ਲਗਾਤਾਰ ਵਧ ਰਹੇ ਪਾਕਿਸਤਾਨ ਦੇ ‘ਡ੍ਰੋਨ ਹਮਲੇ’

11/26/2022 2:15:52 AM

ਪਾਕਿਸਤਾਨ ਸਰਕਾਰ, ਫੌਜ ਅਤੇ ਸਮੱਗਲਰ ਭਾਰਤ ’ਚ ਖੂਨ-ਖਰਾਬਾ, ਭੰਨ-ਤੋੜ ਅਤੇ ਤਬਾਹੀ ਮਚਾਉਣ ਲਈ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ, ਭਾਰਤ ਦੀ ਅਰਥਵਿਵਸਥਾ ਬਰਬਾਦ ਕਰਨ ਲਈ ਨਕਲੀ ਕਰੰਸੀ ਅਤੇ  ਇਸ ਦੀ ਜਵਾਨੀ ਨੂੰ ਤਬਾਹ ਕਰਨ ਲਈ ਨਸ਼ੇ ਭੇਜਣ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਤਾਰ-ਵਾੜ ਲਗਾਉਣ ਅਤੇ ਲੋਕਾਂ ਦੇ ਸੁਚੇਤ ਹੋਣ ਨਾਲ ਪਾਕਿਸਤਾਨ ਵਲੋਂ ਭੇਜਿਆ ਜਾਣ ਵਾਲਾ ਤਬਾਹੀ ਦਾ ਸਾਮਾਨ ਫੜਿਆ ਜਾਣ ਲੱਗਾ ਤਾਂ ਪਾਕਿਸਤਾਨ ਆਪਣੀਆਂ ਨਾਜਾਇਜ਼ ਸਰਗਰਮੀਆਂ ਲਈ ਡ੍ਰੋਨਾਂ ਦੀ ਵਰਤੋਂ ਕਰਨ ਲੱਗਾ ਜਿਸ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਸਾਲ 2020 ’ਚ ਬੀ. ਐੱਸ. ਐੱਫ. ਨੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਡ੍ਰੋਨਾਂ ਦੀਆਂ 79 ਉਡਾਣਾਂ ਦਾ ਪਤਾ ਲਗਾਇਆ ਸੀ, 2021 ’ਚ ਇਨ੍ਹਾਂ ਦੀ ਗਿਣਤੀ 109 ਅਤੇ ਇਸ ਸਾਲ ਦੁੱਗਣੀ ਤੋਂ ਵਧ ਕੇ 266 ਤੱਕ ਪਹੁੰਚ ਗਈ ਹੈ : 
* 18 ਜੁਲਾਈ, 2022 ਨੂੰ ਜੰਮੂ-ਕਸ਼ਮੀਰ ਪੁਲਸ ਨੇ ਜੰਮੂ ਖੇਤਰ ’ਚ ਪਾਕਿਸਤਾਨੀ ਡ੍ਰੋਨਾਂ  ਦੁਆਰਾ ਸੁੱਟੇ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਇਕੱਠੀ ਕਰਨ ਦੇ ਦੋਸ਼ ’ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ।
* 18 ਅਗਸਤ, 2022 ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਸੰਗਠਨ ‘ਲਸ਼ਕਰ-ਏ-ਤੋਇਬਾ’ ਦੇ ਇਕ ਸਹਿਯੋਗੀ ਸੰਗਠਨ ਨੂੰ ਹਥਿਆਰਾਂ, ਗੋਲਾਬਾਰੂਦ ਅਤੇ ਧਮਾਕਾਖੇਜ਼ ਸਮੱਗਰੀ ਦੀ ਸਪਲਾਈ ਲਈ ਵਰਤੇ ਗਏ ਇਕ ਡ੍ਰੋਨ ਨਾਲ ਸੰਬੰਧਤ ਕੇਸ ਦੀ ਜਾਂਚ ਦੇ  ਸਿਲਸਿਲੇ ’ਚ ਵੱਖ-ਵੱਖ ਜ਼ਿਲਿਆਂ ’ਚ ਛਾਪੇਮਾਰੀ ਕੀਤੀ।
* 15 ਨਵੰਬਰ, 2022 ਨੂੰ ਜੰਮੂ ਜ਼ਿਲੇ ਦੇ ਫਲਾਇਨ ਮੰਡਾਲ  ਦੇ ਸਰਹੱਦੀ ਖੇਤਰ ’ਚ ਇਕ ਪੁਲਸ ਚੌਕੀ ਦੇ ਨੇੜੇ 2 ਡ੍ਰੋਨਾਂ ਵਲੋਂ ਸੁੱਟੀ ਆਈ. ਈ. ਡੀ. ਜ਼ਬਤ ਕੀਤੀ ਗਈ। 
ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ ’ਚ ਭਾਰਤੀ ਹਵਾਈ ਫੌਜ ਦੇ 2 ਅਧਿਕਾਰੀ ਜੰਮੂ ਹਵਾਈ ਅੱਡੇ ’ਤੇ ਡ੍ਰੋਨਾਂ ਦੁਆਰਾ ਕੀਤੇ ਗਏ ਹਮਲੇ ’ਚ ਜ਼ਖਮੀ ਹੋ ਗਏ ਸਨ।  ਅਤੇ ਹੁਣ 24 ਨਵੰਬਰ ਨੂੰ ਕੌਮਾਂਤਰੀ ਸਰਹੱਦ ਤੋਂ ਲਗਭਗ 6 ਕਿ. ਮੀ. ਦੂਰ ਸਾਂਬਾ ਜ਼ਿਲੇ ਦੇ ਬਦਾਲੀ ਪਿੰਡ ’ਚ ਸਵਾਂਖਾਂ ਮੋੜ ਦੇ ਨੇੜੇ ਇਕ ਖੇਤ   ’ਚੋਂ ਡ੍ਰੋਨ ਦੁਆਰਾ ਸੁੱਟਿਆ ਗਿਆ ਸਟੀਲ ਦੇ ਬੇਸ ਵਾਲਾ ਲੱਕੜੀ ਦਾ ਇਕ ਪੈਕੇਟ ਬਰਾਮਦ ਕੀਤਾ ਗਿਆ। ਇਸ ’ਚ ਲਗਭਗ 5 ਲੱਖ ਰੁਪਏ ਦੇ ਭਾਰਤੀ ਨੋਟ (500-500 ਰੁਪਏ ਦੇ ਨੋਟਾਂ ਦੇ 10 ਬੰਡਲ), ਕੈਮੀਕਲ ਨਾਲ ਭਰੀ ਇਕ ਬੋਤਲ, ਡੈਟੋਨੇਟਰਾਂ ਸਮੇਤ 2 ਆਈ. ਈ. ਡੀ., 2 ਪਿਸਤੌਲ, 4 ਮੈਗਜ਼ੀਨ, 80 ਰਾਊਂਡ ਬਰਾਮਦ ਕੀਤੇ ਗਏ। ਇਕ ਮਹੀਨੇ ’ਚ ਇਹ ਇਸ ਤਰ੍ਹਾਂ ਦਾ ਦੂਸਰਾ ਮਾਮਲਾ ਹੈ।

ਸਾਂਬਾ ਦੇ ਐੱਸ. ਐੱਸ. ਪੀ. ਅਭਿਸ਼ੇਕ ਮਹਾਜਨ ਦੇ ਅਨੁਸਾਰ ਪੈਕੇਟ ਦੇ ਨੇੜੇ ਬਰਾਮਦ ਇਕ ਡੋਰੀ ਨਾਲ ਇਹ ਤਬਾਹੀ ਦਾ ਸਾਮਾਨ ਡ੍ਰੋਨ ਵਲੋਂ ਸੁੱਟੇ ਜਾਣ ਦਾ ਸੰਕੇਤ ਮਿਲਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਰਾਸ਼ਟਰ ਵਿਰੋਧੀ ਤਾਕਤਾਂ ਇਸ ਖੇਤਰ ਦੀ ਸ਼ਾਂਤੀ ਭੰਗ ਕਰਨ ਦੇ ਯਤਨਾਂ ’ਚ ਲਗਾਤਾਰ ਜੁਟੀਆਂ ਹੋਈਆਂ ਹਨ।
ਐੱਸ. ਐੱਸ. ਪੀ. ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਨਿਵਾਸੀ ਇਨ੍ਹੀਂ ਦਿਨੀਂ ਜਾਗਰੂਕ ਹੋ ਗਏ ਹਨ ਅਤੇ ਉਹ ਕਿਸੇ ਵੀ ਸ਼ੱਕੀ ਸਰਗਰਮੀ ਦੀ ਸੂਚਨਾ ਪੁਲਸ ਨੂੰ ਦੇ ਰਹੇ ਹਨ। ਪੁਲਸ ਟੀਮ ਅਤੇ ਇਸ ਦੀ ਸੂਚਨਾ ਦੇਣ ਵਾਲੇ ਨੂੰ ਸਨਮਾਨਿਤ  ਵੀ ਕੀਤਾ ਜਾਏਗਾ। ਇਸ ਤਰ੍ਹਾਂ ਦੇ ਘਟਨਾਕ੍ਰਮ ਦਰਮਿਆਨ ਇਹ ਪਤਾ ਲਗਾਉਣ ਦੇ ਪੱਕੇ ਪ੍ਰਬੰਧ ਕਰਨੇ ਜ਼ਰੂਰੀ ਹਨ ਕਿ ਪਾਕਿਸਤਾਨੀ ਡ੍ਰੋਨਾਂ ਵਲੋਂ ਸੁੱਟਿਆ ਗਿਆ ਤਬਾਹੀ ਦਾ ਸਾਮਾਨ ਕਿਹੜੇ ਲੋਕਾਂ ਲਈ ਭੇਜਿਆ ਗਿਆ ਸੀ ਕਿਉਂਕਿ ਇਸ ਨੂੰ ਮੰਗਵਾਉਣ ਵਾਲਿਆਂ ’ਚ ਭਾਰਤੀ ਲੋਕ ਵੀ ਸ਼ਾਮਲ ਹੋਣਗੇ।

28 ਮਾਰਚ, 2010 ਨੂੰ ਜਦੋਂ ਵਾਘਾ ’ਚ ਪਾਕਿ ਰੇਂਜਰਸ ਦੇ ਡਾਇਰੈਕਟਰ ਬ੍ਰਿਗੇਡੀਅਰ ਮੋ. ਯਾਕੂਬ ਕੋਲ ਬੀ. ਐੱਸ. ਐੱਫ. ਦੇ ਐਡੀਸ਼ਨਲ ਡਾਇਰੈਕਟਰ ਪੀ. ਪੀ. ਐੱਸ. ਸਿੱਧੂ ਨੇ ਇਹ ਮਾਮਲਾ ਉਠਾਇਆ ਤਾਂ ਉਨ੍ਹਾਂ ਨੇ ਸਾਡੇ ਮੂੰਹ ’ਤੇ ‘ਥੱਪੜ’ ਜੜ੍ਹਦੇ ਹੋਏ ਕਿਹਾ ਕਿ : ‘‘ਪਾਕਿਸਤਾਨ ਵਲੋਂ ਭਾਰਤੀ ਸਰਹੱਦ ’ਚ ਘੁਸਪੈਠ ਦਾ ਕੋਈ ਯਤਨ ਨਹੀਂ ਹੋਇਆ ਹੈ। ਭਾਰਤ ਵਲੋਂ ਸਰਹੱਦ ’ਤੇ ਕੰਡੇਦਾਰ ਵਾੜ ਹੈ। ਥਾਂ-ਥਾਂ ਗੇਟ ਬਣਾਏ ਗਏ ਹਨ ਅਤੇ ਸਮੱਗਲਰਾਂ ’ਤੇ ਨਜ਼ਰ ਰੱਖਣ ਲਈ ਫਲੱਡ ਲਾਈਟਸ ਲੱਗੀਆਂ ਹਨ। ਭਾਰਤੀ ਸਰਹੱਦ ’ਤੇ ਚੌਕਸੀ ਅਤੇ ਗਸ਼ਤ ਦੀ ਵਿਵਸਥਾ  ਹੈ, ਫਿਰ ਵੀ ਜੇਕਰ ਸਰਹੱਦ  ’ਤੇ ਸਮੱਗਲਿੰਗ ਹੁੰਦੀ ਹੈ ਤਾਂ ਇਸ ਬਾਰੇ ਭਾਰਤੀ ਅਧਿਕਾਰੀਆਂ ਨੂੰ ਹੀ ਸੋਚਣ ਦੀ ਲੋੜ ਹੈ।’’

ਇਸ ਦੇ ਲਗਭਗ 2 ਸਾਲ ਬਾਅਦ 1 ਜੁਲਾਈ, 2012 ਨੂੰ ਪਾਕਿ ਰੇਂਜਰਸ ਦੇ  ਡਾਇਰੈਕਟਰ (ਪੰਜਾਬ) ਮੋ. ਹਿਲਾਲ ਹੁਸੈਨ ਨੇ ਵੀ ਸਰਹੱਦ ਪਾਰ ਤੋਂ ਸਮੱਗਲਿੰਗ ਅਤੇ ਹੋਰ ਭਾਰਤ ਵਿਰੋਧੀ ਘਟਨਾਵਾਂ ਲਈ ਸਿੱਧੇ ਭਾਰਤੀ ਸੁਰੱਖਿਆ ਬਲਾਂ ਨੂੰ  ਹੀ  ਜ਼ਿੰਮੇਵਾਰ ਠਹਿਰਾਇਆ ਸੀ।
ਪਾਕਿਸਤਾਨੀ ਅਧਿਕਾਰੀਆਂ ਦੀ ਉਕਤ ‘ਥੱਪੜ’ ਤੋਂ ਸਪੱਸ਼ਟ ਹੈ ਕਿ ਸਾਡੇ ਸੁਰੱਖਿਆ ਬਲਾਂ ਦੇ ਅੰਦਰ ਵੀ ਕੁਝ ਕਾਲੀਆਂ ਭੇਡਾਂ ਮੌਜੂਦ ਹਨ, ਇਸ ਲਈ ਪਾਕਿਸਤਾਨ ਵਲੋਂ ਡ੍ਰੋਨਾਂ ਦੇ ਰਾਹੀਂ ਭੇਜੇ ਜਾਣ ਵਾਲੇ ਤਬਾਹੀ ਦੇ ਸਾਮਾਨ ਨੂੰ ਫੜਨ ਦੇ ਢੁਕਵੇਂ ਉਪਾਅ ਕਰਨ ਦੇ ਨਾਲ-ਨਾਲ ਭਾਰਤ ਦਾ ਅੰਨ ਖਾ ਕੇ ਭਾਰਤ ਨੂੰ ਹੀ ਬਰਬਾਦ ਕਰਨ ’ਤੇ ਤੁਲੀਆਂ ਕਾਲੀਆਂ ਭੇਡਾਂ ਦਾ ਪਤਾ ਲਗਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ।  

 –ਵਿਜੇ ਕੁਮਾਰ

Mandeep Singh

This news is Content Editor Mandeep Singh