ਸ਼ਾਹਬਾਜ਼ ਕੋਲ ਭਾਰਤ ਨਾਲ ਸਬੰਧ ਨਿੱਘੇ ਬਣਾਉਣ ਦਾ ਚੰਗਾ ਮੌਕਾ

04/30/2022 12:35:05 PM

ਪਾਕਿਸਤਾਨ ਦੀ ਸਿਆਸਤ ਦਾ ਬਾਬਾ ਆਦਮ ਹੀ ਨਿਰਾਲਾ ਹੈ। ਇੱਥੇ ਸੱਤਾ ’ਤੇ ਬਿਰਾਜਮਾਨ ਹੋਣਾ ਜਾਂ ਸੱਤਾਹੀਣ ਹੋਣਾ ਦੋਵਾਂ ਦੀ ਪ੍ਰਕਿਰਿਆ ਅਜੀਬੋ-ਗਰੀਬ ਹੀ ਨਹੀਂ ਸਗੋਂ ਬੜੀ ਅਫਸੋਸਨਾਕ ਅਤੇ ਲੋੜ ਤੋਂ ਵੱਧ ਹੈਰਤਅੰਗੇਜ਼ ਵੀ ਹੁੰਦੀ ਹੈ। ਪਿਛਲੇ ਦਿਨੀਂ ਜਦੋਂ ਇਮਰਾਨ ਖਾਨ ਵਿਰੁੱਧ ਰਾਸ਼ਟਰੀ ਅਸੈਂਬਲੀ ’ਚ ਬੇਭਰੋਸਗੀ ਮਤਾ ਲਿਆਂਦਾ ਗਿਆ, ਸੰਵਿਧਾਨਕ ਅਤੇ ਪ੍ਰਜਾਤੰਤਰਿਕ ਮਰਿਆਦਾਵਾਂ ਦੀ ਇਹ ਮੰਗ ਸੀ ਕਿ ਉਹ ਨੈਸ਼ਨਲ ਅਸੈਂਬਲੀ ’ਚ ਬੇਭਰੋਸਗੀ ਮਤੇ ਦਾ ਸਾਹਮਣਾ ਕਰਦੇ ਅਤੇ ਜੇਕਰ ਹਾਰ ਜਾਂਦੇ ਤਾਂ ਸਨਮਾਨ ਨਾਲ ਸੱਤਾ ਛੱਡ ਦਿੰਦੇ। ਜਿਵੇਂ ਕਿ ਭਾਰਤ ’ਚ 1978 ’ਚ ਮੋਰਾਰਜੀ ਦੇਸਾਈ ਅਤੇ 1999 ’ਚ ਅਟਲ ਬਿਹਾਰੀ ਵਾਜਪਾਈ ਨੇ ਕੀਤਾ ਸੀ। ਇਹ ਵਿਸ਼ਵ ਦੀ ਪ੍ਰਜਾਤੰਤਰ ਪ੍ਰਣਾਲੀ ਦਾ ਉੱਚ ਕੋਟੀ ਦਾ ਆਦਰਸ਼ ਹੈ ਜਿਸ ਨੂੰ ਇਮਰਾਨ ਨੇ ਮੰਨਣ ਦੀ ਬਜਾਏ ਘਟੀਆ ਕਿਸਮ ਦੇ ਸਿਆਸੀ ਹੱਥਕੰਡਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਹੀ ਪਾਰਟੀ ਦੇ ਡਿਪਟੀ ਸਪੀਕਰ ਨੇ ਬੇਭਰੋਸਗੀ ਮਤੇ ਨੂੰ ਖਾਰਿਜ ਕਰ ਦਿੱਤਾ ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਮੁੜ ਪ੍ਰਜਾਤੰਤਰਿਕ ਰਵਾਇਤ ਕਾਇਮ ਹੋਈ।

ਪਾਕਿਸਤਾਨ ਦੀ ਪਿਛਲੇ 75 ਵਰ੍ਹਿਆਂ ਤੋਂ ਇਹ ਸਿਆਸੀ ਤ੍ਰਾਸਦੀ ਰਹੀ ਹੈ। 1951 ’ਚ ਪ੍ਰਧਾਨ ਮੰਤਰੀ ਪੀਰਜਾਦਾ ਲਿਆਕਤ ਅਲੀ ਖਾਨ ਦੀ ਰਾਵਲਪਿੰਡੀ ਨੇੜੇ ਇਕ ਬਾਗ ’ਚ ਹੱਤਿਆ ਕਰ ਦਿੱਤੀ ਗਈ। ਇਸੇ ਬਾਗ ’ਚ ਫਿਰ 1996 ’ਚ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਵੀ ਮਾਰ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੂੰ ਇਕ ਝੂਠੇ ਕਤਲ ਕੇਸ ’ਚ ਫਸਾ ਕੇ ਫਾਂਸੀ ਦੇ ਫੰਦੇ ’ਤੇ ਲਟਕਾ ਦਿੱਤਾ ਗਿਆ। 1951 ਤੋਂ 1958 ਤੱਕ ਪਾਕਿਸਤਾਨ ’ਚ ਪ੍ਰਧਾਨ ਮੰਤਰੀ ਤਾਸ਼ ਦੇ ਪੱਤਿਆਂ ਵਾਂਗ ਉੱਡਦੇ ਰਹੇ। ਇਕ ਪ੍ਰਧਾਨ ਮੰਤਰੀ ਸਿਰਫ 2 ਮਹੀਨੇ ਰਿਹਾ ਅਤੇ ਅਖੀਰ ਅਰਾਜਕਤਾ ਤੇ ਅਵਿਵਸਥਾ ਫੈਲਣ ਨਾਲ ਫੌਜੀ ਜਰਨੈਲ ਅਯੂਬ ਖਾਨ ਪ੍ਰਜਾਤੰਤਰ ਨੂੰ ਪੈਰਾਂ ਹੇਠ ਦਰੜ ਕੇ ਖੁਦ ਹਾਕਮ ਬਣ ਬੈਠਾ। ਉਸ ਦੇ ਬਾਅਦ ਯਾਹੀਆ ਖਾਨ, ਜ਼ਿਆ-ਉਲ-ਹੱਕ, ਪ੍ਰਵੇਜ਼ ਮੁਸ਼ੱਰਫ ਅਤੇ ਮੌਜੂਦਾ ਸਮੇਂ ’ਚ ਕਮਰ ਜਾਵੇਦ ਬਾਜਵਾ ਅਪ੍ਰਤੱਖ ਤੌਰ ’ਤੇ ਸਭ ਤੋਂ ਉਪਰ ਹਨ। ਪਾਕਿਸਤਾਨ ’ਚ ਇਕ ਕਹਾਵਤ ਹੈ ਕਿ ਇੱਥੇ ਅੱਲ੍ਹਾ, ਅਮਰੀਕਾ ਅਤੇ ਆਰਮੀ ਦਾ ਹੀ ਬੋਲਬਾਲਾ ਹੈ।

ਇਮਰਾਨ ਖਾਨ ਦੇ ਸਾਢੇ 3 ਸਾਲਾਂ ਦੇ ਸ਼ਾਸਨਕਾਲ ’ਚ ਪਾਕਿਸਤਾਨ ’ਚ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ। ਆਟਾ, ਦਾਲਾਂ ਤੇ ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੂਹਣ ਲੱਗੇ ਅਤੇ ਲੋਕਾਂ ’ਚ ਹਾਹਾਕਾਰ ਮਚ ਗਈ। ਪਿਛਲੇ 6 ਮਹੀਨਿਆਂ ’ਚ ਮਹਿੰਗਾਈ ਦਰ 24.3 ਫੀਸਦੀ ਵਧ ਗਈ ਹੈ। ਪਾਕਿਸਤਾਨ 23.79 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਹੇਠ ਦੱਬਿਆ ਹੈ, ਜੋ ਉਸ ਦੀ ਜੀ. ਡੀ. ਪੀ. ਦਾ 43 ਫੀਸਦੀ ਹੈ ਅਤੇ ਰੋਜ਼ਾਨਾ 1400 ਕਰੋੜ ਰੁਪਏ ਦਾ ਕਰਜ਼ ਵਧ ਰਿਹਾ ਹੈ। ਇਮਰਾਨ ਖਾਨ ਦੀ ਸਰਕਾਰ ਨੇ ਜਿੰਨਾ ਕਰਜ਼ਾ ਸਾਢੇ 3 ਸਾਲਾਂ ’ਚ ਲਿਆ, ਓਨਾ 71 ਸਾਲਾਂ ’ਚ ਪਿਛਲੀਆਂ ਸਰਕਾਰਾਂ ਨੇ ਨਹੀਂ ਲਿਆ ਸੀ। ਇਮਰਾਨ ਖਾਨ ਦੇ ਸੱਤਾ ਸੰਭਾਲਦੇ ਸਮੇਂ ਇਕ ਡਾਲਰ ਪਾਕਿਸਤਾਨ ਦੇ 105 ਰੁਪਏ ਦੇ ਬਰਾਬਰ ਸੀ ਪਰ ਸੱਤਾ ਛੱਡਣ ਸਮੇਂ 1 ਡਾਲਰ 190 ਰੁਪਏ ਦੇ ਨੇੜੇ ਜਾ ਪਹੁੰਚਾ ਜਿਸ ਨਾਲ ਵਿਦੇਸ਼ੀ ਵਪਾਰ ’ਚ ਵੱਡੀਆਂ ਔਕੜਾਂ ਪੈਦਾ ਹੋ ਰਹੀਆਂ ਹਨ।

ਪਾਕਿਸਤਾਨ ’ਚ ਭ੍ਰਿਸ਼ਟਾਚਾਰ ਵੀ ਆਸਮਾਨ ਉਤੇ ਚੜ੍ਹ ਕੇ ਬੁਲੰਦ ਆਵਾਜ਼ ਨਾਲ ਲੋਕਾਂ ਨੂੰ ਲਲਕਾਰ ਰਿਹਾ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਅਨੁਸਾਰ ਇਸ ਸਾਲ ਪਾਕਿਸਤਾਨ 140ਵੇਂ ਸਥਾਨ ਉਤੇ ਪਹੁੰਚ ਗਿਆ ਹੈ ਜਦਕਿ ਇਸ ਤੋਂ ਪਹਿਲਾਂ 2018 ਵਿਚ ਵਿਸ਼ਵ ਪੱਧਰੀ ਕੁਰੱਪਸ਼ਨ ਪਰਸੈਪਸ਼ਨ ਇੰਡੈਕਸ ਵਿਚ ਇਹ 117ਵੇਂ ਨੰਬਰ ਉਤੇ ਸੀ। ਭ੍ਰਿਸ਼ਟਾਚਾਰ ਦੇ ਬਿਨਾਂ ਕੋਈ ਵੀ ਕੰਮ ਸੰਪੰਨ ਕਰਨਾ, ਆਸਮਾਨ ਛੂਹਣ ਤੋਂ ਘੱਟ ਨਹੀਂ। ਇਸ ਤਰ੍ਹਾਂ ਲੋਕਾਂ ’ਚ ਇਮਰਾਨ ਖਾਨ ਵਿਰੁੱਧ ਗੁੱਸਾ ਵਧਦਾ ਗਿਆ। ਹਾਲ ਹੀ ’ਚ ਇਕ ਸਰਵੇ ਅਨੁਸਾਰ ਪਾਕਿਸਤਾਨ ’ਚ 50 ਅਰਬ ਡਾਲਰ ਦਾ ਵਪਾਰਕ ਘਾਟਾ ਵੀ ਹੈ।

ਇਮਰਾਨ ਖਾਨ ਦੇ ਸ਼ਾਸਨਕਾਲ ਦੌਰਾਨ ਅਮਰੀਕਾ ਨਾਲ ਸਬੰਧ ਸੁਖਾਵੇਂ ਨਹੀਂ ਰਹੇ ਸਗੋਂ ਸੱਤਾ ਛੱਡਦੇ ਸਮੇਂ ਉਨ੍ਹਾਂ ਨੇ ਅਮਰੀਕਾ ’ਤੇ ਸਾਜ਼ਿਸ਼ ਦਾ ਦੋਸ਼ ਵੀ ਲਾਇਆ। ਇਮਰਾਨ ਖਾਨ ਨੇ ਯੂਕ੍ਰੇਨ-ਰੂਸ ਜੰਗ ਦੇ ਸ਼ੁਰੂਆਤੀ ਦੌਰ ’ਚ ਮਾਸਕੋ ਜਾ ਕੇ ਪੁਤਿਨ ਨਾਲ ਗੱਲਬਾਤ ਕੀਤੀ ਜਿਸ ਨੂੰ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਇਕ ਨਾਂਹਪੱਖੀ ਕਦਮ ਸਮਝਿਆ।       

ਪਾਕਿਸਤਾਨ ਦੀ ਬਦਕਿਸਮਤੀ ਇਹ ਹੈ ਕਿ ਉਸ ਨੇ ਆਪਣੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਨੂੰ ਨਜ਼ਰਅੰਦਾਜ਼ ਕਰ ਕੇ ਆਪਣੇ ਇਤਿਹਾਸ ਨੂੰ ਮੁਹੰਮਦ ਬਿਨ ਕਾਸਿਮ ਤੋਂ ਸ਼ੁਰੂ ਕੀਤਾ ਜਦਕਿ ਪਾਕਿਸਤਾਨ ’ਚ ਰਹਿਣ ਵਾਲੇ ਲੋਕ ਹਿੰਦੂ ਹੀ ਸਨ। ਸਮੇਂ-ਸਮੇਂ ’ਤੇ ਬਾਦਸ਼ਾਹਾਂ ਦੇ ਦਬਾਅ ’ਚ ਹਿੰਦੂ ਮੁਸਲਮਾਨ ਬਣਦੇ ਚਲੇ ਗਏ ਪਰ ਉਨ੍ਹਾਂ ਦਾ ਸੱਭਿਆਚਾਰ ਭਾਰਤੀ ਉਪ ਮਹਾਦੀਪ ਦਾ ਹੈ, ਨਾ ਕਿ ਅਰਬਾਂ ਦਾ। ਇਹ ਪੁਰਾਣੇ ਭਾਰਤ ਦੀ ਹੀ ਔਲਾਦ ਹਨ। ਲੋਕ ਧਰਮ ਬਦਲਦੇ ਹੀ ਰਹਿੰਦੇ ਹਨ ਪਰ ਸੱਭਿਆਚਾਰ ਨਹੀਂ ਬਦਲਦੇ। ਪਾਕਿਸਤਾਨ ’ਚ ਧਾਰਮਿਕ ਕੱਟੜਵਾਦ ਤੇ ਅੱਤਵਾਦ ਦੇ ਵੱਡੇ-ਵੱਡੇ ਕੇਂਦਰ ਹਨ।

ਨਵੀਂ ਸਰਕਾਰ ਸਾਹਮਣੇ ਇਹ ਇਕ ਸੁਨਹਿਰੀ ਮੌਕਾ ਹੈ ਕਿ ਊਹ ਦੂਸਰੇ ਧਰਮਾਂ ਪ੍ਰਤੀ ਨਫਰਤ ਤੇ ਅੱਤਵਾਦ ਨੂੰ ਖਤਮ ਕਰ ਕੇ ਮਨੁੱਖਤਾਵਾਦੀ ਸੱਭਿਆਚਾਰ ਅਪਣਾਵੇ। ਪਾਕਿਸਤਾਨ ’ਚ ਆਜ਼ਾਦੀ ਦੇ ਸਮੇਂ 24 ਫੀਸਦੀ ਹਿੰਦੂ ਅਤੇ ਸਿੱਖ ਸਨ ਜੋ ਅੱਜ ਸਿਰਫ 1.5 ਫੀਸਦੀ ਰਹਿ ਗਏ ਹਨ। ਦੇਸ਼ ’ਚ ਸ਼ੀਆ, ਅਹਿਮਦੀਆ, ਈਸਾਈਆਂ, ਹਿੰਦੂਆਂ, ਸਿੱਖਾਂ ਅਤੇ ਹੋਰ ਘੱਟਗਿਣਤੀਆਂ ਨਾਲ ਵਿਵਹਾਰ ਕਾਬਿਲ-ਏ-ਇਤਰਾਜ਼ ਹੈ। ਭਾਰਤ-ਪਾਕਿ ਸਬੰਧਾਂ ਨੂੰ ਨਿੱਘੇ ਬਣਾਉਣ ਲਈ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 1999 ’ਚ ਦਿੱਲੀ-ਲਾਹੌਰ ਬੱਸ ਸੇਵਾ ਸ਼ੁਰੂ ਕੀਤੀ ਅਤੇ ਉਹ ਖੁਦ ਬੱਸ ’ਚ ਬੈਠ ਕੇ ਲਾਹੌਰ ਗਏ ਅਤੇ ਨਿਸ਼ਾਨ-ਏ-ਪਾਕਿ ’ਤੇ ਜਾ ਕੇ ਨਵਾਜ਼ ਸ਼ਰੀਫ ਨੂੰ ਮਿਲ ਕੇ ਕਿਹਾ ਦੋਸਤ ਬਦਲੇ ਜਾ ਸਕਦੇ ਹਨ ਪਰ ਗੁਆਂਢੀ ਨਹੀਂ। ਤੁਹਾਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਦਿੱਲੀ ਆਉਣ ਦੇ ਕੁਝ ਦਿਨ ਬਾਅਦ ਹੀ ਪਾਕਿਸਤਾਨ ਨੇ ਕਾਰਗਿਲ ’ਚ ਜੰਗ ਸ਼ੁਰੂ ਕਰ ਦਿੱਤੀ ਅਤੇ ਜਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਨਵਾਜ਼ ਸ਼ਰੀਫ ਨੂੰ ਹੌਟਲਾਈਨ ’ਤੇ ਇਸ ਦੀ ਜਾਣਕਾਰੀ ਦਿੱਤੀ ਤਾਂ ਉਹ ਹੈਰਾਨ ਰਹਿ ਗਏ ਪਰ ਕੁਝ ਨਹੀਂ ਕਰ ਸਕੇ। ਫਿਰ ਭਾਰਤੀ ਫੌਜ ਨੇ ਬਹਾਦਰੀ ਨਾਲ ਉਨ੍ਹਾਂ ਦਾ ਲੱਕ ਤੋੜ ਿਦੱਤਾ। 2015 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਬੁਲ ਤੋਂ ਲਾਹੌਰ ਜਾ ਪਹੁੰਚੇ ਅਤੇ ਨਵਾਜ਼ ਸ਼ਰੀਫ ਦੇ ਪਰਿਵਾਰਕ ਵਿਆਹ ’ਚ ਮੁਬਾਰਕਬਾਦ ਦੇਣ ਉਨ੍ਹਾਂ ਦੇ ਘਰ ਗਏ। ਇਹ ਹਕੀਕਤ ’ਚ ਦੋਵਾਂ ਦੇਸ਼ਾਂ ਦਰਮਿਆਨ ਨਿੱਘੇ ਸਬੰਧ ਬਣਾਉਣ ਦਾ ਪ੍ਰਧਾਨ ਮੰਤਰੀ ਦਾ ਆਪਣਾ ਅੰਦਾਜ਼ ਸੀ ਪਰ ਜਿਵੇਂ ਹੀ ਉਹ ਦਿੱਲੀ ਆਏ, ਪਾਕਿ ਟ੍ਰੇਂਡ ਅੱਤਵਾਦੀਆਂ ਨੇ ਪਠਾਨਕੋਟ ’ਚ ਹਮਲਾ ਕਰ ਦਿੱਤਾ।

ਪਾਕਿਸਤਾਨ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇਕ ਨਵੇਂ ਪਾਕਿਸਤਾਨ ਦੇ ਨਿਰਮਾਣ ਲਈ ਨਵੀਂ ਕੂਟਨੀਤੀ ਅਤੇ ਸਿਆਸਤ ਅਪਣਾਉਣੀ ਹੋਵੇਗੀ ਤੇ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਮਾਹੌਲ ਸਥਾਪਿਤ ਕਰਨਾ ਹੋਵੇਗਾ ਖਾਸ ਕਰ ਕੇ ਭਾਰਤ ਨਾਲ। ਇਸ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਸ਼ਾਹਬਾਜ਼ ਸ਼ਰੀਫ 3 ਵਾਰ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਸਿਆਸਤ ਦਾ ਉਨ੍ਹਾਂ ਨੂੰ ਲੰਬਾ ਤਜਰਬਾ ਵੀ ਹੈ ਪਰ ਕੁਝ ਪਾਰਟੀਆਂ ਦੀ ਜਿਸ ਸਰਕਾਰ ਦੀ ਉਹ ਅਗਵਾਈ ਕਰ ਰਹੇ ਹਨ ਇਨ੍ਹਾਂ ਨੂੰ ਇਕੱਠੇ ਰੱਖਣਾ ਅਸੰਭਵ ਤਾਂ ਨਹੀਂ ਪਰ ਮੁਸ਼ਕਲ ਜ਼ਰੂਰ ਹੈ ਕਿਉਂਕਿ ਮੰਤਰੀ ਮੰਡਲ ਬਣਦੇ ਹੀ ਆਪਸੀ ਮਤਭੇਦਾਂ ਦੀਆਂ ਲਕੀਰਾਂ ਨਜ਼ਰ ਆ ਰਹੀਆਂ ਹਨ। ਪਾਕਿਸਤਾਨ ’ਚ ਬਿਲਾਵਲ ਭੁੱਟੋ ਨਵੇਂ ਵਿਦੇਸ਼ ਮੰਤਰੀ ਬਣੇ ਹਨ, ਜਿਸ ਦੇ ਨਾਨਾ ਜ਼ੁਲਫਿਕਾਰ ਅਲੀ ਭੁੱਟੋ ਨੇ ਭਾਰਤ ਨਾਲ 1972 ’ਚ ਸ਼ਿਮਲਾ ਸਮਝੌਤਾ ਕੀਤਾ ਸੀ। ਉਨ੍ਹਾਂ ਨਾਲ ਉਨ੍ਹਾਂ ਦੀ ਮਾਤਾ ਬੇਨਜ਼ੀਰ ਭੁੱਟੋ ਵੀ ਆਈ ਸੀ। ਇਸ ਤਰ੍ਹਾਂ ਭੁੱਟੋ ਪਰਿਵਾਰ ਭਾਰਤ ਦੀ ਉਦਾਰਵਾਦਿਤਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਦੋਵਾਂ ਦੇਸ਼ਾਂ ਦੇ ਨਿੱਘੇ ਸਬੰਧਾਂ ਨਾਲ ਸ਼ਾਂਤੀ ਅਤੇ ਖੁਸ਼ਹਾਲੀ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।

ਪ੍ਰੋ. ਦਰਬਾਰੀ ਲਾਲ, ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ


Karan Kumar

Content Editor

Related News