ਪਾਕਿਸਤਾਨ ’ਚ ਹਿੰਦੂਆਂ ਅਤੇ ਹੋਰ ਘੱਟਗਿਣਤੀਆਂ ’ਤੇ ਅੱਤਿਆਚਾਰ ਜਾਰੀ

02/05/2020 1:16:09 AM

ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਹਿੰਦੂ, ਸਿੱਖ, ਈਸਾਈ, ਹਾਜਰਾ ਅਤੇ ਅਹਿਮਦੀਆ ਘੱਟਗਿਣਤੀਆਂ ਵਿਰੁੱਧ ਹਿੰਸਾ, ਨਾਬਾਲਗ ਘੱਟਗਿਣਤੀ ਲੜਕੀਆਂ ਦੇ ਅਗ਼ਵਾ, ਬਲਾਤਕਾਰ, ਧਰਮ ਤਬਦੀਲੀ ਅਤੇ ਜਬਰੀ ਵਿਆਹ ਅਤੇ ਘੱਟਗਿਣਤੀਆਂ ਦੇ ਧਰਮ ਸਥਾਨਾਂ ’ਤੇ ਹਮਲੇ ਲਗਾਤਾਰ ਜਾਰੀ ਹਨ। ਇਸੇ ਕਾਰਣ ਉਥੋਂ ਹਿੰਦੂਆਂ ਦੀ ਲਗਾਤਾਰ ਹਿਜਰਤ ਹੋ ਰਹੀ ਹੈ ਅਤੇ ਕੁਝ ਸਾਲਾਂ ਦੌਰਾਨ 20 ਹਜ਼ਾਰ ਤੋਂ ਜ਼ਿਆਦਾ ਹਿੰਦੂ ਪਰਿਵਾਰ ਭਾਰਤ ਆ ਚੁੱਕੇ ਹਨ। ਅਜੇ 3 ਫਰਵਰੀ ਨੂੰ ਹੀ ਪਾਕਿਸਤਾਨ ਤੋਂ ਹਿਜਰਤ ਕਰ ਕੇ 187 ਹਿੰਦੂਆਂ ਦਾ ਜਥਾ ਭਾਰਤ ਪਹੁੰਚਿਆ ਹੈ, ਜੋ ਸਾਰੇ ਦੇ ਸਾਰੇ ਭਾਰਤ ਵਿਚ ਸਥਾਈ ਨਾਗਰਿਕਤਾ ਲੈਣ ਦੇ ਇੱਛੁਕ ਹਨ। ਸੰਯੁਕਤ ਰਾਸ਼ਟਰ ਨੇ ਵੀ 16 ਦਸੰਬਰ 2019 ਨੂੰ ਜਾਰੀ ਰਿਪੋਰਟ ਵਿਚ ਕਿਹਾ ਹੈ ਕਿ ‘‘ਪਾਕਿਸਤਾਨ ਵਿਚ ਇਮਰਾਨ ਖਾਨ ਦੀ ਸਰਕਾਰ ਬਣਨ ਤੋਂ ਬਾਅਦ ਉਥੇ ਘੱਟਗਿਣਤੀਆਂ ’ਤੇ ਅੱਤਿਆਚਾਰ ਬਹੁਤ ਵਧ ਗਏ ਹਨ, ਜੋ ਘੱਟਗਿਣਤੀਆਂ ’ਤੇ ਹਮਲਿਆਂ ਲਈ ਕੱਟੜਪੰਥੀ ਵਿਚਾਰਾਂ ਨੂੰ ਉਤਸ਼ਾਹ ਦੇ ਰਹੀ ਹੈ।’’ ‘‘ਹਿੰਦੂਆਂ ਅਤੇ ਈਸਾਈਆਂ ’ਤੇ ਸਭ ਤੋਂ ਵੱਧ ਤਸ਼ੱਦਦ ਕਰਨ ਦੇ ਨਾਲ-ਨਾਲ ਇਨ੍ਹਾਂ ਦੀਆਂ ਸੈਂਕੜੇ ਔਰਤਾਂ ਦਾ ਬਲਾਤਕਾਰ ਅਤੇ ਅਗ਼ਵਾ ਕਰ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾ ਕੇ ਜ਼ਬਰਦਸਤੀ ਮੁਸਲਮਾਨਾਂ ਨਾਲ ਵਿਆਹ ਕੀਤਾ ਜਾ ਰਿਹਾ ਹੈ।’’ ‘‘ਬੱਚਿਆਂ ਨੂੰ ਉਨ੍ਹਾਂ ਦੇ ਅਧਿਆਪਕ ਅਤੇ ਜਮਾਤੀ ਅਪਮਾਨਿਤ ਕਰਦੇ ਹਨ। ਘੱਟਗਿਣਤੀਆਂ ’ਤੇ ਤਸ਼ੱਦਦ ਲਈ ਈਸ਼ਨਿੰਦਾ ਕਾਨੂੰਨ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਅਤੇ ਇਸ ਦੀ ਆੜ ਵਿਚ ਘੱਟਗਿਣਤੀਆਂ ’ਤੇ ਹਿੰਸਾ ਵਧੀ ਹੈ।’’ ਉਕਤ ਰਿਪੋਰਟ ਦੀ ਸੱਚਾਈ ਸਿਰਫ ਇਸ ਮਹੀਨੇ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 03 ਜਨਵਰੀ ਨੂੰ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਸੈੈਂਕੜੇ ਲੋਕਾਂ ਦੀ ਭੀੜ ਨੇ ਪਥਰਾਅ ਕੀਤਾ ਅਤੇ ਨਨਕਾਣਾ ਸਾਹਿਬ ਦਾ ਨਾਂ ਬਦਲਣ ਦੀ ਧਮਕੀ ਦਿੱਤੀ।

* 14 ਜਨਵਰੀ ਨੂੰ ਇਕ ਹਿੰਦੂ ਲੜਕੀ ਮਹਿਕ ਕੁਮਾਰੀ ਦਾ ਨਿਕਾਹ ਅਲੀ ਰਜ਼ਾ ਨਾਂ ਦੇ ਮੁਸਲਮਾਨ ਨਾਲ ਕਰਵਾ ਦਿੱਤਾ ਗਿਆ। ਇਸ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸੈਂਕੜੇ ਲੋਕਾਂ ਨੂੰ ਹਟਾਉਣ ਲਈ ਕਮਾਂਡੋ ਫੋਰਸ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ।

* 25 ਜਨਵਰੀ ਨੂੰ ਸਿੰਧ ਦੇ ‘ਚਾਚਰੋ’ ਪਿੰਡ ਵਿਚ ਵੱਡੀ ਗਿਣਤੀ ’ਚ ਲੋਕਾਂ ਨੇ ਮਾਂ ਭਟਿਆਨੀ ਦੇਵੀ ਦੇ ਮੰਦਰ ’ਤੇ ਹਮਲਾ ਕਰ ਕੇ ਮੂਰਤੀ ਨੂੰ ਖੰਡਿਤ ਕਰਨ ਤੋਂ ਬਾਅਦ ਮੰਦਰ ਵਿਚ ਸੁਸ਼ੋਭਿਤ ਧਾਰਮਿਕ ਗ੍ਰੰਥਾਂ ਅਤੇ ਲਾਲ ਝੰਡੇ ਨੂੰ ਸਾੜ ਦਿੱਤਾ।

* 26 ਜਨਵਰੀ ਨੂੰ ਕਰਾਚੀ ਪ੍ਰਾਂਤ ਦੇ ਮਟਯਾਰੀ ਜ਼ਿਲੇ ਵਿਚ ਭਾਰਤੀ ਬਾਈ ਨਾਂ ਦੀ ਹਿੰਦੂ ਔਰਤ ਨੂੰ ਕੁਝ ਹਮਲਾਵਰਾਂ ਨੇ ਵਿਆਹ ਦੇ ਮੰਡਪ ਤੋਂ ਅਗਵਾ ਕਰ ਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਤੋਂ ਬਾਅਦ ਉਸ ਦਾ ਵਿਆਹ ਇਕ ਮੁਸਲਮਾਨ ਨਾਲ ਕਰ ਦਿੱਤਾ। ਸ਼ਿਕਾਇਤ ਮਿਲਣ ’ਤੇ ਪੁਲਸ ਨੇ ਅਗਵਾਕਾਰਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਲਟਾ ਭਾਰਤੀ ਬਾਈ ਨੂੰ ਅਗ਼ਵਾ ਕਰ ਕੇ ਲਿਜਾਣ ਵਾਲਿਆਂ ਦੀ ਮਦਦ ਕੀਤੀ।

* 26 ਜਨਵਰੀ ਨੂੰ ਕਰਾਚੀ ਦੇ ਸਕੂਲ ਵਿਚ ਆਪਣੇ ਪਤੀ ਨਾਲ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣ ਗਈ 7 ਮਹੀਨਿਆਂ ਦੀ ਗਰਭਵਤੀ ਇਕ ਈਸਾਈ ਔਰਤ ’ਤੇ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

* 27 ਜਨਵਰੀ ਨੂੰ ਫੌਜ ਦੀ ਆਲੋਚਨਾ ਕਰਨ ’ਤੇ ਪਾਕਿਸਤਾਨ ਦੇ ਘੱਟਗਿਣਤੀ ਪਸ਼ਤੂਨ ਲੋਕਾਂ ਦੇ ਨੇਤਾ ਮਨਜ਼ੂਰ ਪਸ਼ਤੀਨ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ।

* 28 ਜਨਵਰੀ ਨੂੰ ਸਿੰਧ ਪ੍ਰਾਂਤ ਦੇ ਜ਼ਿਲਾ ‘ਕੋਟ ਗੁਲਾਮ ਮੁਹੰਮਦ’ ਦੀ ਹਿੰਦੂ ਮਹਿਲਾ ਅਜਾਤ ਕੁਮਾਰੀ ਮੇਘਵਾਰ ਨੂੰ ਅਗ਼ਵਾ ਕਰ ਕੇ ਉਸ ਦਾ ਧਰਮ ਤਬਦੀਲ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ 5 ਦਿਨਾਂ ਵਿਚ ਹੀ ਸਿੰਧ ਦੇ ਵੱਖ-ਵੱਖ ਸ਼ਹਿਰਾਂ ਵਿਚ ਘੱਟਗਿਣਤੀ ਭਾਈਚਾਰੇ ਦੀਆਂ 6 ਲੜਕੀਆਂ ਦਾ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾਇਆ ਗਿਆ।

ਪਾਕਿਸਤਾਨ ਦੇ ਘੱਟਗਿਣਤੀ ਭਾਈਚਾਰੇ ’ਤੇ ਉਥੋਂ ਦੀ ਸਰਕਾਰ ਅਤੇ ਫੌਜ ਦੀ ਸ਼ਹਿ ’ਤੇ ਕੀਤੇ ਜਾਣ ਵਾਲੇ ਅੱਤਿਆਚਾਰਾਂ ਦੇ ਇਹ ਤਾਂ ਕੁਝ ਨਮੂੂਨੇ ਹੀ ਹਨ, ਜਿਸ ਦੇ ਵਿਰੁੱਧ ਕੌਮਾਂਤਰੀ ਮੰਚਾਂ ’ਤੇ ਹੀ ਨਹੀਂ, ਸਗੋਂ ਹੁਣ ਤਾਂ ਖ਼ੁਦ ਪਾਕਿਸਤਾਨ ਦੇ ਉਦਾਰਵਾਦੀ ਮੁਸਲਮਾਨਾਂ ਵਲੋਂ ਵੀ ਆਵਾਜ਼ ਉਠਾਈ ਜਾਣ ਲੱਗੀ ਹੈ।

3 ਫਰਵਰੀ ਨੂੰ ਪਾਕਿਸਤਾਨ ਦੇ ਜੈਕੋਬਾਬਾਦ ਵਿਚ ‘ਜੀਏ ਸਿੰਧ ਮਹਾਜ’ (ਜੇ. ਐੱਸ. ਐੱਮ.) ਦੇ ਚੇਅਰਮੈਨ ਰਿਆਜ਼ ਖਾਨ ਚਾਂਦਿਓ ਦੀ ਅਗਵਾਈ ਵਿਚ ਵੱਖ-ਵੱਖ ਉਦਾਰਵਾਦੀ ਮੁਸਲਮਾਨ ਸੰਗਠਨਾਂ ਨੇ ਨਾਬਾਲਗ ਹਿੰਦੂ ਲੜਕੀ ਦੀ ਧਰਮ ਤਬਦੀਲੀ ਤੋਂ ਬਾਅਦ ਮੁਸਲਮਾਨ ਦੇ ਨਾਲ ਵਿਆਹ ਦੇ ਵਿਰੁੱਧ ਭਾਰੀ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨ ਵਿਚ ਸ਼ਾਮਿਲ ਸਿੰਧੀ ਗਾਇਕ ਢੋਲ ਦੀ ਥਾਪ ’ਤੇ ‘ਤੁਮਹਾਰਾ ਮਜ਼ਹਬ ਤੁਮਹਾਰੇ ਸਾਥ ਰਹੇ, ਹਮਾਰਾ ਮਜ਼ਹਬ ਹਮਾਰੇ ਸਾਥ ਰਹੇ’ ਗੀਤ ਗਾ ਕੇ ਪੀੜਤ ਲੜਕੀ ਦੇ ਲਈ ਨਿਆਂ ਦੀ ਮੰਗ ਕਰ ਰਹੇ ਸਨ।

ਕੌਮਾਂਤਰੀ ਭਾਈਚਾਰੇ ਅਤੇ ਪਾਕਿਸਤਾਨ ਵਿਚ ਉਦਾਰਵਾਦੀ ਮੁਸਲਮਾਨਾਂ ਵਲੋਂ ਵੀ ਘੱਟਗਿਣਤੀਆਂ ’ਤੇ ਅੱਤਿਆਚਾਰਾਂ ਦੇ ਵਿਰੁੱਧ ਆਵਾਜ਼ ਉਠਾਉਣ ਤੋਂ ਸਪੱਸ਼ਟ ਹੈ ਕਿ ਉਥੇ ਘੱਟਗਿਣਤੀਆਂ ’ਤੇ ਅੱਤਿਆਚਾਰ ਕਿੰਨੇ ਵਧ ਚੁੱਕੇ ਹਨ ਅਤੇ ਇਸ ’ਤੇ ਪਾਕਿਸਤਾਨ ਸਰਕਾਰ ਦੀ ਚੁੱਪ ਇਸ ਤੱਥ ਦਾ ਮੂੰਹ ਬੋਲਦਾ ਪ੍ਰਮਾਣ ਹੈ ਕਿ ਪਾਕਿਸਤਾਨ ਦੇ ਨੇਤਾਵਾਂ ਨੇ ਆਪਣੇ ਦੇਸ਼ ਦੇ ਘੱਟਗਿਣਤੀਆਂ ਬਾਰੇ ਕਿੰਨਾ ਨਿੰਦਣਯੋਗ ਰਵੱਈਆ ਅਪਣਾਇਆ ਹੋਇਆ ਹੈ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa