ਸਾਰੇ ਧਰਮਾਂ ਦੇ ''ਕੁਝ ਧਰਮ ਗੁਰੂ'' ਕਰ ਰਹੇ ''ਬਲਾਤਕਾਰ ਅਤੇ ਯੌਨ ਸ਼ੋਸ਼ਣ''

01/25/2020 1:16:04 AM

ਸੰਤ ਅਤੇ ਮਹਾਤਮਾ ਦੇਸ਼ ਅਤੇ ਸਮਾਜ ਨੂੰ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਪਰ ਕੁਝ ਅਖੌਤੀ ਸੰਤ-ਮਹਾਤਮਾ ਅਤੇ ਬਾਬੇ ਇਸ ਦੇ ਉਲਟ ਵਿਵਹਾਰ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਣ ਬਣ ਰਹੇ ਹਨ। ਇਹ ਬੁਰਾਈ ਕਿਸੇ ਇਕ ਧਰਮ ਦੇ ਸੰਤਾਂ ਅਤੇ ਬਾਬਿਆਂ ਜਾਂ ਭਾਰਤ ਤਕ ਹੀ ਸੀਮਤ ਨਹੀਂ ਹੈ, ਸਗੋਂ ਕਈ ਦੇਸ਼ਾਂ ਅਤੇ ਧਰਮਾਂ ਨਾਲ ਸਬੰਧਤ ਕੁਝ ਅਧਿਆਤਮਕ ਗੁਰੂ ਇਸ ਬੁਰਾਈ ਦਾ ਸ਼ਿਕਾਰ ਹੋ ਗਏ ਹਨ :

* 19 ਜੁਲਾਈ 2019 ਨੂੰ ਸੋਲਨ 'ਚ ਇਕ ਧਰਮ ਗੁਰੂ ਨੇ ਪੂਜਾ ਦੀ ਆੜ ਵਿਚ ਇਕ ਨਾਬਾਲਗ ਬੱਚੀ ਨਾਲ ਬਲਾਤਕਾਰ ਕੀਤਾ।

*  25 ਸਤੰਬਰ 2019 ਨੂੰ ਬੁਲੰਦਸ਼ਹਿਰ ਦੀ ਜ਼ਿਲਾ ਹੱਜ ਕਮੇਟੀ ਦੇ ਪ੍ਰਧਾਨ ਹਾਜ਼ੀ ਨੂਰ ਮੁਹੰਮਦ ਕੁਰੈਸ਼ੀ ਨੂੰ ਦੇਸੀ ਪਿਸਤੌਲ ਦੀ ਨੋਕ 'ਤੇ ਇਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਜੇਲ ਭੇਜਿਆ ਗਿਆ।

* 28 ਸਤੰਬਰ 2019 ਨੂੰ ਮੁੰਬਈ ਦੇ ਵਸਈ ਵਿਚ ਇਕ ਈਸਾਈ ਪ੍ਰਾਰਥਨਾ ਕੇਂਦਰ ਚਲਾਉਣ ਵਾਲੇ ਪਾਦਰੀ ਨੂੰ ਇਕ ਔਰਤ ਦੀ ਬੀਮਾਰੀ ਦਾ ਇਲਾਜ ਕਰਨ ਦੇ ਬਹਾਨੇ ਸੰਮੋਹਿਤ ਕਰ ਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਦੋਸ਼ 'ਚ ਫੜਿਆ ਗਿਆ।

*  06 ਅਕਤੂਬਰ 2019 ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਇਕ ਮਹਿਲਾ ਪੁਲਸ ਕਾਂਸਟੇਬਲ ਨੇ ਮਸਜਿਦ ਦੇ ਇਕ ਮੌਲਵੀ ਮੌਲਾਨਾ ਜ਼ੁਬੈਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਮੌਲਵੀ ਨੇ ਉਸ ਦੇ ਪਰਿਵਾਰ 'ਤੇ ਜਿੰਨ ਦਾ ਸਾਇਆ ਹੋਣ ਦੀ ਗੱਲ ਕਹਿ ਕੇ ਉਸ ਨੂੰ ਮਸਜਿਦ ਵਿਚ ਬੁਲਾਇਆ ਅਤੇ ਫਿਰ ਜਿੰਨ ਭਜਾਉਣ ਦੇ ਨਾਂ 'ਤੇ ਸਵਾ ਸਾਲ ਤਕ ਉਸ ਨਾਲ ਬਲਾਤਕਾਰ ਕਰਦਾ ਰਿਹਾ।

* 19 ਨਵੰਬਰ ਨੂੰ ਅਹਿਮਦਾਬਾਦ ਪੁਲਸ ਨੇ ਆਪੇ ਬਣੇ ਬਾਬੇ ਸਵਾਮੀ ਨਿੱਤਿਆਨੰਦ ਵਿਰੁੱਧ 2 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਦੇ ਦੋਸ਼ਾਂ 'ਚ ਕੇਸ ਦਰਜ ਕੀਤਾ। ਇਸ ਦਾ ਇਕ ਫਿਲਮ ਅਭਿਨੇਤਰੀ ਨਾਲ ਸੈਕਸ ਟੇਪ ਵੀ 2010 'ਚ ਵਾਇਰਲ ਹੋਇਆ ਸੀ।

* 20 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਦੌਰਾਲਾ ਥਾਣਾ ਖੇਤਰ ਵਿਚ ਇਕ ਬੱਚੀ ਨਾਲ ਬਲਾਤਕਾਰ ਦੇ ਮੁਲਜ਼ਮ ਪੁਜਾਰੀ ਨੂੰ ਜੇਲ ਭੇਜਿਆ ਗਿਆ।

* 24 ਨਵੰਬਰ ਨੂੰ ਅਰਜਨਟੀਨਾ ਦੇ ਇਕ ਕੈਥੋਲਿਕ ਚਰਚ ਵਿਚ ਬੋਲ਼ੇ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮੈਂਡੋਜਾ ਦੇ ਦੋ ਪਾਦਰੀਆਂ 'ਚੋਂ ਇਕ 83 ਸਾਲਾ ਪਾਦਰੀ ਨੂੰ 42 ਸਾਲ ਅਤੇ ਦੂਜੇ 49 ਸਾਲਾ ਪਾਦਰੀ ਨੂੰ 45 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

* 12 ਦਸੰਬਰ ਨੂੰ ਮੱਧ ਪ੍ਰਦੇਸ਼ ਵਿਚ ਸਤਨਾ ਜ਼ਿਲੇ ਦੇ ਮੈਹਰ ਪਿੰਡ ਵਿਚ ਇਕ ਪੁਜਾਰੀ ਨੂੰ ਇਕ ਹੀ ਪਰਿਵਾਰ ਦੀਆਂ 3 ਸਕੀਆਂ ਭੈਣਾਂ ਨੂੰ ਅਣਹੋਣੀ ਦਾ ਡਰ ਦਿਖਾ ਕੇ ਕਾਲਸਰਪ ਦੋਸ਼ ਤੋਂ ਮੁਕਤੀ ਦਿਵਾਉਣ, ਉਨ੍ਹਾਂ ਦੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਉਨ੍ਹਾਂ ਦੇ ਵਿਆਹ ਦਾ ਰਾਹ ਪੱਧਰਾ ਕਰਨ ਦੇ ਬਹਾਨੇ ਇਕੱਲੇ ਕਮਰੇ ਵਿਚ ਲਿਜਾ ਕੇ ਉਨ੍ਹਾਂ ਦੇ ਕੱਪੜੇ ਉਤਰਵਾ ਕੇ ਵਾਰੀ-ਵਾਰੀ ਉਨ੍ਹਾਂ ਨਾਲ ਹਵਸ ਮਿਟਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।

* 16 ਦਸੰਬਰ ਨੂੰ ਓਕਲਾਹਾਮਾ ਸਿਟੀ ਦੇ ਆਰਕਡਾਇਸਿਸ ਨੇ ਐਡਮੋਂਡ ਦੇ ਇਕ ਗਿਰਜਾਘਰ ਦੇ ਪਾਦਰੀ ਵਲੋਂ 18 ਸਾਲ ਪਹਿਲਾਂ ਕੀਤੇ ਗਏ ਇਕ 17 ਸਾਲਾ ਲੜਕੇ ਦੇ ਯੌਨ ਸ਼ੋਸ਼ਣ ਦਾ ਖੁਲਾਸਾ ਕੀਤਾ।

* 20 ਦਸੰਬਰ ਨੂੰ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਵਿਚ ਇਕ ਡੇਰੇ ਦੇ ਸੰਚਾਲਕ ਜਸਬੀਰ ਸਿੰਘ ਉਰਫ਼ ਜੱਸਾ ਬਾਬਾ ਅਤੇ ਉਸ ਦੇ ਸਾਥੀ ਜਸਬੀਰ ਸਿੰਘ ਉਰਫ ਤੋਤੀ 'ਤੇ ਇਕ ਔਰਤ ਨੂੰ ਡਰਾ-ਧਮਕਾ ਕੇ ਉਸ ਦੇ ਨਾਲ 3 ਮਹੀਨਿਆਂ ਤਕ ਬਲਾਤਕਾਰ ਕਰਨ ਦੇ ਦੋਸ਼ ਵਿਚ ਫਿਰੋਜ਼ਪੁਰ ਪੁਲਸ ਨੇ ਕੇਸ ਦਰਜ ਕੀਤਾ।

* 22 ਦਸੰਬਰ ਨੂੰ ਪ੍ਰਕਾਸ਼ਿਤ ਰੋਮਨ ਕੈਥੋਲਿਕ ਚਰਚ ਦੀ ਅਤਿ-ਰੂੜੀਵਾਦੀ ਮੈਕਸੀਕਨ ਸ਼ਾਖਾ ਦੀ ਇਕ ਅੰਦਰੂਨੀ ਰਿਪੋਰਟ ਵਿਚ ਇਹ ਇੰਕਸ਼ਾਫ ਕੀਤਾ ਗਿਆ ਹੈ ਕਿ 1941 ਤੋਂ 16 ਦਸੰਬਰ 2019 ਵਿਚਾਲੇ ਇਸ ਨਾਲ ਜੁੜੇ 33 ਪਾਦਰੀਆਂ ਨੇ ਘੱਟੋ-ਘੱਟ 175 ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ। ਇਨ੍ਹਾਂ 'ਚੋਂ 'ਲੀਗਨਰੀਜ ਆਫ ਕ੍ਰਾਈਸਟ' ਦੇ ਸੰਸਥਾਪਕ ਮਾਰਸ਼ੀਅਲ ਮੈਸੀਏਲ ਨੇ ਘੱਟੋ-ਘੱਟ 60 ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ।

* ਅਤੇ ਹੁਣ 20 ਜਨਵਰੀ 2020 ਨੂੰ ਪਾਨੀਪਤ ਪੁਲਸ ਨੇ ਇਕ 7 ਸਾਲਾ ਮਾਸੂਮ ਦੇ ਯੌਨ ਸ਼ੋਸ਼ਣ ਦੇ ਦੋਸ਼ ਵਿਚ ਇਕ ਮਦਰੱਸੇ ਦੇ ਅਧਿਆਪਕ ਉਸਮਾਨ ਅਲੀ ਨੂੰ ਰੰਗੇ ਹੱਥੀਂ ਫੜ ਕੇ ਗ੍ਰਿਫਤਾਰ ਕੀਤਾ ਹੈ।

ਭਾਰਤੀ ਹੋਣ ਜਾਂ ਵਿਦੇਸ਼ੀ, ਅਜਿਹੇ ਕੁਝ ਕਥਿਤ ਧਰਮ ਗੁਰੂ ਜਨ-ਆਸਥਾ ਨਾਲ ਖਿਲਵਾੜ ਕਰ ਕੇ ਪਵਿੱਤਰ ਸੰਤ ਭੇਸ ਅਤੇ ਸੰਤ ਸਮਾਜ ਦੀ ਬਦਨਾਮੀ ਦਾ ਕਾਰਣ ਬਣ ਰਹੇ ਹਨ। ਜਿਸ ਤਰ੍ਹਾਂ ਅਰਜਨਟੀਨਾ ਵਿਚ 2 ਅਪਰਾਧੀਆਂ ਨੂੰ ਲੰਮੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਉਸੇ ਤਰ੍ਹਾਂ ਭਾਰਤ ਵਿਚ ਵੀ ਜਨ-ਆਸਥਾ ਨਾਲ ਖਿਲਵਾੜ ਕਰਨ ਵਾਲੇ ਬਾਬਿਆਂ ਨੂੰ ਅਜਿਹੀ ਹੀ ਸਖਤ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਤਾਂ ਕਿ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਸੰਤ ਸਮਾਜ ਦੀ ਬਦਨਾਮੀ ਨਾ ਹੋਵੇ।
ਵਿਸ਼ੇਸ਼ ਤੌਰ 'ਤੇ ਔਰਤਾਂ ਨੂੰ ਇਸ ਮਾਮਲੇ ਵਿਚ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ, ਜਿਨ੍ਹਾਂ ਦੇ ਭੋਲੇਪਣ ਦਾ ਕੁਝ ਢੌਂਗੀ ਬਾਬੇ ਅਕਸਰ ਅਣਉਚਿਤ ਲਾਭ ਉਠਾ ਕੇ ਉਨ੍ਹਾਂ ਦਾ ਜੀਵਨ ਨਰਕ ਬਣਾ ਰਹੇ ਹਨ।

                                                                                             —ਵਿਜੇ ਕੁਮਾਰ

KamalJeet Singh

This news is Content Editor KamalJeet Singh