ਪਾਨ ਮਸਾਲਾ ਖਾ ਕੇ ਥੁੱਕਣ ਵਾਲੇ ਦਾ ਹੋਇਆ ‘ਚਲਾਨ’

05/10/2019 6:33:22 AM

2 ਅਕਤੂਬਰ 2014 ਤੋਂ ਦੇਸ਼ ’ਚ ਚਲਾਏ ਜਾ ਰਹੇ ‘ਸਵੱਛ ਭਾਰਤ ਮਿਸ਼ਨ’ ਦੇ ਤਹਿਤ ਦੇਸ਼ ’ਚ ਸਾਫ-ਸਫਾਈ ਨੂੰ ਹੱਲਾਸ਼ੇਰੀ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਅਜੇ ਤਕ ਇਹ ਮੁਹਿੰਮ ਟੀਚਾ ਹਾਸਿਲ ਕਰਨ ਤੋਂ ਕਿਤੇ ਦੂਰ ਹੈ। ਸਾਫ-ਸਫਾਈ ਨੂੰ ਅਹਿਮੀਅਤ ਨਾ ਦੇਣ ਵਾਲੇ ਲੋਕ ਜਨਤਕ ਥਾਵਾਂ ’ਤੇ ਤੰਬਾਕੂ ਆਦਿ ਖਾ ਕੇ ਕਿਤੇ ਵੀ ਥੁੱਕ ਕੇ ਗੰਦਗੀ ਫੈਲਾਉਂਦੇ ਹਨ। ਇਸੇ ਕਾਰਨ ਕੁਝ ਸੂਬਿਆਂ ’ਚ ਸਥਾਨਕ ਪ੍ਰਸ਼ਾਸਨ ਨੇ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਨੂੰ ਤਮੀਜ਼ ਸਿਖਾਉਣ ਅਤੇ ਸੜਕਾਂ ਅਤੇ ਹੋਰ ਜਨਤਕ ਥਾਵਾਂ ਨੂੰ ਸਾਫ ਰੱਖਣ ਲਈ ਦੋਸ਼ੀਆਂ ਨੂੰ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਔਰੱਈਆ, ਮੱਧ ਪ੍ਰਦੇਸ਼ ਦੇ ਮੁੰਗਾਵਲੀ ਅਤੇ ਰਾਜਸਥਾਨ ਦੇ ਜੈਪੁਰ ਆਦਿ ’ਚ ਵੱਖ-ਵੱਖ ਥਾਵਾਂ ਤੰਬਾਕੂ-ਮੁਕਤ ਖੇਤਰ ਕਰਾਰ ਦੇ ਕੇ ਉਥੇ ਥੁੱਕਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦਿਆਂ ਨਕਦ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।

ਇਸੇ ਲੜੀ ’ਚ ਹੁਣੇ ਜਿਹੇ ਕੌਮੀ ਸਵੱਛਤਾ ਸਰਵੇਖਣ ’ਚ ਸਾਫ-ਸਫਾਈ ਦੇ ਮਾਮਲੇ ’ਚ ਚੋਟੀ ਦੇ ਸ਼ਹਿਰ ਵਜੋਂ ਚੁਣੇ ਗਏ ਅਹਿਮਦਾਬਾਦ ਦੇ ਅਧਿਕਾਰੀਆਂ ਨੇ 28 ਅਪ੍ਰੈਲ ਨੂੰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਇਕ ਬਾਈਕ ਸਵਾਰ ਨੂੰ ਸੜਕ ’ਤੇ ਪਾਨ ਮਸਾਲਾ ਥੁੱਕਦਿਆਂ ਫੜੇ ਜਾਣ ’ਤੇ ਉਸਦਾ ਈ-ਚਲਾਨ ਕਰ ਕੇ 100 ਰੁਪਏ ਜੁਰਮਾਨਾ ਵਸੂਲਿਆ। ਇਹੋ ਨਹੀਂ, ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਅਹਿਮਦਾਬਾਦ ਮਹਾਨਗਰ ਪਾਲਿਕਾ ਨੇ ਮਈ ਦੇ ਪਹਿਲੇ ਹਫਤੇ ’ਚ ਜਨਤਕ ਤੌਰ ’ਤੇ ਖੁੱਲ੍ਹੇ ’ਚ ਪਿਸ਼ਾਬ ਕਰਨ, ਥੁੱਕਣ ਅਤੇ ਪਲਾਸਟਿਕ ਦੇ ਪਾਬੰਦੀਸ਼ੁਦਾ ਬੈਗ ਰੱਖਣ ਵਾਲਿਆਂ ਵਿਰੁੁੱਧ ਮੁਹਿੰਮ ਚਲਾ ਕੇ ਕੁਲ 435 ਵਿਅਕਤੀਆਂ ਨੂੰ ਫੜ ਕੇ ਉਨ੍ਹਾਂ ਕੋਲੋਂ 43,500 ਰੁਪਏ ਜੁਰਮਾਨਾ ਵਸੂਲਿਆ। ਇਧਰ-ਓਧਰ ਪਿਸ਼ਾਬ ਕਰ ਕੇ ਜਾਂ ਥੁੱਕ ਕੇ ਰੋਗ ਫੈਲਾਉਣ ਵਾਲਿਆਂ ’ਤੇ ਰੋਕ ਲਾਉਣਾ ਅੱਜ ਦੀ ਵੱਡੀ ਲੋੜ ਹੈ। ਇਸਦੇ ਲਈ ਸਮੁੱਚੇ ਦੇਸ਼ ’ਚ ਉਚਿਤ ਸਿੱਖਿਆਦਾਇਕ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਕਿ ਸਾਫ-ਸਫਾਈ ਨੂੰ ਹੱਲਾਸ਼ੇਰੀ ਮਿਲ ਸਕੇ।

–ਵਿਜੇ ਕੁਮਾਰ
 


Bharat Thapa

Content Editor

Related News