ਉੱਤਰ ਪ੍ਰਦੇਸ਼ ’ਚ ਚੋਣ ਪ੍ਰਚਾਰ ਦੇ ਕੁਝ ਕੁ ਵਿਵਾਦਤ ਨਮੂਨੇ

12/23/2021 3:33:30 AM

ਅਗਲੇ ਸਾਲ ਪੰਜ ਸੂਬਿਆਂ ’ਚ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ ਅਤੇ ਕੁਝ ਕੁ ਦਿਨਾਂ ’ਚ ਚੋਣ ਪ੍ਰੋਗਰਾਮ ਐਲਾਨ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਛੋਟੇ ਤੋਂ ਵੱਡੇ ਨੇਤਾ ਤੱਕ ਵੋਟਰਾਂ ਨੂੰ ਭਰਮਾਉਣ ਦੇ ਲਈ ਅਜਿਹੇ-ਅਜਿਹੇ ਵਿਵਾਦਤ ਬਿਆਨ ਦੇ ਰਹੇ ਹਨ, ਜਿਨ੍ਹਾਂ ਨਾਲ ਉੱਤਰ ਪ੍ਰਦੇਸ਼ ’ਚ ਸਿਆਸੀ ਮਾਹੌਲ ਤਣਾਅਪੂਰਨ ਹੋ ਗਿਆ ਹੈ।

7 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੌਰਖਪੁਰ ਦੀ ਇਕ ਜਨਤਕ ਸਭਾ ’ਚ ਬੋਲਦੇ ਹੋਏ ਕਿਹਾ,‘‘ ਲਾਲ ਟੋਪੀ ਵਾਲੇ ਉੱਤਰ ਪ੍ਰਦੇਸ਼ ਦੇ ਲਈ ‘ਰੈੱਡ ਅਲਰਟ’ ਹਨ। ਇਨ੍ਹਾਂ ਨੂੰ ਸਿਰਫ ਲਾਲ ਬੱਤੀ ਨਾਲ ਮਤਲਬ ਹੈ। ਯੂ.ਪੀ ਦੇ ਲਈ ਇਹ ਖਤਰੇ ਦੀ ਘੰਟੀ ਹੈ। ਤੁਹਾਡੇ ਦੁੱਖ-ਦਰਦ ਨਾਲ ਇਨ੍ਹਾਂ ਦਾ ਕੋਈ ਵਾਸਤਾ ਨਹੀਂ। ਗੁੰਡੇ -ਮਾਫੀਆਂ ਨੂੰ ਸੁਰੱਖਿਆ ਦੇਣ, ਅੱਤਵਾਦੀਆਂ ਨੂੰ ਜੇਲ ਤੋਂ ਛੁਡਵਾਉਣ ਲਈ ਇਨ੍ਹਾਂ ਨੂੰ ਸਿਰਫ ਸੱਤਾ ਚਾਹੀਦੀ ਹੈ।’’

ਇਸ ਦੇ ਜਵਾਬ ’ਚ ਅਖਿਲੇਸ਼ ਯਾਦਵ ਨੇ ਆਪਣੀਆਂ ਰੈਲੀਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇਸ਼ਾਰੇ-ਇਸ਼ਾਰੇ ’ਚ ਸਾਂਡ ਤੱਕ ਕਹਿ ਦਿੱਤਾ।

ਮੈਨਪੁਰੀ ’ਚ ਪ੍ਰਧਾਨ ਮੰਤਰੀ ਦੇ ਲਾਲ ਟੋਪੀ ਵਾਲੇ ਬਿਆਨ ’ਤੇ ਮੋੜਵਾਂਵਾਰ ਕਰਦੇ ਹੋਏ ਉਨ੍ਹਾਂ ਨੇ ਭੀੜ ਤੋਂ ਪੁੱਛਿਆ-‘‘ਲਾਲ ਰੰਗ ਤੋਂ ਕੌਣ ਡਰਦਾ ਹੈ?’’ ਅਤੇ ਫਿਰ ਬੋਲੇ ‘‘ਅਸੀਂ ਸੁਣਿਆ ਹੈ ਜੋ ਖੇਤਾਂ ’ਚ ਘੁੰਮਦੇ ਹਨ ਉਹੀ ਡਰਦੇ ਹਨ।’’

ਅਖਿਲੇਸ਼ ਯਾਦਵ ਨੇ ਭਾਜਪਾ ਦੀਆਂ ‘ਜਨ ਵਿਸ਼ਵਾਸ ਯਾਤਰਾਵਾਂ’ ’ਚ ਚਲਾਏ ਜਾ ਰਹੇ ਰੱਥਾਂ ’ਤੇ ਵੀ ਵਿਅੰਗ ਕਰਦੇ ਹੋਏ ਕਿਹਾ,‘‘ਇਹ ਤਾਂ ‘ਚਾਊਮਿਨ’ ਵਾਲਾ ਰੱਥ ਹੈ। ਭਾਜਪਾ ਦੀ ਰੈਲੀ ਨਹੀਂ ਸਰਕਾਰੀ ਰੈਲੀ ਹੁੰਦੀ ਹੈ। ਸਭ ਤੋਂ ਵੱਧ ਗੁੰਡੇ ਅਤੇ ਮਾਫੀਆ ਭਾਜਪਾ ’ਚ ਹਨ ਅਤੇ ਭਾਜਪਾ ਸਿਰਫ ਰੰਗ ਬਦਲਣ ’ਚ ਉਪਯੋਗੀ ਹੈ।’

ਮਰਿਆਦਾਹੀਣ ਬਿਆਨਬਾਜ਼ੀ ਦੀ ਇਕ ਹੋਰ ਉਦਾਹਰਣ ਉੱਤਰ ਪ੍ਰਦੇਸ਼ ਦੇ ਊਰਜਾ ਮੰਤਰੀ ਸ਼੍ਰੀਕਾਂਤ ਸ਼ਰਮਾ ਨੇ ਹਾਥਰਸ ’ਚ ਭਾਜਪਾ ਦੀ ਜਨਵਿਸ਼ਵਾਸ ਯਾਤਰਾ ’ਚ ਇਹ ਕਹਿ ਕੇ ਪੇਸ਼ ਕੀਤੀ,‘‘ਜੇਕਰ ਚੌਵੀ ਘੰਟੇ ਬਿਜਲੀ ਚਾਹੀਦੀ ਹੈ ਤਾਂ ਰਾਧੇ-ਰਾਧੇ ਬੋਲਣਾ ਹੋਵੇਗਾ। ਰਾਧੇ -ਰਾਧੇ ਬੋਲੀਏ। ਬਿਨਾਂ ਕੱਟ ਦੇ ਬਿਜਲੀ ਮਿਲੇਗੀ ਤੁਹਾਨੂੰ... ਅਤੇ ਜਿੰਨਾ ਤੇਜ਼ ਰਾਧੇ-ਰਾਧੇ ਬੋਲੋਗੇ ਓਨਾ ਹੀ ਤੇਜ਼ ਕਰੰਟ ਆਵੇਗਾ।’’

ਇਸ ਤਰ੍ਹਾਂ ਦੇ ਬਿਆਨਾਂ ਨੂੰ ਕਿਸੇ ਵੀ ਨਜ਼ਰੀਏ ਤੋਂ ਸਹੀ ਨਹੀਂ ਕਿਹਾ ਜਾ ਸਕਦਾ, ਜੋ ਸਿਆਸੀ ਪ੍ਰਚਾਰ ਦੇ ਪੱਧਰ ’ਚ ਆਈ ਗਿਰਾਵਟ ਦਾ ਹੀ ਨਤੀਜਾ ਹੈ। ਇਨ੍ਹਾਂ ਨਾਲ ਸਮਾਜ ’ਚ ਕੁੜੱਤਣ ਤੇ ਆਪਸੀ ਦੁਸ਼ਮਣੀ ਦੀ ਭਾਵਨਾ ਹੀ ਵਧੇਗੀ, ਇਸ ਲਈ ਸਾਡੇ ਨੇਤਾਵਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

-ਵਿਜੇ ਕੁਮਾਰ


Bharat Thapa

Content Editor

Related News