ਭਾਰਤ ਦੇ ਇਕ ਵੱਡੇ ਉਦਯੋਗਪਤੀ ਰਾਹੁਲ ਬਜਾਜ ਨੇ ਕੇਂਦਰ ਸਰਕਾਰ ਨੂੰ ਕਹੀਆਂ ਕੁਝ ‘ਦਿਲ ਦੀਆਂ ਗੱਲਾਂ’

12/03/2019 1:22:29 AM

ਪ੍ਰਸਿੱਧ ਉਦਯੋਗਪਤੀ ਅਤੇ ਬਜਾਜ ਸਮੂਹ ਦੇ ਚੇਅਰਮੈਨ ਰਾਹੁਲ ਬਜਾਜ ਦੇਸ਼ ਦੇ 11ਵੇਂ ਸਭ ਤੋਂ ਵੱਧ ਧਨਾਢ ਵਿਅਕਤੀ ਹਨ। ਉਹ ਆਜ਼ਾਦੀ ਘੁਲਾਟੀਏ ਜਮਨਾ ਲਾਲ ਬਜਾਜ ਦੇ ਪੋਤੇ ਹਨ ਅਤੇ ਰਾਜ ਸਭਾ ਦੇ ਮੈਂਬਰ ਵੀ ਰਹੇ ਹਨ। ਉਨ੍ਹਾਂ ਨੂੰ 2001 ’ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਪਣੀ ਸਪੱਸ਼ਟਵਾਦਿਤਾ ਲਈ ਮਸ਼ਹੂਰ ਰਾਹੁਲ ਬਜਾਜ ਸਮੇਂ-ਸਮੇਂ ’ਤੇ ਸਮੇਂ ਦੀਆਂ ਸਰਕਾਰਾਂ ਦੀਆਂ ਖਾਮੀਆਂ ਉਜਾਗਰ ਕਰਦੇ ਰਹੇ ਹਨ।

ਉਹ 2004 ਤੋਂ 2014 ਦੌਰਾਨ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਕਈ ਵਾਰ ਆਲੋਚਨਾ ਕਰ ਚੁੱਕੇ ਹਨ ਅਤੇ ਇਕ ਵਾਰ ਉਨ੍ਹਾਂ ਨੇ ਕਿਹਾ ਸੀ ਕਿ ‘‘ਇਹ ਮੇਰੇ ਦਾਦੇ ਦੇ ਜ਼ਮਾਨੇ ਦੀ ਕਾਂਗਰਸ ਨਹੀਂ ਹੈ। ਟਿਕਾਊ ਵਿਕਾਸ ਲਈ ਜ਼ਰੂਰੀ ਚੀਜ਼ਾਂ ’ਤੇ ਫੋਕਸ ਕਰਨ ਦੀ ਬਜਾਏ ਅਸੀਂ ਲਗਾਤਾਰ ਸਬਸਿਡੀ ਅਤੇ ਖੈਰਾਤ ਦੇਣ ਵਰਗੀਆਂ ਚੀਜ਼ਾਂ ਨੂੰ ਵਧਾ ਕੇ ਦੇਸ਼ ਦੇ ਖਜ਼ਾਨੇ ਦਾ ਘਾਟਾ ਵਧਾ ਰਹੇ ਹਾਂ।’’

ਇਸੇ ਤਰ੍ਹਾਂ ਕੇਂਦਰ ਵਿਚ 2014 ’ਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਆਲੋਚਨਾ ਕੀਤੀ ਹੈ, ਜਦਕਿ ਅਤੀਤ ਵਿਚ ਉਹ ਭਾਜਪਾ ਦੇ ਚੰਗੇ ਕੰਮਾਂ ਦੀ ਸ਼ਲਾਘਾ ਵੀ ਕਰ ਚੁੱਕੇ ਹਨ। ਉਦਾਹਰਣ ਵਜੋਂ 1990 ਦੇ ਦਹਾਕੇ ਵਿਚ ਜਦੋਂ ਦੇਸ਼ ਵਿਚ ਅਸਥਿਰ ਸਰਕਾਰਾਂ ਦਾ ਦੌਰ ਸੀ, ਉਦੋਂ ਰਾਹੁਲ ਬਜਾਜ ਨੇ ਕਿਹਾ ਸੀ ਕਿ ‘‘ਭਾਜਪਾ ਕੋਈ ਅਛੂਤ ਪਾਰਟੀ ਨਹੀਂ ਹੈ। ਭਾਜਪਾ ਦੀਆਂ ਸਰਕਾਰਾਂ ਕਈ ਸੂਬਿਆਂ ਵਿਚ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ।’’

ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਉਸੇ ਬੇਬਾਕੀ ਨਾਲ ਭਾਜਪਾ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਵੀ ਕੀਤੀ ਹੈ। ਉਨ੍ਹਾਂ ਨੇ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ‘‘ਇਸ ਨਾਲ ਕੋਈ ਲਾਭ ਦੇਸ਼ ਨੂੰ ਹੋਣ ਵਾਲਾ ਨਹੀਂ ਹੈ।’’

ਇਸੇ ਤਰ੍ਹਾਂ ਜੁਲਾਈ ਵਿਚ ਉਨ੍ਹਾਂ ਨੇ ਕਿਹਾ ਸੀ ਕਿ ‘‘ਆਟੋ ਸੈਕਟਰ ਬਹੁਤ ਹੀ ਮੁਸ਼ਕਿਲ ਹਾਲਾਤ ’ਚੋਂ ਲੰਘ ਰਿਹਾ ਹੈ। ਕੋਈ ਮੰਗ ਨਹੀਂ ਹੈ ਅਤੇ ਕੋਈ ਨਿਵੇਸ਼ ਵੀ ਨਹੀਂ ਹੈ। ਅਜਿਹੀ ਹਾਲਤ ਵਿਚ ਵਿਕਾਸ ਕਿੱਥੋਂ ਆਏਗਾ? ਕੀ ਵਿਕਾਸ ਸਵਰਗ ਤੋਂ ਡਿੱਗੇਗਾ?’’

ਹੁਣ 30 ਨਵੰਬਰ ਨੂੰ ਉਨ੍ਹਾਂ ਨੇ ਮੁੰਬਈ ਵਿਚ ਇਕ ਪੁਰਸਕਾਰ ਵੰਡ ਸਮਾਰੋਹ ਵਿਚ ਮੋਦੀ ਸਰਕਾਰ ਦੇ ਸੀਨੀਅਰ ਮੰਤਰੀਆਂ ਸਾਹਮਣੇ ਦੇਸ਼ ਨੂੰ ਦਰਪੇਸ਼ ਅਨੇਕ ਭਖਦੇ ਮੁੱਦੇ ਉਠਾਏ। ਉਨ੍ਹਾਂ ਨੇ ਸਮਾਰੋਹ ਵਿਚ ਮੌਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕੀਤਾ ਕਿ ‘‘ਦੇਸ਼ ਵਿਚ ਡਰ ਦਾ ਮਾਹੌਲ ਕਿਉਂ ਹੈ ਅਤੇ ਲੋਕ ਸਰਕਾਰ ਦੀ ਆਲੋਚਨਾ ਕਰਨ ਤੋਂ ਵੀ ਕਿਉਂ ਡਰ ਰਹੇ ਹਨ? ਮਿਹਰਬਾਨੀ ਕਰ ਕੇ ਤੁਸੀਂ ਘਟਨਾਵਾਂ ਨੂੰ ਨਕਾਰਨ ਵਾਲਾ ਜਵਾਬ ਨਾ ਦਿਓ।’’

ਉਨ੍ਹਾਂ ਨੇ ਖੁੱਲ੍ਹਾ ਮਾਹੌਲ ਬਣਾਉਣ ਦੀ ਮੰਗ ਕੀਤੀ ਤਾਂ ਕਿ ਹਰ ਕੋਈ ਆਪਣੀ ਗੱਲ ਹਿੰਮਤ ਨਾਲ ਕਹਿ ਸਕੇ। ਉਨ੍ਹਾਂ ਨੇ ਅਮਿਤ ਸ਼ਾਹ ਨੂੰ ਕਿਹਾ, ‘‘ਜਦੋਂ ਯੂ. ਪੀ. ਏ. ਦੀ ਸਰਕਾਰ ਸੱਤਾ ਵਿਚ ਸੀ ਤਾਂ ਅਸੀਂ ਕਿਸੇ ਦੀ ਵੀ ਆਲੋਚਨਾ ਕਰ ਸਕਦੇ ਸੀ। ਹੁਣ ਜੇਕਰ ਅਸੀਂ ਤੁਹਾਡੀ ਖੁੱਲ੍ਹੇ ਤੌਰ ’ਤੇ ਆਲੋਚਨਾ ਕਰੀਏ ਤਾਂ ਇੰਨਾ ਵਿਸ਼ਵਾਸ ਨਹੀਂ ਹੈ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ? ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ ਪਰ ਦੂਜੇ ਲੋਕ ਵੀ ਅਜਿਹਾ ਹੀ ਕਹਿ ਰਹੇ ਹਨ।’’

ਰਾਹੁਲ ਬਜਾਜ ਨੇ ਕਾਰਪੋਰੇਟ ਜਗਤ ਵਿਚ ਕੇਂਦਰ ਸਰਕਾਰ ਦੀ ਆਲੋਚਨਾ ਕਰਨ ਦੀ ਘਟਦੀ ਹਿੰਮਤ, ਭੀੜ ਦੀ ਹਿੰਸਾ ਅਤੇ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਦੇ ਬਿਆਨਾਂ ਨੂੰ ਲੈ ਕੇ ਵੀ ਆਪਣੇ ਦਿਲ ਦੀ ਗੱਲ ਕਹੀ, ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਲਈ ਪ੍ਰੱਗਿਆ ਠਾਕੁਰ ਨੂੰ ਮੁਆਫ ਕਰਨਾ ਆਸਾਨ ਨਹੀਂ ਹੋਵੇਗਾ। ਰਾਹੁਲ ਬਜਾਜ ਨੇ ਕਿਹਾ, ‘‘ਇਸ ਦੇ ਬਾਵਜੂਦ ਪ੍ਰੱਗਿਆ ਠਾਕੁਰ ਨੂੰ ਸਦਨ ਦੀ ਸਲਾਹਕਾਰ ਕਮੇਟੀ ਦੀ ਮੈਂਬਰ ਬਣਾ ਦਿੱਤਾ ਗਿਆ। ਇਹ ਮਾਹੌਲ ਜ਼ਰੂਰ ਸਾਡੇ ਮਨ ਵਿਚ ਹੈ ਪਰ ਇਸ ਬਾਰੇ ਕੋਈ ਬੋਲੇਗਾ ਨਹੀਂ।’’

ਭੀੜ ਦੀ ਹਿੰਸਾ ਬਾਰੇ ਰਾਹੁਲ ਬਜਾਜ ਬੋਲੇ, ‘‘ਇਕ ਹਵਾ ਪੈਦਾ ਹੋ ਗਈ ਹੈ...ਅਸਹਿਣਸ਼ੀਲਤਾ ਦੀ ਹਵਾ। ਅਸੀਂ ਡਰਦੇ ਹਾਂ ਕਿ ਕੁਝ ਚੀਜ਼ਾਂ ’ਤੇ ਅਸੀਂ ਬੋਲਣਾ ਨਹੀਂ ਚਾਹੁੰਦੇ ਹਾਂ ਪਰ ਅਸੀਂ ਦੇਖਦੇ ਹਾਂ ਕਿ ਕਿਸੇ ਨੂੰ ਅਜੇ ਤਕ ਸਜ਼ਾ ਨਹੀਂ ਹੋ ਰਹੀ।’’

ਰਾਹੁਲ ਬਜਾਜ ਦੇ ਉਕਤ ਬਿਆਨ ’ਤੇ ਕਾਰਪੋਰੇਟ ਜਗਤ ਅਤੇ ਸਿਆਸਤਦਾਨਾਂ ਦੀਆਂ ਸਾਕਾਰਾਤਮਕ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਰਾਹੁਲ ਬਜਾਜ ਦੇ ਬੇਟੇ ਅਤੇ ਬਜਾਜ ਆਟੋ ਦੇ ਐੱਮ. ਡੀ. ਰਾਜੀਵ ਬਜਾਜ ਨੇ ਆਪਣੇ ਪਿਤਾ ਦੇ ਬਿਆਨਾਂ ਨੂੰ ਬਹੁਤ ਜ਼ਿਆਦਾ ਹਿੰਮਤੀ ਦੱਸਦੇ ਹੋਏ ਕਿਹਾ ਹੈ ਕਿ ‘‘ਸੱਚ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ, ਮੇਰੇ ਪਿਤਾ ਕਦੇ ਵੀ ਬੋਲਣ ਤੋਂ ਝਿਜਕਦੇ ਨਹੀਂ ਹਨ।’’

ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਵਿਚ ਕੋਈ ਵੀ ਉਨ੍ਹਾਂ ਦੇ ਪਿਤਾ ਨਾਲ ਖੜ੍ਹਾ ਨਹੀਂ ਹੋਣਾ ਚਾਹੁੰਦਾ, ਸਗੋਂ ਉਹ ਆਪਣੀ ਸਹੂਲਤ ਦੇ ਅਨੁਸਾਰ ਕੰਢੇ ’ਤੇ ਬੈਠ ਕੇ ਤਾੜੀ ਵਜਾਉਂਦੇ ਹਨ। ਬਾਇਓਕੋਨ ਦੀ ਪ੍ਰਧਾਨ ਅਤੇ ਐੱਮ. ਡੀ. ਕਿਰਨ ਮਜ਼ੂਮਦਾਰ ਸ਼ਾਹ ਦਾ ਵੀ ਇਹੀ ਕਹਿਣਾ ਹੈ ਕਿ ਸਰਕਾਰ ਕੋਈ ਆਲੋਚਨਾ ਸੁਣਨਾ ਹੀ ਨਹੀਂ ਚਾਹੁੰਦੀ।

ਇਸ ਸਮੇਂ ਜਦਕਿ ਦੇਸ਼ ਵਿਚ ਆਰਥਿਕ ਮੰਦੀ ਅਤੇ ਬੇਰੋਜ਼ਗਾਰੀ ਸਿਖਰ ’ਤੇ ਹੈ, ਰਾਹੁਲ ਬਜਾਜ ਨੇ ਸਰਕਾਰੀ ਅੰਕੜਿਆਂ ਦੇ ਉਲਟ ਦੇਸ਼ ਦੇ ਆਰਥਿਕ ਅਤੇ ਸਿਆਸੀ ਵਾਤਾਵਰਣ ਦੀ ਅਸਲੀਅਤ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ।

ਹਾਲਾਂਕਿ ਉਦਯੋਗਪਤੀਆਂ ਦੇ ਨਿੱਜੀ ਹਿੱਤ ਹੁੰਦੇ ਹਨ, ਜਿਨ੍ਹਾਂ ਕਾਰਣ ਉਹ ਸੱਤਾ ਅਦਾਰੇ ਦੀ ਨਾਰਾਜ਼ਗੀ ਮੁੱਲ ਲੈਣ ਤੋਂ ਕਤਰਾਉਂਦੇ ਹਨ ਪਰ ਰਾਹੁਲ ਬਜਾਜ ਨੇ ਇਸ ਦੀ ਪਰਵਾਹ ਨਾ ਕਰਦੇ ਹੋਏ ਜਿਸ ਤਰ੍ਹਾਂ ਖੁੱਲ੍ਹੇ ਦਿਲ ਨਾਲ ਆਪਣੀ ਗੱਲ ਕਹੀ ਹੈ, ਉਸੇ ਤਰ੍ਹਾਂ ਸਰਕਾਰ ਨੂੰ ਵੀ ਖੁੱਲ੍ਹੇ ਦਿਲ ਨਾਲ ਉਨ੍ਹਾਂ ਦੀਆਂ ਟਿੱਪਣੀਆਂ ’ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa