‘ਭਾਰਤ ਵਿਰੁੱਧ ਜ਼ਹਿਰ ਉਗਲਣ ਦੀ ਬਜਾਏ’‘ਕੁਰੈਸ਼ੀ (ਪਾਕਿ ਵਿਦੇਸ਼ ਮੰਤਰੀ) ਆਪਣੇ ਘਰ ’ਤੇ ਧਿਆਨ ਦੇਣ’

06/22/2021 3:03:26 AM

ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਮਾੜੇ ਰਾਜ ਪ੍ਰਬੰਧ, ਲਾਕਾਨੂੰਨੀ, ਗਰੀਬੀ, ਪੱਛੜੇਪਨ ਵਰਗੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਅਤੇ ਹੁਣ ਕੰਗਾਲੀ ਦੇ ਕੰਢੇ ’ਤੇ ਪਹੁੰਚ ਗਿਆ ਹੈ।

ਭਾਰੀ ਮਹਿੰਗਾਈ ਕਾਰਨ ਲੋਕਾਂ ਦੀ ਕਮਰ ਟੁੱਟ ਗਈ ਹੈ। ਲਾਹੌਰ ’ਚ ਇਕ ਰੋਟੀ ਦੀ ਕੀਮਤ 10 ਰੁਪਏ ਤੋਂ ਵੀ ਵਧ ਗਈ ਹੈ, ਜਦੋਂ ਕਿ 20 ਕਿੱਲੋ ਆਟੇ ਦਾ ਪੈਕੇਟ 860 ਰੁਪਏ ਤੋਂ ਵਧ ਕੇ 1070 ਰੁਪਏ ਹੋ ਗਿਆ ਹੈ। ਮਈ ਮਹੀਨੇ ’ਚ ਦੇਸ਼ ’ਚ ਮਹਿੰਗਾਈ ਦੀ ਦਰ 10.9 ਫੀਸਦੀ ਦੇ ਸਿਖਰ ’ਤੇ ਅਤੇ ਚਿਕਨ 60 ਫੀਸਦੀ, ਅੰਡੇ 55 ਫੀਸਦੀ ਅਤੇ ਸਰ੍ਹੋਂ ਦਾ ਤੇਲ 31 ਫੀਸਦੀ ਮਹਿੰਗੇ ਹੋ ਗਏ।

ਅਜਿਹੇ ਹਾਲਾਤ ਦਰਮਿਆਨ ਵਿਰੋਧੀ ਪਾਰਟੀਆਂ ਨੇ ਇਮਰਾਨ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਦੇਸ਼ ਦੀਆਂ 11 ਵਿਰੋਧੀ ਪਾਰਟੀਆਂ ਵਲੋਂ ਪ੍ਰਧਾਨ ਮੰਤਰੀ ਵਿਰੁੱਧ ਅੰਦੋਲਨ ਕਾਰਨ ਇਮਰਾਨ ਖਾਨ ਦੀ ਸੱਤਾ ’ਤੇ ਪਕੜ ਢਿੱਲੀ ਹੁੰਦੀ ਜਾ ਰਹੀ ਹੈ।

ਪਿਛਲੀ 4 ਮਾਰਚ ਨੂੰ ਸਿੰਧ ਵਿਧਾਨ ਸਭਾ ਦੇ ਸਮਾਗਮ ਦੌਰਾਨ ਪਾਕਿਸਤਾਨ ’ਚ ਸੱਤਾਧਾਰੀ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ (ਪੀ. ਟੀ. ਆਈ.) ਦੇ ਮੈਂਬਰ ਆਪਸ ’ਚ ਹੀ ਉਲਝ ਗਏ ਅਤੇ ਉਨ੍ਹਾਂ ਇਕ ਦੂਜੇ ’ਤੇ ਖੁੱਲ੍ਹ ਕੇ ਲੱਤਾਂ-ਘਸੁੰਨ ਚਲਾਏ। ਮਾਹੌਲ ਇੰਨਾ ਵਿਗੜ ਗਿਆ ਕਿ ਮਹਿਲਾ ਆਗੂਆਂ ਨੂੰ ਉਥੋਂ ਇੱਜ਼ਤ ਬਚਾ ਕੇ ਭੱਜਣਾ ਪਿਆ।

15 ਜੂਨ ਨੂੰ ਨੈਸ਼ਨਲ ਅਸੈਂਬਲੀ ਵਿਖੇ ਬਜਟ ’ਤੇ ਚਰਚਾ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇਕ ਦੂਜੇ ਨਾਲ ਧੱਕਾ-ਮੁੱਕੀ ਕੀਤੀ ਅਤੇ ਮਾਂ-ਭੈਣ ਦੀਆਂ ਗੰਦੀਆਂ-ਗੰਦੀਆਂ ਗਾਲ੍ਹਾਂ ਤਕ ਕੱਢੀਆਂ। ਇਥੋਂ ਤਕ ਕਿ ‘ਤਹਿਰੀਕ-ਏ-ਇਨਸਾਫ’ ਦੇ ਸੰਸਦ ਮੈਂਬਰਾਂ ਨੇ ਆਪਣੀ ਹੀ ਸਰਕਾਰ ਦੇ ਬਜਟ ਦੀਆਂ ਕਾਪੀਆਂ ਇਕ ਦੂਜੇ ’ਤੇ ਸੁੱਟੀਆਂ।

ਇਸ ਤੋਂ 4 ਹੀ ਦਿਨ ਬਾਅਦ 19 ਜੂਨ ਨੂੰ ਬਲੋਚਿਸਤਾਨ ਵਿਧਾਨ ਸਭਾ ’ਚ ਬਜਟ ਸਮਾਗਮ ਦੌਰਾਨ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਪੂਰੇ ਹਾਊਸ ਨੂੰ ਘੇਰ ਕੇ ਸਭ ਦਰਵਾਜ਼ੇ ਅੰਦਰੋਂ ਬੰਦ ਕਰ ਦਿੱਤੇ ਅਤੇ ਮੁੱਖ ਮੰਤਰੀ ‘ਜਾਮ ਕਮਾਲ’ ਦੇ ਨਾਲ ਹੱਥੋਪਾਈ ਕਰਨ ਤੋਂ ਇਲਾਵਾ ਜੁੱਤੀਆਂ, ਚੱਪਲਾਂ ਅਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ।

ਇਕ ਪਾਸੇ ਪਾਕਿਸਤਾਨ ’ਚ ਘਰੇਲੂ ਹਾਲਾਤ ਇਸ ਹੱਦ ਤਕ ਵਿਗੜੇ ਹੋਏ ਹਨ ਤਾਂ ਦੂਜੇ ਪਾਸੇ ਸਰਕਾਰ ਦੇ ਹੀ ਕੁਝ ਨੇਤਾ ਆਪਣੇ ਵਾਦ-ਵਿਵਾਦ ਵਾਲੇ ਬਿਆਨਾਂ ਅਤੇ ਕੰਮਾਂ ਨਾਲ ਦੇਸ਼-ਵਿਦੇਸ਼ ’ਚ ਪਾਕਿਸਤਾਨ ਦੀ ਹੇਠੀ ਕਰਵਾਉਣ ਦੇ ਨਾਲ-ਨਾਲ ਇਸ ਦੀਆਂ ਸਮੱਸਿਆਵਾਂ ਵਧਾ ਰਹੇ ਹਨ। ਇਨ੍ਹਾਂ ’ਚੋਂ ਇਕ ਹਨ ਉਥੋਂ ਦੇ ਵਿਦੇਸ਼ ਮੰਤਰੀ ‘ਸ਼ਾਹ ਮਹਿਮੂਦ ਕੁਰੈਸ਼ੀ’।

6 ਅਗਸਤ, 2020 ਨੂੰ ਕੁਰੈਸ਼ੀ ਨੇ ਸਾਊਦੀ ਅਰਬ ਦੀ ਅਗਵਾਈ ਵਾਲੇ ‘ਇਸਲਾਮਿਕ ਸਹਿਯੋਗ ਸੰਗਠਨ’ (ਓ. ਆਈ. ਸੀ.) ਨੂੰ ‘ਸਖਤ ਚਿਤਾਵਨੀ’ ਦਿੰਦੇ ਹੋਏ ਕਹਿ ਦਿੱਤਾ ਕਿ ‘‘ਜੇ ਤੁਸੀਂ ਕਸ਼ਮੀਰ ਮੁੱਦੇ ’ਤੇ ਭਾਰਤ ਦੇ ਵਿਰੁੱਧ ਸਖਤ ਰੁਖ਼ ਨਹੀਂ ਅਪਣਾਉਂਦੇ ਅਤੇ ਇਸ ’ਚ ਦਖਲਅੰਦਾਜ਼ੀ ਨਹੀਂ ਕਰ ਸਕਦੇ ਤਾਂ ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ’ਚ ਉਨ੍ਹਾਂ ਇਸਲਾਮਿਕ ਦੇਸ਼ਾਂ ਦੀ ਬੈਠਕ ਸੱਦਣ ਲਈ ਮਜਬੂਰ ਹੋ ਜਾਵਾਂਗਾ, ਜੋ ਕਸ਼ਮੀਰ ਦੇ ਮੁੱਦੇ ’ਤੇ ਸਾਡੇ ਨਾਲ ਖੜ੍ਹੇ ਹੋਣ ਲਈ ਤਿਆਰ ਹਨ।’’

ਹਮੇਸ਼ਾ ਪਾਕਿਸਤਾਨ ਦੀ ਮਦਦ ਲਈ ਤਿਆਰ ਰਹਿਣ ਵਾਲੇ ਸਾਊਦੀ ਅਰਬ ਦੇ ਹੁਕਮਰਾਨ ਕੁਰੈਸ਼ੀ ਦੇ ਉਕਤ ਬਿਆਨ ਕਾਰਨ ਭੜਕ ਉੱਠੇ ਅਤੇ ਉਨ੍ਹਾਂ ਪਾਕਿਸਤਾਨ ਕੋਲੋਂ ਸਖਤੀ ਨਾਲ ਆਪਣਾ ਕਰਜ਼ਾ ਤੁਰੰਤ ਵਾਪਸ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਪਾਕਿਸਤਾਨ ਨੂੰ ਹੁਣ ਚੀਨ ਤੋਂ ਕਰਜ਼ਾ ਲੈ ਕੇ ਸਾਊਦੀ ਅਰਬ ਦਾ ਕਰਜ਼ਾ ਚੁਕਾਉਣਾ ਪੈ ਰਿਹਾ ਹੈ।

ਹੁਣ 18 ਜੂਨ ਨੂੰ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਵਾਰ ਮੁੜ ਅੱਤਵਾਦੀ ਸੰਗਠਨ ਤਾਲਿਬਾਨ ਨੂੰ ਹਿੰਸਾ ਲਈ ਜ਼ਿੰਮੇਵਾਰ ਮੰਨਣ ਤੋਂ ਇਨਕਾਰ ਕਰ ਕੇ ਅਤੇ ਉਸ ਨੂੰ ‘ਸ਼ਾਂਤੀ ਦੂਤ’ ਦੱਸ ਕੇ ਰੱਫੜ ਖੜ੍ਹਾ ਕਰ ਦਿੱਤਾ ਹੈ।

ਕੁਰੈਸ਼ੀ ਨੇ ਤਾਂ ਭਾਰਤ ’ਤੇ ਹੀ ਅਫਗਾਨਿਸਤਾਨ ’ਚ ਅੱਤਵਾਦੀ ਸਰਗਰਮੀਆਂ ਚਲਾਉਣ ਦਾ ਦੋਸ਼ ਤਕ ਲਾ ਦਿੱਤਾ ਅਤੇ ਅਫਗਾਨਿਸਤਾਨ ’ਚ ਭਾਰਤ ਦੀ ਮੌਜੂਦਗੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ, ‘‘ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਕੋਈ ਸਰਹੱਦ ਸਾਂਝੀ ਨਹੀਂ ਹੈ। ਫਿਰ ਵੀ ਇਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਇੰਨੇ ਗੂੜ੍ਹੇ ਸੰਬੰਧ ਕਿਉਂ ਹਨ?’’

ਅਗਲੇ ਹੀ ਦਿਨ 20 ਜੂਨ ਨੂੰ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਉਹ ਤਾਂ ਭਾਰਤ ਨਾਲ ਸੁਲ੍ਹਾ ਕਰਨੀ ਚਾਹੁੰਦੇ ਸਨ ਪਰ ਭਾਰਤ ਨੇ ਹੀ ਆਪਣਾ ਨਜ਼ਰੀਆ ਨਹੀਂ ਬਦਲਿਆ ਅਤੇ ਸੰਬੰਧਾਂ ਨੂੰ ਖਰਾਬ ਕਰਨ ਵਾਲੇ ਕੰਮ ਕੀਤੇ।

ਇਸੇ ਦਿਨ ਕੁਰੈਸ਼ੀ ਨੇ ਇਕ ਵਾਰ ਮੁੜ ਤਾਲਿਬਾਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਤਾਲਿਬਾਨ ਨੂੰ ਅਫਗਾਨਿਸਤਾਨ ’ਚ ਸੁਰੱਖਿਆ ਫੋਰਸਾਂ ਅਤੇ ਨਾਗਰਿਕਾਂ ’ਤੇ ਹਮਲਿਆਂ ਲਈ ਜ਼ਿੰਮੇਵਾਰ ਮੰਨਣਾ ਸਹੀ ਨਹੀਂ ਹੋਵੇਗਾ।

ਵਿਦੇਸ਼ ਮੰਤਰੀ ਕੁਰੈਸ਼ੀ ਦੇ ਉਕਤ ਬਿਆਨਾਂ ਤੋਂ ਸਪੱਸ਼ਟ ਹੈ ਕਿ ਅਜਿਹਾ ਕਰ ਕੇ ਉਹ ਮੁਸੀਬਤਾਂ ਦੇ ਪਹਾੜ ਹੇਠ ਦੱਬੀ ਆਪਣੀ ਸਰਕਾਰ ਦੀਆਂ ਪ੍ਰੇਸ਼ਾਨੀਆਂ ਹੋਰ ਵਧਾ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਇਮਰਾਨ ਸਰਕਾਰ ’ਚ ਅਜਿਹੇ ਮੰਤਰੀ ਮੌਜੂਦ ਰਹਿਣਗੇ, ਇਸ ਨੂੰ ਆਪਣੀਆਂ ਜੜ੍ਹਾਂ ਪੁੱਟਣ ਲਈ ਬਾਹਰੋਂ ਕੋਈ ਦੁਸ਼ਮਣ ਲੱਭਣ ਦੀ ਲੋੜ ਨਹੀਂ ਹੈ।

ਕੁਰੈਸ਼ੀ ਵਰਗੇ ਆਗੂਆਂ ਕਾਰਨ ਹੀ ਆਜ਼ਾਦੀ ਤੋਂ 73 ਸਾਲਾਂ ਬਾਅਦ ਵੀ ਪਾਕਿਸਤਾਨ ਵਿਕਾਸ ਦੇ ਮਾਮਲੇ ’ਚ ਪੱਛੜਿਆ ਹੋਇਆ ਹੈ, ਜਦੋਂ ਕਿ 24 ਸਾਲਾਂ ਬਾਅਦ 1971 ’ਚ ਪਾਕਿਸਤਾਨ ਤੋਂ ਹੀ ਵੱਖ ਹੋ ਕੇ ਬਣਿਆ ਬੰਗਲਾਦੇਸ਼ ਵਿਕਾਸ ’ਚ ਉਸ ਤੋਂ ਕਿਤੇ ਅੱਗੇ ਨਿਕਲ ਗਿਆ ਹੈ।

ਇਸ ਲਈ ਬਿਹਤਰ ਹੋਵੇਗਾ ਜੇ ਕੁਰੈਸ਼ੀ ਭਾਰਤ ਵਿਰੁੱਧ ਜ਼ਹਿਰ ਉਗਲਣ ਦੀ ਬਜਾਏ ਆਪਣਾ ਘਰ ਸੰਭਾਲਣ ’ਤੇ ਧਿਆਨ ਦੇਣ। ਅਜਿਹਾ ਨਾ ਕਰਨ ’ਤੇ ਪਾਕਿਸਤਾਨ ਦਾ ਪਤਨ ਇਸੇ ਤਰ੍ਹਾਂ ਜਾਰੀ ਰਹੇਗਾ।

–ਵਿਜੇ ਕੁਮਾਰ

Bharat Thapa

This news is Content Editor Bharat Thapa