ਹੁਣ ਔਰਤਾਂ ਵੀ ਕਰਨ ਲੱਗੀਆਂ ਨਸ਼ੇ ਦੀ ਸਮੱਗਲਿੰਗ ਅਤੇ ਹੋਰ ਅਪਰਾਧ

02/06/2019 6:10:33 AM

ਆਮ ਤੌਰ 'ਤੇ ਅਜਿਹਾ ਸਮਝਿਆ ਜਾਂਦਾ ਸੀ ਕਿ ਔਰਤਾਂ ਨਸ਼ਾ ਨਹੀਂ ਕਰਦੀਆਂ ਅਤੇ ਇਸ ਦੀਆਂ ਸਖਤ ਵਿਰੋਧੀ ਹਨ ਪਰ ਹੁਣ ਬਦਲਦੇ ਮਾਹੌਲ 'ਚ ਨਾ ਸਿਰਫ ਕਈ ਔਰਤਾਂ ਖ਼ੁਦ ਨਸ਼ਾ ਕਰਨ ਲੱਗ ਪਈਆਂ ਹਨ, ਸਗੋਂ ਆਪਣੀਆਂ ਵਧਦੀਆਂ ਲੋੜਾਂ ਪੂਰੀਆਂ ਕਰਨ ਲਈ ਖ਼ੁਦ ਨਸ਼ੇ ਦੀ ਸਮੱਗਲਿੰਗ ਅਤੇ ਹੋਰ ਅਪਰਾਧਾਂ 'ਚ ਸ਼ਾਮਿਲ ਹੋਣ ਲੱਗੀਆਂ ਹਨ, ਜਿਸ ਦੀਆਂ ਸਿਰਫ ਇਕ ਮਹੀਨੇ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 05 ਜਨਵਰੀ ਨੂੰ ਜਲੰਧਰ 'ਚ 2 ਔਰਤਾਂ ਅਤੇ 2 ਮਰਦਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਕਾਰ 'ਚ ਰੱਖੇ ਟੈਡੀਬਿਅਰ ਅਤੇ ਸੰਤਰੇ ਦੇ ਜੂਸ ਵਾਲੇ ਡੱਬੇ 'ਚੋਂ 2 ਕਿਲੋ ਹੈਰੋਇਨ ਜ਼ਬਤ ਕੀਤੀ ਗਈ। 
* 06 ਜਨਵਰੀ ਨੂੰ ਚੰਡੀਗੜ੍ਹ 'ਚ ਇਕ ਮਹਿਲਾ ਨਸ਼ਾ ਸਮੱਗਲਰ ਦੇ ਕਬਜ਼ੇ 'ਚੋਂ 250 ਗ੍ਰਾਮ ਚਰਸ ਬਰਾਮਦ ਕੀਤੀ ਗਈ। 
* 06 ਜਨਵਰੀ ਨੂੰ ਹੀ ਲੋਨੀ ਵਿਖੇ ਟ੍ਰਾਨਿਕਾ ਸਿਟੀ ਪੁਲਸ ਨੇ 2 ਮਹਿਲਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਅੱਧਾ ਕਿਲੋ ਨਸ਼ੇ ਵਾਲਾ ਪਾਊਡਰ ਫੜਿਆ।
* 07 ਜਨਵਰੀ ਨੂੰ ਸਿਤਾਰਗੰਜ ਪੁਲਸ ਨੇ 1 ਲੱਖ ਰੁਪਏ ਮੁੱਲ ਦੀ 950 ਗ੍ਰਾਮ ਚਰਸ ਨਾਲ ਇਕ ਔਰਤ ਸਮੇਤ 3 ਸਮੱਗਲਰ ਕਾਬੂ ਕੀਤੇ। 
* 11 ਜਨਵਰੀ ਨੂੰ ਬੇਰਮੋ (ਬੋਕਾਰੋ) ਪੁਲਸ ਨੇ 2 ਔਰਤਾਂ ਨੂੰ ਮਨੁੱਖੀ ਤਸਕਰੀ ਦੇ ਦੋਸ਼ ਹੇਠ ਫੜਿਆ, ਜਿਨ੍ਹਾਂ ਨੇ ਨੌਕਰੀ ਦਿਵਾਉਣ ਦੇ ਬਹਾਨੇ ਇਕ ਔਰਤ ਨੂੰ ਅਗਵਾ ਕਰ ਕੇ ਉਸ ਨੂੰ ਕਿਸੇ ਵਿਅਕਤੀ ਕੋਲ ਵੇਚ ਦਿੱਤਾ ਸੀ। 
* 11 ਜਨਵਰੀ ਨੂੰ ਹੀ ਰਿਸ਼ੀਕੇਸ਼ ਪੁਲਸ ਨੇ 8 ਔਰਤਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਸ਼ਰਾਬ ਦੇ 400 ਪਊਏ ਜ਼ਬਤ ਕੀਤੇ। 
* 14 ਜਨਵਰੀ ਨੂੰ ਮੋਲੇਖਾਲ (ਅਲਮੋੜਾ) ਪੁਲਸ ਨੇ ਇਕ ਔਰਤ ਅਤੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਸਵਾ 3 ਲੱਖ ਰੁਪਏ ਮੁੱਲ ਦਾ ਗਾਂਜਾ ਫੜਿਆ। 
* 20 ਜਨਵਰੀ ਨੂੰ ਬੰਗਾਲ ਦੇ ਭਾਰਤ-ਭੂਟਾਨ ਬਾਰਡਰ 'ਤੇ ਸਥਿਤ ਜਯਗਾਓਂ ਨਾਮੀ ਪਿੰਡ 'ਚ 8 ਲੱਖ ਰੁਪਏ ਦੀਆਂ ਨਸ਼ੇ ਵਾਲੀਆਂ ਦਵਾਈਆਂ ਨਾਲ ਇਕ ਔਰਤ ਸਮੇਤ 3 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। 
* 23 ਜਨਵਰੀ ਨੂੰ ਬੰਗਾਲ 'ਚ ਸਿਆਲਦਾ ਪੁਲਸ ਨੇ ਲੋਕਲ ਟ੍ਰੇਨ 'ਚੋਂ ਇਕ ਬੱਚੇ ਨੂੰ ਅਗ਼ਵਾ ਕਰ ਕੇ ਲਿਜਾ ਰਹੀ ਇਕ ਮਨੁੱਖੀ ਤਸਕਰ ਔਰਤ ਨੂੰ ਫੜਿਆ। 
* 25 ਜਨਵਰੀ ਨੂੰ ਬਿਆਸ ਦੀ ਪੁਲਸ ਨੇ ਇਕ ਔਰਤ ਅਤੇ ਮਰਦ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 8 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫੀਮ ਜ਼ਬਤ ਕੀਤੀ। 
* 28 ਜਨਵਰੀ ਨੂੰ ਲੁਧਿਆਣਾ ਪੁਲਸ ਨੇ ਇਕ ਔਰਤ ਤੇ ਇਕ ਮਰਦ ਦੇ ਕਬਜ਼ੇ 'ਚੋਂ 180 ਗ੍ਰਾਮ ਹੈਰੋਇਨ ਜ਼ਬਤ ਕੀਤੀ।
* 29 ਜਨਵਰੀ ਨੂੰ ਸਾਰੰਗਪੁਰ ਪੁਲਸ ਨੇ ਇਕ ਮਹਿਲਾ ਤਸਕਰ ਨੂੰ 10 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ। 
* 30 ਜਨਵਰੀ ਨੂੰ ਜੌਨਪੁਰ ਸਿਟੀ ਸਟੇਸ਼ਨ ਤੋਂ ਪੁਲਸ ਨੇ ਲੱਖਾਂ ਰੁਪਏ ਮੁੱਲ ਦੇ 500 ਕੱਛੂਕੁੰਮਿਆਂ ਨਾਲ ਇਕ ਮਹਿਲਾ ਤਸਕਰ ਨੂੰ ਫੜਿਆ। 
* 30 ਜਨਵਰੀ ਨੂੰ ਮਜੀਠਾ ਪੁਲਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਇਕ ਕਾਰ ਅਤੇ 250 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ। 
* 31 ਜਨਵਰੀ ਨੂੰ ਸੀਕਰ ਪੁਲਸ ਨੇ ਇਕ ਮਹਿਲਾ ਤਸਕਰ ਦੇ ਕਬਜ਼ੇ 'ਚੋਂ ਸ਼ਰਾਬ ਦੀਆਂ 10 ਪੇਟੀਆਂ ਬਰਾਮਦ ਕੀਤੀਆਂ। 
* 01 ਫਰਵਰੀ ਨੂੰ ਪਟਿਆਲਾ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ 'ਚ 2014 ਤੋਂ ਭਗੌੜੇ ਚੱਲੇ ਆ ਰਹੇ ਹਰਿਆਣਾ ਦੇ ਰਈਸ ਨੂੰ 3 ਕਿਲੋ 400 ਗ੍ਰਾਮ ਅਫੀਮ, ਲਗਜ਼ਰੀ ਕਾਰ ਤੇ ਇਕ ਔਰਤ ਨਾਲ ਫੜਿਆ। 
* 02 ਫਰਵਰੀ ਨੂੰ ਸੰਗਰੂਰ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਨਸ਼ੇ ਵਾਲੀਆਂ 200 ਗੋਲੀਆਂ ਜ਼ਬਤ ਕੀਤੀਆਂ।
* 03 ਫਰਵਰੀ ਨੂੰ ਮੋਗਾ ਪੁਲਸ ਨੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 36 ਲੱਖ ਰੁਪਏ ਠੱਗਣ ਦੇ ਦੋਸ਼ ਹੇਠ 2 ਮਹਿਲਾ ਟ੍ਰੈਵਲ ਏਜੰਟਾਂ ਵਿਰੁੱਧ  ਕੇਸ ਦਰਜ ਕੀਤਾ। 
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਮਾਜ ਵਿਰੋਧੀ ਅਨਸਰ ਹੁਣ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਔਰਤਾਂ ਦਾ ਸਹਾਰਾ ਲੈਣ ਲੱਗੇ ਹਨ ਕਿਉਂਕਿ ਆਮ ਤੌਰ 'ਤੇ ਔਰਤਾਂ 'ਤੇ ਕੋਈ ਸ਼ੱਕ ਨਹੀਂ ਕਰਦਾ। 
ਕੁਝ ਔਰਤਾਂ ਦੀਆਂ ਅਜਿਹੀਆਂ ਕਰਤੂਤਾਂ ਕਾਰਨ ਸਮੁੱਚੀ ਨਾਰੀ ਜਾਤੀ ਬਦਨਾਮ ਹੋ ਰਹੀ ਹੈ, ਜੋ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਿਤਾਉਣ ਦੀ ਇੱਛਾ ਪਰ ਸੋਮਿਆਂ ਦੀ ਘਾਟ ਕਾਰਨ ਛੇਤੀ ਅਮੀਰ ਬਣਨ ਦੀ ਇੱਛਾ 'ਚ ਉਨ੍ਹਾਂ ਦੇ ਅਪਰਾਧ ਜਗਤ 'ਚ ਪੈਰ ਰੱਖਣ ਦਾ ਨਤੀਜਾ ਹੈ।  
ਪੰਜਾਬ-ਹਿਮਾਚਲ ਹੱਦ 'ਤੇ ਹੈਰੋਇਨ ਦੀ ਸਮੱਗਲਿੰਗ 'ਚ ਤਾਂ ਔਰਤਾਂ ਨੇ ਮਰਦਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਅਤੇ ਹਿਮਾਚਲ ਦੇ  ਹੱਦ ਨਾਲ ਲੱਗਦੇ ਖੇਤਰਾਂ 'ਚ 6 ਮਹੀਨਿਆਂ 'ਚ 30 ਤੋਂ ਜ਼ਿਆਦਾ ਔਰਤਾਂ ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤੀਆਂ ਗਈਆਂ।
ਕੋਈ ਸਮਾਂ ਸੀ, ਜਦੋਂ ਪੁਲਸ ਔਰਤਾਂ 'ਤੇ ਸ਼ੱਕ ਨਹੀਂ ਕਰਦੀ ਸੀ ਪਰ ਹੁਣ ਲੱਗਭਗ ਪੂਰੇ ਦੇਸ਼ 'ਚ ਹੀ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਤੋਂ ਇਲਾਵਾ ਚੋਰੀ-ਚਕਾਰੀ ਅਤੇ ਬੱਚਿਆਂ ਦੇ ਅਗ਼ਵਾ ਤਕ 'ਚ ਔਰਤਾਂ ਦੀ ਵੱਡੀ ਗਿਣਤੀ 'ਚ ਸ਼ਮੂਲੀਅਤ ਦਾ ਪਤਾ ਲੱਗਣ ਤੋਂ ਬਾਅਦ ਹੁਣ ਵੱਡੀ ਗਿਣਤੀ 'ਚ ਔਰਤਾਂ ਪੁਲਸ ਅਧਿਕਾਰੀਆਂ ਦੇ ਸ਼ਿਕੰਜੇ 'ਚ ਆਉਣ ਲੱਗੀਆਂ ਹਨ।                                            –ਵਿਜੇ ਕੁਮਾਰ