ਬਲਾਤਕਾਰੀਆਂ ਨੂੰ ਫਾਂਸੀ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇ

03/23/2019 7:20:53 AM

ਦੇਸ਼ 'ਚ ਨਾਰੀ ਜਾਤੀ ਦੀ ਸੁਰੱਖਿਆ ਲਗਾਤਾਰ ਖਤਰੇ 'ਚ ਚੱਲ ਰਹੀ ਹੈ ਤੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਬੱਚੀਆਂ, ਔਰਤਾਂ ਤੇ ਬਜ਼ੁਰਗ ਔਰਤਾਂ ਦੀ ਇੱਜ਼ਤ ਖਤਰੇ 'ਚ ਹੈ। ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਹ ਹੇਠਾਂ ਦਰਜ ਸਿਰਫ 8 ਦਿਨਾਂ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 14 ਮਾਰਚ ਨੂੰ ਮਾਨੇਸਰ 'ਚ ਇਕ 14 ਸਾਲਾ ਨਾਬਾਲਗਾ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
* 15 ਮਾਰਚ ਨੂੰ ਕਰਨਾਲ ਜ਼ਿਲੇ ਦੇ ਘਰੌਂਡਾ 'ਚ 2 ਨਾਬਾਲਗਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇਕ 40 ਸਾਲਾ ਵਿਅਕਤੀ ਨੂੰ ਫੜਿਆ ਗਿਆ।
* 15 ਮਾਰਚ ਨੂੰ ਕਰਨਾਲ 'ਚ ਇਕ 40 ਸਾਲਾ ਪ੍ਰਵਾਸੀ ਨੂੰ ਆਪਣੀ ਪੇਕੇ ਗਈ  ਹੋਈ ਪਤਨੀ ਦੀ ਗੈਰ-ਮੌਜੂਦਗੀ 'ਚ ਕੋਈ ਨਸ਼ੇ ਵਾਲੀ ਚੀਜ਼ ਖੁਆ ਕੇ 13 ਸਾਲਾ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਕਾਬੂ ਕੀਤਾ  ਗਿਆ।
* 15 ਮਾਰਚ ਨੂੰ ਹੀ ਬਲੀਆ 'ਚ ਇਕ ਨੌਜਵਾਨ 11 ਸਾਲਾ ਇਕ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਖੇਤਾਂ 'ਚ ਰੋਂਦੀ-ਵਿਲਕਦੀ ਛੱਡ ਕੇ ਭੱਜ ਗਿਆ।
* 16 ਮਾਰਚ ਨੂੰ ਜਗਾਧਰੀ ਦੀ 13 ਸਾਲਾ ਨਾਬਾਲਗਾ ਨੂੰ ਇਲਾਜ ਲਈ ਪੀ. ਜੀ. ਆਈ. 'ਚ ਦਾਖਲ ਕਰਵਾਇਆ ਗਿਆ ਤਾਂ ਉਹ 21 ਹਫਤਿਆਂ ਦੀ ਗਰਭਵਤੀ ਨਿਕਲੀ। ਉਸ ਨਾਲ ਬਲਾਤਕਾਰ ਦੇ ਦੋਸ਼ ਹੇਠ 3 ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। 
* 16 ਮਾਰਚ ਨੂੰ ਹੀ ਹਿਸਾਰ ਦੇ ਪਿੰਡ 'ਚ ਇਕੱਲੀ ਰਹਿੰਦੀ 65 ਸਾਲਾ ਬਜ਼ੁਰਗ ਔਰਤ ਨਾਲ ਬਲਾਤਕਾਰ ਦੇ ਯਤਨ 'ਚ ਅਸਫਲ ਰਹਿਣ 'ਤੇ ਦੋਸ਼ੀ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। 
* 16 ਮਾਰਚ ਨੂੰ ਹੀ ਗੁੜਗਾਓਂ 'ਚ ਇਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਗੁਆਂਢੀ ਦੀ 15 ਸਾਲਾ ਧੀ ਨੂੰ ਬਹਾਨੇ ਨਾਲ ਆਪਣੇ ਕਮਰੇ 'ਚ ਬੁਲਾ ਕੇ ਉਸ ਦੀ ਇੱਜ਼ਤ ਲੁੱਟ ਲਈ।
* 17 ਮਾਰਚ ਨੂੰ ਦਾਣਾ ਮੰਡੀ ਫਿਰੋਜ਼ਪੁਰ ਨੇੜੇ ਇਕ ਅੱਲ੍ਹੜ ਨੇ ਆਪਣੀ ਗੁਆਂਢਣ 8 ਸਾਲਾ  ਬੱਚੀ ਨੂੰ ਕਮਰੇ 'ਚ ਬੰਦ ਕਰ ਕੇ ਉਸ ਨਾਲ ਬਲਾਤਕਾਰ ਕੀਤਾ। 
* 17 ਮਾਰਚ ਨੂੰ ਹੀ ਸੋਲਨ ਪੁਲਸ ਨੇ ਹਸਪਤਾਲ 'ਚ ਬੱਚੇ ਨੂੰ ਜਨਮ ਦੇਣ ਵਾਲੀ ਇਕ ਨਾਬਾਲਗਾ ਨਾਲ ਬਲਾਤਕਾਰ ਦਾ ਮਾਮਲਾ ਦਰਜ ਕੀਤਾ। 
* 17 ਮਾਰਚ ਨੂੰ ਹੀ ਮੁਜ਼ੱਫਰਨਗਰ ਦੇ ਪਿੰਡ 'ਚ 5 ਨੌਜਵਾਨਾਂ ਨੇ ਇਕ 17 ਸਾਲਾ ਨਾਬਾਲਗਾ ਨਾਲ ਬਲਾਤਕਾਰ ਕਰਨ ਦੇ ਨਾਲ ਹੀ ਅਪਰਾਧ ਦਾ ਵੀਡੀਓ ਵੀ ਬਣਾਇਆ।
* 18 ਮਾਰਚ ਨੂੰ ਲੁਧਿਆਣਾ ਦੇ ਪਿੰਡ ਰਾਮਗੜ੍ਹ 'ਚ 3 ਨੌਜਵਾਨਾਂ ਨੇ ਮਾਨਸਿਕ ਤੌਰ 'ਤੇ ਕਮਜ਼ੋਰ 18 ਸਾਲਾ ਮੁਟਿਆਰ ਨਾਲ ਸਮੂਹਿਕ ਬਲਾਤਕਾਰ ਕੀਤਾ।
* 18 ਮਾਰਚ ਨੂੰ ਹੀ ਨੋਇਡਾ ਦੇ ਛਲੇਰਾ ਪਿੰਡ 'ਚ ਰਹਿਣ ਵਾਲੀ ਇਕ ਔਰਤ ਨਾਲ ਉਸ ਦੇ ਮਕਾਨ ਮਾਲਕ ਨੇ ਜ਼ਬਰਦਸਤੀ ਸ਼ਰਾਬ ਪਿਆ ਕੇ ਬਲਾਤਕਾਰ ਕੀਤਾ।
* 18 ਮਾਰਚ ਨੂੰ ਹੀ ਮੰਡੀ  ਪੁਲਸ ਨੇ ਇਕ ਨੌਜਵਾਨ ਨੂੰ ਆਪਣੇ ਗੁਆਂਢ 'ਚ ਰਹਿਣ ਵਾਲੀ 18 ਸਾਲਾ ਮੁਟਿਆਰ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਫੜਿਆ। 
* 19 ਮਾਰਚ ਨੂੰ ਗੁਰਦਾਸਪੁਰ ਨੇੜਲੇ ਪਿੰਡ ਕੋਟਲੀ ਹਰਚੰਦਾ 'ਚ ਇਕ ਮਜ਼ਦੂਰ ਨੇ ਘਰ 'ਚ ਇਕੱਲੀ ਰਹਿਣ ਵਾਲੀ 85 ਸਾਲਾ ਬਜ਼ੁਰਗ ਵਿਧਵਾ ਨਾਲ ਬਲਾਤਕਾਰ ਕਰਨ ਤੋਂ ਬਾਅਦ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
* 19 ਮਾਰਚ ਨੂੰ ਹੀ ਮੱਧ ਪ੍ਰਦੇਸ਼ ਦੇ ਸਾਗਰ 'ਚ ਇਕ 12 ਸਾਲਾ ਲੜਕੀ ਨਾਲ ਬਲਾਤਕਾਰ ਤੇ ਉਸ ਦੀ ਹੱਤਿਆ ਦੇ ਸਿਲਸਿਲੇ 'ਚ ਬੱਚੀ ਦੇ 3 ਭਰਾਵਾਂ, ਚਾਚੇ ਅਤੇ ਚਾਚੀ ਨੂੰ ਗ੍ਰਿਫਤਾਰ ਕੀਤਾ ਗਿਆ।
* 20 ਮਾਰਚ ਨੂੰ ਨਵੀਂ ਦਿੱਲੀ 'ਚ ਇਕ ਬਾਬੇ ਵਲੋਂ 41 ਸਾਲਾ ਔਰਤ ਨਾਲ ਉਸ ਦੇ 10 ਸਾਲਾ ਬੇਟੇ ਦਾ ਕੈਂਸਰ ਝਾੜ-ਫੂਕ ਨਾਲ ਠੀਕ ਕਰਨ ਦੇ ਨਾਂ 'ਤੇ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਬਾਅਦ 'ਚ ਮੌਤ ਹੋ ਗਈ। ਬਾਬੇ ਨੇ ਪੀੜਤਾ ਤੇ ਉਸ ਦੇ ਪਤੀ ਤੋਂ 3.6 ਲੱਖ ਰੁਪਏ ਵੀ ਬਟੋਰ ਲਏ।
* 21 ਮਾਰਚ ਨੂੰ ਮੱਧ ਪ੍ਰਦੇਸ਼ ਦੇ ਸ਼ਯੋਪੁਰ 'ਚ ਇਕ ਮੁਟਿਆਰ ਨਾਲ ਨਾਮਜ਼ਦ ਦੋਸ਼ੀ ਨੇ ਬਲਾਤਕਾਰ ਕਰ ਕੇ ਉਸ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ।
* 22 ਮਾਰਚ ਨੂੰ ਹੈਦਰਾਬਾਦ ਨੇੜੇ ਰੇਲਵੇ ਟਰੈਕ 'ਤੇ 6 ਸਾਲਾ ਬੱਚੀ ਦੀ ਲਾਸ਼ ਮਿਲੀ। ਪੁਲਸ ਮੁਤਾਬਿਕ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ।
ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤਕ ਨਾਲ ਕੀਤੇ ਜਾਣ ਵਾਲੇ ਬਲਾਤਕਾਰ ਦੇ ਅਜਿਹੇ ਹੀ ਘਿਨਾਉਣੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਰੋਹਤਕ 'ਚ ਇਕ ਨੇਪਾਲੀ ਔਰਤ ਨਾਲ 2015 'ਚ ਕੀਤੇ  ਗਏ ਸਮੂਹਿਕ ਬਲਾਤਕਾਰ ਤੇ ਹੱਤਿਆ ਦੇ 7 ਦੋਸ਼ੀਆਂ ਨੂੰ ਹੇਠਲੀ ਅਦਾਲਤ ਵਲੋਂ ਦਿੱਤੀ ਗਈ ਮੌਤ ਦੀ ਸਜ਼ਾ ਨਾਕਾਫੀ ਦੱਸਦਿਆਂ ਉਨ੍ਹਾਂ ਨੂੰ 50 ਲੱਖ ਰੁਪਏ ਦਾ ਵਾਧੂ ਜੁਰਮਾਨਾ ਲਾਇਆ ਹੈ। 
ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਹੈ ਕਿ ਮੌਤ ਦੀ ਸਜ਼ਾ ਵਰਗੀਆਂ ਸਖਤ ਵਿਵਸਥਾਵਾਂ ਹੋਣ ਦੇ ਬਾਵਜੂਦ ਲੋਕ ਅਪਰਾਧਾਂ ਤੋਂ ਬਾਜ਼ ਨਹੀਂ ਆ ਰਹੇ, ਇਸ ਲਈ ਅਪਰਾਧੀਆਂ ਨੂੰ ਹੋਰ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤੇ ਇਹ ਰਕਮ ਦੋਸ਼ੀਆਂ ਦੀ ਅਚੱਲ ਜਾਇਦਾਦ ਕੁਰਕ ਕਰ ਕੇ ਜਾਂ ਵੇਚ ਕੇ ਵਸੂਲੀ ਜਾਵੇ। 
ਜਿਸ ਤਰ੍ਹਾਂ ਪੰਜਾਬ-ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਏ. ਬੀ. ਚੌਧਰੀ ਅਤੇ ਸੁਰਿੰਦਰ ਗੁਪਤਾ ਨੇ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇ ਨਾਲ-ਨਾਲ ਭਾਰੀ ਆਰਥਿਕ ਜੁਰਮਾਨਾ ਲਾਇਆ ਹੈ, ਅਜਿਹੀ ਹੀ ਸਿੱਖਿਆਦਾਇਕ ਅਤੇ ਸਖਤ ਸਜ਼ਾ ਬਲਾਤਕਾਰ ਦੇ ਹੋਰਨਾਂ ਮਾਮਲਿਆਂ 'ਚ ਵੀ ਦੋਸ਼ੀਆਂ ਨੂੰ ਦੇਣੀ ਚਾਹੀਦੀ ਹੈ, ਤਾਂ ਹੀ ਦੇਸ਼ 'ਚ ਬਲਾਤਕਾਰਾਂ ਦੀ ਹਨੇਰੀ 'ਤੇ ਕੁਝ ਰੋਕ ਲੱਗ ਸਕੇਗੀ।                  –ਵਿਜੇ ਕੁਮਾਰ

Bharat Thapa

This news is Content Editor Bharat Thapa