ਪਾਕਿਸਤਾਨ ਕੰਗਾਲੀ ਦੇ ਕੰਢੇ ’ਤੇ ਅੱਧੀ ਆਮਦਨ ਤਾਂ ਕਰਜ਼ੇ ਦਾ ਵਿਆਜ ਚੁਕਾਉਣ ’ਚ ਹੋ ਰਹੀ ਖਰਚ

06/12/2019 6:56:05 AM

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੁੰ ਚੁੱਕਦੇ ਸਮੇਂ ਇਮਰਾਨ ਖਾਨ ਨੇ ‘ਨਯਾ ਪਾਕਿਸਤਾਨ’ ਬਣਾਉਣ ਅਤੇ 5 ਸਾਲਾਂ ’ਚ ਦੇਸ਼ ਦੀ ਹਾਲਤ ’ਚ ਸੁਧਾਰ ਲਿਆਉਣ ਆਦਿ ਦੀਆਂ ਜੋ ਗੱਲਾਂ ਕਹੀਆਂ ਸਨ, ਪਾਕਿਸਤਾਨ ’ਚ ਉਹੋ ਜਿਹਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ।

ਪਾਕਿਸਤਾਨ ਦੇ ਲੋਕ ਮਹਿੰਗਾਈ ਦੀ ਮਾਰ ਤੋਂ ਤੰਗ ਹਨ ਅਤੇ ਮਾਰਚ ’ਚ ਉਥੇ ਮਹਿੰਗਾਈ 9.48 ਫੀਸਦੀ ਦੇ ਸਭ ਤੋਂ ਉੱਚੇ ਪੱਧਰ ’ਤੇ ਸੀ। ਇਸ ਸਾਲ ਪਾਕਿਸਤਾਨ ਦੀ ਵਿਕਾਸ ਦਰ 3.3 ਫੀਸਦੀ ਰਹਿਣ ਦੀ ਸੰਭਾਵਨਾ ਹੈ, ਜਦਕਿ ਟੀਚਾ 6.3 ਫੀਸਦੀ ਦਾ ਸੀ।

ਪਾਕਿਸਤਾਨ ’ਚ ਬੇਰੋਜ਼ਗਾਰੀ ਸਿਖਰਾਂ ’ਤੇ ਹੈ ਅਤੇ ਉਸ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਲੜਖੜਾ ਗਈ ਹੈ। ਪਾਕਿਸਤਾਨੀ ਰੁਪਏ ਦੀ ਕੀਮਤ ਭਾਰਤੀ ਰੁਪਏ ਦੇ ਮੁਕਾਬਲੇ ਅੱਧੀ ਰਹਿ ਗਈ ਹੈ।

ਭਾਰੀ ਵਿਦੇਸ਼ੀ ਕਰਜ਼ੇ ਦੇ ਬੋਝ ਹੇਠਾਂ ਦੱਬੀ ਪਾਕਿ ਸਰਕਾਰ ਕੋਲ ਦੇਸ਼ ਦਾ ਖਰਚਾ ਚਲਾਉਣ ਤਕ ਲਈ ਧਨ ਨਹੀਂ ਹੈ ਅਤੇ 10 ਸਾਲਾਂ ’ਚ ਪਾਕਿਸਤਾਨ ਦਾ ਕਰਜ਼ਾ 6 ਹਜ਼ਾਰ ਅਰਬ ਰੁਪਏ ਤੋਂ ਵਧ ਕੇ 30 ਹਜ਼ਾਰ ਅਰਬ ਰੁਪਏ ਤਕ ਪਹੁੰਚ ਗਿਆ ਹੈ।

ਦੇਸ਼ ’ਚ ਟੈਕਸ ਵਸੂਲੀ ਤੋਂ ਹੋਣ ਵਾਲੀ 4 ਹਜ਼ਾਰ ਅਰਬ ਰੁਪਏ ਦੀ ਆਮਦਨ ’ਚੋਂ 2 ਹਜ਼ਾਰ ਅਰਬ ਰੁਪਏ ਤਾਂ ਵਿਦੇਸ਼ੀ ਕਰਜ਼ੇ ਦਾ ਵਿਆਜ ਚੁਕਾਉਣ ’ਚ ਹੀ ਚਲੇ ਜਾਂਦੇ ਹਨ ਅਤੇ ਬਾਕੀ ਬਚੇ 2 ਹਜ਼ਾਰ ਅਰਬ ਰੁਪਏ ਨਾਲ ਦੇਸ਼ ਨਹੀਂ ਚਲਾਇਆ ਜਾ ਸਕਦਾ।

ਇਸੇ ਲਈ ਇਮਰਾਨ ਖਾਨ ਨੇ 10 ਜੂਨ ਨੂੰ ਆਪਣੇ ਸੰਦੇਸ਼ ’ਚ ਜਿੱਥੇ ਦੇਸ਼ਵਾਸੀਆਂ ਨੂੰ ਈਮਾਨਦਾਰੀ ਨਾਲ ਟੈਕਸ ਚੁਕਾਉਣ ਦੀ ਅਪੀਲ ਕੀਤੀ, ਉਥੇ ਹੀ 30 ਜੂਨ ਤਕ ਸਾਰਿਆਂ ਨੂੰ ਆਪਣੀ ਬੇਨਾਮੀ ਜਾਇਦਾਦ ਐਲਾਨਣ ਦਾ ਵੀ ਫਰਮਾਨ ਸੁਣਾਉਂਦਿਆਂ ਅਜਿਹਾ ਨਾ ਕਰਨ ’ਤੇ ਸਖਤ ਕਾਰਵਾਈ ਦੀ ਧਮਕੀ ਵੀ ਦੇ ਦਿੱਤੀ ਹੈ।

ਇਹੋ ਨਹੀਂ, ਪਾਕਿਸਤਾਨ ਦੀ ਫੌਜ ਨੇ ਦੇਸ਼ ਦੇ ਆਰਥਿਕ ਸੰਕਟ ਨੂੰ ਦੇਖਦਿਆਂ ਆਪਣੇ ਬਜਟ ’ਚ ਖ਼ੁਦ ਹੀ ਕਟੌਤੀ ਕਰਨ ਦਾ ਫੈਸਲਾ ਕਰ ਲਿਆ ਹੈ।

ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਖਜ਼ਾਨਾ ਖਤਮ ਹੋਣ ਕੰਢੇ ਪਹੁੰਚ ਚੁੱਕਾ ਹੈ ਅਤੇ ਜਾਣਕਾਰ ਅਜਿਹੀ ਸਥਿਤੀ ਲਈ ਇਮਰਾਨ ਖਾਨ ਦੀ ਮੌਜੂਦਾ ਸਰਕਾਰ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ।

ਇਸ ਸਥਿਤੀ ’ਚੋਂ ਉੱਭਰਨ ਦਾ ਇਕ ਹੀ ਰਾਹ ਹੈ ਕਿ ਇਮਰਾਨ ਸਰਕਾਰ ਅੱਤਵਾਦ ਨੂੰ ਸ਼ਹਿ ਦੇਣ ’ਤੇ ਕਰਨ ਵਾਲਾ ਬੇਲੋੜਾ ਖਰਚਾ ਬੰਦ ਕਰ ਕੇ ਉਸ ਧਨ ਨੂੰ ਰਚਨਾਤਮਕ ਕੰਮਾਂ ’ਚ ਲਾਵੇ ਅਤੇ ਅੱਤਵਾਦ ’ਤੇ ਸ਼ਿਕੰਜਾ ਕੱਸ ਕੇ ਅੱਤਵਾਦੀਆਂ ਵਲੋਂ ਕੀਤੀ ਜਾ ਰਹੀ ਵਿਨਾਸ਼ ਲੀਲਾ ’ਤੇ ਰੋਕ ਲਾਵੇ।

–ਵਿਜੇ ਕੁਮਾਰ
 


Bharat Thapa

Content Editor

Related News