ਫੌਜ ਦੇ ਦਬਾਅ, ਭਾਰੀ ਭ੍ਰਿਸ਼ਟਾਚਾਰ ਅਤੇ ਸਿਆਸੀ ਉਥਲ-ਪੁਥਲ ਦਰਮਿਆਨ ਸਾਹ ਲੈ ਰਿਹਾ ਪਾਕਿਸਤਾਨ

01/10/2019 7:14:57 AM

ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨੀ ਸ਼ਾਸਕਾਂ ਨੇ ਜਿਥੇ ਭਾਰਤ ਵਿਰੁੱਧ ਸਿੱਧੀ ਤੇ ਅਸਿੱਧੀ ਜੰਗ ਛੇੜੀ ਹੋਈ ਹੈ ਅਤੇ ਇਥੇ ਅੱਤਵਾਦੀ ਸਰਗਰਮੀਆਂ, ਨਸ਼ਿਆਂ ਅਤੇ ਜਾਅਲੀ ਕਰੰਸੀ ਦੀ ਸਮੱਗਲਿੰਗ ਆਦਿ ਕਰਵਾਉਣ ਵਿਚ ਸ਼ਾਮਲ ਹਨ, ਉਥੇ ਹੀ ਆਪਣੇ ਦੇਸ਼ ਵਿਚ ਪਾਕਿਸਤਾਨੀ ਸ਼ਾਸਕ ਲਗਾਤਾਰ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ ਅਤੇ ਫੌਜ ਦੇ ਸਾਏ ਹੇਠ ਦੇਸ਼ ਬੁਰੀ ਤਰ੍ਹਾਂ ਅਸਥਿਰਤਾ ਦਾ ਸ਼ਿਕਾਰ ਹੈ।
ਉਥੇ 16 ਅਕਤੂਬਰ 1951 ਨੂੰ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਦੀ ਹੱਤਿਆ ਤੋਂ ਸਿਆਸੀ ਹੱਤਿਆਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਫਿਰ ਪਾਕਿਸਤਾਨ ਦੇ ਰਾਸ਼ਟਰਪਤੀ ਤੇ ਸੈਨਾ ਮੁਖੀ ਰਹੇ ਜ਼ਿਆ-ਉੇਲ-ਹੱਕ 17 ਅਗਸਤ 1988 ਨੂੰ ਇਕ ਜਹਾਜ਼ ਵਿਚ ਹੋਏ ਰਹੱਸਮਈ ਬੰਬ ਧਮਾਕੇ ਵਿਚ ਮਾਰੇ ਗਏ ਤੇ 27 ਦਸੰਬਰ 2007 ਨੂੰ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਕੀਤੀ ਗਈ।
ਜਿਥੇ ਇਕ ਪਾਸੇ ਉਥੇ ਸਿਆਸੀ ਹੱਤਿਆਵਾ ਦਾ ਜ਼ੋਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਪਾਕਿਸਤਾਨ ਸਰਕਾਰ ’ਤੇ ਲਗਾਤਾਰ ਫੌਜ ਦੇ ਦਬਾਅ ਕਾਰਨ ਕੋਈ ਵੀ ਪ੍ਰਧਾਨ ਮੰਤਰੀ ਆਪਣੇ ਕਾਰਜਕਾਲ ਦੇ 5 ਸਾਲਾਂ ਦੀ ਮਿਆਦ ਪੂਰੀ ਨਹੀਂ ਕਰ ਸਕਿਆ।
ਉਥੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ 15 ਅਗਸਤ 1947 ਤੋਂ 16 ਅਕਤੂਬਰ 1951 ਨੂੰ ਆਪਣੀ ਹੱਤਿਆ ਕੀਤੇ ਜਾਣ ਤਕ 4 ਸਾਲ, 2 ਮਹੀਨੇ ਤੇ 2 ਦਿਨ ਪ੍ਰਧਾਨ ਮੰਤਰੀ ਰਹੇ ਅਤੇ ਖਵਾਜਾ ਨਜ਼ੀਮੂਦੀਨ 17 ਅਕਤੂਬਰ 1951 ਤੋਂ ਲੈ ਕੇ 17 ਅਪ੍ਰੈਲ 1953 ਨੂੰ ਗਵਰਨਰ ਜਨਰਲ ਵਲੋਂ ਆਪਣੀ ਸਰਕਾਰ ਭੰਗ ਕੀਤੇ ਜਾਣ ਤਕ ਇਕ ਸਾਲ, 6 ਮਹੀਨੇ ਪ੍ਰਧਾਨ ਮੰਤਰੀ ਰਹੇ।
ਮੁਹੰਮਦ ਅਲੀ ਬੋਗਰਾ 17 ਅਪ੍ਰੈਲ 1953 ਤੋਂ 11 ਅਗਸਤ 1955 ਨੂੰ ਗਵਰਨਰ ਜਨਰਲ ਵਲੋਂ ਸਰਕਾਰ ਬਰਖਾਸਤ ਕੀਤੇ ਜਾਣ ਤਕ 2 ਸਾਲ, 3 ਮਹੀਨੇ ਅਤੇ 26 ਦਿਨ ਪ੍ਰਧਾਨ ਮੰਤਰੀ ਰਹੇ। ਜ਼ੁਲਿਫਕਾਰ ਅਲੀ ਭੁੱਟੋ 14 ਅਗਸਤ 1973 ਤੋਂ 5 ਜੁਲਾਈ 1977 ਤਕ 3 ਸਾਲ, 10 ਮਹੀਨੇ ਤੇ 21 ਦਿਨ ਪ੍ਰਧਾਨ ਮੰਤਰੀ ਰਹੇ ਅਤੇ ਜਨਰਲ ਜ਼ਿਆ-ਉਲ-ਹੱਕ ਨੇ ਉਨ੍ਹਾਂ ਦਾ ਤਖਤਾ ਪਲਟ ਕੇ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕੀਤਾ।
ਬੇਨਜ਼ੀਰ ਭੁੱਟੋ ਦਾ ਪਹਿਲਾ ਕਾਰਜਕਾਲ 2 ਦਸੰਬਰ 1988 ਤੋਂ 6 ਅਗਸਤ 1990 ਤਕ ਰਾਸ਼ਟਰਪਤੀ ਇਸਹਾਕ ਖਾਨ ਵਲੋਂ ਸੱਤਾ ਤੋਂ ਲਾਂਭੇ ਕੀਤੇ ਜਾਣ ਤਕ ਇਕ ਸਾਲ, 8 ਮਹੀਨੇ, 4 ਦਿਨ ਰਿਹਾ ਤੇ ਦੂਜਾ ਕਾਰਜਕਾਲ 19 ਅਕਤੂਬਰ 1993 ਤੋਂ 5 ਨਵੰਬਰ 1996 ਤਕ 3 ਸਾਲ, 17 ਦਿਨ ਰਿਹਾ, ਜਦੋਂ ਉਨ੍ਹਾਂ ਦੀ ਸਰਕਾਰ ਨੂੰ ਰਾਸ਼ਟਰਪਤੀ ਫਾਰੂਕ ਲੇਘਾਰੀ ਨੇ ਬਰਖਾਸਤ ਕਰ ਦਿੱਤਾ।
ਨਵਾਜ਼ ਸ਼ਰੀਫ ਪਹਿਲੀ ਵਾਰ 6 ਨਵੰਬਰ 1990 ਤੋਂ 18 ਅਪ੍ਰੈਲ 1993 ਨੂੰ ਰਾਸ਼ਟਰਪਤੀ ਖਾਨ ਵਲੋਂ ਬਰਖਾਸਤ ਕੀਤੇ ਜਾਣ ਤਕ 2 ਸਾਲ, 5 ਮਹੀਨੇ  ਤੇ 12 ਦਿਨ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਨੇ ਆਪਣੀ ਬਰਖਾਸਤਗੀ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਅਤੇ ਆਪਣੇ ਪੱਖ ਵਿਚ ਫੈਸਲਾ ਹੋਣ ’ਤੇ ਦੁਬਾਰਾ 26 ਮਈ 1993 ਤੋਂ 18 ਜੁਲਾਈ 1993 ਨੂੰ ਖੁਦ ਅਸਤੀਫਾ ਦੇਣ ਤਕ ਇਕ ਮਹੀਨਾ, 22 ਦਿਨ ਪ੍ਰਧਾਨ ਮੰਤਰੀ ਰਹੇ।
ਦੂਜੀ ਵਾਰ ਉਹ 17 ਫਰਵਰੀ 1997 ਤੋਂ 12 ਅਕਤੂਬਰ 1999 ਤਕ 2 ਸਾਲ, 7 ਮਹੀਨੇ, 25 ਦਿਨ ਮੁਸ਼ੱਰਫ ਵਲੋਂ ਸੱਤਾ ਤੋਂ ਹਟਾਏ ਜਾਣ ਤਕ ਸੱਤਾ ਵਿਚ ਰਹੇ। ਨਵਾਜ਼ ਸ਼ਰੀਫ ਆਖਰੀ ਵਾਰ 5 ਜੂਨ 2013 ਤੋਂ 28 ਜੁਲਾਈ 2017 ਤਕ 4 ਸਾਲ, ਇਕ ਮਹੀਨਾ ਤੇ 23 ਦਿਨ ਪ੍ਰਧਾਨ ਮੰਤਰੀ ਰਹੇ, ਜਦੋਂ ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਅਯੋਗ ਕਰਾਰ ਦੇ ਦਿੱਤਾ।
ਸਿਆਸੀ ਅਸਥਿਰਤਾ ਤੋਂ ਇਲਾਵਾ ਉਥੋਂ ਦੇ ਜ਼ਿਆਦਾਤਰ ਪ੍ਰਮੁੱਖ ਸੱਤਾਧਾਰੀਆਂ ’ਤੇ ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਉਥੋਂ ਦੇ ਸਭ ਤੋਂ ਵੱਧ ਭ੍ਰਿਸ਼ਟ ਸਿਆਸਤਦਾਨਾਂ ਵਿਚੋਂ 6 ਨਵਾਜ਼ ਸ਼ਰੀਫ ਦੀ ਪਾਰਟੀ ਪੀ. ਐੱਮ. ਐੱਲ. (ਐੱਨ) ਅਤੇ 2 ਪੀ. ਪੀ. ਪੀ. ਨਾਲ ਸਬੰਧਤ ਹਨ।
ਪਾਕਿਸਤਾਨ ਦੇ 10 ਚੋਟੀ ਦੇ ਭ੍ਰਿਸ਼ਟ ਸਿਆਸਤਦਾਨਾਂ ਵਿਚ ਇਸ ਸਮੇਂ ਜੇਲ ਦੀ ਸਜ਼ਾ ਭੁਗਤ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਪਹਿਲਾ ਸਥਾਨ ਹੈ। ਉਨ੍ਹਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਦਾ ਸਭ ਤੋਂ ਵੱਧ ਭ੍ਰਿਸ਼ਟ ਸਿਆਸਤਦਾਨ ਕਰਾਰ ਦਿੱਤਾ ਗਿਆ ਹੈ। ਸਾਊਦੀ ਅਰਬ ਤੇ ਕਤਰ ਤੋਂ ਇਲਾਵਾ ਲੰਡਨ ਵਿਚ ਉਨ੍ਹਾਂ ਦੀਆਂ ਕਈ ਫੈਕਟਰੀਆਂ, ਹੋਰ ਜਾਇਦਾਦਾਂ ਤੇ ਮਕਾਨ ਹਨ।
ਇਨ੍ਹਾਂ ਤੋਂ ਬਾਅਦ ਪਾਕਿਸਤਾਨ ਵਿਚ ‘ਮਿਸਟਰ ਟੈੱਨ ਪ੍ਰਸੈਂਟ’ ਦੇ ਨਾਂ ਨਾਲ ਮਸ਼ਹੂਰ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ (ਬੇਨਜ਼ੀਰ ਦੇ ਪਤੀ) ਹਨ। ਪਾਕਿਸਤਾਨ ’ਚ ਫਰਜ਼ੀ ਬੈਂਕ ਖਾਤਿਆਂ ਦੇ ਜ਼ਰੀਏ 200 ਅਰਬ ਰੁਪਏ ਦੀ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਜ਼ਰਦਾਰੀ ਤੇ ਹੋਰਨਾਂ ਦੀ ਜਾਇਦਾਦ ਜ਼ਬਤ ਕਰਨ ਦੀ ਸਿਫਾਰਿਸ਼ ਕੀਤੀ ਹੈ।
ਪੰਜਾਬ ਦੇ ਸਾਬਕਾ ਕਾਨੂੰਨ ਮੰਤਰੀ ਰਾਣਾ ਸਨਾਉੱਲਾ ਵਿਰੁੱਧ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ, ਭ੍ਰਿਸ਼ਟਾਚਾਰ ਤੇ ਨਿੱਜੀ ਸਵਾਰਥਾਂ ਲਈ ਸਰਕਾਰੀ ਸੋਮਿਆਂ ਦੀ ਵਰਤੋਂ ਦੇ ਦੋਸ਼ਾਂ ਤੋਂ ਇਲਾਵਾ ਘੱਟੋ-ਘੱਟ 20 ਸਿਆਸੀ ਵਿਰੋਧੀਆਂ ਦੀ ਹੱਤਿਆ ਕਰਵਾਉਣ ਦਾ ਦੋਸ਼ ਹੈ।
ਸਿਆਸੀ ਉਥਲ-ਪੁਥਲ ਵੀ ਪਾਕਿਸਤਾਨ ਦੀ ਸਿਆਸਤ ਦੀ ਖਾਸੀਅਤ ਰਹੀ ਹੈ। ਇਸ ਬਾਰੇ 20 ਜੂਨ 2001 ਤੋਂ 18 ਅਗਸਤ 2008 ਤਕ ਰਾਸ਼ਟਰਪਤੀ ਰਹੇ ਪ੍ਰਵੇਜ਼ ਮੁਸ਼ੱਰਫ ਦਾ ਨਾਂ ਸਭ ਤੋਂ ਉਪਰ ਹੈ। 27 ਸਤੰਬਰ 2007 ਨੂੰ ਬੇਨਜ਼ੀਰ ਭੁੱਟੋ ਦੀ ਹੱਤਿਆ ’ਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਦਰਮਿਆਨ ਆਪਣੇ ਪ੍ਰਤੀ ਵਧ ਰਹੀ ਨਾਰਾਜ਼ਗੀ ਕਾਰਨ 18 ਅਗਸਤ 2008 ਨੂੰ ਅਸਤੀਫਾ ਦੇ ਕੇ ਉਹ ਹੱਜ ਕਰਨ ਚਲਾ ਗਿਆ ਅਤੇ ਉਦੋਂ ਤੋਂ ਵਿਦੇਸ਼ ਵਿਚ ਹੀ ਰਹਿ ਰਿਹਾ ਹੈ।
ਕੁਲ ਮਿਲਾ ਕੇ ਅਜਿਹੇ ਮਾਹੌਲ ਵਿਚ ਅੱਜ ਦਾ ਪਾਕਿਸਤਾਨ ਸਾਹ ਲੈ ਰਿਹਾ ਹੈ। ਇਕ ਪਾਸੇ ਫੌਜ  ਦਾ ਦਬਾਅ ਹੈ, ਦੂਜੇ ਪਾਸੇ ਭ੍ਰਿਸ਼ਟਾਚਾਰ ਅਤੇ ਤੀਜੇ ਪਾਸੇ ਸਿਆਸੀ ਉਥਲ-ਪੁਥਲ ਅਤੇ ਸਾਜ਼ਿਸ਼ਾਂ। ਅਜਿਹੀ ਸਥਿਤੀ ਵਿਚ ਫੌਜ ਦੀ ਸਹਾਇਤਾ ਨਾਲ ਦੇਸ਼ ਦੀ ਵਾਗਡੋਰ ਸੰਭਾਲ ਰਿਹਾ ਇਮਰਾਨ ਖਾਨ ਕਦੋਂ ਤਕ ਸੱਤਾ ’ਤੇ ਟਿਕ ਸਕੇਗਾ, ਇਹ ਭਵਿੱਖ ਦੇ ਗਰਭ ’ਚ ਹੈ।                                                    

 –ਵਿਜੇ ਕੁਮਾਰ