ਸ਼ਰਾਬ ਦੇ ਠੇਕਿਆਂ ਵਿਰੁੱਧ ਔਰਤਾਂ ਉਤਰੀਆਂ ਸੜਕਾਂ ''ਤੇ

04/08/2017 7:06:24 AM

ਆਜ਼ਾਦੀ ਤੋਂ ਪਹਿਲਾਂ ਹੀ ਕਾਂਗਰਸ ਨੇ ਸ਼ਰਾਬ ਦੇ ਵਿਰੁੱਧ ਮੁਹਿੰਮ ਛੇੜੀ ਸੀ ਅਤੇ ਜਨਵਰੀ 1925 ''ਚ 30 ਹਜ਼ਾਰ ਔਰਤਾਂ ਨੇ ਉਸ ਵੇਲੇ ਦੇ ਵਾਇਸਰਾਏ ਨੂੰ ਆਪਣੇ ਦਸਤਖਤਾਂ ਵਾਲਾ ਮੰਗ ਪੱਤਰ ਦੇ ਕੇ ਸਾਰੇ ਨਸ਼ਿਆਂ ''ਤੇ ਮੁਕੰਮਲ ਰੋਕ ਲਾਉਣ ਦੀ ਮੰਗ ਕੀਤੀ ਸੀ।
ਗਾਂਧੀ ਜੀ ਨੇ ਤਾਂ ''ਯੰਗ ਇੰਡੀਆ'' ਵਿਚ ਇਥੋਂ ਤਕ ਲਿਖਿਆ ਸੀ ਕਿ ''''ਜੇ ਮੈਨੂੰ ਇਕ ਘੰਟੇ ਲਈ ਹੀ ਭਾਰਤ ਦਾ ਸ਼ਾਸਕ ਬਣਾ ਦਿੱਤਾ ਜਾਵੇ ਤਾਂ ਮੈਂ ਸਭ ਤੋਂ ਪਹਿਲਾ ਕੰਮ ਬਿਨਾਂ ਕੋਈ ਮੁਆਵਜ਼ਾ ਦਿੱਤਿਆਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦਾ ਕਰਾਂਗਾ।''''
1932 ''ਚ ਗਾਂਧੀ ਜੀ ਵੱਲੋਂ ਸ਼ਰਾਬਨੋਸ਼ੀ ਵਿਰੁੱਧ ਚਲਾਈ ਮੁਹਿੰਮ ਦੌਰਾਨ ਲਾਹੌਰ ''ਚ ਇਕ ਦਿਨ ਮੇਰੀ ਮਾਤਾ ਸ਼ਾਂਤੀ ਦੇਵੀ ਜੀ ਵੀ ਮੈਨੂੰ ਗੋਦ ''ਚ ਚੁੱਕੀ ਉਨ੍ਹਾਂ ਦੇ ਅੰਦੋਲਨ ''ਚ ਹਿੱਸਾ ਲੈਣ ਪਹੁੰਚ ਗਏ ਤੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਪੂਜਨੀਕ ਮਾਤਾ ਜੀ 8 ਮਹੀਨੇ ਜੇਲ ''ਚ ਰਹੇ ਤੇ ਮੈਂ ਵੀ ਉਨ੍ਹਾਂ ਦੇ ਨਾਲ ਹੀ ਜੇਲ ''ਚ ਰਿਹਾ।
ਦੇਸ਼ ''ਚ ਮੁਕੰਮਲ ਸ਼ਰਾਬਬੰਦੀ ਦਾ ਗਾਂਧੀ ਜੀ ਦਾ ਸੁਪਨਾ ਅੱਜ ਤਕ ਅਧੂਰਾ ਹੈ ਅਤੇ ਸ਼ਰਾਬਬੰਦੀ ਲਾਗੂ ਕਰਨ ਦੀ ਬਜਾਏ ਖੁਦ ਸਰਕਾਰਾਂ ਹੀ ਸ਼ਰਾਬਨੋਸ਼ੀ ਨੂੰ ਸ਼ਹਿ ਦੇ ਰਹੀਆਂ ਹਨ। ਇਸੇ ਲਈ ਕੌਮੀ ਰਾਜ ਮਾਰਗਾਂ ਨੇੜੇ ਸ਼ਰਾਬਬੰਦੀ ਦੇ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਕਈ ਸੂਬਾ ਸਰਕਾਰਾਂ ਨੇ ਇਨ੍ਹਾਂ ਨੂੰ ''ਸਟੇਟ ਰਾਜ ਮਾਰਗਾਂ'' ਵਿਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਸ਼ਰਾਬ ਦੇ ਠੇਕੇਦਾਰਾਂ ਤੇ ਹੋਟਲਾਂ ਵਾਲਿਆਂ ਨੂੰ ਸ਼ਰਾਬ ਦੀ ਵਿਕਰੀ ਬੰਦ ਹੋਣ ਨਾਲ ਹੋਣ ਵਾਲੇ ਨੁਕਸਾਨ ਤੋਂ  ਬਚਾਇਆ ਜਾ ਸਕੇ। 
ਇਕ ਪਾਸੇ ਪੰਜਾਬ ਸਮੇਤ ਕੁਝ ਸੂਬਾ ਸਰਕਾਰਾਂ ''ਤੇ ਸ਼ਰਾਬ ਲਾਬੀ ਦੀ ਮਦਦ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਤਾਂ ਦੂਜੇ ਪਾਸੇ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਵਿਰੁੱਧ ਔਰਤਾਂ ਉੱਠ ਖੜ੍ਹੀਆਂ ਹੋਈਆਂ ਹਨ ਤੇ ਉਨ੍ਹਾਂ ਦੀ ਅਗਵਾਈ ਹੇਠ ਸ਼ਰਾਬਬੰਦੀ ਦੇ ਸਮਰਥਕ ਸਮੂਹਾਂ ਵੱਲੋਂ ਇਕ ਹਫਤੇ ਤੋਂ ਧਰਨੇ ਤੇ ਮੁਜ਼ਾਹਰੇ ਆਦਿ  ਜਾਰੀ ਹਨ :
* ਤਾਮਿਲਨਾਡੂ ''ਚ ਰਾਜਧਾਨੀ ਚੇਨਈ ਨੇੜੇ ਮੁਜ਼ਾਹਰੇ ਦੌਰਾਨ ਇਕ ਪੁਲਸ ਮੁਲਾਜ਼ਮ ''ਤੇ ਹਮਲਾ।
* ਮੱਧ ਪ੍ਰਦੇਸ਼ ਦੇ ਸਾਗਰ ''ਚ ਇਕ ਠੇਕੇਦਾਰ ਵੱਲੋਂ ਠੇਕਾ ਹਟਾਉਣ ਤੋਂ ਇਨਕਾਰ ਕਰਨ ''ਤੇ ਭੜਕੀ ਭੀੜ ਨੇ ਉਸ ਦੇ ਠੇਕੇ ਨੂੰ ਤਹਿਸ-ਨਹਿਸ ਕਰ ਦਿੱਤਾ। ਭੋਪਾਲ,  ਸਤਨਾ, ਇੰਦੌਰ, ਵਿਦਿਸ਼ਾ ਆਦਿ ''ਚ ਵੀ ਸ਼ਰਾਬ ਵਿਰੋਧੀ ਹਿੰਸਕ ਮੁਜ਼ਾਹਰੇ ਹੋਏ।
* ਰਾਜਸਥਾਨ ''ਚ ਬਾੜਮੇਰ, ਕੋਟਾ, ਭਰਤਪੁਰ ਅਤੇ ਸੀਕਰ ਆਦਿ ''ਚ ਦੁੱਧ ਪੀਂਦੇ ਬੱਚਿਆਂ ਨੂੰ ਗੋਦੀ ਚੁੱਕੀ ਔਰਤਾਂ ਦੇ ਸਮੂਹ ਮੁਜ਼ਾਹਰੇ ਕਰ ਰਹੇ ਹਨ।
* ਯੂ. ਪੀ. ਦੇ ਬਰੇਲੀ, ਸ਼ਾਹਜਹਾਂਪੁਰ, ਮੇਰਠ, ਗੋਰਖਪੁਰ, ਮੁਰਾਦਾਬਾਦ ਆਦਿ ''ਚ ਭੜਕੀ ਭੀੜ ਨੇ ਕੌਮੀ ਰਾਜ ਮਾਰਗਾਂ ''ਤੇ ਟ੍ਰੈਫਿਕ ਜਾਮ ਕਰਨ ਤੋਂ ਇਲਾਵਾ ਠੇਕਿਆਂ ਦੇ ਬਾਹਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਲਗਾ ਕੇ ਉਥੇ ਮੰਤਰ ਉਚਾਰਨ ਅਤੇ ਭਜਨ ਗਾਇਨ ਸ਼ੁਰੂ ਕੀਤਾ ਹੋਇਆ ਹੈ।
* ਉੱਤਰਾਖੰਡ ਦੇ ਚੰਪਾਵਤ, ਰੁਦਰਪ੍ਰਯਾਗ ਆਦਿ ''ਚ ਕੁਹਾੜੀਆਂ, ਲਾਠੀਆਂ-ਡੰਡਿਆਂ ਤੇ ਪੱਥਰਾਂ ਨਾਲ ਲੈਸ ਔਰਤਾਂ ਨੇ ਜਗ੍ਹਾ-ਜਗ੍ਹਾ ਮੁਜ਼ਾਹਰੇ ਕੀਤੇ।  ਰੁਦਰਪ੍ਰਯਾਗ ''ਚ ਇਕ ਠੇਕੇ ''ਤੇ ਹੱਲਾ ਬੋਲ ਕੇ ਸਾਰੀ ਸ਼ਰਾਬ ''ਮੰਦਾਕਿਨੀ'' ਨਦੀ ''ਚ ਰੋੜ੍ਹ ਦਿੱਤੀ ਗਈ। 
* ਹਰਿਆਣਾ ਦੇ ਪੰਚਕੂਲਾ, ਪਿੰਜੌਰ, ਪਾਣੀਪਤ ਦੀ ਬਤਰਾ ਕਾਲੋਨੀ ''ਚ ਔਰਤਾਂ ਨੇ ਠੇਕੇ ਅੰਦਰ ਰੱਖੀਆਂ ਸ਼ਰਾਬ ਦੀਆਂ ਪੇਟੀਆਂ ਬਾਹਰ ਕੱਢ ਕੇ ਸੁੱਟ ਦਿੱਤੀਆਂ।
* ਪੰਜਾਬ ''ਚ ਵੀ ਫਗਵਾੜਾ, ਮੁਕੇਰੀਆਂ ਆਦਿ ''ਚ ਸ਼ਰਾਬ ਵਿਰੋਧੀ ਮੁਜ਼ਾਹਰੇ ਕੀਤੇ ਗਏ। ਮੁਕੇਰੀਆਂ ਦੇ ਪਿੰਡ ਬਿਸ਼ਨਪੁਰ ''ਚ ਨਵੇਂ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕਰਨ ''ਤੇ ਠੇਕੇ ਦੇ ਕਰਿੰਦੇ ਭੱਜ ਗਏ। 
ਮਾਨਸਾ ਜ਼ਿਲੇ ''ਚ ਦਰਿਆਪੁਰ ਦੀ ਪੰਚਾਇਤ ਨੇ ਨਾ ਸਿਰਫ ਪਿੰਡ ''ਚੋਂ ਸ਼ਰਾਬ ਦਾ ਠੇਕਾ ਚੁਕਵਾ ਦਿੱਤਾ ਸਗੋਂ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਜ਼ਮੀਨ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਕ ਲੱਖ ਰੁਪਏ ਜੁਰਮਾਨਾ ਲਾਉਣ ਦਾ ਐਲਾਨ ਵੀ ਕਰ ਦਿੱਤਾ ਹੈ।
ਸ਼ਰਾਬ ਦੇ ਬੁਰੇ ਅਸਰਾਂ ਕਾਰਨ ਹੀ ਗਾਂਧੀ ਜੀ ਨੇ ਕਿਹਾ ਸੀ ਕਿ ''''ਦੇਸ਼ ''ਚ ਸ਼ਰਾਬਬੰਦੀ ਲਾਗੂ ਨਾ ਹੋਈ ਤਾਂ ਸਾਡੀ ਆਜ਼ਾਦੀ ਵੀ ਗੁਲਾਮੀ ਬਣ ਕੇ ਰਹਿ ਜਾਵੇਗੀ।'''' ਲੋਕਮਾਨਿਆ ਬਾਲਗੰਗਾਧਰ ਤਿਲਕ ਅਨੁਸਾਰ, ''''ਸ਼ਰਾਬ ਪੀਣ ਅਤੇ ਪਿਲਾਉਣ ਵਾਲੀ ਸਰਕਾਰ ਦਾ ਬਾਈਕਾਟ ਕਰਨਾ ਚਾਹੀਦਾ ਹੈ।''''
ਅਕਸਰ ਸ਼ਰਾਬ ਦੇ ਪੱਖ ''ਚ ਸਰਕਾਰਾਂ ਇਸ ਤੋਂ ਹੋਣ ਵਾਲੀ ਮਾਲੀਏ ਦੀ ਆਮਦਨ ਦੀ ਦਲੀਲ ਦਿੰਦੀਆਂ ਹਨ ਪਰ ਇਹ ਕਮੀ ਆਮਦਨ ਦੇ ਦੂਜੇ ਸੋਮੇ ਵਧਾ ਕੇ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ। ਤਾਮਿਲਨਾਡੂ ਦੇ  ਸਾਬਕਾ ਮੁੱਖ ਮੰਤਰੀ ਅੰਨਾਦੁਰਈ  ਅਨੁਸਾਰ, ''''ਸ਼ਰਾਬ ਤੋਂ ਆਮਦਨ ਦੀ ਗੱਲ ਫਜ਼ੂਲ ਹੈ। ਲੱਖਾਂ ਭੈਣਾਂ ਦਾ ਰੋਣਾ, ਬੱਚਿਆਂ ਦਾ ਵਿਲਕਣਾ, ਪਰਿਵਾਰਾਂ ''ਚ ਕਲੇਸ਼ ਤੇ ਅਪਰਾਧਾਂ ਦੀ ਭਰਮਾਰ ਦੇਖ ਕੇ ਮੈਂ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਦੇ ਸਕਦਾ।''''
ਆਂਧਰਾ ਦੇ ਸਾਬਕਾ ਰਾਜਪਾਲ ਕੇ. ਸੀ. ਪੰਤ ਨੇ ਕਿਹਾ ਸੀ ਕਿ ''''ਆਮਦਨ ਤਾਂ ਦੇਹ ਵਪਾਰ ਦੇ ਅੱਡੇ ਚਲਾਉਣ ਨਾਲ ਵੀ ਹੋ ਸਕਦੀ ਹੈ ਤਾਂ ਕੀ ਸਰਕਾਰ ਆਮਦਨ ਵਧਾਉਣ ਲਈ ਦੇਹ ਵਪਾਰ ਦੇ ਅੱਡੇ ਖੁੱਲ੍ਹਵਾਏਗੀ?''''
ਸਪੱਸ਼ਟ ਤੌਰ ''ਤੇ ਸ਼ਰਾਬ ਦੀ ਵਿਕਰੀ ਨਾਲ ਸਰਕਾਰ ਨੂੰ ਹੋਣ ਵਾਲੇ ਇਕੋ-ਇਕ ਮਾਲੀਏ ਦੇ ਲਾਭ ਦੇ ਮੁਕਾਬਲੇ ਇਸ ਨਾਲ ਹੋਣ ਵਾਲਾ ਨੁਕਸਾਨ ਕਿਤੇ ਜ਼ਿਆਦਾ ਹੈ। ਇਸ ਲਈ ਲੋਕਹਿਤ ਅਤੇ ਬਹੁਗਿਣਤੀ ਜਨਤਾ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਸਰਕਾਰ ਨੂੰ ਦੇਸ਼ ਭਰ ''ਚ ਸ਼ਰਾਬਬੰਦੀ ਲਾਗੂ ਕਰਨੀ ਹੀ ਚਾਹੀਦੀ ਹੈ।  
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra