ਬੰਗਲਾਦੇਸ਼ ’ਚ ਭਾਰਤ ਸਮਰਥਕ ‘ਸ਼ੇਖ ਹਸੀਨਾ’ ਦੀ ਪਾਰਟੀ ਚੌਥੀ ਵਾਰ ਜੇਤੂ

01/09/2024 6:01:10 AM

ਬੰਗਲਾਦੇਸ਼ ਦੀਆਂ 12ਵੀਆਂ ਸੰਸਦੀ ਚੋਣਾਂ ’ਚ ਨਜ਼ਰਬੰਦ ਸਾਬਕਾ ਪ੍ਰਧਾਨ ਮੰਤਰੀ ‘ਖਾਲਿਦਾ ਜ਼ਿਆ’ ਦੀ ਮੁੱਖ ਵਿਰੋਧੀ ਪਾਰਟੀ ‘ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ’ (ਬੀ. ਐੱਨ. ਪੀ.) ਅਤੇ ਉਸ ਦੇ ਸਹਿਯੋਗੀਆਂ ਨੂੰ ਹਰਾ ਕੇ ਦੇਸ਼ ਦੀ ਪ੍ਰਧਾਨ ਮੰਤਰੀ ‘ਸ਼ੇਖ ਹਸੀਨਾ’ ਦੀ ਪਾਰਟੀ ‘ਅਵਾਨੀ ਲੀਗ’ ਨੇ 300 ਚੋਣਾਵੀਂ ਸੀਟਾਂ ’ਚੋਂ 223 ਸੀਟਾਂ ਜਿੱਤ ਲਈਆਂ ਜਦਕਿ ਵਿਰੋਧੀ ਪਾਰਟੀਆਂ ਨੂੰ 76 ਸੀਟਾਂ ਹੀ ਮਿਲ ਸਕੀਆ।

ਇਹ ਸ਼ੇਖ ਹਸੀਨਾ ਦੀ ਪਾਰਟੀ ਦੀ ਲਗਾਤਾਰ ਚੌਥੀ ਜਿੱਤ ਹੈ। ‘ਸ਼ੇਖ ਹਸੀਨਾ’ ਨੂੰ ਗੋਪਾਲਗੰਜ ਸੰਸਦੀ ਸੀਟ ’ਤੇ 2,49,965 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੇ ਨੇੜਲੇ ਵਿਰੋਧੀ ‘ਬੰਗਲਾਦੇਸ਼ ਸੁਪਰੀਮ ਪਾਰਟੀ’ ਦੇ ਐੱਮ. ਨਿਜ਼ਾਮ ਉਦੀਨ ਲਸ਼ਕਰ ਨੂੰ 469 ਵੋਟਾਂ ਹੀ ਮਿਲੀਆਂ।

ਉਂਝ ਬੰਗਲਾਦੇਸ਼ ਵਿਚ ਇਸ ਵਾਰ ਦੀਆਂ ਚੋਣਾਂ ’ਚ ਚੀਨ ਵੀ ਉੱਥੇ ਕੀਤੇ ਆਪਣੇ ਨਿਵੇਸ਼ ਦੇ ਕਾਰਨ ‘ਸ਼ੇਖ ਹਸੀਨਾ’ ਦੀ ਪਾਰਟੀ ਦੀ ਜਿੱਤ ਦੇ ਪੱਖ ਵਿਚ ਸੀ ਜਦਕਿ ‘ਸ਼ੇਖ ਹਸੀਨਾ’ ਦਾ ‘ਖਾਮੋਸ਼ ਸਮਰਥਕ’ ਭਾਰਤ ਵੀ ਸੀ। ਇਸ ਦਾ ਇਕ ਵੱਡਾ ਕਾਰਨ ਰਾਸ਼ਟਰੀ ਸੁਰੱਖਿਆ ਹੈ। ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਹਜ਼ਾਰਾਂ ਕਿਲੋਮੀਟਰ ਦਾ ਬਾਰਡਰ ਸਾਂਝਾ ਹੈ।

1971 ’ਚ ਪਾਕਿਸਤਾਨ ਦੇ ਕਬਜ਼ੇ ’ਚੋਂ ਬੰਗਲਾਦੇਸ਼ ਨੂੰ ਛੁਡਾਉਣ ’ਚ ਭਾਰਤ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਯਹੀਆ ਖਾਂ ਦੀ ਤਾਨਾਸ਼ਾਹ ਸਰਕਾਰ ਵੱਲੋਂ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਦੇ ਲੋਕਾਂ ’ਤੇ ਜ਼ੁਲਮਾਂ ਦੇ ਵਿਰੁੱਧ ‘ਸ਼ੇਖ ਹਸੀਨਾ’ ਦੇ ਪਿਤਾ ‘ਸ਼ੇਖ ਮੁਜੀਬੁਰਰਹਿਮਾਨ’ ਨੇ ਪਾਕਿਸਤਾਨ ਤੋਂ ਆਜ਼ਾਦੀ ਦੇ ਲਈ ‘ਮੁਕਤੀ ਸੰਗਰਾਮ’ ਚਲਾਇਆ।

ਜਦੋਂ ਪਾਕਿਸਤਾਨ ਦੇ ਵਿਰੁੱਧ ਬਗਾਵਤ ਤੇਜ਼ ਹੋਈ ਤਾਂ ਪਾਕਿਸਤਾਨ ਸਰਕਾਰ ਨੇ ਉੱਥੇ ਆਪਣੀ ਫੌਜ ਉਤਾਰ ਦਿੱਤੀ ਅਤੇ ‘ਅਵਾਮੀ ਲੀਗ’ ਦੇ ਲੋਕ ਉੱਥੋਂ ਭੱਜ ਕੇ ਭਾਰਤ ’ਚ ਪਨਾਹ ਲੈਣ ਲੱਗੇ। ਬੰਗਲਾਦੇਸ਼ੀ ਪਨਾਹਗੀਰਾਂ ਦੇ ਵਧਣ ’ਤੇ ਭਾਰਤ ਨੇ ‘ਮੁਕਤੀ ਵਾਹਿਨੀ’ ਦੀ ਸਹਾਇਤਾ ਕੀਤੀ ਤਾਂ ਪਾਕਿਸਤਾਨ ਨੇ ਭਾਰਤ ’ਤੇ ਹਮਲਾ ਕਰ ਦਿੱਤਾ, ਜਿਸ ’ਚ ਪਾਕਿਸਤਾਨ ਦੀ ਸ਼ਰਮਨਾਕ ਹਾਰ ਤੋਂ ਬਾਅਦ 16 ਦਸੰਬਰ, 1971 ਨੂੰ ਆਜ਼ਾਦ ਬੰਗਲਾਦੇਸ਼ ਹੋਂਦ ਵਿਚ ਆਇਆ ਅਤੇ 12 ਜਨਵਰੀ, 1972 ਨੂੰ ‘ਸ਼ੇਖ ਮੁਜੀਬੁਰਰਹਿਮਾਨ’ ਇਸ ਦੇ ਪ੍ਰਧਾਨ ਮੰਤਰੀ ਬਣੇ।

1975 ਵਿਚ ਫੌਜ ਦੀਆਂ ਕੁਝ ਟੁੱਕੜੀਆਂ ਨੇ ਬਗਾਵਤ ਕਰਨ ਤੋਂ ਬਾਅਦ ‘ਸ਼ੇਖ ਮੁਜੀਬੁਰਰਹਿਮਾਨ’ ਦੀ ਹੱਤਿਆ ਕਰ ਦਿੱਤੀ। ਇਸ ਦੇ ਬਾਅਦ ਬਾਗੀਆਂ ਨੇ ਉਨ੍ਹਾਂ ਦੇ ਪਰਿਵਾਰ ਅਤੇ ਨਿੱਜੀ ਸਹਾਇਕ ‘ਸ਼ੇਖ ਕਮਾਲ’ ਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਮਾਰ ਦਿੱਤਾ।

‘ਸ਼ੇਖ ਹਸੀਨਾ’ ਉਸ ਸਮੇਂ ਆਪਣੇ ਪਤੀ ਨਾਲ ਜਰਮਨੀ ਵਿਚ ਸੀ, ਇਸ ਕਾਰਨ ਉਸ ਦੀ ਜਾਨ ਬਚ ਗਈ। ਉਹ ਭਾਰਤ ਦੀ ਧੰਨਵਾਦੀ ਹੈ ਕਿਉਂਕਿ 1975 ’ਚ ਉਨ੍ਹਾਂ ਦੇ ਸੰਕਟ ਕਾਲ ਵਿਚ ਭਾਰਤ ਨੇ ਹੀ ਉਨ੍ਹਾਂ ਨੂੰ ਪਨਾਹ ਦਿੱਤੀ ਸੀ ਅਤੇ ਉਹ 6 ਸਾਲ ਭਾਰਤ ਵਿਚ ਰਹੀ।

ਬੰਗਲਾਦੇਸ਼ ’ਚ ‘ਸ਼ੇਖ ਹਸੀਨਾ’ ਅਤੇ ਉਨ੍ਹਾਂ ਦੀ ਪਾਰਟੀ ਬਣਨ ਦੇ ਬਾਅਦ ਕਾਫੀ ਕੁਝ ਬਦਲ ਗਿਆ। ‘ਸ਼ੇਖ ਹਸੀਨਾ’ ਨੇ ਨਾ ਸਿਰਫ ਭਾਰਤ ਵੱਲ ਮਿੱਤਰਤਾ ਦਾ ਹੱਥ ਵਧਾਇਆ ਸਗੋਂ ਵਿਰੋਧੀਆਂ ਦੇ ਵਿਰੁੱਧ ਕਾਰਵਾਈ ਵੀ ਕੀਤੀ।

‘ਸ਼ੇਖ ਹਸੀਨਾ’ ਦੇ ਸ਼ਾਸਨ ਕਾਲ ’ਚ ਦੋਵਾਂ ਦੇਸ਼ਾਂ ਦੇ ਸਬੰਧ ਕਾਫੀ ਚੰਗੇ ਹੋਏ ਅਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਕਈ ਮਹੱਤਵਪੂਰਨ ਸਮਝੌਤੇ ਹੋਏ। ਇਨ੍ਹਾਂ ਵਿਚ ‘ਨਦੀ ਜਲ ਬਟਵਾਰਾ’, ‘ਖੁਲਨਾ ਮੋਂਗਲਾ ਰੇਲ ਲਾਈਨ ਪ੍ਰਾਜੈਕਟ’ ਅਤੇ ‘ਮੈਤਰੀ ਸੁਪਰ ਥਰਮਲ ਪ੍ਰਾਜੈਕਟ’ ਆਦਿ ਮੁੱਖ ਹਨ।

ਦੂਜੇ ਪਾਸੇ ‘ਖਾਲਿਦਾ ਜ਼ਿਆ’ ਦੀ ਪਾਰਟੀ ਨੂੰ ਪਾਕਿਸਤਾਨ ਦੀ ਸਮਰਥਕ ਮੰਨਿਆ ਜਾਂਦਾ ਹੈ। 1991 ਤੋਂ 1996 ਅਤੇ 2001 ਤੋਂ 2006 ਤੱਕ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੀ ‘ਖਾਲਿਦਾ ਜ਼ਿਆ’ ਦੀ ਅਗਵਾਈ ਵਾਲੀ ਬੀ.ਐੱਨ.ਪੀ. ਸਰਕਾਰ ਪਾਕਿਸਤਾਨ ਦੀ ਜਾਸੂਸੀ ਏਜੰਸੀ ਆਈ. ਐੱਸ. ਆਈ. ਅਤੇ ਜਮਾਤ-ਏ-ਇਸਲਾਮੀ ਦੇ ਨਾਲ ਦੋਸਤੀ ਨਿਭਾ ਰਹੀ ਸੀ।

ਬੰਗਲਾਦੇਸ਼ ’ਚ ਬਣੀ ‘ਖਾਲਿਦਾ ਜ਼ਿਆ’ ਦੀ ਅਗਵਾਈ ਵਾਲੀ ਬੀ. ਐੱਨ. ਪੀ. ਦੀ ਸਰਕਾਰ ਦੇ ਸ਼ਾਸਨ ’ਚ ਕਈ ਕੱਟੜਵਾਦੀ ਸੰਗਠਨ ਸਰਗਰਮ ਹੋ ਜਾਣ ਦੇ ਕਾਰਨ ਭਾਰਤ ਦੇ ਨਾਲ ਉਸ ਦੇ ਸਬੰਧ ਵਿਗੜਨ ਲੱਗੇ ਸਨ ਅਤੇ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀ ਵਧਣ ਲੱਗੇ ਸਨ।

2006 ’ਚ ਬੰਗਲਾਦੇਸ਼ ਦੇ ‘ਹਰਕਤ ਉਲ ਜਿਹਾਦ ਅਲ ਇਸਲਾਮ’ ਨਾਂ ਦੇ ਸੰਗਠਨ ਨੇ ਭਾਰਤ ਦੇ ਉੱਤਰ ਪ੍ਰਦੇਸ਼ ’ਚ ਕਈ ਥਾਵਾਂ ’ਤੇ ਇਕ ਦੇ ਬਾਅਦ ਇਕ ਧਮਾਕੇ ਵੀ ਕਰਵਾਏ ਸਨ।

ਚੋਣਾਂ ਜਿੱਤਦੇ ਹੀ ‘ਸ਼ੇਖ ਹਸੀਨਾ’ ਨੇ ਕਿਹਾ ਹੈ ਕਿ ‘‘ਭਾਰਤ ਸਾਡਾ ਭਰੋਸੇਯੋਗ ਦੇਸ਼ ਹੈ, ਉਸ ਨੇ ਹਮੇਸ਼ਾ ਸਾਡਾ ਸਮਰਥਨ ਕੀਤਾ ਹੈ। ਉਸ ਨੇ ਸਾਡੇ ਲਿਬਰੇਸ਼ਨ ਅੰਦੋਲਨ ਦੇ ਦੌਰ ’ਚ ਵੀ ਸਾਡਾ ਸਾਥ ਦਿੱਤਾ ਹੈ।’’

ਯਕੀਨਨ ਹੀ ਬੰਗਲਾਦੇਸ਼ ’ਚ ਭਾਰਤ ਸਮਰਥਕ ‘ਸ਼ੇਖ ਹਸੀਨਾ’ ਦੀ ਪਾਰਟੀ ‘ਅਵਾਮੀ ਲੀਗ’ ਦਾ ਇਕ ਵਾਰ ਫਿਰ ਸੱਤਾ ’ਚ ਆਉਣਾ ਨਾ ਸਿਰਫ ਬੰਗਲਾਦੇਸ਼ ਦੇ ਲਈ ਸਗੋਂ ਭਾਰਤ ਲਈ ਵੀ ਇਕ ਚੰਗਾ ਸੰਕੇਤ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣੇ ਅਤੇ ਇਸ ਵਿਚ ਸਰਗਰਮ ਅਰਾਜਕ ਤੱਤਾਂ ਨਾਲ ਨਜਿੱਠਣ ’ਚ ਦੋਵਾਂ ਹੀ ਦੇਸ਼ਾਂ ਨੂੰ ਸਹਾਇਤਾ ਜ਼ਰੂਰ ਮਿਲੇਗੀ।

-ਵਿਜੇ ਕੁਮਾਰ

Anmol Tagra

This news is Content Editor Anmol Tagra