ਜੇਲ ਕੰਪਲੈਕਸਾਂ, ਅਦਾਲਤਾਂ ਅਤੇ ਹਸਪਤਾਲਾਂ ’ਚੋਂ ‘ਫਰਾਰ ਹੋ ਰਹੇ ਕੈਦੀ’

06/04/2019 6:32:10 AM

ਘੋਰ ਅਵਿਵਸਥਾ ਦੀਆਂ ਸ਼ਿਕਾਰ ਭਾਰਤੀ ਜੇਲਾਂ ਅੰਦਰ ਹਰ ਤਰ੍ਹਾਂ ਦੇ ਅਪਰਾਧਾਂ ਤੋਂ ਇਲਾਵਾ ਅਦਾਲਤਾਂ ’ਚ ਪੇਸ਼ੀ ਲਈ ਅਤੇ ਹਸਪਤਾਲਾਂ ’ਚ ਇਲਾਜ ਲਈ ਲਿਆਂਦੇ ਜਾਣ ਵਾਲੇ ਕੈਦੀਆਂ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਪੁਲਸ ਦੀ ਹਿਰਾਸਤ ’ਚੋਂ ਕੱਢ ਕੇ ਲਿਜਾਣ ਦੀਆਂ ਘਟਨਾਵਾਂ ਵੀ ਹੁਣ ਆਮ ਹੁੰਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 09 ਮਈ ਨੂੰ ਚੰਡੀਗੜ੍ਹ ’ਚ ਸੈਕਟਰ 32 ਦੇ ਸਰਕਾਰੀ ਹਸਪਤਾਲ ’ਚ ਇਲਾਜ ਕਰਵਾਉਣ ਲਈ ਲਿਆਂਦਾ ਗਿਆ ਸੈਂਟਰਲ ਜੇਲ ਅੰਬਾਲਾ ਦਾ ਇਕ ਹਵਾਲਾਤੀ ਟਾਇਲਟ ਜਾਣ ਦੇ ਬਹਾਨੇ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜ ਗਿਆ।

* 10 ਮਈ ਨੂੰ ਇਲਾਜ ਲਈ ਫਰੀਦਕੋਟ ਸਿਵਲ ਹਸਪਤਾਲ ’ਚ ਦਾਖਲ ਮਾਡਰਨ ਜੇਲ ਦਾ ਹਵਾਲਾਤੀ ਗੁਰਵਿੰਦਰ ਸਿੰਘ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

* 20 ਮਈ ਨੂੰ ਬਿਹਾਰ ’ਚ ਕਟਿਹਾਰ ਦੀ ਅਦਾਲਤ ’ਚੋਂ ਛੋਟੇ ਲਾਲ ਪਾਸਵਾਨ ਨਾਮੀ ਵਿਚਾਰ- ਅਧੀਨ ਕੈਦੀ ਪੁਲਸ ਦੀਆਂ ਅੱਖਾਂ ’ਚ ਘੱਟਾ ਪਾ ਕੇ ਭੱਜ ਨਿਕਲਿਆ।

* 26 ਮਈ ਨੂੰ ਅਹਿਮਦਗੜ੍ਹ ਪੁਲਸ ਥਾਣੇ ’ਚ ਬੰਦ ਇਕ ਵਿਚਾਰ-ਅਧੀਨ ਕੈਦੀ ਦਲਜੀਤ ਸਿੰਘ ਪੇਟ ’ਚ ਦਰਦ ਹੋਣ ਦਾ ਬਹਾਨਾ ਬਣਾ ਕੇ ਹਵਾਲਾਤ ਦੇ ਬਾਥਰੂਮ ’ਚੋਂ ਖੇਤਾਂ ’ਚ ਕੁੱਦ ਕੇ ਫਰਾਰ ਹੋ ਗਿਆ।

* 27 ਮਈ ਨੂੰ ਅਨੰਦਪੁਰ ਸਾਹਿਬ ਅਦਾਲਤੀ ਕੰਪਲੈਕਸ ’ਚ ਪੇਸ਼ੀ ਲਈ ਲਿਆਂਦਾ ਗਿਆ ਇਕ ਵਿਚਾਰ-ਅਧੀਨ ਕੈਦੀ ਜਗਦੀਸ਼ ਸਿੰਘ ਉਰਫ ਹੈਪੀ ਸਿੰਘ ਪਿਸ਼ਾਬ ਦਾ ਬਹਾਨਾ ਬਣਾ ਕੇ ਤਹਿਸੀਲ ਕੰਪਲੈਕਸ ਦੀ ਕੰਧ ਟੱਪ ਕੇ ਭੱਜ ਗਿਆ।

* 28 ਮਈ ਨੂੰ ਤਿੰਨ ਪੁਲਸ ਮੁਲਾਜ਼ਮਾਂ ’ਤੇ ਫਾਇਰਿੰਗ ਕਰ ਕੇ ਜ਼ਖਮੀ ਕਰਨ ਤੋਂ ਬਾਅਦ ਤਿੰਨ ਬਦਮਾਸ਼ ਕਰਨਾਲ ਅਦਾਲਤ ’ਚ ਪੇਸ਼ੀ ਲਈ ਲਿਆਂਦੇ ਗਏ ਸੁਨੀਲ ਉਰਫ ਮੋਨੂੰ ਨਾਮੀ ਕਤਲ ਦੇ ਦੋਸ਼ੀ ਨੂੰ ਛੁਡਾ ਕੇ ਲੈ ਗਏ।

* 30 ਮਈ ਨੂੰ ਸਰਾਏਕੇਲਾ ਸਦਰ ਹਸਪਤਾਲ ’ਚ ਜ਼ੇਰੇ ਇਲਾਜ ਸ਼ੰਭੂ ਮਾਂਝੀ ਨਾਮੀ ਕੈਦੀ 6 ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

* 30 ਮਈ ਨੂੰ ਆਰਾ ਦੇ ਸਦਰ ਹਸਪਤਾਲ ’ਚ ਜ਼ੇਰੇ ਇਲਾਜ ਕਤਲ ਦੇ ਦੋਸ਼ੀ ਦੋ ਕੈਦੀ ਮੁੰਨਾ ਸੁਨਾਰ ਤੇ ਵਿਕਾਸ ਕੁਮਾਰ ਟਾਇਲਟ ਜਾਣ ਦੇ ਬਹਾਨੇ ਹੱਥਕੜੀ ਸਮੇਤ ਫਰਾਰ ਹੋ ਗਏ।

* 01 ਜੂਨ ਨੂੰ ਰੋਹਤਕ ’ਚ ਸੁਨੀਲ ਨਾਮੀ ਬਲਾਤਕਾਰ ਦੇ ਦੋਸ਼ੀ ਨੂੰ ਫੜਨ ਗਈ ਕਰਨਾਲ ਪੁਲਸ ’ਤੇ ਔਰਤਾਂ ਨੇ ਪਥਰਾਅ ਕਰ ਦਿੱਤਾ ਅਤੇ ਸੁਨੀਲ ਨੂੰ ਛੁਡਾ ਕੇ ਲੈ ਗਈਆਂ। ਪਥਰਾਅ ਦੇ ਸਿੱਟੇ ਵਜੋਂ ਤਿੰਨ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।

* 03 ਜੂਨ ਨੂੰ ਮੁਜ਼ੱਫਰਨਗਰ ਜੇਲ ’ਚੋਂ ਦਿਲਸ਼ਾਦ ਨਾਮੀ ਕੈਦੀ ਫਰਾਰ ਹੋ ਗਿਆ।

ਬੰਦੀ ਅਪਰਾਧੀਆਂ ਦਾ ਪੁਲਸ ਮੁਲਾਜ਼ਮਾਂ ਦੇ ਕਬਜ਼ੇ ’ਚੋਂ ਅਤੇ ਜੇਲ ਕੰਪਲੈਕਸਾਂ ’ਚੋਂ ਫਰਾਰ ਹੋਣਾ ਮੁੱਖ ਤੌਰ ’ਤੇ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਮੁਲਾਜ਼ਮਾਂ ਦੀ ਗਲਤੀ ਤੇ ਲਾਪ੍ਰਵਾਹੀ ਦਾ ਹੀ ਨਤੀਜਾ ਹੈ, ਜੋ ਕਈ ਅਣਸੁਲਝੇ ਸਵਾਲ ਖੜ੍ਹੇ ਕਰਦਾ ਹੈ, ਜਿਨ੍ਹਾਂ ਦਾ ਜਵਾਬ ਲੱਭ ਕੇ ਉਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਲੋੜ ਹੈ।

ਜੇ ਅਜਿਹਾ ਨਹੀਂ ਕੀਤਾ ਜਾਏਗਾ ਤਾਂ ਕੈਦੀ ਇਸੇ ਤਰ੍ਹਾਂ ਫਰਾਰ ਹੁੰਦੇ ਰਹਿਣਗੇ, ਕਾਨੂੰਨ- ਵਿਵਸਥਾ ਦਾ ਮਜ਼ਾਕ ਉੱਡਦਾ ਰਹੇਗਾ ਅਤੇ ਹੋਰਨਾਂ ਅਪਰਾਧੀਆਂ ਦੇ ਹੌਸਲੇ ਵਧਦੇ ਰਹਿਣਗੇ।

–ਵਿਜੇ ਕੁਮਾਰ
 


Bharat Thapa

Content Editor

Related News