ਸਾਡੇ ਦੇਸ਼ ਦੇ ‘ਭਾਗਵਿਧਾਤਾ’‘ਇਨ੍ਹਾਂ ’ਤੇ ਦਰਜ ਹਨ ਅਪਰਾਧਿਕ ਕੇਸ’

03/19/2021 3:25:04 AM

ਦੇਸ਼ ’ਚ ਸਾਫ-ਸੁਥਰੀ ਸਿਆਸਤ ਦੇ ਲਈ ਅੰਦੋਲਨ ਕਰਨ ਵਾਲੀ ਸੰਸਥਾ ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ (ਏ. ਡੀ. ਆਰ.) ਇਕ ਐੱਨ. ਜੀ. ਓ. ਹੈ, ਜੋ ਸਮੇਂ-ਸਮੇਂ ’ਤੇ ਭਾਰਤ ’ਚ ਚੋਣਾਂ ਨਾਲ ਸਬੰਧਤ ਜਾਣਕਾਰੀਆਂ ਜਾਰੀ ਕਰਦਾ ਰਹਿੰਦਾ ਹੈ।

ਹੁਣ ਜਦਕਿ 4 ਸੂਬਿਆਂ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁੱਡੂਚੇਰੀ ’ਚ ਅਗਲੇ ਮਹੀਨੇ ਚੋਣਾਂ ਹੋਣ ਜਾ ਰਹੀਆਂ ਹਨ, ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ (ਏ. ਡੀ. ਆਰ.) ਨੇ ਇਨ੍ਹਾਂ ਸੂਬਿਆਂ ਦੇ ਮੌਜੂਦਾ ਵਿਧਾਇਕਾਂ ਦੇ ਅਪਰਾਧਾਂ ਬਾਰੇ ਖੁਲਾਸੇ ਕੀਤੇ ਹਨ, ਜੋ ਹੇਠਾਂ ਦਰਜ ਹਨ :

* ਪੱਛਮੀ ਬੰਗਾਲ ਦੇ 205 ਵਿਧਾਇਕਾਂ ’ਚੋਂ 104 ’ਤੇ ਅਪਰਾਧਿਕ ਕੇਸ ਦਰਜ ਹਨ, ਜਿਨ੍ਹਾਂ ’ਚੋਂ 90 ਵਿਧਾਇਕਾਂ ਨੇ ਆਪਣੇ ਉਪਰ ਗੰਭੀਰ ਅਪਰਾਧਿਕ ਮਾਮਲੇ ਦਰਜ ਹੋਣਾ ਮੰਨਿਆ ਹੈ।

ਇਨ੍ਹਾਂ ’ਚੋਂ 7 ਦੇ ਵਿਰੁੱਧ ਕਤਲ ਅਤੇ 24 ਦੇ ਵਿਰੁੱਧ ਇਰਾਦਾ ਕਤਲ ਦੇ ਕੇਸ ਦਰਜ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ 68 ਵਿਧਾਇਕ ਮਮਤਾ ਬੈਨਰਜੀ ਦੀ ਪਾਰਟੀ ‘ਤ੍ਰਿਣਮੂਲ ਕਾਂਗਰਸ’ ਦੇ ਹਨ, ਜੋ ਤੀਸਰੀ ਵਾਰ ਸੱਤਾ ’ਤੇ ਕਬਜ਼ਾ ਬਣਾਈ ਰੱਖਣ ਲਈ ਯਤਨਸ਼ੀਲ ਹਨ।

* ਤਾਮਿਲਨਾਡੂ ਦੇ 234 ’ਚੋਂ 204 ਵਿਧਾਇਕਾਂ ’ਚੋਂ 33 ਫੀਸਦੀ ਭਾਵ 68 ਵਿਧਾਇਕਾਂ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ’ਚੋਂ 38 ਵਿਧਾਇਕਾਂ ਦੇ ਵਿਰੁੱਧ ਅਜਿਹੇ ਗੰਭੀਰ ਅਤੇ ਗੈਰ-ਜ਼ਮਾਨਤੀ ਅਪਰਾਧ ਦਰਜ ਹਨ, ਜਿਨ੍ਹਾਂ ’ਚ ਉਨ੍ਹਾਂ ਨੂੰ ਪੰਜ ਸਾਲ ਜਾਂ ਇਸ ਤੋਂ ਵੱਧ ਕੈਦ ਦੀ ਸਜ਼ਾ ਹੋ ਸਕਦੀ ਹੈ।

ਇਨ੍ਹਾਂ ’ਚੋਂ 8 ਵਿਧਾਇਕਾਂ ਵਿਰੁੱਧ ਇਰਾਦਾ ਕਤਲ ਅਤੇ 2 ਵਿਧਾਇਕਾਂ ਵਿਰੁੱਧ ਔਰਤਾਂ ਦੇ ਵਿਰੁੱਧ ਅਪਰਾਧ ਨਾਲ ਜੁੜੇ ਮਾਮਲੇ ਦਰਜ ਹਨ।

* ਆਸਾਮ ਦੇ 116 ਮੌਜੂਦਾ ਵਿਧਾਇਕਾਂ ’ਚੋਂ 15 ਦੇ ਵਿਰੁੱਧ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ’ਚੋਂ 11 ਦੇ ਵਿਰੁੱਧ ਗੰਭੀਰ ਅਪਰਾਧਿਕ ਮਾਮਲਿਆਂ ’ਚੋਂ 3 ਵਿਧਾਇਕਾਂ ਦੇ ਵਿਰੁੱਧ ਕਤਲ ਨਾਲ ਸਬੰਧਤ ਕੇਸ ਹਨ। ਭਾਜਪਾ ਦੇ 59 ’ਚੋਂ 7, ਕਾਂਗਰਸ ਦੇ 20 ’ਚੋਂ 5, ਏ. ਆਈ.ਯੂ. ਡੀ. ਐੱਫ. ਦੇ 14 ’ਚੋਂ 2 ਅਤੇ ਇਕ ਆਜ਼ਾਦ ਿਵਧਾਇਕ ਦੇ ਵਿਰੁੱਧ ਅਪਰਾਧਿਕ ਕੇਸ ਦਰਜ ਹਨ।

* ਕੇਰਲ ਦੇ ਮੌਜੂਦਾ 132 ਵਿਧਾਇਕਾਂ ’ਚੋਂ 86 ਵਿਧਾਇਕਾਂ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਆਪਣੇ ਹਲਫੀਆ ਬਿਆਨਾਂ ’ਚ ਐਲਾਨ ਕੀਤਾ ਹੈ, ਜਿਨ੍ਹਾਂ ’ਚੋਂ 28 ਵਿਧਾਇਕਾਂ ਦੇ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।

ਇਨ੍ਹਾਂ ’ਚੋਂ 2 ਦੇ ਵਿਰੁੱਧ ਕਤਲ, 6 ਦੇ ਵਿਰੁੱਧ ਇਰਾਦਾ ਕਤਲ ਅਤੇ ਇਕ ਵਿਧਾਇਕ ਦੇ ਵਿਰੁੱਧ ਔਰਤਾਂ ਦੇ ਵਿਰੁੱਧ ਅਪਰਾਧ ਦਾ ਕੇਸ ਦਰਜ ਹੈ। ਮਾਕਪਾ ਦੇ 56 ’ਚੋਂ 51 ਵਿਧਾਇਕਾਂ ਦੇ ਵਿਰੁੱਧ ਸਭ ਤੋਂ ਵੱਧ ਅਪਰਾਧਿਕ ਕੇਸ ਹਨ।

ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ 19 ਵਿਧਾਇਕਾਂ ’ਚੋਂ 12 ਵਿਧਾਇਕਾਂ ਦੇ ਵਿਰੁੱਧ ਅਤੇ ਕਾਂਗਰਸ ਦੇ 20 ’ਚੋਂ 9 ਵਿਧਾਇਕਾਂ ਦੇ ਵਿਰੁੱਧ ਅਪਰਾਧਿਕ ਕੇਸ ਦਰਜ ਹਨ।

* ਪੁੱਡੂਚੇਰੀ ਦੇ 30 ਵਿਧਾਇਕਾਂ ’ਚੋਂ 11 ਦੇ ਵਿਰੁੱਧ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ’ਚੋਂ ਇਕ ਦੇ ਵਿਰੁੱਧ ਕਤਲ ਅਤੇ 6 ਦੇ ਵਿਰੁੱਧ ਇਰਾਦਾ ਕਤਲ ਦੇ ਕੇਸ ਹਨ।

ਕਾਂਗਰਸ ਦੇ 15 ਵਿਧਾਇਕਾਂ ’ਚੋਂ ਸਭ ਤੋਂ ਵੱਧ 6 ਵਿਧਾਇਕਾਂ ਦੇ ਵਿਰੁੱਧ ਅਪਰਾਧਿਕ ਕੇਸ ਹਨ, ਜਦਕਿ ‘ਅਖਿਲ ਭਾਰਤੀ ਐੱਨ. ਆਰ. ਕਾਂਗਰਸ’,‘ਅੰਨਾਦ੍ਰਮੁਕ ਵਿਧਾਇਕਾਂ ਦੇ ਵਿਰੁੱਧ ਵੀ ਅਪਰਾਧਿਕ ਕੇਸ ਦਰਜ ਹਨ।

‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ (ਏ. ਡੀ. ਆਰ.) ਦੇ ਉਕਤ ਖੁਲਾਸਿਆਂ ਤੋਂ ਇਕ ਗੱਲ ਸਪੱਸ਼ਟ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕੀਤਾ ਜਾਣ ਵਾਲਾ ਇਹ ਦਾਅਵਾ ਖੋਖਲਾ ਹੈ ਕਿ ਉਹ ਸਾਫ-ਸੁਥਰੇ ਅਕਸ ਵਾਲਿਆਂ ਨੂੰ ਹੀ ਇਹ ਟਿਕਟ ਦਿੰਦੇ ਹਨ।

ਏ. ਡੀ. ਆਰ. ਦੇ ਅਨੁਸਾਰ ਸਾਲ 2014 ’ਚ ਸੂਬਿਆਂ ਅਤੇ ਕੇਂਦਰ ’ਚ ਕੁਲ 1581 ਅਜਿਹੇ ਕਾਨੂੰਨ ਘਾੜਿਆਂ ਦੇ ਵਿਰੁੱਧ ਅਜਿਹੇ ਅਪਰਾਧਿਕ ਕੇਸ ਦਰਜ ਸਨ, ਜਿਨ੍ਹਾਂ ’ਚ ਘੱਟ ਤੋਂ ਘੱਟ 5 ਸਾਲ ਦੀ ਸਜ਼ਾ ਹੋ ਸਕਦੀ ਸੀ।

ਉਪਰੋਕਤ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ ਕਿਉਂਕਿ ਸਿਆਸਤ ’ਚ ਦਾਗੀਆਂ ਅਤੇ ਅਪਰਾਧੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਨਿਆਪਾਲਿਕਾ ਵੱਲੋਂ ਦੇਸ਼ ਦੀ ਸਿਆਸਤ ’ਚ ਸਵੱਛਤਾ ਅਤੇ ਪਾਰਦਰਸ਼ਿਤਾ ਲਿਆਉਣ ਦੇ ਯਤਨ ਕਰਨ ਦੇ ਬਾਵਜੂਦ ਉਸ ਨੂੰ ਅਜੇ ਤੱਕ ਇਸ ’ਚ ਸਫਲਤਾ ਹਾਸਲ ਨਹੀਂ ਹੋ ਸਕੀ ਹੈ।

ਵਰਣਨਯੋਗ ਹੈ ਕਿ ਜੇਕਰ ਦੇਸ਼ ਨੂੰ ਚਲਾਉਣ ਵਾਲੇ ਨੇਤਾ ਹੀ ਅਪਰਾਧੀ ਹੋਣਗੇ ਅਤੇ ਉਨ੍ਹਾਂ ਦੇ ਵਿਰੁੱਧ ਤਰ੍ਹਾਂ-ਤਰ੍ਹਾਂ ਦੇ ਅਪਰਾਧਾਂ ਦੇ ਦੋਸ਼ ’ਚ ਕੇਸ ਦਰਜ ਹੋਣਗੇ ਤਾਂ ਦੇਸ਼ ’ਚ ਸਾਫ-ਸੁਥਰੀ ਸਿਆਸਤ ਅਤੇ ਅਪਰਾਧ ਘਟਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।

ਇਸ ਲਈ ਅਪਰਾਧ ਅਤੇ ਸਿਆਸਤ ਦੇ ਗੱਠਜੋੜ ਨੂੰ ਖਤਮ ਕੀਤੇ ਬਗੈਰ ਦੇਸ਼ ’ਚ ਸਾਫ-ਸੁਥਰੀ ਸਿਆਸਤ ਦੀ ਕਲਪਨਾ ਕਰਨੀ ਸਾਡੇ ਵਿਚਾਰ ’ਚ ਵਿਅਰਥ ਹੀ ਹੈ।

ਇਥੇ ਇਹ ਵੀ ਵਰਣਨਯੋਗ ਹੈ ਕਿ ਆਪਣੇ ਪਹਿਲੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਹ ਸਿਆਸਤਦਾਨਾਂ ਦੇ ਵਿਰੁੱਧ ਪੈਂਡਿੰਗ ਅਪਰਾਧਿਕ ਮਾਮਲਿਆਂ ਦੇ ਨਿਪਟਾਰੇ ਲਈ ਫਾਸਟ ਟਰੈਕ ਅਦਾਲਤਾਂ ਦਾ ਗਠਨ ਕਰਵਾਉਣਗੇ ਪਰ ਉਨ੍ਹਾਂ ਦਾ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਹੈ। ਜੇਕਰ ਅਜਿਹਾ ਹੋਇਆ ਹੁੰਦਾ ਤਾਂ ਸ਼ਾਇਦ ਕੁਝ ਸਿਆਸਤਦਾਨ ਆਪਣਾ ਅੰਜਾਮ ਭੁਗਤ ਚੁੱਕੇ ਹੁੰਦੇ।

-ਵਿਜੇ ਕੁਮਾਰ

Bharat Thapa

This news is Content Editor Bharat Thapa