ਸ਼੍ਰੀਨਗਰ ਉਪ-ਚੋਣ ''ਚ ਹਿੰਸਾ : ਜਨਤਾ ਲੋਕਤੰਤਰ ਚਾਹੁੰਦੀ ਹੈ ਵੱਖਵਾਦੀ ਹੀ ਹਨ ਇਸ ਦੇ ਵਿਰੁੱਧ

04/11/2017 6:33:03 AM

ਲੱਗਭਗ ਤਿੰਨ ਦਹਾਕਿਆਂ ਤੋਂ ਵੱਖਵਾਦ ਅਤੇ ਅੱਤਵਾਦ ਦੀ ਮਾਰ ਝੱਲਦੇ-ਝੱਲਦੇ ਲਹੂ-ਲੁਹਾਨ ਹੋ ਚੁੱਕੇ ਧਰਤੀ ਦੇ ਸਵਰਗ ਕਸ਼ਮੀਰ ''ਚ ਬੜੀ ਮੁਸ਼ਕਿਲ ਨਾਲ ਹਾਲਾਤ 2002 ''ਚ ਪਹਿਲੀ ਵਾਰ ਆਮ ਵਰਗੇ ਹੋਣ ਲੱਗੇ ਸਨ, ਜਦੋਂ ਵੱਖਵਾਦੀਆਂ ਦੀਆਂ ਧਮਕੀਆਂ ਅਤੇ ਬਾਈਕਾਟ ਦੇ ਸੱਦੇ ਦੇ ਬਾਵਜੂਦ ਉਥੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਾਸਨਕਾਲ ਵਿਚ ਸ਼ਾਂਤਮਈ ਤੇ ਨਿਰਪੱਖ ਚੋਣਾਂ ਹੋਈਆਂ। 
ਉਸ ਤੋਂ ਬਾਅਦ ਕਿਸੇ ਹੱਦ ਤਕ ਸੂਬੇ ''ਚ ਚੋਣਾਂ ਸੁਚੱਜੇ ਢੰਗ ਨਾਲ ਹੁੰਦੀਆਂ ਰਹੀਆਂ ਪਰ ਹੁਣ ਇਕ ਵਾਰ ਫਿਰ ਵੱਖਵਾਦੀਆਂ ਨੇ ਵਾਦੀ ''ਚ ਹਾਲਾਤ ਆਮ ਵਰਗੇ ਹੋਣ ਦੀ ਪ੍ਰਕਿਰਿਆ ਨੂੰ ਪਲਟਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। 
ਇਸ ਦਾ ਸਬੂਤ ਸ਼੍ਰੀਨਗਰ ਲੋਕ ਸਭਾ ਸੀਟ ਲਈ ਹੋਈ ਉਪ-ਚੋਣ ''ਚ ਵੋਟਿੰਗ ਦੌਰਾਨ ਮਿਲਿਆ, ਜਿਥੇ 200 ਤੋਂ ਜ਼ਿਆਦਾ ਥਾਵਾਂ ''ਤੇ ਹੋਈਆਂ ਹਿੰਸਕ ਝੜਪਾਂ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਤੇ ਪੋਲਿੰਗ ਅਧਿਕਾਰੀਆਂ, ਸੁਰੱਖਿਆ ਮੁਲਾਜ਼ਮਾਂ ਸਮੇਤ 120 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ।
ਵੱਖਵਾਦੀਆਂ ਵਲੋਂ ਲੋਕਾਂ ਨੂੰ ਵੋਟਿੰਗ ਦੇ ਬਾਈਕਾਟ ਦੇ ਦਿੱਤੇ ਸੱਦੇ ਕਾਰਨ ਵੋਟਿੰਗ ਦੇ ਵਿਰੋਧੀਆਂ ਨੇ ਕਿਤੇ ਪੋਲਿੰਗ ਬੂਥਾਂ ''ਤੇ ਪੈਟਰੋਲ ਬੰਬ ਸੁੱਟੇ ਤਾਂ ਕਿਤੇ ਪਥਰਾਅ ਕੀਤਾ। ਇਹੋ ਨਹੀਂ, ''ਗਲਵਾਨਪੁਰਾ'' ਵਿਚ ਵਿਖਾਵਾਕਾਰੀਆਂ ਨੇ ਸੀ. ਆਰ. ਪੀ. ਐੱਫ. ਦੇ 12 ਜਵਾਨਾਂ ਨੂੰ ਬੰਧਕ ਤਕ ਬਣਾ ਲਿਆ। 
ਲੋਕਾਂ ''ਚ ਪੈਦਾ ਹੋਏ ਡਰ ਕਾਰਨ ਸਿਰਫ 7.14 ਫੀਸਦੀ ਵੋਟਿੰਗ ਹੀ ਹੋਈ ਅਤੇ 12.60 ਲੱਖ ਵੋਟਰਾਂ ''ਚੋਂ ਸਿਰਫ 90 ਹਜ਼ਾਰ ਹੀ ਵੋਟਾਂ ਪਾਉਣ ਪਹੁੰਚੇ। ਇਹ ਚੋਣਾਂ ਦੇ ਇਤਿਹਾਸ ਵਿਚ ਵੋਟਿੰਗ ਦਾ ਸਭ ਤੋਂ ਘੱਟ ਅੰਕੜਾ ਹੈ। 
ਜੇਕਰ ਸ਼੍ਰੀਨਗਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ 2014 ਵਿਚ ਇਥੇ 25.86 ਫੀਸਦੀ, 2009 ''ਚ 25.55 ਫੀਸਦੀ, 2004 ਵਿਚ 18.75 ਫੀਸਦੀ ਅਤੇ 1996 ''ਚ 40.94 ਫੀਸਦੀ ਪੋਲਿੰਗ ਹੋਈ ਸੀ। ਇਸ ਦਰਮਿਆਨ 1999 ''ਚ ਸਭ ਤੋਂ ਘੱਟ 11.93 ਫੀਸਦੀ ਪੋਲਿੰਗ ਹੋਈ। 
ਇਸ ਨਿਰਾਸ਼ਾਜਨਕ ਸਥਿਤੀ ਵਿਚ ਵੀ ਸ਼੍ਰੀਨਗਰ ਤੋਂ ਸਿਰਫ 50 ਕਿਲੋਮੀਟਰ ਦੂਰ ਗੰਦਰਬਲ ਜ਼ਿਲੇ ਦੇ ''ਵਾਂਗਟ'' ਪਿੰਡ ਵਿਚ ਪੋਲਿੰਗ ਬੂਥ ਨੰ.-47 ''ਤੇ ਵੱਖਵਾਦੀਆਂ ਦੀਆਂ ਧਮਕੀਆਂ ਤੇ ਚੋਣਾਂ ਦੇ ਬਾਈਕਾਟ ਦੇ ਸੱਦੇ ਦੀ ਪਰਵਾਹ ਨਾ ਕਰਦਿਆਂ ਵੱਡੀ ਗਿਣਤੀ ਵਿਚ ਲੋਕਾਂ ਨੇ ਵੋਟਿੰਗ ਕੀਤੀ ਤੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ 10 ਵਜੇ ਤਕ ਹੀ 997 ''ਚੋਂ 200 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਸਨ। 
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਚਾਹੇ ਇਸ ਉਪ-ਚੋਣ ਦਾ ਨਤੀਜਾ ਕੁਝ ਵੀ ਨਿਕਲੇ, ਉਨ੍ਹਾਂ ਨੇ ਤਬਦੀਲੀ ਦੇ ਪੱਖ ਵਿਚ ਵੋਟਿੰਗ ਕੀਤੀ ਹੈ ਕਿਉਂਕਿ ਪੀ. ਡੀ. ਪੀ. ਤੇ ਭਾਜਪਾ ਦੀ ਸਰਕਾਰ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ। 
ਹਾਲਾਂਕਿ ਵੱਖਵਾਦੀਆਂ ਨੇ ਸ਼੍ਰੀਨਗਰ ਉਪ-ਚੋਣ ਦੌਰਾਨ 8 ਵਿਅਕਤੀਆਂ ਦੀ ਮੌਤ ''ਤੇ ''ਅਫਸੋਸ'' ਪ੍ਰਗਟਾਉਂਦਿਆਂ ਇਸ ਦੇ ਵਿਰੋਧ ''ਚ 10 ਅਪ੍ਰੈਲ ਤੋਂ 2 ਦਿਨਾਂ ਲਈ ਜੰਮੂ-ਕਸ਼ਮੀਰ ਬੰਦ ਦਾ ਸੱਦਾ ਦਿੱਤਾ ਹੈ ਪਰ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਜੰਮੂ-ਕਸ਼ਮੀਰ ''ਚ ਹਾਲਾਤ ਆਮ ਵਰਗੇ ਬਣਾਉਣ ਦੀ ਦਿਸ਼ਾ ਵਿਚ ਕੀਤੇ ਜਾਣ ਵਾਲੇ ਯਤਨਾਂ ਨੂੰ ਤਾਰਪੀਡੋ ਕਰ ਕੇ ਇਹ ਸੂਬੇ ਦੇ ਹਿੱਤਾਂ ਨੂੰ ਹੀ ਠੇਸ ਪਹੁੰਚਾ ਰਹੇ ਹਨ। 
ਇੰਨਾ ਹੀ ਨਹੀਂ, ਨੌਜਵਾਨਾਂ ਨੂੰ ਸਹੀ ਰਾਹ ''ਤੇ ਚੱਲ ਕੇ ਹੀ ਦੇਸ਼ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨ ਦੀ ਬਜਾਏ ਹਿੰਸਾ ਤੇ ਪੱਥਰਬਾਜ਼ੀ ਲਈ ਉਕਸਾ ਕੇ ਵੱਖਵਾਦੀ ਉਨ੍ਹਾਂ ਨੂੰ ਤਬਾਹੀ ਦੇ ਰਾਹ ''ਤੇ ਧੱਕ ਰਹੇ ਹਨ। 
ਜ਼ਿਕਰਯੋਗ ਹੈ ਕਿ ਪੱਥਰਬਾਜ਼ਾਂ ਨੂੰ ਜੁੰਮੇ, ਭਾਵ ਸ਼ੁੱਕਰਵਾਰ ਵਾਲੇ ਦਿਨ ਪੱਥਰਬਾਜ਼ੀ ਲਈ ਆਮ ਤੌਰ ''ਤੇ 1000 ਰੁਪਏ, ਪੈਟਰੋਲ ਬੰਬ ਸੁੱਟਣ ਲਈ 1500 ਰੁਪਏ ਅਤੇ ਆਮ ਦਿਨਾਂ ''ਚ ਪੱਥਰਬਾਜ਼ੀ ਲਈ 400 ਤੋਂ 500 ਰੁਪਏ ਤਕ ਦਿੱਤੇ ਜਾਂਦੇ ਹਨ। 
30 ਸਾਲਾਂ ਤੋਂ ਵਾਦੀ ''ਚ ਜਾਰੀ ਹਿੰਸਾ ਕਾਰਨ ਪਹਿਲਾਂ ਹੀ ਬਹੁਤ ਤਬਾਹੀ ਹੋ ਚੁੱਕੀ ਹੈ ਅਤੇ ਜੇ ਇਹੋ ਸਿਲਸਿਲਾ ਅਗਾਂਹ ਵੀ ਜਾਰੀ ਰਿਹਾ ਤਾਂ ਇਸ ਦੇ ਹਿੱਤਾਂ ਨੂੰ ਹੋਰ ਜ਼ਿਆਦਾ ਨੁਕਸਾਨ ਪੁੱਜੇਗਾ। ਸੈਲਾਨੀਆਂ ਦਾ ਆਉਣਾ ਬੰਦ ਹੋ ਜਾਣ ਨਾਲ ਇਥੋਂ ਦੇ ਲੋਕਾਂ ਦੀ ਆਮਦਨ ਦਾ ਬਚਿਆ-ਖੁਚਿਆ ਜ਼ਰੀਆ ਵੀ ਖਤਮ ਹੋ ਜਾਵੇਗਾ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਹੀ ਵਧਣਗੀਆਂ ਕਿਉਂਕਿ ਸੈਰ-ਸਪਾਟੇ ਤੋਂ ਇਲਾਵਾ ਇਥੇ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ। 
ਅਜਿਹੀ ਸਥਿਤੀ ''ਚ ਜਿਥੇ ਵੱਖਵਾਦੀਆਂ ਨੇ ਵੋਟਿੰਗ ਵਿਚ ਅੜਿੱਕਾ ਡਾਹ ਕੇ ਆਪਣੀ ਨਾਂਹ-ਪੱਖੀ ਸੋਚ ਦਾ ਸਬੂਤ ਦਿੱਤਾ ਹੈ, ਉਥੇ ਹੀ ਗੰਦਰਬਲ ਦੇ ਇਕ ਪੋਲਿੰਗ ਬੂਥ ਦੇ ਵੋਟਰਾਂ ਨੇ ਵੱਡੀ ਗਿਣਤੀ ''ਚ ਵੋਟਿੰਗ ਲਈ ਪਹੁੰਚ ਕੇ ਲੋਕਤੰਤਰ ਪ੍ਰਤੀ ਆਪਣੀ ਆਸਥਾ ਦੀ ਪੁਸ਼ਟੀ ਕੀਤੀ ਹੈ। 
ਇਸ ਬਾਰੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ''ਵਾਂਗਟ'' ਦੇ ਪੋਲਿੰਗ ਬੂਥ ਨੰਬਰ-47 ਦੇ ਵੋਟਰਾਂ ਵਾਂਗ ਹੀ ਸੂਬੇ ਦੇ ਦੂਜੇ ਹਿੱਸਿਆਂ ਦੇ ਜ਼ਿਆਦਾਤਰ ਲੋਕ ਵੀ ਲੋਕਤੰਤਰਿਕ ਪ੍ਰਕਿਰਿਆਵਾਂ ''ਚ ਹਿੱਸੇਦਾਰ ਬਣਨਾ ਚਾਹੁੰਦੇ ਹਨ ਪਰ ਨੌਜਵਾਨਾਂ ਨੂੰ ਵਰਗਲਾ ਕੇ ਵੱਖਵਾਦੀਆਂ ਵਲੋਂ ਪਾਕਿਸਤਾਨ ਦੀ ਸ਼ਹਿ ''ਤੇ ਕਰਵਾਈ ਜਾਣ ਵਾਲੀ ਹਿੰਸਾ ਨੇ ਉਨ੍ਹਾਂ ਦੇ ਕਦਮਾਂ ਨੂੰ ਰੋਕਿਆ ਹੋਇਆ ਹੈ। 
ਇਸ ਲਈ ਜੇਕਰ ਵੱਖਵਾਦੀ ਵੋਟਰਾਂ ਨੂੰ ਚੋਣਾਂ ਦਾ ਬਾਈਕਾਟ ਕਰਨ ਲਈ ਕਹਿਣ ਦੀ ਬਜਾਏ ਉਨ੍ਹਾਂ ਤੋਂ ਤਬਦੀਲੀ ਦੇ ਪੱਖ ਵਿਚ ਵੋਟਿੰਗ ਕਰਵਾਉਂਦੇ ਤਾਂ ਜ਼ਿਆਦਾ ਚੰਗਾ ਹੁੰਦਾ ਕਿਉਂਕਿ ਉਦੋਂ ਫਿਰ ਸਰਕਾਰ ਨੂੰ ਵੀ ਲੋਕਾਂ ਦੀ ਨਾਰਾਜ਼ਗੀ ਦਾ ਪਤਾ ਲੱਗ ਜਾਂਦਾ।                                                             
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra