ਕਸ਼ਮੀਰ ਦੇ ਘਟਨਾਚੱਕਰ ’ਤੇ ਪਾਕਿਸਤਾਨ ਵਲੋਂ ਭਾਰਤ ਨੂੰ ਜੰਗ ਦੀ ਧਮਕੀ

08/08/2019 6:42:25 AM

ਭਾਰਤ ਦੀ ਕੋਸ਼ਿਸ਼ ਹਮੇਸ਼ਾ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀ ਰਹੀ ਹੈ। ਇਸ ਲਈ ਪਾਕਿਸਤਾਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸੱਦੇ ’ਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ 21 ਫਰਵਰੀ 1999 ਨੂੰ ਬੱਸ ਲੈ ਕੇ ਲਾਹੌਰ ਗਏ ਅਤੇ ਉਥੇ ਆਪਸੀ ਦੋਸਤੀ ਅਤੇ ਸ਼ਾਂਤੀ ਲਈ ਲਾਹੌਰ ਐਲਾਨ ਪੱਤਰ ’ਤੇ ਦਸਤਖਤ ਕੀਤੇ ਪਰ ਕੁਝ ਹੀ ਸਮੇਂ ਬਾਅਦ ਮੁਸ਼ੱਰਫ ਨੇ ਨਵਾਜ਼ ਦਾ ਤਖਤਾ ਪਲਟ ਕੇ ਇਨ੍ਹਾਂ ਯਤਨਾਂ ਨੂੰ ਅਸਫਲ ਕਰ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 25 ਦਸੰਬਰ 2015 ਨੂੰ ਅਫਗਾਨਿਸਤਾਨ ਤੋਂ ਪਰਤਦੇ ਸਮੇਂ ਅਚਾਨਕ ਲਾਹੌਰ ’ਚ ਉਤਰੇ ਅਤੇ ਨਵਾਜ਼ ਸ਼ਰੀਫ ਨਾਲ ਸਦਭਾਵਨਾ ਮੁਲਾਕਾਤ ਕੀਤੀ। ਹਵਾਈ ਅੱਡੇ ’ਤੇ ਖੁਦ ਨਵਾਜ਼ ਸ਼ਰੀਫ ਉਨ੍ਹਾਂ ਦਾ ਸਵਾਗਤ ਕਰਨ ਆਏ ਸਨ।

18 ਅਗਸਤ 2018 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਇਮਰਾਨ ਖਾਨ ਨੇ ਭਾਰਤ ਨਾਲ ਸਬੰਧ ਸੁਧਾਰਨ ਦੀ ਦਿਸ਼ਾ ’ਚ ਕੁਝ ਸਾਕਾਰਾਤਮਕ ਐਲਾਨ ਵੀ ਕੀਤੇ ਪਰ ਉਨ੍ਹਾਂ ਦੇ ਯਤਨ ਸਫਲ ਹੁੰਦੇ ਦਿਖਾਈ ਨਹੀਂ ਦੇ ਰਹੇ।

ਹੁਣ 5 ਅਗਸਤ ਨੂੰ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ 370 ਦੇ ਜ਼ਿਆਦਾਤਰ ਹਿੱਸੇ ਖਤਮ ਕੀਤੇ ਜਾਣ ਤੋਂ ਬਾਅਦ, ਜਿਸ ਨੂੰ ਭਾਰਤੀ ਸੰਸਦ ਨੇ ਮਨਜ਼ੂਰੀ ਦਿੱਤੀ ਹੈ, ਤਾਂ ਪਾਕਿਸਤਾਨੀ ਨੇਤਾਵਾਂ ’ਚ ਭਾਰਤ ਵਿਰੁੱਧ ਰੋਸ ਭੜਕ ਉੱਠਿਆ ਹੈ।

ਅਜਿਹਾ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਜਿਥੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਲਗਾਤਾਰ ਪਾਕਿਸਤਾਨ ਦਾ ਵਿਰੋਧ ਹੁੰਦਾ ਆ ਰਿਹਾ ਹੈ, ਉਥੇ ਹੀ ਉਨ੍ਹਾਂ ਨੂੰ ਭਾਰਤ ਦੇ ਹਿੱਸੇ ਵਾਲੇ ਕਸ਼ਮੀਰ ’ਚ ਸਰਗਰਮ ਵੱਖਵਾਦੀਆਂ ਅਤੇ ਹੋਰ ਗਰਮ ਦਲੀਆਂ ਦਾ ਪੂਰਾ ਸਮਰਥਨ ਮਿਲਦਾ ਰਿਹਾ ਹੈ ਅਤੇ ਜਦੋਂ ਵੀ ਪਾਕਿਸਤਾਨ ਤੋਂ ਕੋਈ ਨੇਤਾ ਆਉਂਦਾ ਸੀ ਤਾਂ ਉਹ ਕਸ਼ਮੀਰੀ ਵੱਖਵਾਦੀ ਸਰਗਣਿਆਂ ਨੂੰ ਵੀ ਜ਼ਰੂਰ ਮਿਲਦਾ ਸੀ।

ਇਨ੍ਹਾਂ ਵੱਖਵਾਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਾ ਸਿਰਫ ਪਾਕਿਸਤਾਨ ਤੋਂ ਪੈਸਾ ਮਿਲਦਾ ਹੈ ਸਗੋਂ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਵੀ ਸਕਿਓਰਿਟੀ ਅਤੇ ਹੋਰ ਅਨੇਕ ਸਹੂਲਤਾਂ ਮਿਲੀਆਂ ਹੋਈਆਂ ਸਨ ਅਤੇ ਦਹਾਕਿਆਂ ਤੋਂ ਅਜਿਹਾ ਹੀ ਚਲਦਾ ਆ ਰਿਹਾ ਸੀ।

ਗੌਰਤਲਬ ਹੈ ਕਿ ਹੁਣ ਤਕ ਪਾਕਿਸਤਾਨ ਕਸ਼ਮੀਰ ਦੇ ਮਾਮਲੇ ’ਚ ਅਮਰੀਕਾ ਨੂੰ ਵਿਚੋਲੀਏ ਦੀ ਭੂਮਿਕਾ ਨਿਭਾ ਕੇ ਇਸ ਮਾਮਲੇ ਨੂੰ ਨਿਪਟਾਉਣ ਲਈ ਕਹਿ ਰਿਹਾ ਸੀ ਪਰ ਭਾਰਤ ਵਲੋਂ ਕਸ਼ਮੀਰ ਦੇ ਸੰਵਿਧਾਨਿਕ ਇਤਿਹਾਸ ’ਚ 5 ਅਗਸਤ ਨੂੰ ਕੀਤੇ ਗਏ ਬਦਲਾਅ ਨੂੰ ਅਮਰੀਕਾ ਅਤੇ ਚੀਨ ਨੇ ਉਨ੍ਹਾਂ ਦਾ ਅੰਦਰੂਨੀ ਮਾਮਲਾ ਦੱਸਦੇ ਹੋਏ ਇਸ ’ਚ ਕਿਸੇ ਵੀ ਤਰ੍ਹਾਂ ਦੇ ਦਖਲ ਤੋਂ ਇਨਕਾਰ ਕਰ ਦਿੱਤਾ ਹੈ।

ਹਾਲਾਂਕਿ ਸਮੁੱਚੇ ਦਾ ਸਮੁੱਚਾ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਇਸ ’ਚ ਪਾਕਿਸਤਾਨ ਨੂੰ ਕਿਸੇ ਕਿਸਮ ਦੀ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਪਰ 6 ਅਗਸਤ ਨੂੰ ਬੁਲਾਈ ਬੈਠਕ ’ਚ ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਆਰਟੀਕਲ ਮੁੱਦੇ ’ਤੇ ਜੰਗ ਦੀ ਧਮਕੀ ਦੇ ਦਿੱਤੀ ਹੈ।

ਇਮਰਾਨ ਖਾਨ ਦੇ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ‘‘ਸਾਨੂੰ ਭਾਰਤ ਦਾ ਜਵਾਬ ਖੂਨ, ਹੰਝੂਆਂ ਅਤੇ ਪਸੀਨੇ ਨਾਲ ਦੇਣਾ ਪਵੇਗਾ ਅਤੇ ਜੰਗ ਲਈ ਤਿਆਰ ਰਹਿਣਾ ਪਵੇਗਾ। ਭਾਰਤ ਵਲੋਂ ਪਾਕਿਸਤਾਨ ਨੂੰ ਫਲਸਤੀਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’’

ਇਮਰਾਨ ਨੇ ਵੀ ਕਿਹਾ ਹੈ ਕਿ ‘‘ਇਕ ਵਾਰ ਫਿਰ ਪੁਲਵਾਮਾ ਵਰਗਾ ਹਮਲਾ ਹੋ ਸਕਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਜੰਗ ਦੇ ਹਾਲਾਤ ਬਣ ਸਕਦੇ ਹਨ। ਇਹ ਅਜਿਹੀ ਜੰਗ ਹੋਵੇਗੀ, ਜਿਸ ਨੂੰ ਕੋਈ ਨਹੀਂ ਜਿੱਤੇਗਾ ਅਤੇ ਇਸ ਦਾ ਅਸਰ ਪੂਰੀ ਦੁਨੀਆ ’ਤੇ ਪਵੇਗਾ।’’

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੇ ਧਮਕੀ ਦਿੱਤੀ ਹੈ ਕਿ ‘‘ਕਸ਼ਮੀਰੀਆਂ ਦੀ ਸਹਾਇਤਾ ਲਈ ਸਾਡੇ ਫੌਜੀ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹਨ।’’

ਹਾਲਾਂਕਿ 1965 ਤੋਂ ਲੈ ਕੇ 1999 ਦੀ ਕਾਰਗਿਲ ਜੰਗ ਤਕ ਪਾਕਿਸਤਾਨ ਨੇ ਭਾਰਤ ਵਿਰੁੱਧ ਲੜੀਆਂ 4 ਜੰਗਾਂ ’ਚੋਂ ਹਰ ਜੰਗ ’ਚ ਬੁਰੀ ਤਰ੍ਹਾਂ ਮੂੰਹ ਦੀ ਖਾਧੀ ਹੈ ਅਤੇ 1965 ਦੀ ਜੰਗ ’ਚ ਤਾਂ ਰੂਸ ਤੋਂ ਦਖਲ ਕਰਵਾ ਕੇ ਜੰਗ ਰੁਕਵਾਈ ਪਰ ਹੁਣ ਇਕ ਵਾਰ ਫਿਰ ਪਾਕਿਸਤਾਨ ’ਤੇ ਭਾਰਤ ਵਿਰੁੱਧ ਜੰਗ ਦਾ ਭੂਤ ਸਵਾਰ ਹੋ ਰਿਹਾ ਹੈ।

ਸ਼ਾਇਦ ਇਸੇ ਤਰ੍ਹਾਂ ਦੇ ਘਟਨਾਚੱਕਰ ਦੇ ਖਦਸ਼ੇ ਦੇ ਮੱਦੇਨਜ਼ਰ ਪਾਕਿਸਤਾਨ ਕਦੋਂ ਕੋਈ ਮੂਰਖਤਾ ਕਰ ਜਾਵੇ, ਕਿਸੇ ਵੀ ਅਣਸੁਖਾਵੀਂ ਘਟਨਾ ਦਾ ਸਾਹਮਣਾ ਕਰਨ ਲਈ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ’ਚ ਵਾਧੂ ਫੌਜ ਤਾਇਨਾਤ ਕਰ ਦਿੱਤੀ ਹੈ।

ਪਾਕਿਸਤਾਨ ਦੀ ਇਹ ਧਮਕੀ ਸਰਾਸਰ ਮੂਰਖਤਾ ਭਰੀ ਹੈ ਕਿਉਂਕਿ ਅੱਜ ਪਾਕਿਸਤਾਨ ਕੰਗਾਲੀ ਦੇ ਕੰਢੇ ’ਤੇ ਖੜ੍ਹਾ ਹੈ। ਉਥੇ ਇਕ ਰੋਟੀ 35 ਰੁਪਏ ਦੀ ਹੈ ਅਤੇ ਪੈਟਰੋਲ 105 ਰੁਪਏ ਲਿਟਰ ਹੋ ਗਿਆ ਹੈ ਅਤੇ ਦੇਸ਼ ’ਚ ਬੇਰੋਜ਼ਗਾਰੀ ਦੀ ਦਰ ਵੀ ਚਿੰਤਾਜਨਕ ਹੱਦ ਤਕ ਵਧ ਚੁੱਕੀ ਹੈ।

ਅਜਿਹੀ ਹਾਲਤ ’ਚ ਘਰੇਲੂ ਸਮੱਸਿਆਵਾਂ ਦੂਰ ਕਰਨ ਦੇ ਯਤਨ ਕਰਨ ਦੀ ਬਜਾਏ ਭਾਰਤ ਦੇ ਨਾਲ ਇਕ ਹੋਰ ਜੰਗ ’ਚ ਉਲਝਣਾ ਪਾਕਿਸਤਾਨ ਨੂੰ ਉਸੇ ਤਰ੍ਹਾਂ ਮਹਿੰਗਾ ਪਵੇਗਾ, ਜਿਸ ਤਰ੍ਹਾਂ ਪਿਛਲੀਆਂ ਜੰਗਾਂ ’ਚ ਉਸ ਨੂੰ ਮੂੰਹ ਦੀ ਖਾਣੀ ਪਈ ਹੈ ਪਰ ਜੇਕਰ ਉਹ ਭਾਰਤ ਵਿਰੁੱਧ ਜੰਗ ਛੇੜਨ ਦੀ ਮੂਰਖਤਾ ਕਰਦਾ ਹੀ ਹੈ ਤਾਂ ਉਸ ਦਾ ਨੁਕਸਾਨ ਤਾਂ ਹੋਵੇਗਾ ਹੀ, ਕੁਝ ਨੁਕਸਾਨ ਸਾਡਾ ਵੀ ਹੋਵੇਗਾ, ਜਿਸ ਦਾ ਸਾਹਮਣਾ ਕਰਨ ਲਈ ਸਾਨੂੰ ਤਿਆਰ ਰਹਿਣਾ ਪਵੇਗਾ।

ਇਸ ਦੌਰਾਨ 7 ਅਗਸਤ ਨੂੰ ਦੇਰ ਸ਼ਾਮ ਪਾਕਿਸਤਾਨ ਵਲੋਂ ਭਾਰਤ ਨਾਲ ਕੂਟਨੀਤਕ ਸਬੰਧ ਘੱਟ ਕਰਨ, ਦੁਵੱਲਾ ਵਪਾਰ ਰੋਕਣ, ਕਸ਼ਮੀਰ ਸਬੰਧੀ ਵਿਸ਼ਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਲਿਜਾਣ ਅਤੇ ਦੁਵੱਲੀ ਵਿਵਸਥਾ ਦੀ ਸਮੀਖਿਆ ਕਰਨ ਤੋਂ ਇਲਾਵਾ ਭਾਰਤੀ ਹਾਈ ਕਮਿਸ਼ਨਰ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਹੈ। ਜੇਕਰ ਪਾਕਿਸਤਾਨ ਅਜਿਹਾ ਕੁਝ ਕਰਦਾ ਹੈ ਤਾਂ ਇਹ ਉਸ ਦੀ ਇਕ ਹੋਰ ਭੁੱਲ ਹੋਵੇਗੀ।

–ਵਿਜੇ ਕੁਮਾਰ\\\
 

Bharat Thapa

This news is Content Editor Bharat Thapa