ਇਸੇ ਤਰ੍ਹਾਂ ਹਮੇਸ਼ਾ ਬਣਿਆ ਰਹੇ ‘ਹਿੰਦੂਆਂ ਅਤੇ ਮੁਸਲਮਾਨਾਂ ’ਚ ਭਾਈਚਾਰਾ’

08/07/2019 6:24:12 AM

ਸਾਉਣ ਮਹੀਨੇ ’ਚ ਜੰਮੂ-ਕਸ਼ਮੀਰ ਵਿਚ ਬਰਫਾਨੀ ਬਾਬਾ ਭੋਲੇ ਭੰਡਾਰੀ ਦੇ ਪਵਿੱਤਰ ਧਾਮ ਸ਼੍ਰੀ ਅਮਰਨਾਥ ਦੀ ਯਾਤਰਾ ਤੋਂ ਇਲਾਵਾ ਭਗਵਾਨ ਸ਼ਿਵ ਸ਼ੰਭੂ ਦੇ ਜਲਾਭਿਸ਼ੇਕ ਲਈ ਲੱਖਾਂ ਬੱਚੇ, ਬੁੱਢੇ, ਨੌਜਵਾਨ ਭਗਤ ਕਾਂਵੜ ਵਿਚ ਪਵਿੱਤਰ ਨਦੀਆਂ ਦਾ ਜਲ ਭਰ ਕੇ ਲਿਆਉਂਦੇ ਹਨ।

ਇਨ੍ਹੀਂ ਦਿਨੀਂ ਦੇਸ਼ ’ਚ ਅਸਹਿਣਸ਼ੀਲਤਾ ਅਤੇ ਮੌਬ ਲਿੰਚਿੰਗ ਦੀਆਂ ਘਟਨਾਵਾਂ ਦਰਮਿਆਨ ਜਾਰੀ ਕਾਂਵੜ ਯਾਤਰਾਵਾਂ ’ਚ ਹਿੰਦੂ-ਮੁਸਲਿਮ ਭਾਈਚਾਰੇ ਦੀਆਂ ਪ੍ਰੇਰਕ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ :

* ਕਈ ਮੁਸਲਮਾਨ ਪਰਿਵਾਰ ਧਰਮ ਦੀ ਦੀਵਾਰ ਤੋੜ ਕੇ ਸ਼ਿਵ ਭਗਤਾਂ ਲਈ ਕਾਂਵੜ ਬਣਾਉਂਦੇ ਹਨ। ਮੇਰਠ ਦੇ ਇਕ ਕਾਂਵੜ ਬਣਾਉਣ ਵਾਲੇ ਅਲਤਾਫ ਦਾ ਪਰਿਵਾਰ 3 ਪੀੜ੍ਹੀਆਂ ਤੋਂ ਸ਼ਿਵ ਭਗਤਾਂ ਲਈ ਕਾਂਵੜ ਤਿਆਰ ਕਰਦਾ ਆ ਰਿਹਾ ਹੈ।

* ਰਾਮਪੁਰ ’ਚ ਮਤਲੂਬ ਅਹਿਮਦ ਸਾਉਣ ਦੇ ਪੂਰੇ ਮਹੀਨੇ ’ਚ ਬਿਨਾਂ ਕੋਈ ਸੌਦੇਬਾਜ਼ੀ ਕੀਤੇ ਹਿੰਦੂ ਭਰਾਵਾਂ ਲਈ ਕਾਂਵੜ ਬਣਾਉਂਦੇ ਹਨ। ਹਰ ਸਾਲ ਸੈਂਕੜੇ ਸ਼ਿਵ ਭਗਤ ਉਨ੍ਹਾਂ ਦੀ ਬਣਾਈ ਕਾਂਵੜ ’ਚ ਗੰਗਾਜਲ ਲਿਆਉਂਦੇ ਹਨ। 30 ਸਾਲਾਂ ਤੋਂ ਕਾਂਵੜ ਬਣਾ ਰਹੇ ਮਤਲੂਬ ਅਹਿਮਦ ਨੂੰ ਸਥਾਨਕ ਲੋਕ ‘ਕਾਂਵੜ ਵਾਲੇ ਮਤਲੂਬ ਭਾਈ’ ਕਹਿਣ ਲੱਗੇ ਹਨ।

* ਹਰਿਦੁਆਰ ’ਚ ਘੱਟ ਤੋਂ ਘੱਟ 25 ਮੁਸਲਮਾਨ ਪਰਿਵਾਰ ਕਾਂਵੜ ਬਣਾਉਣ ਦਾ ਕੰਮ ਕਰਦੇ ਹਨ, ਜਿਸ ਨੂੰ ਉਹ ਆਪਣੇ ਰੋਜ਼ਗਾਰ ਦੇ ਨਾਲ-ਨਾਲ ਪੁੰਨ ਦਾ ਕੰਮ ਵੀ ਮੰਨਦੇ ਹਨ। ਇਨ੍ਹਾਂ ’ਚ ਔਰਤਾਂ ਵੀ ਸ਼ਾਮਲ ਹਨ ਅਤੇ ਇਨ੍ਹਾਂ ਦੇ ਬੱਚੇ ਵੀ। ਉਹ ਸਕੂਲ ਵੀ ਜਾਂਦੇ ਹਨ ਅਤੇ ਕਾਂਵੜ ਵੀ ਬਣਾਉਂਦੇ ਹਨ।

* ਸੰਗਮ ਨਗਰੀ ਪ੍ਰਯਾਗਰਾਜ ’ਚ ਗੰਗਾ ’ਤੇ ਬਣੇ ਸ਼ਾਸਤਰੀ ਪੁਲ ’ਤੇ ਇਕੱਠੇ ਮੁਸਲਮਾਨ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਕਾਸ਼ੀ ਜਾ ਰਹੇ ਕਾਂਵੜੀਆਂ ’ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਫਲ ਭੇਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ।

* ਬਾਗਪਤ ਦੇ ਇੰਛੋੜ ਪਿੰਡ ਦੇ ਮੁਸਲਿਮ ਨੌਜਵਾਨ ਬਾਬੂ ਖਾਨ ਨੇ ਹਰਿਦੁਆਰ ਤੋਂ ਕਾਂਵੜ ਲਿਆ ਕੇ ਆਪਣੇ ਪਿੰਡ ਦੇ ਸ਼ਿਵਾਲੇ ’ਚ ਭਗਵਾਨ ਭੋਲੇਨਾਥ ਦਾ ਜਲਾਭਿਸ਼ੇਕ ਕੀਤਾ। ਬਾਬੂ ਖਾਨ ਕਹਿੰਦਾ ਹੈ, ‘‘ਇਧਰ ਗੀਤਾ ਹੈ ਓਧਰ ਕੁਰਾਨ। ਸਭ ਧਰਮਾਂ ਨੂੰ ਇਕ ਧਰਮ ਸਮਝ ਕੇ ਮੈਂ 2018 ’ਚ ਕਾਂਵੜ ਉਠਾਈ ਸੀ। ਮੈਂ ਦੋ ਵਾਰ ਕਾਂਵੜ ਲੈ ਕੇ ਆਇਆ ਹਾਂ ਅਤੇ ਦੇਸ਼ ’ਚ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੁੰਦਾ ਹਾਂ।’’

* ਬਾਗਪਤ ਦੇ ਕਾਠਾ ਪਿੰਡ ਦੇ ਰਹਿਣ ਵਾਲੇ ਸ਼ੌਕੀਨ ਖਾਨ ਨੇ ਵੀ ਦੂਜੀ ਵਾਰ ਹਰਿਦੁਆਰ ਤੋਂ ਕਾਂਵੜ ਲਿਆ ਕੇ ਪਿੰਡ ਦੇ ਸ਼ਿਵ ਮੰਦਰ ’ਚ ਜਲਾਭਿਸ਼ੇਕ ਕੀਤਾ।

ਭੋਲੇ ਬਾਬਾ ਦੀ ਅਜਿਹੀ ਕਿਰਪਾ ਹੋਈ ਕਿ ਕਾਂਵੜ ਯਾਤਰਾ ਦੌਰਾਨ ਸਾਰੇ ਰਸਤੇ ’ਚ ਇਨ੍ਹਾਂ ਦੀ ਸੇਵਾ ਕਰਨ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਅਤੇ ਲੋਕਾਂ ਨੂੰ ਜਦੋਂ ਉਨ੍ਹਾਂ ਦੇ ਮੁਸਲਮਾਨ ਹੋਣ ਦਾ ਪਤਾ ਲੱਗਾ ਤਾਂ ਹੋਰ ਵੀ ਜ਼ਿਆਦਾ ਸਨਮਾਨ ਮਿਲਦਾ।

* ਮੁਜ਼ੱਫਰਪੁਰ ਦੇ ਨੇੜੇ ਗੰਗ ਨਹਿਰ ਪੁਲ ’ਤੇ ਤਿੱਸਾ ਪਿੰਡ ਦੀ ‘ਭਾਈਚਾਰਾ ਅਮਨ ਕਮੇਟੀ’ ਦੇ ਨੌਜਵਾਨਾਂ ਨੇ ਕਾਂਵੜੀਆਂ ਨੂੰ ਦੁੱਧ-ਇਮਰਤੀਆਂ ਖੁਆਈਆਂ।

* ਇੰਦੌਰ ’ਚ ਮਹਾਕਾਲ ਨੂੰ ਚੜ੍ਹਾਉਣ ਲਈ ਨਰਮਦਾ ਦਾ ਜਲ ਲਿਆਉਣ ਵਾਲੇ ਸੈਂਕੜੇ ਕਾਂਵੜੀਆਂ ਦਾ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਇੰਦੌਰ ’ਚ ਸਵਾਗਤ ਕੀਤਾ ਅਤੇ ਯਾਤਰਾ ਦੇ ਸੰਯੋਜਕ ਗੋਲੂ ਸ਼ੁਕਲਾ ਨੂੰ ਤਾਜੁਦੀਨ ਔਲੀਆ ਬਾਬਾ (ਨਾਗਪੁਰ) ਵਲੋਂ ਭੇਜੀ ਹੋਈ ਚਾਦਰ ਭੇਟ ਕੀਤੀ। ਇਸ ਮੌਕੇ ’ਤੇ ਸ਼ੇਖ ਫਿਰੋਜ਼ ਅੱਬਾਸ ਨੇ ਬਾਬਾ ਦਾ ਸੰਦੇਸ਼ ਸੁਣਾਉਣ ਤੋਂ ਇਲਾਵਾ ਹੇਠ ਲਿਖਿਆ ਸ਼ੇਅਰ ਵੀ ਪੜ੍ਹਿਆ :

‘‘ਬਨਾਨੀ ਹੈ ਹਮੇਂ ਕੌਮੀ ਏਕਤਾ ਕੀ ਦੀਵਾਰੇਂ ਯੂੰ,

ਕਹੀਂ ਮੈਂ ਰਾਮ ਲਿਖ ਦੂੰ ਤੋ ਤੁਮ ਰਹਿਮਾਨ ਲਿਖ ਦੇਨਾ,

ਔਰ ਕਫਨ ਕੇ ਕਿਸੀ ਕੋਨੇ ਪਰ ਹਿੰਦੁਸਤਾਨ ਲਿਖ ਦੇਨਾ।’’

* ਅਮਰੋਹਾ ਦੇ ਮੁਸਲਮਾਨਾਂ ਨੇ ਪੂਰਾ ਮਹੀਨਾ ਕਾਂਵੜੀਆਂ ਦੇ ਜਲਪਾਨ ਦੀ ਵਿਵਸਥਾ ਅਤੇ ਸੁਰੱਖਿਆ ਦਾ ਸੰਕਲਪ ਲਿਆ ਹੈ। ਉਥੇ ਮੁਸਲਿਮ ਭਰਾਵਾਂ ਨੇ ਥੱਕੇ ਹੋਏ ਕਾਂਵੜੀਆਂ ਦੇ ਪੈਰਾਂ ਦੀ ਮਾਲਿਸ਼ ਅਤੇ ਸੱਟਾਂ ’ਤੇ ਮੱਲ੍ਹਮ-ਪੱਟੀ ਵੀ ਕੀਤੀ।

* ਹਰਿਦੁਆਰ ’ਚ ਮੁਸਲਿਮ ਸਮਾਜ ਦੇ ਲੋਕਾਂ ਨੇ ਕਾਂਵੜੀਆਂ ਨੂੰ ਫਲ ਖੁਆਏ।

* ਸਰਯੂ ਨਦੀ ਤੋਂ ਪਵਿੱਤਰ ਜਲ ਲੈ ਕੇ ਅਯੁੱਧਿਆ ਪਰਤੇ ਕਾਂਵੜੀਆਂ ’ਤੇ ਮੁਸਲਮਾਨਾਂ ਨੇ ਗੁਲਾਬ ਦੀਆਂ ਪੰਖੜੀਆਂ ਦੀ ਵਰਖਾ ਕੀਤੀ ਅਤੇ ‘ਬਮ-ਬਮ ਭੋਲੇ’ ਦੇ ਨਾਅਰੇ ਵੀ ਲਾਏ।

* ਪੂਰਬੀ ਦਿੱਲੀ ’ਚ ਕਾਂਵੜੀਆਂ ਦੇ ਇਕ ਕੈਂਪ ’ਚ ਵਿਧਾਇਕ ਹਾਜੀ ਇਸ਼ਰਾਕ ਖਾਨ ਨੇ ਕਾਂਵੜੀਆਂ ਦੇ ਹੱਥ-ਪੈਰ ਦਬਾਏ ਅਤੇ ਦੋਵੇਂ ਹੱਥ ਉਪਰ ਚੁੱਕ ਕੇ ‘ਜੈ-ਜੈ ਬਮ-ਬਮ ਭੋਲੇ’ ਅਤੇ ‘ਜੈ ਸ਼੍ਰੀ ਰਾਮ’ ਦੇ ਜੈਕਾਰੇ ਲਾਏ।

ਸਾਰੇ ਦੇਸ਼ ’ਚ ਕਾਂਵੜੀਆਂ ਦਾ ਅਪਾਰ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਵਿਸ਼ੇਸ਼ ਰੂਪ ਨਾਲ ਦਿੱਲੀ ਦੇ ਮੰਦਿਰਾਂ ਅਤੇ ਕਾਲੋਨੀਆਂ ’ਚ ਸ਼ਿਵ ਭਗਤ ਕਾਂਵੜੀਆਂ ਦੇ ਸਵਾਗਤ ਲਈ ਭਾਰੀ ਪ੍ਰਬੰਧ ਕੀਤੇ ਗਏ ਹਨ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਜੇਕਰ ਨਫਰਤ ਦੇ ਵਪਾਰੀਆਂ ਨੂੰ ਛੱਡ ਦੇਈਏ ਤਾਂ ਅੱਜ ਵੀ ਹਿੰਦੂ ਅਤੇ ਮੁਸਲਮਾਨ ਇਕ-ਦੂਜੇ ਨਾਲ ਭਰਪੂਰ ਪਿਆਰ ਕਰਦੇ ਹਨ। ਭਾਵੇਂ ਦੋਵਾਂ ਨੇ ਇਕ ਮਾਂ ਦੀ ਕੁੱਖੋਂ ਜਨਮ ਨਾ ਲਿਆ ਹੋਵੇ ਪਰ ਇਨ੍ਹਾਂ ’ਚ ਪਿਆਰ ਘੱਟ ਨਹੀਂ ਹੈ। ਇਹੀ ਸੰਦੇਸ਼ ਇਹ ਦੋਵੇਂ ਧਾਰਮਿਕ ਯਾਤਰਾਵਾਂ ਸਾਰੀ ਦੁਨੀਆ ਨੂੰ ਦੇ ਰਹੀਆਂ ਹਨ।

–ਵਿਜੇ ਕੁਮਾਰ

\\\

Bharat Thapa

This news is Content Editor Bharat Thapa