ਰਾਜਸਥਾਨ ਦੀਅਾਂ ਚੋਣ ਦਿਲਚਸਪੀਅਾਂ ਹਨੀਮੂਨ ਪਹਿਲਾਂ, ਚੋਣਾਂ ਬਾਅਦ ’ਚ : ਸੁੰਦਰ ਸ਼ਮਸ਼ਾਨਘਾਟ ਨੇਤਾ ਦੀ ਗੱਡੀ ਦਾ ਪਿੱਛਾ ਕਰਨ ਦੇ ਚੱਕਰ ’ਚ ਕਟਵਾਇਆ ਚਲਾਨ

12/04/2018 6:17:37 AM

ਚੋਣਾਂ ਵਾਲੇ 5 ਸੂਬਿਅਾਂ ’ਚੋਂ 3 ਸੂਬਿਅਾਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਮਿਜ਼ੋਰਮ ’ਚ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਹੁਣ ਉਥੇ ਸਿਆਸੀ ਪਾਰਟੀਅਾਂ ਦੇ ਦਫਤਰਾਂ ’ਚ ਸੰਨਾਟਾ ਛਾਇਆ ਹੋਇਆ ਹੈ। 
ਦੂਜੇ ਪਾਸੇ ਰਾਜਸਥਾਨ ਅਤੇ ਤੇਲੰਗਾਨਾ ’ਚ ਸਿਆਸੀ ਗਹਿਮਾ-ਗਹਿਮੀ ਜੋਬਨ ’ਤੇ ਪਹੁੰਚ ਚੁੱਕੀ ਹੈ, ਜਿੱਥੇ 7 ਦਸੰਬਰ ਨੂੰ ਵੋਟਾਂ ਪੈਣਗੀਅਾਂ ਅਤੇ ਪੰਜਾਂ ਸੂਬਿਅਾਂ ਦੇ ਚੋਣ ਨਤੀਜੇ 11 ਦਸੰਬਰ ਨੂੰ ਆਉਣਗੇ। ਇਥੇ ਪੇਸ਼ ਹਨ ਰਾਜਸਥਾਨ ਦੀਅਾਂ ਚੋਣਾਂ ਦੀਅਾਂ ਦਿਲਚਸਪ ਗੱਲਾਂ :
* ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ’ਚ ਸੁਰੱਖਿਆ ਏਜੰਸੀਅਾਂ ਨੇ ਇਕ ਨੌਜਵਾਨ ਨੂੰ ਹਿਰਾਸਤ ’ਚ ਲਿਆ ਹੈ। ਪਿਛਲੇ ਦਿਨੀਂ ਜਦੋਂ ਵਸੁੰਧਰਾ ਰਾਜੇ ਜੋਧਪੁਰ ਦੇ ਦਿਹਾਤੀ ਖੇਤਰ ਦੇ ਦੌਰੇ ’ਤੇ ਸਨ, ਕਿਸੇ ਵਿਅਕਤੀ ਨੇ ਫੋਨ ਕਰ ਕੇ ਜੋਧਪੁਰ ਦੀ ਸਭਾ ’ਚ ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਸੀ। 
* ਰਾਜਸਥਾਨ ਦੇ ਸੀਕਰ ’ਚ ਜਨਮੇ ਅਤੇ ਮੁੰਬਈ ’ਚ ਜਾ ਵਸੇ ਕਰੋੜਪਤੀ ਵਪਾਰੀ ਵਾਹਿਦ ਚੌਹਾਨ ਨੂੰ ਚੋਣਾਂ ਲੜਨ ਦੀ ਇੱਛਾ ਸੀਕਰ ਖਿੱਚ ਲਿਆਈ। ਇਥੇ ਉਹ ਨਵੀਂ ਬਣੀ ਰਾਸ਼ਟਰੀ ਲੋਕਤੰਤਰਿਕ ਪਾਰਟੀ ਦੀ ਟਿਕਟ ’ਤੇ ਚੋਣਾਂ ਲੜ ਰਹੇ ਹਨ। 
ਸੀਕਰ ਦੇ ਲੋਕਾਂ ਲਈ ਸ਼੍ਰੀ ਚੌਹਾਨ ਅਜਨਬੀ ਨਹੀਂ ਹਨ ਕਿਉਂਕਿ ਇਥੇ ਉਨ੍ਹਾਂ ਵਲੋਂ ਸਥਾਪਿਤ ਕੰਨਿਆ ਮਹਾਵਿਦਿਆਲਿਆ ਚੱਲ ਰਿਹਾ ਹੈ। ਇਸ ਨੂੰ ਉਨ੍ਹਾਂ ਨੇ ਆਪਣਾ ਗੋਆ ਵਾਲਾ ਹੋਟਲ ਵੇਚ ਕੇ ਬਣਵਾਇਆ ਹੈ। ਇਥੇ ਸਾਰੇ ਭਾਈਚਾਰਿਅਾਂ ਦੀਅਾਂ ਕੁੜੀਅਾਂ ਪੜ੍ਹਦੀਅਾਂ ਹਨ ਤੇ ਨਰਸਰੀ ਤੋਂ ਲੈ ਕੇ ਗ੍ਰੈਜੂਏਸ਼ਨ ਤਕ ਕੁੜੀਅਾਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਕਿਤਾਬਾਂ ਤੇ ਵਰਦੀਅਾਂ ਵੀ ਮੁਫਤ ਦਿੱਤੀਅਾਂ ਜਾਂਦੀਅਾਂ ਹਨ। 
* ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ (ਭਾਜਪਾ) ਪਿਛਲੇ ਦਿਨੀਂ ਰਾਜਸਥਾਨ ਦੇ ਸ਼੍ਰੀਗੰਗਾਨਗਰ ’ਚ ਚੋਣ ਪ੍ਰਚਾਰ ਦੌਰਾਨ ਸੂਬੇ ਦੀ ਭਾਜਪਾ ਸਰਕਾਰ ਵਲੋਂ ਕੀਤੇ ਗਏ ਵਿਕਾਸ ਦੀ ਤਾਰੀਫ ਕੁਝ ਜ਼ਿਆਦਾ ਹੀ ਕਰ ਬੈਠੇ। ਉਨ੍ਹਾਂ ਕਿਹਾ, ‘‘ਰਾਜਸਥਾਨ ਦੇ ਸ਼ਮਸ਼ਾਨਘਾਟ ਇੰਨੇ ਸੁੰਦਰ ਹਨ ਕਿ ਮੇਰਾ ਇਥੇ ਹੀ ਮਰਨ ਨੂੰ ਦਿਲ ਕਰਦਾ ਹੈ।’’ 
* ਰਾਜਸਥਾਨ ਦੇ ਚੁਰੂ ਜ਼ਿਲੇ ’ਚ ਇਕ ਨੌਜਵਾਨ ਅਧਿਆਪਕ ਦਾ ਹੁਣੇ-ਹੁਣੇ ਵਿਆਹ ਹੋਇਆ ਹੈ। ਉਸ ਨੇ ਅਧਿਕਾਰੀਅਾਂ ਨੂੰ ਕਿਹਾ ਕਿ ਉਹ ਤਾਂ ਆਪਣੇ ਹਨੀਮੂਨ ਲਈ ਹਵਾਈ ਜਹਾਜ਼ ਦੀਅਾਂ ਟਿਕਟਾਂ ਵੀ ਖਰੀਦ ਚੁੱਕਾ ਹੈ। ਇਸ ਲਈ ਉਸ ਨੂੰ ਚੋਣ ਡਿਊਟੀ ਤੋਂ ਮੁਕਤ ਕੀਤਾ ਜਾਵੇ। ਅਧਿਕਾਰੀਅਾਂ ਨੇ ਉਸ ਦੀ ਅਪੀਲ ਸੁਣ ਲਈ ਤੇ ਉਸ ਨੂੰ ਚੋਣ ਡਿਊਟੀ ਤੋਂ ਛੁੱਟੀ ਮਿਲ ਗਈ।
* ਕਾਂਗਰਸ ਦੀ ਟਿਕਟ ਦੇ ਚਾਹਵਾਨਾਂ ਨੇ ਦਿੱਲੀ ਡੇਰਾ ਲਾਈ ਰੱਖਿਆ। ਜੈਪੁਰ ਤੋਂ ਕਾਂਗਰਸ ਦੀ ਟਿਕਟ ਦੀ ਚਾਹਵਾਨ ਇਕ ਔਰਤ ਵੀ ਇਥੇ ਆਈ ਹੋਈ ਸੀ। ਜਦੋਂ ਉਹ ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੂੰ ਮਿਲਣ ਕਾਂਗਰਸ ਭਵਨ ਗਈ ਤਾਂ ਉਸੇ ਸਮੇਂ ਸ਼੍ਰੀ ਗਹਿਲੋਤ ਉਥੋਂ ਨਿਕਲ ਕੇ ਕਾਰ ’ਚ ਬੈਠ ਕੇ ਕਿਤੇ ਚੱਲ ਪਏ।
ਇਸ ’ਤੇ ਉਕਤ ਔਰਤ ਨੇ ਆਪਣੀ ਟੈਕਸੀ ਸ਼੍ਰੀ ਗਹਿਲੋਤ ਦੀ ਕਾਰ ਦੇ ਪਿੱਛੇ ਲਾ  ਦਿੱਤੀ। ਇਕ ਚੌਕ ’ਚ ਜਦੋਂ ਗਹਿਲੋਤ ਦੀ ਕਾਰ ਹਰੀ ਬੱਤੀ ਪਾਰ ਕਰ ਕੇ ਨਿਕਲ ਗਈ ਤਾਂ ਔਰਤ ਦੀ ਟੈਕਸੀ ਦੇ ਡਰਾਈਵਰ ਨੇ ਇਸ ਦੀ ਪਰਵਾਹ ਨਾ ਕਰਦਿਅਾਂ ਲਾਲ ਬੱਤੀ ਟੱਪ ਲਈ ਤਾਂ ਕਿ ਸ਼੍ਰੀ ਗਹਿਲੋਤ ਦੀ ਕਾਰ ਦੂਰ ਨਾ ਨਿਕਲ ਜਾਵੇ ਪਰ ਚੌਕੰਨੇ ਪੁਲਸ ਵਾਲਿਅਾਂ ਨੇ ਉਸ ਨੂੰ ਰੋਕ ਲਿਆ ਤੇ ਚਲਾਨ ਕੱਟ ਕੇ ਹੱਥ ਫੜਾ ਦਿੱਤਾ। 
* ਰਾਜਸਥਾਨ ’ਚ ਭਾਜਪਾ ਅਤੇ ਇਸ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੱਡੀ ਗਿਣਤੀ ’ਚ ਡਾਕਟਰਾਂ ਨੂੰ ਟਿਕਟਾਂ ਦਿੱਤੀਅਾਂ ਹਨ। ਇਨ੍ਹਾਂ ’ਚ ਕਾਰਡੀਅਕ ਸਰਜਨ, ਰੇਡੀਓਥੈਰੇਪੀ ਮਾਹਿਰ ਤੇ ਫਿਜ਼ੀਸ਼ੀਅਨਾਂ ਤੋਂ ਇਲਾਵਾ ਪ੍ਰੋਫੈਸਰ ਅਤੇ ਡਾਕਟਰੇਟ ਦੇ ਡਿਗਰੀਧਾਰਕ ਸ਼ਾਮਿਲ ਹਨ, ਭਾਵ ਹੁਣ ਰੋਗੀਅਾਂ ਦੀ ਨਬਜ਼ ਪਛਾਣਨ ਦੇ ਨਾਲ-ਨਾਲ ਡਾਕਟਰ ਸਿਆਸਤਦਾਨ ਬਣ ਕੇ ਵੋਟਰਾਂ ਦੀ ਨਬਜ਼ ਦੀ ਜਾਂਚ ਵੀ ਕਰਨਗੇ। 
* ਸਿਆਸਤ ’ਚ ਪਰਿਵਾਰਵਾਦ ਨੂੰ ਸ਼ਹਿ ਨਾ ਦੇਣ ਦੀ ਆਪਣੀ ਨੀਤੀ ਤੋਂ ਪਿੱਛੇ ਹਟਦਿਅਾਂ ਭਾਜਪਾ ਨੇ ਰਾਜਸਥਾਨ ’ਚ ਕਈ ਪਾਰਟੀ ਆਗੂਅਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਦਿੱਤੀਅਾਂ ਹਨ। 
* ਭਾਜਪਾ ਤੋਂ ਨਾਰਾਜ਼ ਚੱਲ ਰਹੀ ਸ਼ਿਵ ਸੈਨਾ ਵੀ ਇਸ ਵਾਰ ਚੋਣਾਂ ’ਚ ਉਤਰੀ ਹੈ। ਇਸ ਨਾਲ ਭਾਜਪਾ ਤੇ ਕਾਂਗਰਸ ਦਾ ਚੋਣਾਵੀ ਸਮੀਕਰਨ ਵਿਗੜਨ ਦੀ ਸੰਭਾਵਨਾ ਹੈ। 
* ਭਾਜਪਾ ਹਾਈਕਮਾਨ ਵਲੋਂ ਟਿਕਟ ਦੇਣ ਤੋਂ ਇਨਕਾਰ ਕਰਨ ’ਤੇ ਰਾਜਸਥਾਨ ਦੇ ਪਾਣੀ ਦੇ ਸੋਮਿਅਾਂ ਬਾਰੇ ਕੈਬਨਿਟ ਮੰਤਰੀ ਸੁਰੇਂਦਰ ਗੋਇਲ ਨੇ ਆਪਣੇ ਸੈਂਕੜੇ ਸਮਰਥਕਾਂ ਨਾਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸੇ ਤਰ੍ਹਾਂ ਵਸੁੰਧਰਾ ਰਾਜੇ ਦੇ ਪਹਿਲੇ ਕਾਰਜਕਾਲ ਦੌਰਾਨ 9 ਵਾਰ ਵਿਧਾਇਕ ਰਹੀ ਸਾਬਕਾ ਵਿਧਾਨ ਸਭਾ ਸਪੀਕਰ ਸ਼੍ਰੀਮਤੀ ਸੁਮਿੱਤਰਾ ਸਿੰਘ ਭਾਜਪਾ ਤੋਂ ਅਸਤੀਫਾ ਦੇ ਕੇ ਕਾਂਗਰਸ ’ਚ ਸ਼ਾਮਿਲ ਹੋ ਗਈ। 
ਰਾਜਸਥਾਨ ਦੀਅਾਂ ਚੋਣਾਂ ’ਚ ਕੁਝ ਅਜਿਹੇ ਰੰਗ ਬਿਖਰੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚੋਣਾਂ ’ਚ ਊਠ ਕਿਸ ਕਰਵਟ ਬੈਠਦਾ ਹੈ ਅਤੇ ਕਿਸ ਦੇ ਹਿੱਸੇ ’ਚ ਖੁਸ਼ੀ ਤੇ ਕਿਸ ਦੇ ਹਿੱਸੇ ’ਚ ਗ਼ਮ ਆਉਂਦਾ ਹੈ।                                 

–ਵਿਜੇ ਕੁਮਾਰ