ਅਨੇਕ ਦੇਸ਼ਾਂ ''ਚ ਹਿੰਸਾ ਦੇ ਕਾਰਨ ''ਘਰਾਂ ''ਚੋਂ ਦੌੜ ਰਹੇ ਕਰੋੜਾਂ ਲੋਕ''

06/23/2019 4:10:03 AM

ਅੱਜ ਵਿਸ਼ਵ ਦੇ ਅਨੇਕ ਦੇਸ਼ ਅਰਾਜਕਤਾ, ਅੱਤਵਾਦ ਅਤੇ ਹਿੰਸਾ ਦੀ ਲਪੇਟ 'ਚ ਆਏ ਹੋਏ ਹਨ। ਇਸ ਬਿਨਾਂ ਬੁਲਾਈ ਮੌਤ ਤੋਂ ਡਰ ਕੇ ਵਿਸ਼ਵ ਦੇ ਅਨੇਕ ਦੇਸ਼ਾਂ 'ਚੋਂ ਵੱਡੀ ਗਿਣਤੀ 'ਚ ਲੋਕ ਆਪਣੇ ਘਰਾਂ ਨੂੰ ਛੱਡ ਕੇ ਦੌੜ ਰਹੇ ਹਨ ਅਤੇ ਹਿਜਰਤਕਾਰੀਆਂ ਅਤੇ ਸ਼ਰਨਾਰਥੀਆਂ ਦਾ ਜੀਵਨ ਗੁਜ਼ਾਰਨ ਲਈ ਮਜਬੂਰ ਹਨ :

* 13 ਜੂਨ ਨੂੰ ਅਫਗਾਨਿਸਤਾਨ ਦੇ ਜਲਾਲਾਬਾਦ 'ਚ ਪੁਲਸ 'ਤੇ ਕੀਤੇ ਗਏ ਆਤਮਘਾਤੀ ਹਮਲੇ 'ਚ 9 ਲੋਕ ਮਾਰੇ ਗਏ।
* 13 ਜੂਨ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਨਾਈਜੀਰੀਆ ਦੇ 8 ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ 'ਚ 40 ਲੋਕਾਂ ਦੀ ਹੱਤਿਆ ਕਰ ਦਿੱਤੀ।
* 15 ਜੂਨ ਨੂੰ ਯੁੱਧਗ੍ਰਸਤ ਉੱਤਰ-ਪੱਛਮੀ ਸੀਰੀਆ 'ਚ ਮਾਸਕੋ ਵਲੋਂ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਬੰਬ ਵਰਖਾ ਕਾਰਨ ਘੱਟੋ-ਘੱਟ 28 ਲੋਕ ਮਾਰੇ ਗਏ।
* 15 ਜੂਨ ਨੂੰ ਲੀਬੀਆ ਦੀ ਬਾਗੀ ਫੌਜ ਵਲੋਂ ਰਾਜਧਾਨੀ ਤ੍ਰਿਪੋਲੀ ਦੇ ਪੂਰਬੀ ਹਿੱਸੇ 'ਚ ਸੰਯੁਕਤ ਰਾਸ਼ਟਰ ਸਮਰਥਿਤ ਸਰਕਾਰ ਦੀ ਫੌਜ ਦੇ ਅਸਲਾ ਭੰਡਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ 9 ਲੋਕਾਂ ਦੀ ਮੌਤ ਹੋ ਗਈ।
* 21 ਜੂਨ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਦੇ ਪੂਰਬੀ ਹਿੱਸੇ 'ਚ ਇਕ ਮਸਜਿਦ 'ਚ ਧਮਾਕੇ ਦੇ ਸਿੱਟੇ ਵਜੋਂ 10 ਲੋਕਾਂ ਦੀ ਮੌਤ ਅਤੇ 30 ਜ਼ਖ਼ਮੀ ਹੋ ਗਏ।

ਇਹੋ ਨਹੀਂ, ਉਕਤ ਦੇਸ਼ਾਂ ਤੋਂ ਇਲਾਵਾ ਦੱਖਣੀ ਸੂਡਾਨ, ਮਿਆਂਮਾਰ, ਸੋਮਾਲੀਆ ਆਦਿ ਦੇਸ਼ਾਂ 'ਚੋਂ ਵੀ ਉਥੇ ਜਾਰੀ ਹਿੰਸਾ, ਤਸ਼ੱਦਦ ਅਤੇ ਜੰਗ ਕਾਰਨ ਹਿਜਰਤ ਹੋ ਰਹੀ ਹੈ ਅਤੇ ਉਪਰੋਕਤ ਘਟਨਾਵਾਂ ਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਇਨ੍ਹਾਂ ਦੇ ਕਾਰਨ ਵਿਸ਼ਵ ਭਰ 'ਚ ਹਿਜਰਤ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਧ ਕੇ 7.08 ਕਰੋੜ ਹੋ ਗਈ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ।
ਇਕੱਲੇ ਸਾਲ 2018 'ਚ ਹੀ 1.36 ਕਰੋੜ ਲੋਕ ਆਪਣੇ ਘਰ-ਬਾਰ ਛੱਡ ਕੇ ਦੂਜੀਆਂ ਥਾਵਾਂ 'ਤੇ ਸ਼ਰਨਾਰਥੀਆਂ ਦੇ ਤੌਰ 'ਤੇ ਰਹਿਣ ਲਈ ਮਜਬੂਰ ਹੋ ਗਏ ਅਤੇ ਇਹ ਗਿਣਤੀ ਸਾਲ 2017 ਦੀ ਤੁਲਨਾ 'ਚ 23 ਲੱਖ ਵੱਧ ਹੈ।
ਹਿੰਸਾ ਦੇ ਕਾਰਨ ਵਿਸ਼ਵ 'ਚ ਆਪਣੇ ਘਰਾਂ 'ਚੋਂ ਦੌੜਨ ਵਾਲੇ ਲੋਕਾਂ ਦੀ ਇੰਨੀ ਵੱਡੀ ਗਿਣਤੀ ਦਰਸਾਉਂਦੀ ਹੈ ਕਿ ਅੱਜ ਅਰਾਜਕਤਾਵਾਦੀ ਸ਼ਕਤੀਆਂ ਸ਼ਾਂਤੀ ਅਤੇ ਸਹਿਹੋਂਦ ਲਈ ਲਗਾਤਾਰ ਖਤਰਾ ਬਣੀਆਂ ਹੋਈਆਂ ਹਨ।
ਲਿਹਾਜ਼ਾ ਜਦੋਂ ਤਕ ਵਿਸ਼ਵ ਨੂੰ ਸੱਚਮੁਚ ਰਹਿਣਯੋਗ ਬਣਾਉਣ ਲਈ ਇਨ੍ਹਾਂ ਅਰਾਜਕਤਾਵਾਦੀ ਸ਼ਕਤੀਆਂ ਨੂੰ ਇਸ ਸਮੱਸਿਆ ਤੋਂ ਪੀੜਤ ਦੇਸ਼ਾਂ ਦੀਆਂ ਸਰਕਾਰਾਂ ਆਪਸੀ ਤਾਲਮੇਲ ਨਾਲ ਕੁਚਲਣ ਦਾ ਸਾਂਝਾ ਯਤਨ ਨਹੀਂ ਕਰਨਗੀਆਂ, ਉਦੋਂ ਤਕ ਇਸ ਸਮੱਸਿਆ ਤੋਂ ਮੁਕਤੀ ਹਾਸਿਲ ਕਰਨਾ ਮੁਸ਼ਕਿਲ ਹੀ ਹੈ।

                                                                                            –ਵਿਜੇ ਕੁਮਾਰ


KamalJeet Singh

Content Editor

Related News