ਇਹ ਕੀ ਕਰ ਰਹੇ ਹੋ! ਇਹ ਕੀ ਹੋ ਰਿਹਾ ਹੈ!! ਮਰੀਜ਼ ਨੇ ਆਪਣੀ ਜਾਨ ਬਚਾਉਣ ਵਾਲੀ ਡਾਕਟਰ ਨੂੰ ਹੀ ਮਾਰ ਦਿੱਤਾ

05/12/2023 3:00:12 AM

ਡਾਕਟਰੀ ਇਕ ਮਹਾਨ ਪੇਸ਼ਾ ਹੈ ਅਤੇ ਬੀਮਾਰਾਂ ਨੂੰ ਸਿਹਤ ਪ੍ਰਦਾਨ ਕਰਨ ’ਚ ਬਹੁਕੀਮਤੀ ਯੋਗਦਾਨ ਦੇਣ ਕਾਰਨ ਹੀ ਉਨ੍ਹਾਂ ਨੂੰ ਜੀਵਨਦਾਤਾ ਕਿਹਾ ਜਾਂਦਾ ਹੈ ਪਰ ਅੱਜ ਕੁਝ ਲੋਕਾਂ ਕਾਰਨ ਡਾਕਟਰ ਵੀ ਹਮਲਿਆਂ ਦੇ ਸ਼ਿਕਾਰ ਹੋਣ ਲੱਗੇ ਹਨ।

ਇਸ ਦੀ ਤਾਜ਼ਾ ਉਦਾਹਰਣ ਕੇਰਲ ਦੇ ਕੋਲਮ ਜ਼ਿਲੇ ’ਚ ਕੋਟਾਰਕਾਰਾਤਾਲੁਕਾ ’ਚ ਉਦੋਂ ਸਾਹਮਣੇ ਆਈ ਜਦੋਂ ਉੱਥੋਂ ਦੇ ਇਕ ਹਸਪਤਾਲ ’ਚ ਇਲਾਜ ਲਈ ਲਿਆਂਦੇ ਗਏ ਸੰਦੀਪ ਨਾਮਕ ਸਕੂਲ ਅਧਿਆਪਕ ਨੇ 10 ਮਈ ਨੂੰ ਉਸ ਦੇ ਪੈਰ ਦੇ ਜ਼ਖਮ ’ਤੇ ਪੱਟੀ ਕਰ ਰਹੀ ਡਾ. ਵੰਦਨਾ ਦਾਸ ’ਤੇ ਸਰਜਰੀ ਦੇ ਬਲੇਡ ਅਤੇ ਕੈਂਚੀ ਨਾਲ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ।

ਘਟਨਾ ਦੇ ਸਮੇਂ ਕਮਰੇ ’ਚ ਉਹ ਦੋਵੇਂ ਇਕੱਲੇ ਸਨ। ਉਦੋਂ ਅਚਾਨਕ ਰੌਲਾ ਪੈ ਗਿਆ ਅਤੇ ਡਾਕਟਰ ਮਦਦ ਲਈ ਬਾਹਰ ਭੱਜੀ। ਉਸ ਦੇ ਪਿੱਛੇ ਹੱਥ ’ਚ ਕੈਂਚੀ ਅਤੇ ਸਰਜਰੀ ਵਾਲਾ ਬਲੇਡ ਲਈ ਦੋਸ਼ੀ ‘‘ਮੈਂ ਤੈਨੂੰ ਮਾਰ ਦੇਵਾਂਗਾ’’ ਰੌਲਾ ਪਾਉਂਦੇ ਹੋਏ ਬਾਹਰ ਨਿਕਲਿਆ ਅਤੇ ਉਸ ਨੇ 4 ਹੋਰਨਾਂ ਲੋਕਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਵੀ ਜ਼ਖਮੀ ਕਰ ਦਿੱਤਾ।

ਹਮਲੇ ’ਚ ਬੁਰੀ ਤਰ੍ਹਾਂ ਜ਼ਖਮੀ ਡਾਕਟਰ ਨੂੰ ਤਿਰੂਵਨੰਤਪੁਰਮ ’ਚ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਕੁਝ ਹੀ ਘੰਟਿਆਂ ਬਾਅਦ ਦਮ ਤੋੜ ਦਿੱਤਾ। ਦੋਸ਼ੀ ਨੂੰ ਹਸਪਤਾਲ ਲੈ ਕੇ ਆਏ ਪੁਲਸ ਕਰਮਚਾਰੀ ਵੀ ਉਸ ਦੇ ਹਮਲੇ ’ਚ ਜ਼ਖਮੀ ਹੋ ਗਏ।

ਜਿੱਥੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਇਸ ਦੀ ਵਿਸਤਾਰਤ ਜਾਂਚ ਦੇ ਹੁਕਮ ਦਿੱਤੇ ਹਨ, ਉੱਥੇ ਹੀ ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ‘‘ਡਾਕਟਰ ਇਕ ਹਾਊਸ ਸਰਜਨ ਹੋਣ ਕਾਰਨ ਤਜਰਬਾਹੀਣ ਸੀ।’’

‘ਇੰਡੀਅਨ ਮੈਡੀਕਲ ਐਸੋਸੀਏਸ਼ਨ’ (ਆਈ. ਐੱਮ. ਏ.) ਅਤੇ ‘ਕੇਰਲ ਗੌਰਮਿੰਟ ਮੈਡੀਕਲ ਆਫਿਸਰਜ਼ ਐਸੋਸੀਏਸ਼ਨ’ ਨੇ ਸੂਬੇ ਭਰ ’ਚ ਇਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਹੈ।

ਹਸਪਤਾਲ ’ਚ ਇਲਾਜ ਅਧੀਨ ਮਰੀਜ਼ ਵੱਲੋਂ ਡਾਕਟਰ ’ਤੇ ਹਮਲਾ ਕਰਨ ਵਰਗੀ ਘਟਨਾ ਨਿੰਦਣਯੋਗ ਤਾਂ ਹੈ ਹੀ, ਇਹ ਦੋਸ਼ੀ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਵੀ ਕਰਦੀ ਹੈ। ਇਸ ਤੋਂ ਇਲਾਵਾ ਹਸਪਤਾਲਾਂ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਵੀ ਤੁਰੰਤ ਲੋੜ ਹੈ ਤਾਂ ਜੋ ਦੂਜਿਆਂ ਨੂੰ ਜ਼ਿੰਦਗੀ ਦੇਣ ਵਾਲੇ ਡਾਕਟਰਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਹੱਥੋਂ ਆਪਣੀ ਜ਼ਿੰਦਗੀ ਨਾ ਗਵਾਉਣੀ ਪਵੇ।

-ਵਿਜੇ ਕੁਮਾਰ

Mukesh

This news is Content Editor Mukesh