ਹੁਣ ਤਾਮਿਲਨਾਡੂ ਦੀ ‘ਅੰਨਾਦ੍ਰਮੁਕ ’ਚ ਘਮਾਸਾਨ’ ‘ਗਲਬੇ ਦੀ ਲੜਾਈ ਮਾਰਾਮਾਰੀ ਤੱਕ ਪਹੁੰਚੀ’

07/13/2022 12:36:00 AM

ਦੇਸ਼ ’ਚ ਖੇਤਰੀ ਪਾਰਟੀਆਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਬਿਹਾਰ ’ਚ ਜਨਤਾ ਦਲ (ਯੂ) ਅਤੇ ਲੋਜਪਾ, ਉੱਤਰ ਪ੍ਰਦੇਸ਼ ’ਚ ਸਪਾ ਅਤੇ ਪੰਜਾਬ ’ਚ ਸ਼੍ਰੋਅਦ ਵੀ ਖੋਰੇ ਵੱਲ ਵਧ ਰਹੀਆਂ ਹਨ। ਹਾਲ ਹੀ ’ਚ  ਮਹਾਰਾਸ਼ਟਰ ਵਿਚ ਸ਼ਿਵਸੈਨਾ ਵੀ ਖਿੱਲਰ ਗਈ ਹੈ ਅਤੇ ਤਾਮਿਲਨਾਡੂ ’ਚ ਅੰਨਾਦ੍ਰਮੁਕ ਹੁਣ ਵੀ ਇਸੇ ਦਿਸ਼ਾ ’ਚ  ਵਧ ਰਹੀ ਹੈ। ਵਰਨਣਯੋਗ ਹੈ ਕਿ ਸਵ. ਮੁੱਖ ਮੰਤਰੀ ਜੈਲਲਿਤਾ ਦੇ ਦਿਹਾਂਤ ਦੇ ਬਾਅਦ ਤੋਂ  ਅੰਨਾਦ੍ਰਮੁਕ ’ਚ ਗਲਬੇ ਦੀ ਲੜਾਈ ਜਾਰੀ ਹੈ  ਤਾਂ ਦੂਜੇ ਪਾਸੇ ਹੁਣ ਉਨ੍ਹਾਂ ਦੀ ਸਹੇਲੀ ਅਤੇ ਅੰਨਾਦ੍ਰਮੁਕ ’ਚੋਂ ਕੱਢੀ ਗਈ ਸਾਬਕਾ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਪਾਰਟੀ  ਵਿਚ  ਵਾਪਿਸ ਲਿਆਉਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਿੱਥੇ ਜੈਲਲਿਤਾ ਦੇ ਭਰੋਸੇਮੰਦ ਰਹੇ ਸਾਬਕਾ ਮੁੱਖ ਮੰਤਰੀ ‘ਪਨੀਰਸੇਲਵਮ’  ਸ਼ਸ਼ੀਕਲਾ ਨੂੰ ਦੁਬਾਰਾ ਪਾਰਟੀ ’ਚ ਲਿਆਉਣ ਲਈ  ਯਤਨਸ਼ੀਲ ਹਨ, ਉਥੇ ਹੀ ਸਾਬਕਾ ਮੁੱਖ ਮੰਤਰੀ  ‘ਪਲਾਨੀਸਵਾਮੀ’  ਉਨ੍ਹਾਂ  ਦੀ  ਪਾਰਟੀ  ਵਿਚ  ਵਾਪਸੀ ਦੇ ਘੋਰ ਵਿਰੁੱਧ ਹਨ।ਕੁਝ ਸਮਾਂ ਪਹਿਲਾਂ ਜਦੋਂ ਧੇਨੀ ਜ਼ਿਲੇ ਦੀ ਪਾਰਟੀ ਇਕਾਈ ਨੇ ‘ਪਲਾਨੀਸਵਾਮੀ’ ਦੇ ਵਿਰੁੱਧ ਜਾਂਦੇ ਹੋਏ ਇਕ ਮਤਾ ਪਾਸ ਕਰ ਕੇ ਉਨ੍ਹਾਂ ਸਾਰਿਆਂ ਨੂੰ ਪਾਰਟੀ ’ਚ ਵਾਪਸ ਲਿਆਉਣ ਦੀ ਗੱਲ ਕਹੀ ਸੀ,  ਜਿਨ੍ਹਾਂ  ਨੂੰ  ਪਾਰਟੀ  ’ਚੋਂ ਕੱਢ ਦਿੱਤਾ ਗਿਆ ਹੈ, ਤਾਂ ‘ਪਲਾਨੀਸਵਾਮੀ’ ਨੇ ਕਿਹਾ ਸੀ ਕਿ ਉਸ ਸਥਿਤੀ ’ਚ ਉਹ ‘ਪਨੀਰਸੇਲਵਮ’ ਨੂੰ ਧੱਕ ਕੇ ਇਕ ਪਾਸੇ ਕਰ ਦੇਣਗੇ। ਜੈਲਲਿਤਾ ਦੀ ਮੌਤ ਦੇ ਬਾਅਦ ਅੰਨਾਦ੍ਰਮੁਕ ’ਚ ਪਾਰਟੀ ਸੰਚਾਲਨ ਅਤੇ ਸੱਤਾ ਦਾ ਸੰਤੁਲਨ ਬਣਾਈ ਰੱਖਣ ਲਈ ‘ਦੋਹਰੀ  ਲੀਡਰਸ਼ਿਪ ਪ੍ਰਣਾਲੀ’ ਕਾਇਮ ਕੀਤੀ ਗਈ ਸੀ ਜਿਸ ਦੇ ਅਧੀਨ ‘ਪਨੀਰਸੇਲਵਮ’  ਨੂੰ ਕੋਆਰਡੀਨੇਟਰ ਅਤੇ ‘ਪਲਾਨੀਸਵਾਮੀ’ ਨੂੰ ਸਹਿ-ਕੋਆਰਡੀਨੇਟਰ ਬਣਾਇਆ ਗਿਆ ਸੀ। 

ਇਸ  ਨੂੰ ਖਤਮ ਕਰਨ ਲਈ ‘ਪਲਾਨੀਸਵਾਮੀ’ ਨੇ ਪਾਰਟੀ ਦੀ ਕਾਰਜਕਾਰੀ ਸਮਿਤੀ ਅਤੇ ਆਮ ਪ੍ਰੀਸ਼ਦ ਦੀ 11 ਜੁਲਾਈ ਨੂੰ ਬੈਠਕ ਸੱਦੀ ਸੀ ਜਿਸ ’ਤੇ ਰੋਕ ਲਾਉਣ ਲਈ ‘ਪਨੀਰਸੇਲਵਮ’ ਧੜੇ ਨੇ ਮਦਰਾਸ ਹਾਈਕੋਰਟ ’ਚ ਰਿੱਟ ਲਾਈ ਸੀ। ਇਸ ਨੂੰ ਮਦਰਾਸ ਹਾਈ ਕੋਰਟ ਵੱਲੋਂ ਰੱਦ ਕਰਨ ਦੇ ਬਾਅਦ ਪਾਰਟੀ ਦਫਤਰ ਦੇ ਅੰਦਰ ਅਤੇ ਬਾਹਰ ਦੋਵਾਂ ਧੜਿਆਂ ਵੱਲੋਂ ਭਾਰੀ ਭੰਨ-ਤੋੜ ਅਤੇ ਹਿੰਸਾ ਕੀਤੀ ਗਈ ਜਿਸ ਦੇ ਬਾਅਦ ਸੂਬੇ ਦੀ ਦ੍ਰਮੁਕ ਸਰਕਾਰ ਨੇ ਪਾਰਟੀ ਦਾ ਮੁੱਖ ਦਫਤਰ ਸੀਲ ਕਰ ਦਿੱਤਾ। ਬਾਅਦ ’ਚ ਇਕ ਮੈਰਿਜ ਪੈਲੇਸ ’ਚ ਪਾਰਟੀ ਨੇ ਆਪਣੀ ਬੈਠਕ ’ਚ ਦੋਹਰੀ ਲੀਡਰਸ਼ਿਪ ਪ੍ਰਣਾਲੀ ਖਤਮ ਕਰ ਕੇ ‘ਪਲਾਨੀਸਵਾਮੀ’  ਨੂੰ ਸਰਵਸੰਮਤੀ ਨਾਲ ਆਪਣਾ ਅੰਤ੍ਰਿਮ ਜਨਰਲ ਸਕੱਤਰ ਚੁਣ ਕੇ ਉਨ੍ਹਾਂ ਨੂੰ ਪਾਰਟੀ ਚਲਾਉਣ ਲਈ ਅਧਿਕਾਰਤ ਕਰਨ ਦੇ ਨਾਲ ਹੀ ‘ਪਨੀਰਸੇਲਵਮ’ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪਾਰਟੀ  ’ਚੋਂ ਕੱਢ ਦਿੱਤਾ।  
ਇਸ ਸਬੰਧੀ ਪਾਸ ਮਤੇ ’ਚ ‘ਪਨੀਰਸੇਲਵਮ’ ’ਤੇ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਸੂਬੇ ਦੀ ਦ੍ਰਮੁਕ ਸਰਕਾਰ ਨਾਲ ਗੰਢਤੁੱਪ ਤੇ ਉਸ ਦੇ ਨੇਤਾਵਾਂ ਨਾਲ ਮਿਲ ਕੇ ਅੰਨਾਦ੍ਰਮੁਕ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਗਿਆ ਹੈ। ਮਤੇ ’ਚ ‘ਪਨੀਰਸੇਲਵਮ’ ’ਤੇ ਇਸ ਤੋਂ  ਪਹਿਲਾਂ 23 ਜੂਨ ਨੂੰ ਸੱਦੀ ਜਾਣ ਵਾਲੀ ਪਿਛਲੀ ਆਮ ਪ੍ਰੀਸ਼ਦ ਦੀ ਬੈਠਕ ’ਚ ਰੁਕਾਵਟ ਪਾਉਣ ਲਈ ਪੁਲਸ ਨਾਲ ਸੰਪਰਕ ਕਰਨ ਦਾ ਦੋਸ਼ ਵੀ ਲਾਇਆ ਗਿਆ ਹੈ। ਇਕ ਹੋਰ ਮਤੇ ’ਚ ਅਗਲੇ 4 ਮਹੀਨਿਆਂ ਦੇ ਅੰਦਰ ਪਾਰਟੀ ਜਨਰਲ ਸਕੱਤਰ ਚੁਣਨ ਲਈ ਸੰਗਠਨਾਤਮਕ ਚੋਣ ਕਰਾਉਣ ਦਾ ਫੈਸਲਾ ਕੀਤਾ ਗਿਆ। ਵਰਨਣਯੋਗ ਹੈ ਕਿ  ਪਾਰਟੀ ’ਚ ਸਭ ਤੋਂ ਵੱਧ ਸ਼ਕਤੀਸ਼ਾਲੀ ਸਮਝੇ ਜਾਣ ਵਾਲੇ ਜਨਰਲ ਸਕੱਤਰ ਅਹੁਦੇ ’ਤੇ ਕਈ ਦਹਾਕਿਆਂ ਤੱਕ ਜੈਲਲਿਤਾ ਕਾਬਜ਼ ਰਹੀ ਸੀ ਅਤੇ ਉਨ੍ਹਾਂ ਦੀ ਮੌਤ ਦੇ ਬਾਅਦ ਉਨ੍ਹਾਂ ਦੀ ਨੇੜਲੀ ਸਹੇਲੀ ਸ਼ਸ਼ੀਕਲਾ ਨੂੰ ਪਾਰਟੀ ਦੀ ਅੰਤ੍ਰਿਮ ਜਨਰਲ ਸਕੱਤਰ ਬਣਾਇਆ ਗਿਆ ਸੀ, ਜਿਨ੍ਹਾਂ ਨੂੰ ਹੁਣ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਾ ਹੈ। 

‘ਪਨੀਰਸੇਲਵਮ’ ਨੇ ਆਪਣੇ ਕੱਢੇ ਜਾਣ ਨੂੰ ਨਾਜਾਇਜ਼ ਕਰਾਰ ਿਦੰਦੇ ਹੋਏ ‘ਪਲਾਨੀਸਵਾਮੀ’ ਨੂੰ ਪਾਰਟੀ ’ਚੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ ਅਤੇ ਕਿਹਾ, ‘‘ਮੈਨੂੰ 1.5 ਕਰੋੜ  ਪਾਰਟੀ ਵਰਕਰਾਂ ਨੇ  ਕੋਆਰਡੀਨੇਟਰ ਚੁਣਿਆ ਹੈ। ਲਿਹਾਜ਼ਾ ਨਾ ਹੀ  ‘ਪਲਾਨੀਸਵਾਮੀ’ ਨੂੰ ਤੇ ਨਾ ਹੀ ਪਾਰਟੀ ਦੇ ਦੂਜੇ ਨੇਤਾਵਾਂ ਨੂੰ ਮੈਨੂੰ ਪਾਰਟੀ ’ਚੋਂ ਕੱਢਣ ਦਾ ਅਧਿਕਾਰ ਹੈ। ’’ ਆਬਜ਼ਰਵਰਾਂ ਦੇ ਅਨੁਸਾਰ  ਇਸ ਘਟਨਾਕ੍ਰਮ ਨਾਲ ਅੰਨਾਦ੍ਰਮੁਕ ਨੂੰ ਹਾਨੀ ਅਤੇ ਦ੍ਰਮੁਕ ਨੂੰ ਲਾਭ ਪਹੁੰਚੇਗਾ। ਦੱਖਣੀ ਭਾਰਤ ’ਚ  ਅੰਨਾਦ੍ਰਮੁਕ ਦੇ ਸਹਾਰੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਇਸ ਸਾਰੇ ਘਟਨਾਕ੍ਰਮ ’ਤੇ ਡੂੰਘੀ ਨਜ਼ਰ ਰੱਖ ਰਹੀ ਹੈ। ਪਾਰਟੀ ’ਤੇ ਕੰਟਰੋਲ ਦੇ ਲਈ ਸ਼ੁਰੂ ਹੋਈ ਇਸ ਜੰਗ ਦਰਮਿਆਨ ਕਈ ਸੀਨੀਅਰ ਨੇਤਾਵਾਂ ਦਾ ਮੰਨਣਾ ਹੈ ਕਿ ਭਗਵਾ ਪਾਰਟੀ ਨਾਲ ਰਿਸ਼ਤਾ ਬਣਾਉਣ ਦਾ ਅੰਨਾਦ੍ਰਮੁਕ ਨੂੰ ਕੋਈ ਲਾਭ ਨਹੀਂ ਹੋਇਆ ਅਤੇ ਪਾਰਟੀ ਕੈਡਰ ਦੀ ਬਹੁਗਿਣਤੀ ਇਸ ਦੇ ਵਿਰੁੱਧ ਹੈ। 

 ਹੁਣ ਸਭ ਦੀ ਨਜ਼ਰ ਸ਼ਸ਼ੀਕਲਾ ਦੇ ਅਗਲੇ ਕਦਮ ’ਤੇ ਹੈ। ਭਾਜਪਾ ਪਿਛਲੀਆਂ ਚੋਣਾਂ ਦੇ ਸਮੇਂ ਸ਼ਸ਼ੀਕਲਾ ਅਤੇ ਉਨ੍ਹਾਂ ਦੇ ਭਤੀਜੇ ਟੀ. ਟੀ. ਵੀ. ਦਿਨਾਕਰਨ ਦੇ ਨਾਲ ਅੰਨਾਦ੍ਰਮੁਕ ਦਾ ਸਮਝੌਤਾ ਕਰਾਉਣ ਦੇ ਪੱਖ ’ਚ ਸੀ  ਪਰ ‘ਪਲਾਨੀਸਵਾਮੀ’ ਨੇ ਅਜਿਹਾ ਨਹੀਂ ਹੋਣ ਦਿੱਤਾ। ਫਿਲਹਾਲ, ਅੰਨਾਦ੍ਰਮੁਕ ਦੇ ਦੋਵਾਂ ਧੜਿਆਂ ਦੀ ਲੜਾਈ ਚੋਣ ਕਮਿਸ਼ਨ ਅਤੇ ਬੈਂਕਾਂ ਤੱਕ ਪਹੁੰਚ ਗਈ ਅਤੇ ਦੋਵੇਂ ਧਿਰਾਂ ਆਪਣਾ-ਆਪਣਾ ਦਾਅਵਾ ਪੇਸ਼ ਕਰਨ ਵਿਚ ਜੁਟ ਗਈਆਂ ਹਨ। ਆਬਜ਼ਰਵਰਾਂ ਦੇ  ਅਨੁਸਾਰ  ਅੰਨਾਦ੍ਰਮੁਕ ਦੇ ਦੋਵਾਂ  ਧੜਿਆਂ ਦੇ ਝਗੜੇ ’ਚ ਦ੍ਰਮੁਕ ਹੀ ਲਾਭ ’ਚ ਰਹਿਣ ਵਾਲੀ ਹੈ ਅਤੇ ਸ਼ਾਇਦ ਭਾਜਪਾ ਨੂੰ  ਵੀ ਸੂਬੇ ਦੀ ਸਿਆਸਤ ’ਚ ਥੋੜ੍ਹੀ-ਬਹੁਤ ਜਗ੍ਹਾ ਮਿਲ ਜਾਵੇ। ਕਹਿਣਾ ਔਖਾ ਹੈ ਕਿ ਅੰਨਾਦ੍ਰਮੁਕ ਦੀ ਇਹ ਲੜਾਈ ਕਿੱਥੇ ਪਹੁੰਚ ਕੇ ਖਤਮ ਹੋਵੇਗੀ ਪਰ ਇਸ ਲੜਾਈ ਨੇ ਦਸੰਬਰ 1987 ਦੀ ਯਾਦ ਦਿਵਾ ਦਿੱਤੀ ਹੈ ਜਦੋਂ ਐੱਮ. ਜੀ. ਰਾਮਚੰਦ੍ਰਨ ਦੀ ਮੌਤ ਦੇ ਬਾਅਦ ਪਾਰਟੀ ਦੋ ਧੜਿਆਂ ’ਚ ਵੰਡ ਗਈ ਸੀ। ਇਨ੍ਹਾਂ ’ਚੋਂ ਇਕ ਧੜੇ ਦੀ ਅਗਵਾਈ ਐੱਮ. ਜੀ. ਆਰ. ਦੀ ਪਤਨੀ ਜਾਨਕੀ ਅਤੇ ਦੂਜੇ ਧੜੇ ਦੀ ਅਗਵਾਈ ਐੱਮ. ਜੀ. ਆਰ. ਦੀਆਂ ਕਈ ਫਿਲਮਾਂ ਦੀ ਹੀਰੋਇਨ ਅਤੇ ਪਾਰਟੀ ਦੀ ਪ੍ਰਚਾਰ ਸਕੱਤਰ ਜੈਲਲਿਤਾ ਕਰ ਰਹੀ ਸੀ ਅਤੇ ਇਸ ’ਚ  ਅਖੀਰ ਜੈਲਲਿਤਾ ਦੀ ਹੀ ਜਿੱਤ ਹੋਈ ਸੀ।     
-ਵਿਜੇ ਕੁਮਾਰ 


Karan Kumar

Content Editor

Related News