''ਵਹਿਮਾਂ ਤੇ ਅੰਧ-ਵਿਸ਼ਵਾਸਾਂ ਦੇ ਬੰਧਨ'' ਲਿਜਾ ਰਹੇ ਲੋਕਾਂ ਨੂੰ ਗਲਤ ਰਾਹ ''ਤੇ

07/12/2018 6:56:43 AM

ਅੱਜ ਦੇ ਵਿਗਿਆਨਿਕ ਯੁੱਗ 'ਚ ਵੀ ਵੱਡੀ ਗਿਣਤੀ 'ਚ ਲੋਕ ਤੰਤਰ-ਮੰਤਰ, ਵਹਿਮਾਂ-ਭਰਮਾਂ ਅਤੇ ਟੂਣੇ-ਟੋਟਕਿਆਂ ਦੇ ਜਾਲ 'ਚ ਉਲਝੇ ਹੋਏ ਹਨ। ਆਮ ਲੋਕਾਂ ਦੀ ਗੱਲ ਤਾਂ ਇਕ ਪਾਸੇ, ਦੇਸ਼ ਨੂੰ ਦਿਸ਼ਾ ਦੇਣ ਵਾਲੇ ਸਾਡੇ ਕੁਝ ਜਨ-ਪ੍ਰਤੀਨਿਧੀ ਅਤੇ ਨੇਤਾ ਵੀ ਇਸ ਕਮਜ਼ੋਰੀ ਤੋਂ ਮੁਕਤ ਨਹੀਂ ਹਨ।
ਆਪਣੇ ਭਾਸ਼ਣਾਂ 'ਚ ਹਰੇਕ ਨੇਤਾ ਜ਼ੋਰ-ਸ਼ੋਰ ਨਾਲ ਵਿਕਾਸ, ਤਕਨੀਕ ਅਤੇ ਦੇਸ਼ ਨੂੰ ਇਕ ਮਹਾਸ਼ਕਤੀ ਬਣਾਉਣ ਦੀ ਗੱਲ ਕਰਦਾ ਹੈ ਪਰ ਇਨ੍ਹਾਂ 'ਚੋਂ ਹੀ ਕਈ ਨੇਤਾ ਤੰਤਰ-ਮੰਤਰ ਤੇ ਟੂਣੇ-ਟੋਟਕਿਆਂ ਦੇ ਚੱਕਰ 'ਚ ਪਤਾ ਨਹੀਂ ਕੀ-ਕੀ ਕਰ ਬੈਠਦੇ ਹਨ।
ਇਕ ਕਾਂਗਰਸੀ ਨੇਤਾ ਹਰ ਰੋਜ਼ ਵੱਖਰੇ ਰੰਗ ਦੇ ਸਾਬਣ ਨਾਲ ਨਹਾਉਂਦਾ ਹੈ ਅਤੇ ਰੋਜ਼ ਉਸ ਦਿਨ ਦੇ ਰੰਗ ਦੇ ਹਿਸਾਬ ਨਾਲ ਕੱਪੜੇ ਪਹਿਨਦਾ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮੱਈਆ ਦੀ ਕਾਰ 'ਤੇ ਜੂਨ 2016 'ਚ ਇਕ ਕਾਂ ਆ ਕੇ ਬੈਠ ਗਿਆ ਤਾਂ ਉਨ੍ਹਾਂ ਨੇ ਆਪਣੀ ਕਾਰ ਹੀ ਬਦਲ ਲਈ।
ਇਸੇ ਤਰ੍ਹਾਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਿਰੋਧੀ ਕਾਲੇ ਜਾਦੂ ਦੀ ਮਦਦ ਨਾਲ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ ਅਤੇ ਉਨ੍ਹਾਂ ਤੋਂ ਸੱਤਾ ਖੋਹਣਾ ਚਾਹੁੰਦੇ ਹਨ, ਇਸ ਲਈ ਆਪਣੇ ਵਿਰੋਧੀਆਂ ਦੇ ਕਾਲੇ ਜਾਦੂ ਦਾ ਤੋੜ ਕੱਢਣ ਵਾਸਤੇ ਤਿੰਨ ਰਾਤਾਂ ਤਕ ਸਰੀਰ 'ਤੇ ਬਿਨਾਂ ਕੁਝ ਪਹਿਨੇ ਸੁੱਤੇ ਅਤੇ ਉਸੇ ਹਾਲਤ 'ਚ ਨਦੀ 'ਚ ਵੀ ਖੜ੍ਹੇ ਹੋਏ ਸਨ।
* ਕਰਨਾਟਕ ਦੇ ਲੋਕ ਨਿਰਮਾਣ ਮੰਤਰੀ ਐੱਚ. ਡੀ. ਰੇਵੰਨਾ ਵੀ ਅੰਧ-ਵਿਸ਼ਵਾਸੀਆਂ 'ਚ ਸ਼ਾਮਲ ਹਨ ਅਤੇ ਇਸੇ ਕਾਰਨ ਉਹ ਰੋਜ਼ ਆਪਣੀ ਰਿਹਾਇਸ਼ ਤੋਂ ਆਪਣੇ ਦਫਤਰ ਆਉਣ-ਜਾਣ ਲਈ 340 ਕਿਲੋਮੀਟਰ ਦੀ ਦੂਰੀ ਤਹਿ ਕਰਦੇ ਹਨ। 
ਉਹ ਬੈਂਗਲੁਰੂ ਦੇ ਕੁਮਾਰਕ੍ਰਿਪਾ ਪਾਰਕ 'ਚ ਸਥਿਤ ਜਿਸ ਬੰਗਲੇ ਨੂੰ ਆਪਣੇ ਲਈ ਖੁਸ਼ਕਿਸਮਤ ਮੰਨਦੇ ਹਨ, ਉਹ ਉਨ੍ਹਾਂ ਨੂੰ ਅਜੇ ਤਕ ਨਹੀਂ ਮਿਲਿਆ ਹੈ। ਇਸ ਲਈ ਉਨ੍ਹਾਂ ਨੇ ਇਸ ਸਮੇਂ ਇਕ ਜੋਤਿਸ਼ੀ ਦੀ ਸਲਾਹ 'ਤੇ ਬੈਂਗਲੁਰੂ ਤੋਂ 170 ਕਿਲੋਮੀਟਰ ਦੂਰ 'ਹੋਲ ਨਰਸੀਪੁਰਾ' ਵਿਚ ਮਕਾਨ ਲਿਆ ਹੋਇਆ ਹੈ।
ਇਥੋਂ ਉਹ ਰੋਜ਼ ਸਵੇਰੇ 8 ਵਜੇ ਬੈਂਗਲੁਰੂ ਲਈ ਨਿਕਲਦੇ ਹਨ ਅਤੇ ਸਵੇਰੇ 11 ਵਜੇ ਵਿਧਾਨਸੌਧ ਪਹੁੰਚ ਜਾਂਦੇ ਹਨ। ਉਥੇ ਦਿਨ ਭਰ ਕੰਮ ਕਰਨ ਤੋਂ ਬਾਅਦ ਰਾਤ ਨੂੰ ਲਗਭਗ 8.30 ਵਜੇ ਉਹ 'ਹੋਲ ਨਰਸੀਪੁਰਾ' ਲਈ ਰਵਾਨਾ ਹੁੰਦੇ ਹਨ ਅਤੇ ਇਕ ਵਾਰ ਫਿਰ 170 ਕਿਲੋਮੀਟਰ ਸਫਰ ਕਰ ਕੇ ਰਾਤ ਨੂੰ ਲਗਭਗ 11.00 ਵਜੇ ਘਰ ਪਰਤ ਆਉਂਦੇ ਹਨ।
* ਇਕ ਭਾਜਪਾ ਨੇਤਾ ਦੇ ਬੁਲਾਉਣ 'ਤੇ ਅੰਧ-ਵਿਸ਼ਵਾਸ ਦੀ ਇਕ ਮਿਸਾਲ ਪੇਸ਼ ਕਰਦਿਆਂ 5 ਜੁਲਾਈ ਨੂੰ ਛੱਤੀਸਗੜ੍ਹ ਵਿਧਾਨ ਸਭਾ 'ਤੇ ਇਕ 'ਬਾਬੇ' ਨੇ ਤੰਤਰ-ਮੰਤਰ ਅਤੇ ਟੂਣੇ-ਟੋਟਕੇ ਕੀਤੇ। ਭਾਜਪਾ ਨੇਤਾ ਨੇ ਵਿਧਾਨ ਸਭਾ 'ਚ ਦਾਖਲੇ ਲਈ ਉਸ ਦਾ ਪਾਸ ਵੀ ਬਣਵਾਇਆ ਅਤੇ ਇਸ ਨੂੰ ਲੈ ਕੇ ਵਿਧਾਨ ਸਭਾ 'ਚ ਹੰਗਾਮਾ ਵੀ ਹੋਇਆ।
ਮੱਥੇ 'ਤੇ ਸੰਧੂਰ ਅਤੇ ਭਭੂਤੀ ਲਾਈ ਤੇ ਲਗਭਗ ਸਾਢੇ ਦਸ ਕਿਲੋ ਭਾਰੀਆਂ ਢੇਰ ਸਾਰੀਆਂ ਮਾਲਾਵਾਂ ਤੇ ਮੁੰਦਰੀਆਂ ਪਹਿਨੀ ਇਸ ਬਾਬੇ ਨੇ ਜਦੋਂ ਆਪਣਾ ਉਥੇ ਆਉਣ ਦਾ ਉਦੇਸ਼ ਦੱਸਿਆ ਤਾਂ ਉਦੋਂ ਲੋਕਾਂ ਦੀ ਹੈਰਾਨੀ ਹੋਰ ਵੀ ਵਧ ਗਈ।
ਬਾਬੇ ਨੇ ਕਿਹਾ ਕਿ ਉਹ ਵਿਧਾਨ ਸਭਾ ਨੂੰ ਆਪਣੇ ਸੰਕਲਪ ਨਾਲ 'ਬੰਨ੍ਹਣ' ਆਇਆ ਹੈ ਤਾਂ ਕਿ ਸੂਬੇ 'ਚ ਚੌਥੀ ਵਾਰ ਵੀ ਭਾਜਪਾ ਦੀ ਹੀ ਸਰਕਾਰ ਬਣੇ ਅਤੇ ਇਹੋ 'ਸੰਕਲਪ' ਲੈ ਕੇ ਉਹ ਤੀਰਥ ਯਾਤਰਾ 'ਤੇ ਜਾ ਰਿਹਾ ਹੈ।
* ਬਿਹਾਰ 'ਚ ਰਾਜਦ ਮੁਖੀ ਲਾਲੂ ਦੇ ਬੇਟੇ ਤੇਜ ਪ੍ਰਤਾਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਚਾਏ ਪਰ ਚਰਚਾ' ਵਾਲੀ ਸ਼ੈਲੀ 'ਤੇ 'ਸੱਤੂ ਪਾਰਟੀ ਤੇਜ ਪ੍ਰਤਾਪ ਕੇ ਸੰਗ' ਮੁਹਿੰਮ ਸ਼ੁਰੂ ਕੀਤੀ ਹੈ। 
ਇਸੇ ਸਿਲਸਿਲੇ 'ਚ ਉਸ ਨੇ 9 ਜੁਲਾਈ ਨੂੰ ਇਕ ਪਿੰਡ 'ਚ ਮਸ਼ੀਨ ਨਾਲ ਪੱਠੇ ਕੁਤਰ ਕੇ ਗਾਂ ਨੂੰ ਖੁਆਏ ਅਤੇ ਉਸ ਨੂੰ ਪੁੱਛਿਆ, ''ਕੀ ਤੂੰ ਭਾਜਪਾ ਨੂੰ ਹਰਾਏਂਗੀ?'' ਗਾਂ ਨੇ ਸਿਰ ਹਿਲਾਇਆ ਤਾਂ ਤੇਜ ਪ੍ਰਤਾਪ ਯਾਦਵ ਦੇ ਸਮਰਥਕ ਕਹਿ ਉੱਠੇ, ''ਬੋਲ ਰਹੀ ਹੈ ਹਾਂ ਮੈਂ ਹਰਾਵਾਂਗੀ।''  ਅਤੇ ਤੇਜ ਪ੍ਰਤਾਪ ਯਾਦਵ ਖੁਸ਼ ਹੋ ਗਏ।
ਸਾਡੇ ਜਨ-ਪ੍ਰਤੀਨਿਧੀਆਂ ਦੇ ਅੰਧ-ਵਿਸ਼ਵਾਸ ਦੇ ਇਹ ਤਾਂ ਕੁਝ ਤਾਜ਼ਾ ਨਮੂਨੇ ਮਾਤਰ ਹਨ, ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੇ ਅਜਿਹੇ ਅੰਧ-ਵਿਸ਼ਵਾਸਾਂ 'ਚ ਸਾਡੇ ਨੇਤਾ ਪਏ ਹੋਏ ਹਨ। 
ਜਦ ਦੇਸ਼ ਨੂੰ ਦਿਸ਼ਾ ਦੇਣ ਵਾਲੇ ਨੇਤਾਵਾਂ ਦਾ ਇਹ ਹਾਲ ਹੈ ਤਾਂ ਕੁਦਰਤੀ ਤੌਰ 'ਤੇ ਆਮ ਲੋਕ ਤਾਂ ਉਨ੍ਹਾਂ ਵੱਲ ਦੇਖ ਕੇ ਹੋਰ ਜ਼ਿਆਦਾ ਅੰਧ-ਵਿਸ਼ਵਾਸਾਂ 'ਚ ਪੈਣ ਲੱਗਣਗੇ, ਜਦਕਿ ਅੱਜ ਲੋੜ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਸਿੱਖਿਅਤ ਕਰ ਕੇ ਉਨ੍ਹਾਂ ਨੂੰ ਅੰਧ-ਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਦੇਸ਼ ਤੇਜ਼ੀ ਨਾਲ ਤਰੱਕੀ ਦੇ ਰਾਹ 'ਤੇ ਅੱਗੇ ਵਧ ਸਕੇ।                                   —ਵਿਜੇ ਕੁਮਾਰ