‘ਲੋੜਵੰਦ ਬੱਚਿਆਂ ਨੂੰ ‘ਸਮਾਰਟਫੋਨ’ ਮੁਹੱਈਆ ਕਰਵਾਉਣ ਦੀ’ ‘ਅਨੋਖੀ ਅਤੇ ਸ਼ਲਾਘਾਯੋਗ ਪਹਿਲ’

11/13/2020 3:17:01 AM

ਸੰਸਾਰ ਪੱਧਰੀ ‘ਕੋਰੋਨਾ ਮਹਾਮਾਰੀ’ ਦੇ ਕਾਰਨ ਸੰਸਾਰ ਦੇ ਹੋਰਨਾਂ ਹਿੱਸਿਆਂ ਦੇ ਨਾਲ-ਨਾਲ ਇਸ ਸਾਲ ਦੇ ਸ਼ੁਰੂ ’ਚ ਭਾਰਤ ’ਚ ਵੀ ਲਾਕਡਾਊਨ ਦੇ ਕਾਰਨ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਜਿਨ੍ਹਾਂ ’ਚੋਂ ਅਜੇ ਵੀ ਜ਼ਿਆਦਾਤਰ ਬੰਦ ਹਨ।

ਇਸ ਦੇ ਬਾਅਦ ਦੇਸ਼ ’ਚ ‘ਆਨਲਾਈਨ’ ਪੜ੍ਹਾਈ ’ਤੇ ਜ਼ੋਰ ਦਿੱਤੇ ਜਾਣ ਦੇ ਬਾਵਜੂਦ ਕਈ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਕੰਪਿਊਟਰ ਮੁਹੱਈਆ ਨਹੀਂ ਹਨ ਅਤੇ ਇਸ ਦੇ ਨਾਲ ਹੀ ਵੱਡੀ ਗਿਣਤੀ ’ਚ ਗਰੀਬ ਬੱਚਿਆਂ ਦੇ ਮਾਤਾ-ਪਿਤਾ ’ਚ ‘ਸਮਾਰਟਫੋਨ’ ਖਰੀਦਣ ਦੀ ਸਮਰੱਥਾ ਨਾ ਹੋਣ ਨਾਲ ਅਜਿਹੇ ਬੱਚਿਆਂ ਦੀ ‘ਆਨਲਾਈਨ’ ਪੜ੍ਹਾਈ ’ਚ ਰੁਕਾਵਟ ਆ ਰਹੀ ਹੈ।

‘ਸਮਾਰਟਫੋਨ’ ਅੱਜਕੱਲ ਪੜ੍ਹਾਈ ਦਾ ਜ਼ਰੂਰੀ ਹਿੱਸਾ ਬਣ ਜਾਣ ਦੇ ਕਾਰਨ ਹੀ ਕੁੱਝ ਸਮਾਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਇਕ ਜੋੜੇ ਨੇ ਆਪਣੀ ਗਾਂ ਵੇਚ ਕੇ ‘ਸਮਾਰਟਫੋਨ’ ਖਰੀਦਿਆ ਤਾਂ ਕਿ ਉਨ੍ਹਾਂ ਦਾ ਬੇਟਾ ‘ਆਨਲਾਈਨ’ ਪੜ੍ਹਾਈ ਜਾਰੀ ਰੱਖ ਸਕੇ।

ਇਹ ਤਾਂ ਇਕ ਉਦਾਹਰਣ ਮਾਤਰ ਹੈ। ਅੱਜ ਪਤਾ ਨਹੀਂ ਕਿੰਨੇ ਅਜਿਹੇ ਵਿਦਿਆਰਥੀ-ਵਿਦਿਆਰਥਣਾਂ ਹਨ ਜੋ ਮੋਬਾਈਲ ਨਾ ਹੋਣ ਦੇ ਕਾਰਨ ‘ਆਨਲਾਈਨ’ ਸਿੱਖਿਆ ਤੋਂ ਵਾਂਝੇ ਹਨ। ਇਸੇ ਸਮੱਸਿਆ ਨੂੰ ਦੇਖਦੇ ਹੋਏ ਹਰਿਆਣਾ ’ਚ ਫਰੀਦਾਬਾਦ ਦੀ ‘ਜ਼ਿਲਾ ਐਲੀਮੈਂਟਰੀ ਸਿੱਖਿਆ ਅਧਿਕਾਰੀ’ ‘ਰਿਤੂ ਚੌਧਰੀ ਨੇ ਇਕ ਅਨੋਖੀ ਪਹਿਲ ਕੀਤੀ ਹੈ।’

ਉਨ੍ਹਾਂ ਨੇ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਹੋਰਨਾਂ ਲੋਕਾਂ ਦੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਲਈ ‘ਮੋਬਾਈਲ ਬੈਂਕ’ ਸਥਾਪਤ ਕੀਤਾ। ਜਿਸ ਦੇ ਅਧੀਨ ਉਹ ਵੱਖ-ਵੱਖ ਵਿਦਿਆਰਥੀ-ਵਿਦਿਆਰਥਣਾਂ ’ਚ 20 ਮੋਬਾਈਲਫੋਨ ਵੰਡ ਚੁੱਕੇ ਹਨ ਜਦਕਿ 120 ‘ਸਮਾਰਟਫੋਨ’ ਜਲਦੀ ਹੀ ਵੰਡਣ ਜਾ ਰਹੇ ਹਨ।

ਇਸੇ ਮੁਹਿੰਮ ਦੇ ਅਧੀਨ ਇਕ ‘ਸਮਾਰਟਫੋਨ’ ਉਨ੍ਹਾਂ ਨੇ 10ਵੀਂ ਜਮਾਤ ਦੀ ਇਕ ਪਿਤਾ ਵਿਹੂਣੀ 15 ਸਾਲਾ ਵਿਦਿਆਰਥਣ ਨੂੰ ਵੀ ਮੁਹੱਈਆ ਕੀਤਾ ਜਿਸ ਦੀ ਮਾਂ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਹੈ।

ਰਿਤੂ ਚੌਧਰੀ ਨਵੇਂ ਅਤੇ ਪੁਰਾਣੇ ਦੋਵਾਂ ਤਰ੍ਹਾਂ ਦੇ ‘ਸਮਾਰਟਫੋਨ’ ਪ੍ਰਵਾਨ ਕਰ ਰਹੇ ਹਨ। ਸ਼ੁਰੂ-ਸ਼ੁਰੂ ’ਚ ਇਹ ‘ਸਮਾਰਟਫੋਨ’ ਇਕ ਐੱਨ.ਜੀ.ਓ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਪ੍ਰਾਪਤ ਕੀਤੇ ਗਏ ਅਤੇ ਹੁਣ ਹੋਰ ਅਧਿਆਪਕਾਂ ਨੇ ਵੀ ‘ਸਮਾਰਟਫੋਨ’ ‘ਡੋਨੇਟ’ ਕਰਨੇ ਸ਼ੁਰੂ ਕਰ ਦਿੱਤੇ ਹਨ।

‘ਰਿਤੂ ਚੌਧਰੀ’ ਦਾ ਕਹਿਣਾ ਹੈ ਕਿ ‘‘ਇਸ ਮੁਹਿੰਮ ਦੇ ਤਹਿਤ ਇਲਾਕੇ ਦੇ ਲੋੜਵੰਦ ਬੱਚਿਆਂ ਨੂੰ ਜਿਵੇਂ ਹੋ ਸਕਿਆ ਮੋਬਾਈਲ ਮੁਹੱਈਆ ਕਰਨ ਦੀ ਪਹਿਲ ਨਾਲ ਉਨ੍ਹਾਂ ਨੂੰ ਆਪਣੀ ਸਿੱਖਿਆ ਸੁਚਾਰੂ ਢੰਗ ਨਾਲ ਜਾਰੀ ਰੱਖਣ ’ਚ ਕੁਝ ਸਹਾਇਤਾ ਜ਼ਰੂਰ ਮਿਲੇਗੀ।’’

ਜਿੱਥੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੇਣ ਦੇ ਵਾਅਦੇ ਕਰਨ ਦੇ ਬਾਵਜੂਦ ‘ਸਮਾਰਟਫੋਨ’ ਨਹੀਂ ਦਿੱਤੇ ਅਤੇ ਉਨ੍ਹਾਂ ਦੇ ਐਲਾਨ ਕਾਗਜ਼ਾਂ ’ਚ ਹੀ ਦਬ ਕੇ ਰਹਿ ਗਏ, ਓਧਰ ਲੋੜਵੰਦ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਜਾਰੀ ਰੱਖਣ ’ਚ ਸਹਾਇਤਾ ਦੇਣ ਦੇ ਮਕਸਦ ਨਾਲ ‘ਮੋਬਾਈਲ ਬੈਂਕ’ ਦੀ ਸਥਾਪਨਾ ਲਈ ‘ਰਿੱਤੂ ਚੌਧਰੀ’ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਵਧਾਈ ਦੇ ਪਾਤਰ ਹਨ।

ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਰਾਜਧਾਨੀ ਦਿੱਲੀ ’ਚ ਵੀ ਕੁਝ ਲੋਕਾਂ ਅਤੇ ਐੱਨ.ਜੀ.ਓ. ਨੇ ਨਿੱਜੀ ਪੱਧਰ ’ਤੇ ਲੋੜਵੰਦ ਬੱਚਿਆਂ ਨੂੰ ‘ਸਮਾਰਟਫੋਨ’ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਪਰ ਇਹ ਸਮੱਸਿਆ ਤਾਂ ਕਿਸੇ ਇਕ ਸਥਾਨ ਦੀ ਨਾ ਹੋ ਕੇ ਸਮੁੱਚੇ ਦੇਸ਼ ਦੀ ਹੈ, ਇਸ ਲਈ ਹੋਰਨਾਂ ਥਾਵਾਂ ’ਤੇ ਵੀ ਇਸ ਤਰ੍ਹਾਂ ਦੀ ਪਹਿਲ ਕਰਨ ਦੀ ਤੁਰੰਤ ਲੋੜ ਹੈ।

ਇਸ ਦੇ ਨਾਲ ਹੀ ਇਨਫੈਕਸ਼ਨ ਦੇ ਇਸ ਦੌਰ ’ਚ ਲੋਕਾਂ ਨੂੰ ਸਰੀਰ ਦਾ ਸਹੀ ਤਾਪਮਾਨ ਦੱਸਣ ਵਾਲੇ ਪੁਰਾਣੀ ਸ਼ੈਲੀ ਦੇ ‘ਮਰਕਰੀ ਥਰਮਾਮੀਟਰ’ ਘਰਾਂ ’ਚ ਰੱਖਣ ਦੀ ਵੀ ਲੋੜ ਹੈ ਤਾਂਕਿ ਸਾਰੇ ਉਮਰ ਵਰਗ ਦੇ ਲੋਕ ਸਰੀਰ ਦਾ ਤਾਪਮਾਨ ਨਿਯਮਤ ਤੌਰ ’ਤੇ ਜਾਂਚਦੇ ਰਹਿਣ ਜੋ ਬਹੁਤ ਹੀ ਜ਼ਰੂਰੀ ਹੈ।

ਇਸ ਦੇ ਨਾਲ ਹੀ ਸਾਡਾ ਸੁਝਾਅ ਹੈ ਕਿ ਲੋੜਵੰਦ ਲੋਕਾਂ ਨੂੰ ‘ਥਰਮਾਮੀਟਰ’ ਵੰਡਣ ਦੀ ਮੁਹਿੰਮ ਵੀ ਸ਼ੁਰੂ ਕਰਨੀ ਚਾਹੀਦੀ ਹੈ। ਸਕੂਲਾਂ ’ਚ ਵੀ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਇਸ ਮਾਮਲੇ ’ਚ ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਉਨ੍ਹਾਂ ਦੀ ਸਿਹਤ ਨੂੰ ਪੈਦਾ ਹੋਣ ਵਾਲੇ ਸੰਭਾਵਤ ਖਤਰੇ ਤੋਂ ਬਚਾਇਆ ਜਾ ਸਕੇ।

- ਵਿਜੇ ਕੁਮਾਰ

Bharat Thapa

This news is Content Editor Bharat Thapa