ਬੱਚੀਆਂ ਨਾਲ ਬਲਾਤਕਾਰ ਹਰਿਆਣਾ ਹੋਇਆ ਸ਼ਰਮਸਾਰ

12/10/2017 7:37:47 AM

ਦੇਸ਼ 'ਚ ਔਰਤਾਂ ਦੇ ਨਾਲ-ਨਾਲ ਬੱਚੀਆਂ ਵਿਰੁੱਧ ਅਪਰਾਧਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੱਦ ਇਹ ਹੈ ਕਿ ਜਿਥੇ ਰਿਸ਼ਤੇਦਾਰ ਹੀ ਔਰਤਾਂ ਤੇ ਬੱਚੀਆਂ ਦਾ ਦਾਮਨ ਦਾਗ਼ਦਾਰ ਕਰ ਰਹੇ ਹਨ, ਉਥੇ ਹੀ ਗੁਆਂਢੀ ਵੀ ਸਾਰੀਆਂ ਮਾਣ-ਮਰਿਆਦਾਵਾਂ ਭੁੱਲ ਕੇ ਇਹੋ ਪਾਪ ਕਰ ਰਹੇ ਹਨ। ਇਸ ਦਾ ਜ਼ਿਕਰ ਅਸੀਂ ਆਪਣੇ 28 ਨਵੰਬਰ ਦੇ ਸੰਪਾਦਕੀ 'ਮੱਧ ਪ੍ਰਦੇਸ਼ 'ਚ ਬੱਚੀਆਂ ਨਾਲ ਬਲਾਤਕਾਰ : ਕੈਬਨਿਟ ਵਲੋਂ ਦੋਸ਼ੀਆਂ ਨੂੰ ਫਾਂਸੀ ਦਾ ਪ੍ਰਸਤਾਵ' ਵਿਚ ਕੀਤਾ ਸੀ। ਅਸਲ 'ਚ ਇਹ ਰੋਗ ਮੱਧ ਪ੍ਰਦੇਸ਼ ਤਕ ਹੀ ਨਹੀਂ, ਸਗੋਂ ਪੂਰੇ ਦੇਸ਼ 'ਚ ਮਹਾਮਾਰੀ ਵਾਂਗ ਫੈਲਿਆ ਹੋਇਆ ਹੈ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 08 ਨਵੰਬਰ ਨੂੰ ਸਾਹਿਬਾਬਾਦ ਦੇ ਇਕ ਸਕੂਲ ਵਿਚ ਦੂਜੀ ਜਮਾਤ ਦੀ ਵਿਦਿਆਰਥਣ ਨਾਲ ਸਕੂਲ ਦੇ ਟਾਇਲਟ ਅੰਦਰ ਬਲਾਤਕਾਰ ਕੀਤੇ ਜਾਣ ਤੇ ਬੱਚੀ ਦੇ ਗੁਪਤ ਅੰਗ ਵਿਚ ਰੋੜੇ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਬਲਾਤਕਾਰ ਕਰਨ ਦਾ ਦੋਸ਼ ਸਕੂਲ ਦੇ ਚੌਥੀ ਅਤੇ ਪੰਜਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀਆਂ 'ਤੇ ਹੈ। 
* 28 ਨਵੰਬਰ ਨੂੰ ਗੁਜਰਾਤ ਦੇ ਝਾਲਾਵਾੜ ਜ਼ਿਲੇ ਦੇ ਢਗ ਕਸਬੇ 'ਚ ਇਕ 10 ਸਾਲਾ ਬੱਚੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਪੁਲਸ ਅਧਿਕਾਰੀਆਂ ਮੁਤਾਬਿਕ ਇਹ ਬੱਚੀ 27 ਨਵੰਬਰ ਨੂੰ ਦੁਪਹਿਰੇ ਉਦੋਂ ਲਾਪਤਾ ਹੋ ਗਈ, ਜਦੋਂ ਉਹ ਆਪਣੇ ਪਿਤਾ ਨੂੰ ਖੇਤਾਂ 'ਚ ਰੋਟੀ ਦੇਣ ਗਈ ਹੋਈ ਸੀ। 
* 01 ਦਸੰਬਰ ਨੂੰ ਕੋਲਕਾਤਾ ਦੇ ਇਕ ਪ੍ਰਸਿੱਧ ਸਕੂਲ 'ਚ 4 ਸਾਲਾ ਮਾਸੂਮ ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ। ਦੋਸ਼ ਹੈ ਕਿ ਸਕੂਲ 'ਚ ਸਰੀਰਕ ਸਿੱਖਿਆ ਦੇ ਅਧਿਆਪਕ ਨੇ ਹੀ ਮਾਸੂਮ ਦਾ ਯੌਨ ਸ਼ੋਸ਼ਣ ਕੀਤਾ। ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਅਧਿਆਪਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 
* 04 ਦਸੰਬਰ ਨੂੰ ਰਾਜਧਾਨੀ ਦਿੱਲੀ ਦੇ ਨਰੇਲਾ ਇਲਾਕੇ 'ਚ ਇਕ 87 ਸਾਲਾ ਬਜ਼ੁਰਗ ਨੇ ਅਸਥਾਈ ਅੰਨ ਭੰਡਾਰ ਦੇ ਬਾਹਰ ਖੇਡ ਰਹੀ 8 ਵਰ੍ਹਿਆਂ ਦੀ ਬੱਚੀ ਨੂੰ ਲਾਲਚ ਦੇ ਕੇ ਉਸ ਨਾਲ ਬਲਾਤਕਾਰ ਕੀਤਾ।
* 05 ਦਸੰਬਰ ਨੂੰ ਲੁਧਿਆਣਾ ਵਿਚ ਪ੍ਰਤਾਪਸਿੰਘ ਵਾਲਾ ਦੇ ਦਸਮੇਸ਼ ਨਗਰ ਇਲਾਕੇ 'ਚ ਟਾਇਲਟ ਗਈ 8 ਸਾਲਾ ਇਕ ਮਾਸੂਮ ਬੱਚੀ ਨਾਲ ਉਸ ਦੇ ਗੁਆਂਢ ਵਿਚ ਰਹਿਣ ਵਾਲੇ 18 ਸਾਲਾ ਨੌਜਵਾਨ ਨੇ ਬਲਾਤਕਾਰ ਕੀਤਾ। 
* 06 ਦਸੰਬਰ ਨੂੰ ਬਿਹਾਰ ਵਿਚ ਪਟਨਾ ਦੇ ਦਾਨਾਪੁਰ ਖੇਤਰ 'ਚ 8 ਸਾਲਾ ਸਕੂਲੀ ਬੱਚੀ ਨਾਲ ਇਕ ਸਫਾਈ ਮੁਲਾਜ਼ਮ ਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ ਤੇ ਉਸ ਨਾਲ ਗਲਤ ਹਰਕਤ ਕੀਤੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 
* ਅਤੇ ਹੁਣ 8 ਦਸੰਬਰ ਨੂੰ ਹਰਿਆਣਾ 'ਚ ਹਿਸਾਰ ਦੇ ਉਕਲਾਨਾ ਵਿਖੇ 6 ਸਾਲਾ ਬੱਚੀ ਨਾਲ ਦਿੱਲੀ ਦੇ ਨਿਰਭਯਾ ਕਾਂਡ ਅਤੇ ਸ਼ਿਮਲਾ ਦੇ ਗੁੜੀਆ ਕੇਸ ਤੋਂ ਵੀ ਭਿਆਨਕ ਤੇ ਦਿਲ ਕੰਬਾ ਦੇਣ ਵਾਲੀ ਘਟਨਾ ਵਾਪਰੀ ਹੈ। 
ਗਰੀਬ ਪਰਿਵਾਰ ਦੀ ਧੀ ਨੂੰ ਦਰਿੰਦੇ ਨੇ ਚੁੱਕ ਲਿਆ ਤੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਬੱਚੀ ਦੇ ਨਾਜ਼ੁਕ ਅੰਗਾਂ 'ਤੇ ਵਾਰ ਕਰਦਿਆਂ ਨੋਚ-ਨੋਚ ਕੇ ਅਤੇ ਗੁਪਤ ਅੰਗ 'ਚ ਲੱਕੜੀ ਵਾੜ ਕੇ ਮਾਰ ਦਿੱਤਾ। ਬੱਚੀ ਦੇ ਸਰੀਰ 'ਤੇ ਜ਼ਖ਼ਮ ਮਿਲੇ ਹਨ। 
ਇਕ ਪਾਸੇ ਦੇਸ਼ ਭਰ ਵਿਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਨਾਅਰੇ ਲਾਏ ਜਾ ਰਹੇ ਹਨ ਤੇ ਦੂਜੇ ਪਾਸੇ ਬੱਚੀਆਂ 'ਤੇ ਘੋਰ ਅੱਤਿਆਚਾਰ ਹੋ ਰਹੇ ਹਨ। ਇਕੱਲੇ ਹਰਿਆਣਾ ਦੀ ਹੀ ਗੱਲ ਕਰੀਏ ਤਾਂ ਉਥੇ 2016 'ਚ ਬਲਾਤਕਾਰ ਦੇ 1189 ਕੇਸ ਹੋਏ, ਜਿਨ੍ਹਾਂ 'ਚ 6 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਤੋਂ ਲੈ ਕੇ 18 ਸਾਲ ਤਕ ਦੀਆਂ 518 ਬੱਚੀਆਂ ਨੂੰ ਸ਼ਿਕਾਰ ਬਣਾਇਆ ਗਿਆ, ਜਦਕਿ 18 ਸਾਲ ਤੋਂ 60 ਸਾਲ ਤੋਂ ਉੱਪਰ ਉਮਰ ਦੀਆਂ 671 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ।
ਮੱਧ ਪ੍ਰਦੇਸ਼ ਸਰਕਾਰ ਨੇ ਅਜਿਹੀਆਂ ਹੀ ਘਟਨਾਵਾਂ ਨੂੰ ਦੇਖਦਿਆਂ 12 ਸਾਲ ਤਕ ਦੀਆਂ ਬੱਚੀਆਂ ਨਾਲ ਵਧੀਕੀ ਕਰਨ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਦੇਣ ਨਾਲ ਸੰਬੰਧਤ ਦੰਡ ਵਿਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਹੈ। 
ਇਸ ਬਿੱਲ 'ਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ 'ਤੇ ਫਾਂਸੀ ਦੀ ਸਜ਼ਾ ਦੀ ਵਿਵਸਥਾ ਹੈ। ਇਸ ਲਈ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਇਸ ਨਾਲੋਂ ਵੀ ਕਠੋਰ ਕਾਨੂੰਨ ਬਣਾਉਣਾ ਚਾਹੀਦਾ ਹੈ, ਜਿਸ 'ਚ ਹਰੇਕ ਉਮਰ ਵਰਗ ਦੀਆਂ ਔਰਤਾਂ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਕਿ ਸਖਤ ਸਜ਼ਾ ਦੇ ਡਰੋਂ ਇਹ ਮਹਾਮਾਰੀ ਖਤਮ ਹੋ ਸਕੇ ਅਤੇ ਔਰਤਾਂ, ਬੱਚੀਆਂ ਸਮਾਜ 'ਚ ਸੁਰੱਖਿਅਤ ਘੁੰਮ-ਫਿਰ ਸਕਣ।                              
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra