''ਜੈਸੇ ਕੋ ਤੈਸਾ'' ਪੁਲਸ ਵਾਲੇ ਨੇ ਬਿਜਲੀ ਵਾਲੇ ਦਾ ਚਲਾਨ ਕੱਟਿਆ, ਬਿਜਲੀ ਵਾਲੇ ਨੇ ਥਾਣੇ ਦੀ ਬਿਜਲੀ ਕਟਵਾ ਦਿੱਤੀ

08/04/2019 4:36:44 AM

ਦੇਸ਼ 'ਚ ਪੁਲਸ ਥਾਣਿਆਂ ਵਲੋਂ ਨਾਜਾਇਜ਼ ਤੌਰ 'ਤੇ ਕੁੰਡੀ ਕੁਨੈਕਸ਼ਨ ਰਾਹੀਂ ਬਿਜਲੀ ਲੈਣ ਅਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਦੀਆਂ ਅਨੇਕ ਸ਼ਿਕਾਇਤਾਂ ਹਨ ਅਤੇ ਇਸੇ ਹਫਤੇ ਅਜਿਹੇ 2 ਮਾਮਲੇ ਸਾਹਮਣੇ ਆਏ ਹਨ।
ਪਹਿਲੇ ਮਾਮਲੇ ਵਿਚ ਪੰਜਾਬ ਦੇ ਪਟਿਆਲਾ 'ਚ ਥਾਣਾ ਅਨਾਜ ਮੰਡੀ ਵਲੋਂ ਸਿੱਧੀ ਤਾਰ 'ਕੁੰਡੀ' ਲਾ ਕੇ ਬਿਜਲੀ ਚੋਰੀ ਦਾ ਪਤਾ ਲੱਗਾ, ਜਿਸ 'ਤੇ ਥਾਣੇ ਨੂੰ ਬਿਜਲੀ ਚੋਰੀ ਕਰਨ ਦੇ ਦੋਸ਼ 'ਚ ਪਾਵਰਕਾਮ ਨੇ 8.75 ਲੱਖ ਰੁਪਏ ਜੁਰਮਾਨਾ ਕੀਤਾ ਹੈ।
ਇਸੇ ਤਰ੍ਹਾਂ ਲੱਖਾਂ ਰੁਪਏ ਦਾ ਬਿਜਲੀ ਬਿੱਲ ਅਦਾ ਨਾ ਕਰਨ ਦਾ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਅਨੋਖੇ ਢੰਗ ਨਾਲ ਸਾਹਮਣੇ ਆਇਆ।
ਹੋਇਆ ਇਸ ਤਰ੍ਹਾਂ ਕਿ ਬਿਜਲੀ ਵਿਭਾਗ ਦਾ ਇਕ ਲਾਈਨਮੈਨ ਬਿਨਾਂ ਹੈਲਮੇਟ ਲਏ ਮੋਟਰਸਾਈਕਲ 'ਤੇ ਬਿਜਲੀ ਦੀ ਤਾਰ ਜੋੜਨ ਜਾ ਰਿਹਾ ਸੀ ਤਾਂ ਚੈਕਿੰਗ ਲਈ ਖੜ੍ਹੇ 'ਲਾਈਨ ਪਾਰ' ਥਾਣੇ ਦੇ ਸਬ-ਇੰਸਪੈਕਟਰ ਨੇ ਉਸ ਨੂੰ ਰੋਕ ਕੇ 500 ਰੁਪਏ ਦਾ ਚਲਾਨ ਕਰ ਦਿੱਤਾ।
ਲਾਈਨਮੈਨ ਨੇ ਬਥੇਰਾ ਕਿਹਾ ਕਿ ਉਹ ਆਪਣੇ ਕੋਲ ਹੋਣ ਦੇ ਬਾਵਜੂਦ ਜਲਦਬਾਜ਼ੀ 'ਚ ਹੈਲਮੇਟ ਨਹੀਂ ਪਹਿਨ ਸਕਿਆ ਪਰ ਸਬ-ਇੰਸਪੈਕਟਰ ਨੇ ਉਸ ਦੀ ਇਕ ਨਾ ਸੁਣੀ। ਲਾਈਨਮੈਨ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਉਨ੍ਹਾਂ ਨਾਲ ਸਬ-ਇੰਸਪੈਕਟਰ ਦੀ ਗੱਲ ਵੀ ਕਰਵਾਈ ਪਰ ਸਬ-ਇੰਸਪੈਕਟਰ ਉਨ੍ਹਾਂ ਨੂੰ ਵੀ ਆਵਾਜਾਈ ਨਿਯਮਾਂ ਦੀ ਹੀ ਯਾਦ ਦਿਵਾਉਂਦਾ ਰਿਹਾ।
ਇਸ 'ਤੇ ਗੁੱਸੇ 'ਚ ਆਏ ਲਾਈਨਮੈਨ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਸਮੇਂ ਸਿਰ ਬਿਜਲੀ ਬਿੱਲ ਨਾ ਭਰਨਾ ਵੀ ਨਿਯਮਾਂ ਦੇ ਵਿਰੁੱਧ ਹੈ। ਆਪਣੇ ਦਫਤਰ ਜਾ ਕੇ ਲਾਈਨਮੈਨ ਨੇ 'ਲਾਈਨ ਪਾਰ' ਥਾਣੇ ਵੱਲ ਬਿਜਲੀ ਬਿੱਲਾਂ ਦੇ ਬਕਾਏ ਦਾ ਹਿਸਾਬ ਕਢਵਾ ਲਿਆ, ਜਿਸ ਦੇ ਅਨੁਸਾਰ 'ਲਾਈਨ ਪਾਰ' ਥਾਣੇ 'ਤੇ 6,62,463 ਰੁਪਏ ਦਾ ਬਿੱਲ ਬਕਾਇਆ ਸੀ, ਜੋ 2016 ਤੋਂ ਜਮ੍ਹਾ ਨਹੀਂ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਵਿਭਾਗ ਹਰਕਤ 'ਚ ਆਇਆ ਅਤੇ ਥਾਣੇ ਦੀ ਬਿਜਲੀ ਕੱਟ ਦਿੱਤੀ।
ਹੁਣ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਵਾਰੀ ਪੁਲਸ ਵਾਲਿਆਂ ਦੀ ਸੀ ਪਰ ਬਿਜਲੀ ਵਿਭਾਗ ਦੇ ਅਧਿਕਾਰੀ ਵੀ ਨਹੀਂ ਮੰਨੇ ਅਤੇ ਇਕ ਹਫਤੇ 'ਚ ਭੁਗਤਾਨ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਥਾਣੇ ਦੀ ਬਿਜਲੀ ਬਹਾਲ ਹੋਈ।
ਹਾਲਾਂਕਿ ਕੁਝ ਲੋਕ ਇਸ ਨੂੰ ਬਦਲੇ ਦੀ ਕਾਰਵਾਈ ਕਹਿ ਸਕਦੇ ਹਨ, ਜੋ ਕਿਸੇ ਹੱਦ ਤਕ ਠੀਕ ਵੀ ਲੱਗਦੀ ਹੈ ਪਰ ਇਹ ਘਟਨਾ ਬਿਜਲੀ ਵਿਭਾਗ ਦੀ ਲਾਪਰਵਾਹੀ ਵੱਲ ਵੀ ਇਸ਼ਾਰਾ ਕਰਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਬਿਜਲੀ ਵਿਭਾਗ ਵਾਲਿਆਂ ਨੇ ਇੰਨੇ ਸਾਲਾਂ ਤਕ ਵਸੂਲੀ ਲਈ ਕਾਰਵਾਈ ਕਿਉਂ ਨਹੀਂ ਕੀਤੀ? ਇਕ-ਦੂਜੇ ਦੀ ਲਿਹਾਜ਼ਦਾਰੀ 'ਚ ਦੇਸ਼ ਦਾ ਇਸੇ ਤਰ੍ਹਾਂ ਨੁਕਸਾਨ ਹੋ ਰਿਹਾ ਹੈ।

                                                                                                 —ਵਿਜੇ ਕੁਮਾਰ

KamalJeet Singh

This news is Content Editor KamalJeet Singh