ’ ਦੀ ਜੰਗ ’ਚ ਉਨ੍ਹਾਂ ਅਰਜੁਨ ਨੂੰ ਆਪਣੇ ਤੀਰਾਂ ਦੀ ਵਰਖਾ ਨਾਲ ਵਿਚਲਿਤ ਕਰ ਦਿੱਤਾ ਸੀ।

18 ਦਿਨ ਤਕ ਚੱਲੀ ‘ਮਹਾਭਾਰਤ’ ਦੀ ਜੰਗ ’ਚ 10 ਦਿਨ ਤਕ ਇਕੱਲਿਅਾਂ ਘਮਾਸਾਨ ਜੰਗ ਕਰ ਕੇ ਭੀਸ਼ਮ ਪਿਤਾਮਹ ਨੇ ਪਾਂਡਵ ਪੱਖ ਨੂੰ ਵਿਆਕੁਲ ਕਰ ਦਿੱਤਾ ਸੀ। ਜਦੋਂ ਪਾਂਡਵਾਂ ਹੱਥੋਂ ਭੀਸ਼ਮ ਪਿਤਾਮਹ ਨਹੀਂ ਹਾਰੇ ਤਾਂ ਉਨ੍ਹਾਂ ਹੀ ਭੀਸ਼ਮ ਪਿਤਾਮਹ ਕੋਲੋਂ ਪੁੱਛਿਆ ਸੀ ਕਿ ਤੁਹਾਡਾ ਕਿਸ ਤਰ੍ਹਾਂ ਅੰਤ ਹੋਵੇਗਾ?

ਭੀਸ਼ਮ ਪਿਤਾਮਹ ਨੇ ਖੁਦ ‘ਸ਼ਿਖੰਡੀ’ ਰਾਹੀਂ ਆਪਣੀ ਮੌਤ ਦਾ ਉਪਾਅ ਦੱਸਿਆ ਕਿ ‘ਜੇ ਕੋਈ ਨਾਰੀ ਮੇਰੇ ਸਾਹਮਣੇ ਆਏ ਤਾਂ ਮੈਂ ਉਸ ’ਤੇ ਅਸਤਰ-ਸ਼ਸਤਰ ਨਹੀਂ ਉਠਾ ਸਕਦਾ।’

ਇਸ ’ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੀ ਰਣਨੀਤੀ ਅਧੀਨ ਸ਼ਿਖੰਡੀ ਨੂੰ ਅਰਜੁਨ ਦਾ ਸਾਰਥੀ ਬਣਾਇਆ ਜੋ ਪਿਛਲੇ ਜਨਮ ’ਚ ਨਾਰੀ ਸੀ ਅਤੇ ਜੰਗ ’ਚ ਸ਼ਿਖੰਡੀ ਨੂੰ ਅੱਗੇ ਕਰ ਕੇ ਅਰਜੁਨ ਨੇ ਭੀਸ਼ਮ ਪਿਤਾਮਹ ਦਾ ਸਰੀਰ ਤੀਰਾਂ ਨਾਲ ਵਿੰਨ੍ਹ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।

ਇਸ ਪਿੱਛੋਂ ‘ਮਹਾਭਾਰਤ’ ਦੇ ਇਸ ਬੇਮਿਸਾਲ ਯੋਧਾ ਨੇ ਸ਼ਰ-ਸ਼ਈਆ ’ਤੇ ਸ਼ਯਨ ਕੀਤਾ ਅਤੇ ਇੱਛਾ ਮੌਤ ਦੇ ਨਤੀਜੇ ਵਜੋਂ ਆਪਣੀ ਇੱਛਾ ਮੁਤਾਬਕ ਸੂਰਜ ਦੇ ਉਤਰਾਇਨ ਹੋਣ ’ਤੇ ਸ਼੍ਰੀ ਕ੍ਰਿਸ਼ਨ ਨੂੰ ਆਪਣੀਅਾਂ ਅੱਖਾਂ ’ਚ ਵਸਾ ਕੇ ਆਪਣੀ ਦੇਹ ਦਾ ਤਿਆਗ ਕੀਤਾ ਸੀ।

ਇਸ ਮਹਾਨ ਆਤਮਾ ਬਾਰੇ ਤੇਜਸਵੀ ਯਾਦਵ ਵਲੋਂ ਇਤਰਾਜ਼ਯੋਗ ਟਿੱਪਣੀ ਕਰਨੀ ਅਤੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਅਤੇ ਨਿਤੀਸ਼ ਕੁਮਾਰ ਨਾਲ ਜੋੜਨਾ ਘੋਰ ਇਤਰਾਜ਼ਯੋਗ ਹੈ ਜੋ ਯਕੀਨੀ ਹੀ ਤੇਜਸਵੀ ਯਾਦਵ ਦੀ ਅਗਿਆਨਤਾ ਦਾ ਪਰਿਚਾਇਕ ਹੈ।

ਉਂਝ ਵੀ ਘੱਟ ਪੜ੍ਹੇ-ਲਿਖੇ ਤੇਜਸਵੀ ਯਾਦਵ ਕੋਲੋਂ ਇਸ ਤੋਂ ਵੱਧ ਹੋਰ ਉਮੀਦ ਕੀਤੀ ਵੀ ਕੀ ਜਾ ਸਕਦੀ ਸੀ। ਇਸ ਲਈ ਤੇਜਸਵੀ ਯਾਦਵ ਦੇ ਇਸ ਬਿਆਨ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੀ ਹੋਵੇਗੀ।

ਇਸ ਤਰ੍ਹਾਂ ਦੀਅਾਂ ਤੱਥਹੀਣ ਗੱਲਾਂ ਕਹਿਣ ਵਾਲਿਅਾਂ ਨੂੰ ਅਜਿਹੀ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਆਪਣਾ ਗਿਆਨ ਖਿਲਾਰਨ ਦੇ ਚੱਕਰ ’ਚ ਸਾਡੀਅਾਂ ਮਹਾਨ ਧਾਰਮਿਕ ਸ਼ਖਸੀਅਤਾਂ ਸਬੰਧੀ ਭੁਲੇਖਾਪਾਊ ਅਤੇ ਇਤਰਾਜ਼ਯੋਗ ਗੱਲਾਂ ਕਹਿ ਕੇ ਸਾਡੇ ਧਰਮ ਦਾ ਸਵਰੂਪ ਵਿਗਾੜਣ ਅਤੇ ਉਨ੍ਹਾਂ ਦਾ ਅਕਸ ਧੁੰਦਲਾ ਕਰਨ ਦੀ ਜੁਰਅੱਤ ਕਦੇ ਨਾ ਕਰ ਸਕਣ।

–ਵਿਜੇ ਕੁਮਾਰ

Bharat Thapa

This news is Content Editor Bharat Thapa