ਚੋਣ ਜਿੱਤਣ ਦੇ ਲਈ ਪੁਤਿਨ ਦੇ ਹੱਥਕੰਡੇ

09/20/2021 3:29:55 AM

ਰੂਸ ਦੀ ਨਵੀਂ ਸੰਸਦ ਭਾਵ ‘ਡਿਊਮਾ’ ਦੀ ਚੋਣ ਦੇ ਲਈ 17 ਸਤੰਬਰ ਨੂੰ 3 ਦਿਨਾਂ ਦੀ ਵੋਟਿੰਗ ਸ਼ੁਰੂ ਹੋ ਕੇ 19 ਸਤੰਬਰ ਤੱਕ ਚੱਲੀ। ਇਸ ’ਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ‘ਯੂਨਾਈਟਿਡ ਰਸ਼ੀਆ ਪਾਰਟੀ’ ਨੇ ਚੋਣਾਂ ’ਚ ਜਿੱਤ ਹਾਸਲ ਕਰਨ ਦੇ ਲਈ ਪਹਿਲਾਂ ਹੀ ਪੁਖਤਾ ‘ਪ੍ਰਬੰਧ’ ਕਰ ਲਏ ਹਨ।

ਇਸੇ ਨੂੰ ਮਹਿਸੂਸ ਕਰਦੇ ਹੋਏ ਜਾਣਕਾਰਾਂ ਨੇ ਕਿਹਾ ਹੈ ਕਿ ਇਸ ਵਾਰ ਦੇ ਨਤੀਜੇ ਵੀ ਹੈਰਾਨ ਕਰਨ ਵਾਲੇ ਨਹੀਂ ਹੋਣਗੇ। ਭਾਵ ਇਸ ਵਾਰ ਵੀ ਪੁਤਿਨ ਦੀ ‘ਯੂਨਾਈਟਿਡ ਰਸ਼ੀਆ ਪਾਰਟੀ’ ਹੀ ਜਿੱਤੇਗੀ ਹਾਲਾਂਕਿ ਇਹ ਪ੍ਰਸਿੱਧੀ ਦੇ ਮਾਮਲੇ ’ਚ ਹੁਣ ਤੱਕ ਦੇ ਇਤਿਹਾਸਕ ਹੇਠਲੇ ਪੱਧਰ ’ਤੇ ਪਹੁੰਚ ਚੁੱਕੀ ਹੈ।

ਇਕ ਰੂਸੀ ਰਾਏਸ਼ੁਮਾਰੀ ਖੋਜ ਕੇਂਦਰ ਦੇ ਅਨੁਸਾਰ ਚੋਣਾਂ ’ਚ ਦੂਜਾ ਸਥਾਨ ਹਾਸਲ ਕਰਨ ਤੋਂ ਵੀ ਬਹੁਤ ਦੂਰ ਹੋਣ ਦੇ ਬਾਵਜੂਦ ਇਸ ਦੀ ਜਿੱਤ ਦਾ ਮੁੱਖ ਕਾਰਨ ਹੋਵੇਗਾ ਚੋਣਾਂ ’ਚ ‘ਯੂਨਾਈਟਿਡ ਰਸ਼ੀਆ ਪਾਰਟੀ’ ਵੱਲੋਂ ਕੀਤੀ ਜਾਣ ਵਾਲੀ ਹਰ ਤਰ੍ਹਾਂ ਦੀ ਧਾਂਦਲੀ।

ਸੱਤਾ ’ਤੇ ਆਪਣਾ ਕਬਜ਼ਾ ਬਣਾਈ ਰੱਖਣ ਲਈ ‘ਯੂਨਾਈਟਿਡ ਰਸ਼ੀਆ ਪਾਰਟੀ’ ਨੇ ਹਰ ਹੱਥਕੰਡਾ ਅਪਣਾਉਂਦੇ ਹੋਏ ਲੋਕਤੰਤਰ ਨੂੰ ਸਭ ਤੋਂ ਹੇਠਲੇ ਪੱਧਰ ਤੱਕ ਪਹੁੰਚਾ ਦਿੱਤਾ ਹੈ। ਪਾਰਟੀ ਦੇ ਅੰਦਰ ਆਜ਼ਾਦੀ ਦੇ ਝੰਡਾਬਰਦਾਰ ਆਖਰੀ ਲੋਕਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਹੈ।

ਪਾਰਟੀ ਦੀ ਇਕੋ-ਇਕ ਪ੍ਰਗਤੀਸ਼ੀਲ ਮੈਂਬਰ ਓਕਸਾਨਾ ਪੁਸ਼ਕੀਨਾ, ਜਿਸ ਨੇ ਰੂਸੀ ਸੰਸਦ ’ਚ ਆਪਣਾ ਪਿਛਲਾ ਪੂਰਾ ਕਾਰਜਕਾਲ ਔਰਤਾਂ ਦੇ ਹੱਕਾਂ ਅਤੇ ਘਰੇਲੂ ਹਿੰਸਾ ਦੇ ਵਿਰੁੱਧ ਕਾਨੂੰਨ ਬਣਾਉਣ ਦੇ ਲਈ ਮੁਹਿੰਮ ਚਲਾਉਣ ’ਚ ਲੰਘਾਇਆ (ਜਿਸ ਦੇ ਨਤੀਜੇ ਵਜੋਂ ਉਹ ਆਪਣੇ ਵਿਰੁੱਧ ਪ੍ਰੇਸ਼ਾਨ ਕੀਤੇ ਜਾਣ ਦੀ ਇਕ ਜ਼ਬਰਦਸਤ ਮੁਹਿੰਮ ਦਾ ਸ਼ਿਕਾਰ ਹੋਈ), ਇਸ ਵਾਰ ਚੋਣ ਨਹੀਂ ਲੜ ਰਹੀ।

ਉਸ ਦੀ ਥਾਂ ਉਸ ਦੇ ਚੋਣ ਹਲਕੇ ’ਚ ਇਕ ਪੁਤਿਨ ਸਮਰਥਕ ਗਾਇਕ ਨੂੰ ਖੜ੍ਹਾ ਕੀਤਾ ਗਿਆ ਹੈ ਜਿਸ ਦੀ ਜਿੱਤ ਪੱਕੀ ਹੈ ਜੇਕਰ ਕੋਈ ਵੱਡਾ ਉਲਟਫੇਰ ਨਾ ਹੋ ਜਾਵੇ।

ਇੱਥੇ ਹੀ ਬਸ ਨਹੀਂ, ਵੋਟਰਾਂ ਨੂੰ ਚਕਮਾ ਦੇਣ ਦੇ ਲਈ ਵੱਖ-ਵੱਖ ਚੋਣ ਹਲਕਿਆਂ ’ਚ ਵਿਰੋਧੀ ਪਾਰਟੀਆਂ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਦੇ ਨਾਵਾਂ ਨਾਲ ਰਲਦੇ-ਮਿਲਦੇ ਨਾਵਾਂ ਵਾਲੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ।

ਸੇਂਟ ਪੀਟਰਸਬਰਗ ਜ਼ਿਲੇ ’ਚ ਸਥਾਨਕ ਅਖਬਾਰਾਂ ਦੇ ਅਨੁਸਾਰ ਇੱਥੇ ਚੋਣਾਂ ’ਚ 225 ਉਮੀਦਵਾਰਾਂ ’ਚ 24 ਉਮੀਦਵਾਰਾਂ ਦੇ ਨਾਂ ਇਕੋ-ਜਿਹੇ ਹਨ। ਇਸੇ ਜ਼ਿਲੇ ’ਚ ਬੋਰਿਸ ਵਿਸ਼ਰੇਵਸਕੀ ਨਾਂ ਦੇ ਤਿੰਨ ਵਿਅਕਤੀ ਚੋਣ ਲੜ ਰਹੇ ਹਨ ਜਦਕਿ ਇਨ੍ਹਾਂ ’ਚੋਂ ਇਕ ਬੋਰਿਸ ਵਿਸ਼ਰੇਵਸਕੀ ਹੀ ਅਸਲੀ ਵਿਰੋਧੀ ਪਾਰਟੀ (ਯਾਬਲੋਕੋ) ਦਾ ਨੇਤਾ ਹੈ।

ਵਿਰੋਧੀ ਧਿਰ ਨੂੰ ਹਰਾਉਣ ਲਈ ਸੱਤਾਧਾਰੀ ਪਾਰਟੀ ਨੇ ਸੋਚੀ-ਸਮਝੀ ਰਣਨੀਤੀ ਦੇ ਅਧੀਨ ਇਕ ਅਜਿਹੇ ਨਾਂ ਵਾਲੇ 3 ਉਮੀਦਵਾਰਾਂ ਨੂੰ ਉਤਾਰਿਆ ਹੈ ਜਿਨ੍ਹਾਂ ਨੇ ਹੂ-ਬ-ਹੂ ਉਸ ਵਰਗੀ ਦਾੜ੍ਹੀ ਅਤੇ ਚਿਹਰਾ-ਮੋਹਰਾ ਬਣਾ ਲਿਆ ਹੈ ਤਾਂ ਕਿ ਪੋਸਟਰ ’ਚ ਉਹ ਵਿਰੋਧੀ ਧਿਰ ਦੇ ਨੇਤਾ ਦੇ ਵਾਂਗ ਹੀ ਦਿਖਾਈ ਦੇਣ।

ਚੋਣਾਂ ਜਿੱਤਣ ਦੇ ਮੁੱਖ ਮਕਸਦ ਨਾਲ ਹੀ ‘ਯੂਨਾਈਟਿਡ ਰਸ਼ੀਆ ਪਾਰਟੀ’ ਨੇ ਪੇਸ਼ੇਵਰ ਲੋਕ-ਪ੍ਰਤੀਨਿਧੀਆਂ ਦਾ ਪੱਤਾ ਸਾਫ ਕਰ ਕੇ ਸੱਤਾ ਦੇ ਸੰਸਥਾਨ ਦੇ ਸਮਰਥਕਾਂ ਅਤੇ ਵੱਖ-ਵੱਖ ਸੈਲੀਬ੍ਰਿਟੀਜ਼ ਨੂੰ ਟਿਕਟ ਦੇ ਕੇ ਨਿਹਾਲ ਕੀਤਾ ਹੈ।

ਇਨ੍ਹਾਂ ’ਚ ਇਕ ਮਾਰੀਆ ਬੁਤਿਨਾ ਨਾਂ ਦੀ ਮੁਟਿਆਰ ਵੀ ਸ਼ਾਮਲ ਹੈ ਜੋ 2016 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਅਮਰੀਕਾ ਦੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ ਨਾਲ ਜੁੜੀ ਰਹੀ ਸੀ ਅਤੇ ਇਕ ਵਿਦੇਸ਼ੀ ਏਜੰਟ ਦੇ ਤੌਰ ’ਤੇ ਆਪਣਾ ਨਾਂ ਦਰਜ ਕਰਵਾਉਣ ’ਚ ਅਸਫਲ ਰਹਿਣ ’ਤੇ ਵਾਪਸ ਰੂਸ ਭੇਜਣ ਤੋਂ ਪਹਿਲਾਂ ਉਸ ਨੂੰ ਕਈ ਮਹੀਨੇ ਅਮਰੀਕਾ ਦੀ ਜੇਲ ’ਚ ਕੱਟਣੇ ਪਏ ਸਨ।

‘ਯੂਨਾਈਟਿਡ ਰਸ਼ੀਆ ਪਾਰਟੀ’ ਦੇ ਉਮੀਦਵਾਰਾਂ ’ਚ ਕੁਝ ਸਿਆਸੀ ਹੈਵੀਵੇਟ ਵੀ ਸ਼ਾਮਲ ਹਨ। ਇਨ੍ਹਾਂ ’ਚ ਪ੍ਰਤੀਰੱਖਿਆ ਮੰਤਰੀ ਸਰਗਈ ਸ਼ੋਗੂ ਅਤੇ ਵਿਦੇਸ਼ ਮੰਤਰੀ ਸਰਗਈ ਲਾਵਰੋ ਵੀ ਹਨ ਜਿਨ੍ਹਾਂ ਨੂੰ ਆਪਣੀ ਜਿੱਤ ਦਾ ਇੰਨਾ ਭਰੋਸਾ ਸੀ ਕਿ ਉਨ੍ਹਾਂ ’ਚੋਂ ਕਿਸੇ ਨੇ ਵੀ ਚੋਣ ਪ੍ਰਚਾਰ ਕਰਨ ਦੀ ਲੋੜ ਨਹੀਂ ਸਮਝੀ।

ਰੂਸ ’ਚ ਵੋਟਾਂ ਪੈਣ ਤੋਂ ਠੀਕ ਪਹਿਲਾਂ ‘ਐਪਲ’ ਅਤੇ ‘ਗੂਗਲ ਪਲੇਅ ਸਟੋਰਜ਼’ ’ਚੋਂ ਇਕ ਐਪ ਗਾਇਬ ਕਰ ਦਿੱਤੀ ਗਈ ਜਿਸ ਨੂੰ ਲੰਬੇ ਅਰਸੇ ਤੋਂ ਜੇਲ ’ਚ ਬੰਦ ਰੂਸੀ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਾਵਲਨੀ ਨੇ ਬਣਾਇਆ ਸੀ। ਸਮਾਰਟ ਵੋਟਿੰਗ ਨਾਂ ਦੀ ਇਸ ਐਪ ਰਾਹੀਂ ਉਨ੍ਹਾਂ ਉਮੀਦਵਾਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਜੋ ਸੱਤਾਧਾਰੀ ਪਾਰਟੀ ਦੇ ਵਿਰੁੱਧ ਹਨ।

ਹਾਲਾਂਕਿ ਨਾਵਲਨੀ ਦੇ ਸੰਗਠਨ ਨੂੰ ਇਸ ਸਾਲ ਜਨਵਰੀ ’ਚ ਅੱਤਵਾਦੀ ਸੰਗਠਨ ਐਲਾਨਣ ਦੇ ਬਾਅਦ ਉਸ ਦੇ ਸਾਰੇ ਸਮਰਥਕਾਂ ਨੂੰ ਅਧਿਕਾਰਕ ਤੌਰ ’ਤੇ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਸੀ।

ਚੋਣਾਂ ਦੇ ਸੰਕੇਤ ਇੰਨੇ ਕਮਜ਼ੋਰ ਸਨ ਕਿ ਅਧਿਕਾਰੀਆਂ ਨੂੰ ਆਪਣਾ ਪੂਰਾ ਜ਼ੋਰ ਲਾਉਣਾ ਪਿਆ ਸੀ ਕਿ ਇਹ ਬਿਨਾਂ ਕਿਸੇ ਅਣਸੁਖਾਵੇਂ ਘਟਨਾਕ੍ਰਮ ਦੇ ਲੰਘ ਜਾਣ। ਸਮਾਜ ਦਾ ਇਕ ਚੋਣਵਾਂ ਵਰਗ ਜਿਸ ’ਚ ਫੌਜ ਅਤੇ ਕਾਨੂੰਨ ਲਾਗੂ ਕਰਨ ਵਾਲੇ ਸੰਗਠਨਾਂ ਦੇ ਮੈਂਬਰ, ਸੇਵਾਮੁਕਤ ਲੋਕ ਜੋ ਸਰਕਾਰ ਕੰਟਰੋਲਡ ਟੈਲੀਵਿਜ਼ਨ ਦੇਖਦੇ ਹਨ ਅਤੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਦੀ ਵੱਡੀ ਗਿਣਤੀ ਦੇ ਲਈ ਜਿਉਂ ਦੀ ਤਿਉਂ ਸਥਿਤੀ ਬਣਾਈ ਰੱਖਣ ਲਈ ਵਿਵਸਥਾ ਕੀਤੀ ਗਈ ਸੀ ਕਿ ਸਾਰਿਆਂ ਨੂੰ ਇਹ ਸੰਦੇਸ਼ ਜਾਵੇ ਕਿ ਵੋਟਾਂ ਪਾਉਣ ਲਈ ਜਾਣ ਦੀ ਬਜਾਏ ਉਹ ਘਰ ’ਚ ਰਹਿ ਸਕਦੇ ਹਨ।

ਸਿਆਸੀ ਕੰਸਲਟੈਂਸੀ ਆਰ. ਪੋਲਿਟਿਕ ਦੀ ਸੰਸਥਾਪਕ ਟਾਟਿਆਨਾ ਸਪਾਨੋਵਾਯਾ ਨੇ ਦੱਸਿਆ ਕਿ ਉਹ ਵੋਟਰਾਂ ਦੀ ਗਿਣਤੀ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਜੇਕਰ ਤੁਸੀਂ ਚੋਣਾਂ ਨੂੰ ਨੀਰਸ ਬਣਾ ਦਿਓ ਅਤੇ ਚਰਚਾ ਨੂੰ ਸੀਮਤ ਕਰ ਦਿਓ ਤਾਂ ਲੋਕ ਸੋਚਣਗੇ ਕਿ ਕੋਈ ਏਜੰਡਾ ਨਹੀਂ ਹੈ ਅਤੇ ਨਾ ਹੀ ਕੁਝ ਫੈਸਲੇ ਲੈਣ ਦੇ ਲਈ ਅਤੇ ਉਨ੍ਹਾਂ ਦੀ ਵੋਟ ਕੁਝ ਵੀ ਨਹੀਂ ਬਦਲੇਗਾ ਅਤੇ ਇਹ ਕ੍ਰੇਮਲਿਨ ਦੇ ਲਈ ਬੜਾ ਸਹੂਲਤ ਵਾਲਾ ਹੈ।

ਇਸੇ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਚੋਣ ਕੌਣ ਜਿੱਤਣ ਵਾਲਾ ਹੈ, ਇਹ ਤਾਂ ਸਪੱਸ਼ਟ ਹੀ ਹੈ ਜਿਸ ਦੇ ਮੱਦੇਨਜ਼ਰ ਬਿਨਾਂ ਝਿਜਕ ਕਿਹਾ ਜਾ ਸਕਦਾ ਹੈ ਕਿ ਸਿਆਸਤਦਾਨ ਚੋਣ ਜਿੱਤਣ ਲਈ ਕੁਝ ਵੀ ਕਰ ਸਕਦੇ ਹਨ।

Bharat Thapa

This news is Content Editor Bharat Thapa