ਪਾਲਮਪੁਰ ’ਚ ਬੀਤਿਆ ਕੁਝ ਅਦਭੁੱਤ ਅਭੁੱਲ ਸਮਾਂ

06/11/2019 6:06:19 AM

ਜੂਨ ਨੂੰ ਮੈਨੂੰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਸ਼੍ਰੀ ਸ਼ਾਂਤਾ ਕੁਮਾਰ ਦੇ ਸੱਦੇ ’ਤੇ ਉਨ੍ਹਾਂ ਵਲੋਂ ਆਯੋਜਿਤ ਇਕ ਸਮਾਗਮ ’ਚ ਹਿੱਸਾ ਲੈਣ ਲਈ ਪਾਲਮਪੁਰ ਜਾਣ ਦਾ ਮੌਕਾ ਮਿਲਿਆ।

ਅਸੀਂ ਵਾਇਆ ਚਿੰਤਪੁਰਨੀ ਪਾਲਮਪੁਰ ਲਈ ਰਵਾਨਾ ਹੋਏ। ਰਸਤੇ ’ਚ ਮੁਬਾਰਕਪੁਰ ਤੱਕ ਪੰਜਾਬ ਅਤੇ ਹਿਮਾਚਲ ਦੇ ਹਿੱਸੇ ਦੀ ਅੱਧੀ ਸੜਕ ਖਰਾਬ ਸੀ ਅਤੇ ਰਾਣੀਤਾਲ ਤੋਂ ਕਾਂਗੜਾ ਵਾਲੀ ਸੁਰੰਗ ਤੱਕ ਸੜਕ ਕੁਝ ਟੁੱਟੀ ਹੋਈ ਸੀ। ਉਸ ਤੋਂ ਅੱਗੇ ਦੀ ਸੜਕ ਸਮਤਲ ਅਤੇ ਬਹੁਤ ਹੀ ਵਧੀਆ ਸੀ।

ਅਸੀਂ 4 ਘੰਟਿਆਂ ’ਚ ਪਾਲਮਪੁਰ ਪਹੁੰਚੇ। ਬਦਲ-ਬਦਲ ਕੇ ਸਰਕਾਰਾਂ ਆਉਣ ਨਾਲ ਹਰ ਪਾਸੇ ਵਿਕਾਸ ਦੀ ਸਪੱਸ਼ਟ ਝਲਕ ਦੇਖਣ ਨੂੰ ਮਿਲਦੀ ਹੈ ਅਤੇ ਕੇਰਲ ਤੋਂ ਬਾਅਦ ਹਿਮਾਚਲ ਦੇਸ਼ ’ਚ ਸੌ ਫੀਸਦੀ ਸਾਖਰਤਾ ਦਰ ਵਾਲਾ ਦੂਜਾ ਸੂਬਾ ਬਣ ਗਿਆ ਹੈ। ਸੜਕਾਂ ’ਤੇ ਟ੍ਰੈਫਿਕ ਵਧ ਗਿਆ ਹੈ ਅਤੇ ਵੱਡੀ ਗਿਣਤੀ ’ਚ ਸਕੂਟਰ ਤੇ ਕਾਰਾਂ ਦੌੜ ਰਹੀਆਂ ਹਨ।

ਸਾਨੂੰ ਕਿਤੇ ਵੀ ਕੱਚੇ ਮਕਾਨ ਦੇਖਣ ਨੂੰ ਨਹੀਂ ਮਿਲੇ। ਹਰ ਪਾਸੇ ਚੰਗੀ ਤਰ੍ਹਾਂ ਮੇਨਟੇਨ ਕੀਤੇ ਹੋਏ ਮਕਾਨ ਦੇਖ ਕੇ ਲੱਗਦਾ ਹੈ ਜਿਵੇਂ ਕੱਲ ਹੀ ਰੰਗੇ ਹੋਣ। ਇਥੇ ਵੱਡੀ ਗਿਣਤੀ ’ਚ ਪ੍ਰਾਈਵੇਟ ਸਕੂਲ, ਟੀਚਰਜ਼ ਟ੍ਰੇਨਿੰਗ ਸੈਂਟਰ, ਯੂਨੀਵਰਸਿਟੀਆਂ, ਬਿਊਟੀ ਪਾਰਲਰ, ਜਿਮ, ਕਾਰਾਂ, ਸਕੂਟਰਾਂ ਦੇ ਸ਼ੋਅਰੂਮ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੋਟਲ ਖੁੱਲ੍ਹ ਗਏ ਹਨ।

ਪੰਜਾਬ ’ਚ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਹਿਤ ਵਿਧਵਾਵਾਂ ਅਤੇ ਬਜ਼ੁਰਗਾਂ ਲਈ 750 ਰੁਪਏ ਮਾਸਿਕ ਪੈਨਸ਼ਨ ਤੈਅ ਹੈ ਅਤੇ ਉਹ ਵੀ ਲੋਕਾਂ ਨੂੰ ਮਿਲ ਨਹੀਂ ਰਹੀ, ਜਦਕਿ ਹਿਮਾਚਲ ’ਚ ਇਸੇ ਯੋਜਨਾ ਦੇ ਤਹਿਤ ਬਜ਼ੁਰਗਾਂ, ਵਿਧਵਾਵਾਂ ਅਾਦਿ ਨੂੰ 1500 ਰੁਪਏ ਮਾਸਿਕ ਪੈਨਸ਼ਨ ਲਗਾਤਾਰ ਦੇਣ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਹਰ ਮਹੀਨੇ ਸਾਰੇ ਪਾਤਰ ਲੋਕਾਂ ਨੂੰ ਸਸਤਾ ਅਨਾਜ ਵੀ ਦਿੱਤਾ ਜਾ ਰਿਹਾ ਹੈ।

ਹਿਮਾਚਲ ਦੇ ਲੋਕ ਚੰਗੇ, ਈਮਾਨਦਾਰ ਅਤੇ ਮਿਹਨਤੀ ਹਨ ਪਰ ਪੰਜਾਬ ਵਾਂਗ ਹੀ ਇਥੋਂ ਦੇ ਨੌਜਵਾਨ ਵੀ ਵੱਡੀ ਗਿਣਤੀ ’ਚ ਵਿਦੇਸ਼ਾਂ ਨੂੰ ਪਲਾਇਨ ਕਰ ਰਹੇ ਹਨ, ਜਿਸ ਕਾਰਣ ਜ਼ਿਆਦਾਤਰ ਬਜ਼ੁਰਗ ਇਕੱਲੇ ਹੀ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ। ਇਸ ਦੇ ਨਾਲ ਹੀ ਇਥੇ ਵਿਆਹੁਤਾ ਜੋੜਿਆਂ ’ਚ ਤਲਾਕ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ।

ਜੇ ਕਿਸੇ ਨੇ ‘ਸਵੱਛ ਭਾਰਤ’ ਦੀ ਮਿਸਾਲ ਦੇਖਣੀ ਹੋਵੇ ਤਾਂ ਉਹ ਇਥੇ ਦੇਖ ਸਕਦਾ ਹੈ। ਕਿਤੇ ਵੀ ਕੂੜੇ ਦੇ ਢੇਰ ਲੱਗੇ ਨਹੀਂ ਮਿਲਦੇ। ਆਪਣੀਆਂ ਇਨ੍ਹਾਂ ਹੀ ਖੂਬੀਆਂ ਕਾਰਣ ਹਿਮਾਚਲ ਪ੍ਰਦੇਸ਼ ਰਿਟਾਇਰਡ ਲੋਕਾਂ ਦਾ ਪਸੰਦੀਦਾ ਨਿਵਾਸ ਸਥਾਨ ਬਣਦਾ ਜਾ ਰਿਹਾ ਹੈ।

ਪਰ ਜਿਸ ਤਰ੍ਹਾਂ ਪੰਜਾਬ, ਹਰਿਆਣਾ ਆਦਿ ’ਚ ਕਿਸਾਨ ਪਰਾਲੀ ਸਾੜ ਕੇ ਹਵਾ ਪ੍ਰਦੂਸ਼ਣ ਪੈਦਾ ਕਰ ਰਹੇ ਹਨ, ਉਸੇ ਤਰ੍ਹਾਂ ਹੀ ਹਿਮਾਚਲ ਦੇ ਲੋਕ ਰੁੱਖਾਂ ਤੋਂ ਡਿਗੇ ਪੱਤੇ ਸਾੜ ਰਹੇ ਹਨ ਅਤੇ ਕਈ ਜਗ੍ਹਾ ਜੰਗਲਾਂ ’ਚ ਅੱਗ ਲੱਗੀ ਹੋਣ ਕਰਕੇ ਵੀ ਪ੍ਰਦੂਸ਼ਣ ਵਧ ਰਿਹਾ ਹੈ।

ਸੂਬੇ ’ਚ ਸੜਕਾਂ ’ਤੇ ਘੁੰਮਦੇ ਬੇਸਹਾਰਾ ਪਸ਼ੂ ਹਾਦਸਿਆਂ ਦਾ ਕਾਰਣ ਬਣ ਰਹੇ ਹਨ ਅਤੇ ਬਾਂਦਰਾਂ ਦੇ ਵਧਦੇ ਖਰੂਦ ਕਾਰਣ ਸੈਂਕੜੇ ਕਿਸਾਨਾਂ ਨੇ ਖੇਤੀ ਕਰਨੀ ਛੱਡ ਦਿੱਤੀ ਹੈ, ਇਸ ਲਈ ਬਾਂਦਰਾਂ ਦੀ ਨਸਬੰਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀ ਲੋੜ ਹੈ।

ਅਸੀਂ ਪਾਲਮਪੁਰ ਤੋਂ 4-5 ਕਿਲੋਮੀਟਰ ਦੀ ਦੂਰੀ ’ਤੇ ਸਥਿਤ 40 ਏਕੜ ਰਕਬੇ ’ਚ ਬਣੇ ਕੰਪਲੈਕਸ ‘ਕਾਯਾਕਲਪ’ ਵਿਚ ਪਹੁੰਚੇ। ਇਸ ਦੇ ਪਿੱਛੇ ਵਿਸ਼ਾਲ ਧੌਲਾਧਾਰ ਪਰਬਤ ਲੜੀ ਬਹੁਤ ਰਮਣੀਕ ਦ੍ਰਿਸ਼ ਪੇਸ਼ ਕਰਦੀ ਹੈ। ਉਸ ਦਿਨ ਮੀਂਹ ਪੈਣ ਨਾਲ ਧੌਲਾਧਾਰ ’ਤੇ ਬਰਫਬਾਰੀ ਹੋਣ ਕਰਕੇ ਮੌਸਮ ਜ਼ਿਆਦਾ ਗਰਮ ਨਹੀਂ ਰਿਹਾ।

‘ਕਾਯਾਕਲਪ’ ਵਿਚ ਪਹੁੰਚਣ ’ਤੇ ਸ਼੍ਰੀ ਸ਼ਾਂਤਾ ਜੀ ਅਤੇ ਹੋਰਨਾਂ ਨੇ ਸਾਡਾ ਸਵਾਗਤ ਕੀਤਾ ਅਤੇ ਮੈਂ ਸਵਾਮੀ ਵਿਵੇਕਾਨੰਦ ਦੀ ਮੂਰਤੀ ’ਤੇ ਫੁੱਲ ਭੇਟ ਕੀਤੇ। ਸਾਨੂੰ ਦੁਪਹਿਰ ਦਾ ਖਾਣਾ ਖੁਆਇਆ ਗਿਆ, ਜੋ ਆਰਗੈਨਿਕ ਸਬਜ਼ੀਆਂ ਅਤੇ ਦਾਲ, ਦਹੀਂ ’ਤੇ ਆਧਾਰਿਤ ਸੀ।

ਸ਼ਾਂਤਾ ਜੀ ਦੇ ਵਿਵੇਕਾਨੰਦ ਟਰੱਸਟ ਵਲੋਂ ਚਲਾਏ ਜਾਂਦੇ ‘ਕਾਯਾਕਲਪ’ ਕੰਪਲੈਕਸ ’ਚ ਕੁਦਰਤੀ ਇਲਾਜ, ਪੰਚਕਰਮ, ਯੋਗ ਅਤੇ ਫਿਜ਼ੀਓਥੈਰੇਪੀ ਦੀ ਸਹੂਲਤ ਇਕੱਠੀ ਦਿੱਤੀ ਜਾਂਦੀ ਹੈ। ਇਥੇ ਯੋਗ ਪ੍ਰਣਾਲੀਆਂ ਦੇ ਜ਼ਰੀਏ ਇਲਾਜ ਕੀਤਾ ਜਾਂਦਾ ਹੈ ਅਤੇ ਇਥੇ ਮੈਂ ਰਾਤ ਨੂੰ ਮਾਲਿਸ਼ ਵੀ ਕਰਵਾਈ, ਜੋ ਆਪਣੇ ਆਪ ’ਚ ਇਕ ਅਦਭੁੱਤ ਤਜਰਬਾ ਸੀ।

‘ਕਾਯਾਕਲਪ’ ਕੰਪਲੈਕਸ ਨਾਲ ਜੁੜੇ ਹਸਪਤਾਲ ‘ਵਿਵੇਕਾਨਦ ਮੈਡੀਕਲ ਇੰਸਟੀਚਿਊਟ’ ਵਿਚ 90 ਬਿਸਤਰਿਆਂ ਦਾ ਪ੍ਰਬੰਧ ਹੈ। ਇਥੇ ਐਲੋਪੈਥਿਕ ਵਿਧੀ ਨਾਲ ਸਾਰੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਹਰ ਸਮੇਂ ਵੱਡੀ ਗਿਣਤੀ ’ਚ ਮਰੀਜ਼ ਆਉਂਦੇ ਹਨ।

ਇਥੇ ਇਕ ਗਊਸ਼ਾਲਾ ਵੀ ਹੈ, ਜਿਥੇ ਗਿਰ, ਥਾਰਪਰਕਰ ਅਤੇ ਸਾਹੀਵਾਲ ਨਸਲ ਦੀਆਂ ਗਊਆਂ ਪਾਲ਼ੀਆਂ ਜਾਂਦੀਆਂ ਹਨ। ਇਨ੍ਹਾਂ ਦੇ ਦੁੱਧ ’ਚ ਇਕ ਵਿਸ਼ੇਸ਼ ਕਿਸਮ ਦਾ ਪ੍ਰੋਟੀਨ ਹੋਣ ਅਤੇ ਕੋਲੈਸਟ੍ਰੋਲ ਦੀ ਮਾਤਰਾ ਬਹੁਤ ਘੱਟ ਹੋਣ ਕਰਕੇ ਇਹ ਦੁੱਧ ਹਾਰਟ ਅਤੇ ਸਿਹਤ ਦੋਹਾਂ ਲਈ ਸਰਬੋਤਮ ਹੈ, ਜੋ ਇਥੇ ਸਭ ਆਉਣ ਵਾਲਿਆਂ ਨੂੰ ਪਿਲਾਇਆ ਜਾਂਦਾ ਹੈ।

ਪਹਿਲੀ ਵਾਰ ਜਦੋਂ ਮੈਂ ਪਾਲਮਪੁਰ ਗਿਆ ਸੀ ਤਾਂ ਉਥੇ ‘ਕਾਯਾਕਲਪ’ ਅਤੇ ਯੋਗ ਸਿਖਲਾਈ ਕੇਂਦਰ ਬਣ ਚੁੱਕਾ ਸੀ। ਜਦੋਂ ਮੈਂ ਦੂਜੀ ਵਾਰ ਗਿਆ ਤਾਂ ਉਥੇ ਵਿਵੇਕਾਨੰਦ ਹਸਪਤਾਲ ਬਣ ਰਿਹਾ ਸੀ ਅਤੇ ਹੁਣ ਉਥੇ ਸ਼ਾਂਤਾ ਜੀ ਇਕ ਬਿਰਧ ਆਸ਼ਰਮ ਦਾ ਨਿਰਮਾਣ ਕਰ ਰਹੇ ਹਨ, ਜਿਸ ’ਚ 100 ਬਜ਼ੁਰਗ ਰਹਿ ਸਕਣਗੇ ਅਤੇ ਇਨ੍ਹਾਂ ਵਿਚੋਂ 25 ਫੀਸਦੀ ਬਜ਼ੁਰਗਾਂ ਨੂੰ ਮੁਫਤ ਠਹਿਰਾਉਣ ਦਾ ਪ੍ਰਬੰਧ ਕੀਤਾ ਜਾਵੇਗਾ।

ਇਥੇ ਮੈਂ ਕੁਝ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਹਰ ਸਾਲ ਇਥੇ ਪਰਿਵਾਰ ਸਮੇਤ ਆਉਂਦੇ ਹਨ ਅਤੇ ਇਥੇ ਆ ਕੇ ਉਨ੍ਹਾਂ ਨੂੰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਕਿਸੇ ਅਲੌਕਿਕ ਅਤੇ ਸ਼ਾਂਤੀ ਪ੍ਰਦਾਨ ਕਰਨ ਵਾਲੀ ਦੈਵੀ ਜਗ੍ਹਾ ’ਤੇ ਆ ਗਏ ਹੋਣ ਅਤੇ ਇਥੇ ਉਨ੍ਹਾਂ ਦੀਆਂ ਛੋਟੀਆਂ-ਮੋਟੀਆਂ ਬੀਮਾਰੀਆਂ ਦਾ ਇਲਾਜ ਵੀ ਹੋ ਜਾਂਦਾ ਹੈ।

ਹਾਲਾਂਕਿ ਸੂਬੇ ’ਚ ਵੱਡੀ ਗਿਣਤੀ ’ਚ ਸੈਲਾਨੀ ਆਉਣ ਲੱਗੇ ਹਨ ਪਰ ਜੇ ਇਥੇ ਸੈਲਾਨੀਆਂ ਲਈ ਸ਼ਿਮਲਾ ਤੋਂ ਜਾਖੂ, ਸੋਲਨ ਨਾਲਾ ਤੋਂ ਹਿਲਟਾਪ ਅਤੇ ਅੰਬੂਵਾਲਾ ਤੋਂ ਨੈਣਾ ਦੇਵੀ ਤੱਕ ਰੋਪਵੇ ਵਾਂਗ ਰੋਪਵੇ ਬਣਾ ਕੇ ਇਥੋਂ ਦੇ ਆਕਰਸ਼ਣਾਂ ’ਚ ਵਾਧਾ ਕਰ ਦਿੱਤਾ ਜਾਵੇ ਤਾਂ ਇਥੇ ਸੈਲਾਨੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ, ਜਿਸ ਨਾਲ ਸੂਬੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ ਅਤੇ ਅਰਥ ਵਿਵਸਥਾ ਮਜ਼ਬੂਤ ਹੋਵੇਗੀ।

-ਵਿਜੇ ਕੁਮਾਰ \\\


Bharat Thapa

Content Editor

Related News