ਨਹੀਂ ਰੁਕ ਰਿਹਾ ਸਾਡੇ ਨੇਤਾਵਾਂ ਵਲੋਂ ਇਤਰਾਜ਼ਯੋਗ ਅਤੇ ਅਪਮਾਨਜਨਕ ਬਿਆਨਾਂ ਦਾ ਸਿਲਸਿਲਾ

03/21/2019 7:10:54 AM

ਦੇਸ਼ ’ਚ ਚੱਲ ਰਹੇ ਚੋਣ ਬੁਖਾਰ ਦੇ ਜਨੂੰਨ ’ਚ ਸਾਡੇ  ਨੇਤਾ ਲਗਾਤਾਰ ਇਕ-ਦੂਜੇ ਵਿਰੁੱਧ ਬੇਹੂਦਾ ਬਿਆਨ ਦਿੰਦੇ ਜਾ ਰਹੇ ਹਨ। ਇਸ ਨਾਲ ਨਾ ਸਿਰਫ ਦੇਸ਼ ਦੀ ਸੁਹਿਰਦਤਾ ਭੰਗ ਹੋ ਰਹੀ ਹੈ ਸਗੋਂ ਲੋਕਾਂ ’ਚ ਕੁੜੱਤਣ ਵੀ ਵਧ ਰਹੀ ਹੈ। ਇਥੇ ਹੇਠਾਂ ਪੇਸ਼ ਹਨ ਅਜਿਹੇ ਹੀ ਇਤਰਾਜ਼ਯੋਗ ਅਤੇ ਅਪਮਾਨਜਨਕ ਬਿਆਨਾਂ ਦੇ ਕੁਝ ਨਮੂਨੇ :
* ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ  ਇਕ ਚੋਣ ਸਭਾ ’ਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤੀ ਉਸੇ ਤਰ੍ਹਾਂ ਡਰੇ ਹੋਏ ਹਨ, ਜਿਸ ਤਰ੍ਹਾਂ ਉਹ ਫਿਲਮ ‘ਸ਼ੋਅਲੇ’ ਵਿਚ ਡਾਕੂ ‘ਗੱਬਰ ਸਿੰਘ’ ਤੋਂ ਡਰੇ ਹੋਏ ਸਨ।’’
* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਲਾਉਂਦਿਆਂ ਇਕ ਬਲਾਗ ਲਿਖਿਆ, ‘‘ਖਾਤਾ ਨਾ ਬਹੀ,  ਜੋ ਕਾਂਗਰਸ ਕਹੇ ਉਹੀ ਸਹੀ। ਵੰਸ਼ਵਾਦ ਦੀ ਸਿਆਸਤ ਨਾਲ ਸਭ ਤੋਂ ਵੱਧ ਨੁਕਸਾਨ ਸੰਸਥਾਵਾਂ ਨੂੰ ਹੋਇਆ ਹੈ। ਪ੍ਰੈੱਸ ਤੋਂ ਪਾਰਲੀਮੈਂਟ ਤਕ, ਸੋਲਜਰਸ ਤੋਂ ਲੈ ਕੇ ਫ੍ਰੀ ਸਪੀਚ ਤਕ ਅਤੇ ਸੰਵਿਧਾਨ ਤੋਂ ਲੈ ਕੇ ਅਦਾਲਤ ਤਕ ਕੁਝ ਵੀ ਨਹੀਂ ਛੱਡਿਆ।’’
* ਕਾਂਗਰਸੀ ਨੇਤਾ ਤਾਰਿਕ ਅਨਵਰ ਨੇ ਇਸ ਦੇ ਜਵਾਬ ’ਚ ਕਿਹਾ, ‘‘ਨਰਿੰਦਰ ਮੋਦੀ ਸ਼ਾਇਦ ਇਹ ਗੱਲ ਇਸ ਲਈ ਕਹਿ ਰਹੇ ਹਨ ਕਿਉਂਕਿ ਉਨ੍ਹਾਂ ਦਾ ਕੋਈ ਵੰਸ਼ ਰਿਹਾ ਹੀ ਨਹੀਂ ਅਤੇ ਉਨ੍ਹਾਂ ਨੇ ਸਿਆਸਤ ’ਚ ਆਪਣਾ ਵੰਸ਼ ਨਹੀਂ ਵਧਾਉਣਾ ਹੈ।’’
* ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ, ‘‘60 ਸਾਲਾ ਮਾਇਆਵਤੀ ਖੁਦ ਰੋਜ਼ ਫੇਸ਼ੀਅਲ ਕਰਵਾਉਂਦੀ ਹੈ, ਉਹ ਸਾਡੇ ਨੇਤਾ ਨੂੰ ਕੀ ਸ਼ੌਕੀਨ ਕਹੇਗੀ। ਵਾਲ ਪੱਕੇ ਹੋਏ ਹਨ ਤੇ ਰੰਗਵਾ ਕੇ ਅੱਜ ਵੀ ਖੁਦ ਨੂੰ ਜਵਾਨ ਸਿੱਧ ਕਰਦੀ ਹੈ।’’
* ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਜਨਤਾ ਦਲ (ਯੂ) ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੂੰ ‘ਬਿਹਾਰੀ ਡਕੈਤ’ ਕਰਾਰ ਦਿੱਤਾ। 
ਇਕ ਹੋਰ ਬਿਆਨ ’ਚ ਉਨ੍ਹਾਂ ਨੇ ਨਰਿੰਦਰ ਮੋਦੀ, ਵਾਈ. ਐੱਸ. ਆਰ. ਕਾਂਗਰਸ ਦੇ ਮੁਖੀ ਜਗਨਮੋਹਨ ਰੈੱਡੀ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ‘ਸ਼ੈਤਾਨੀ ਤਾਕਤਾਂ’ ਦੱਸਦੇ ਹੋਏ ਕਿਹਾ, ‘‘ਜਿਸ ਤਰ੍ਹਾਂ ਅਮਰੀਕਾ ਨੇ ਵੀਅਤਨਾਮ ’ਤੇ ਹਮਲਾ ਕੀਤਾ  ਸੀ, ਉਸੇ ਤਰ੍ਹਾਂ ਇਨ੍ਹਾਂ ਸ਼ੈਤਾਨੀ ਤਾਕਤਾਂ ਨੇ ਸੂਬੇ ’ਚ ਹਮਲੇ ਦੀ ਕੋਸ਼ਿਸ਼ ਕੀਤੀ ਹੈ।’’
* ਕਰਨਾਟਕ ਤੋਂ ਕਾਂਗਰਸ ਦੇ ਵਿਧਾਇਕ ਵੀ. ਨਾਰਾਇਣ ਰਾਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਪੁੰਸਕ ਕਰਾਰ ਦਿੰਦਿਆਂ ਕਿਹਾ, ‘‘ਜੋ ਨਿਪੁੰਸਕ ਹਨ, ਉਹ ਵਿਆਹ ਤਾਂ ਕਰਵਾ ਸਕਦੇ ਹਨ ਪਰ ਬੱਚੇ ਪੈਦਾ ਨਹੀਂ ਕਰ ਸਕਦੇ। ਪੀ. ਐੱਮ. ਮੋਦੀ ਵਿਆਹ ਕਰਵਾ ਸਕਦੇ ਹਨ ਪਰ ਉਨ੍ਹਾਂ ਦੇ ਬੱਚੇ ਨਹੀਂ ਹੋ ਸਕਦੇ। ਇਹ ਕੋਈ ਪੀ. ਐੱਮ. ਨਹੀਂ ਹੈ, ਜਿਹੜਾ ਕੰਮ ਕਰਦਾ ਹੈ ਪਰ ਇਕ ਅਜਿਹਾ ਪੀ. ਐੱਮ. ਹੈ, ਜੋ ਝੂਠ ਬੋਲਦਾ ਹੈ।’’
* ਕਾਂਗਰਸੀ ਬੁਲਾਰੇ ਪਵਨ ਖੇੜਾ ਨੇ ਵਿਵਾਦਪੂਰਨ ਬਿਆਨ ਦਿੰਦਿਆਂ ਕਿਹਾ, ‘‘ਮੋਦੀ ਦਾ ਮਤਲਬ ਹੈ ਮਸੂਦ ਅਜ਼ਹਰ, ਓਸਾਮਾ, ਦਾਊਦ ਅਤੇ ਆਈ. ਐੱਸ. ਆਈ.।’’ 
* ਹਰਿਆਣਾ ਦੇ ਸਿੱਖਿਆ ਮੰਤਰੀ ਅਨਿਲ ਵਿਜ ਨੇ ਟਵੀਟ ਕੀਤਾ, ‘‘ਜੇ ਕਾਂਗਰਸੀਆਂ ਨੂੰ ਚੌਕੀਦਾਰ ਤੋਂ ਤਕਲੀਫ ਹੋ ਰਹੀ ਹੈ ਤਾਂ ਉਹ ਆਪਣੇ ਨਾਂ ਅੱਗੇ ਪੱਪੂ ਲਿਖ ਲੈਣ, ਅਸੀਂ ਕੋਈ ਇਤਰਾਜ਼ ਨਹੀਂ ਕਰਾਂਗੇ। ਚੌਕੀਦਾਰ ਦੀ ਲੋੜ ਸਭ ਨੂੰ ਹੁੰਦੀ ਹੈ। ਕਿਸਾਨ ਵੀ ਆਪਣੇ ਖੇਤ ’ਚ ਚੌਕੀਦਾਰ ਰੱਖਦਾ ਹੈ।’’
* ਰਾਕਾਂਪਾ ਨੇਤਾ ਜਿਤੇਂਦਰ ਅਵਹਦ ਨੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰਿਕਰ ਬਾਰੇ ਵਿਵਾਦਪੂਰਨ ਬਿਆਨ ਦਿੰਦਿਆਂ ਕਿਹਾ, ‘‘ਪਾਰਿਕਰ ਰਾਫੇਲ ਡੀਲ ਦੀ ਬਲੀ ਚੜ੍ਹਨ ਵਾਲੇ ਪਹਿਲੇ ਨੇਤਾ ਹਨ। ਉਹ ਰਾਫੇਲ ਡੀਲ ਨੂੰ ਲੈ ਕੇ ਬਹੁਤ ਦੁਖੀ ਸਨ।’’ 
* ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਨੁਸਾਰ, ‘‘ਰਾਮਾਇਣ ਗਵਾਹ ਹੈ, ਰਾਵਣ ਆਇਆ ਸੀ ਸਾਧੂ ਬਣ ਕੇ, ਮਾਰੀਚ ਆਇਆ ਸੀ ਹਿਰਨ ਬਣ ਕੇ, ਕਾਲਨੇਮਿ ਆਇਆ ਸੀ ਰਿਸ਼ੀ ਬਣ ਕੇ ਤੇ ਹੁਣ ਚੋਰ ਆਇਆ ਹੈ ਚੌਕੀਦਾਰ ਬਣ ਕੇ।’’
* ਕਾਂਗਰਸ ਦੇ ਰਣਦੀਪ ਸੂਰਜੇਵਾਲਾ ਬੋਲੇ, ‘‘ਮੋਦੀ ਬਾਬਾ ਅਤੇ 40 ਚੋਰ ਆਪਣੇ ਨਾਂ ਅੱਗੇ ਚੌਕੀਦਾਰ ਲਗਾ ਕੇ ਅਤੇ ਬਹੁਰੂਪੀਆ ਬਣ ਕੇ ਮੁੜ ਲੋਕਾਂ ਨੂੰ ਠੱਗਣਾ ਚਾਹੁੰਦੇ ਹਨ। 5 ਸਾਲ ਦੀਆਂ ਨਾਕਾਮੀਆਂ ਲੁਕੋਣ ਲਈ ਮੋਦੀ ਆਪਣੀ ਰੀਬ੍ਰਾਂਡਿੰਗ ਕਰ ਰਹੇ ਹਨ। ਗਰੀਬਾਂ ਤੋਂ ਚੋਰੀ ਕਰ ਕੇ ਪੈਸੇ ਅਮੀਰਾਂ ਦੀਆਂ ਜੇਬਾਂ ’ਚ ਪਾ ਰਹੇ ਹਨ। ਇਸ ਲਈ ਇਹ ਨਾਅਰਾ ਗੂੰਜ ਰਿਹਾ ਹੈ ਕਿ ਚੌਕੀਦਾਰ ਦੀ ਦਾੜ੍ਹੀ ’ਚ ਤਿਣਕਾ ਹੈ।’’
* ਯੂ. ਪੀ. ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਅਨੁਸਾਰ, ‘‘ਗਾਂਧੀ ਪਰਿਵਾਰ ਲਈ ਹਰੇਕ ਚੋਣ ਇਕ ਪਿਕਨਿਕ ਹੁੰਦੀ ਹੈ, ਉਹ ਆਉਂਦੇ ਹਨ, ਭਾਸ਼ਣ ਦਿੰਦੇ ਹਨ ਤੇ ਚੋਣਾਂ ਖਤਮ ਹੋਣ ’ਤੇ ਸਵਿਟਜ਼ਰਲੈਂਡ ਜਾਂ ਇਟਲੀ ਚਲੇ  ਜਾਂਦੇ ਹਨ।’’
ਇਹ ਸਮਝ ਤੋਂ ਬਾਹਰ ਹੈ ਕਿ ਅਜਿਹੇ ਨਫਰਤ ਵਧਾਉਣ ਵਾਲੇ ਬਿਆਨ ਦੇ ਕੇ ਸਾਡੇ ਨੇਤਾ ਕੀ ਹਾਸਲ ਕਰਨਾ ਚਾਹੁੰਦੇ ਹਨ। ਅਜਿਹੇ ਬਿਆਨਾਂ ਨਾਲ ਦੇਸ਼ ਨੂੰ ਕੋਈ ਫਾਇਦਾ ਨਹੀਂ ਹੁੰਦਾ, ਉਲਟਾ ਆਪਸੀ ਦੁਰਭਾਵਨਾ ਹੀ ਵਧਦੀ ਹੈ, ਜਿਸ ਨਾਲ ਦੇਸ਼ ਦਾ ਮਾਹੌਲ ਖਰਾਬ ਹੁੰਦਾ ਹੈ।
ਇਸੇ ਨੂੰ ਦੇਖਦਿਆਂ ਭਾਰਤ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਇਕ ਬਿਆਨ ’ਚ ਇਥੋਂ ਤਕ ਕਹਿ ਦਿੱਤਾ ਕਿ ‘‘ਜਿਸ ਤਰ੍ਹਾਂ ਪਾਗਲ ਕੁੱਤੇ ਨੂੰ ਗੋਲੀ ਮਾਰ ਦਿੱਤੀ ਜਾਂਦੀ  ਹੈ, ਉਸੇ ਤਰ੍ਹਾਂ ਨੇਤਾਵਾਂ ਨੂੰ ਵੀ ਮਾਰ ਦੇਣੀ ਚਾਹੀਦੀ ਹੈ, ਜੋ ਲੋਕਾਂ ਨੂੰ ਵੰਡ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ।’’
ਲਿਹਾਜ਼ਾ ਅਜਿਹੇ ਬੇਹੂਦਾ ਬਿਆਨ ਦੇਣ ਵਾਲੇ ਰਾਜਨੇਤਾਵਾਂ ਨੂੰ ਅਸੀਂ ਇਹੋ ਕਹਿਣਾ ਚਾਹਾਂਗੇ ਕਿ ਤਰਕਹੀਣ ਬਿਆਨ ਦੇ ਕੇ ਕੁੜੱਤਣ ਪੈਦਾ ਕਰਨ ਦੀ ਬਜਾਏ ਉਹ ਹਾਂ-ਪੱਖੀ ਆਲੋਚਨਾ ਹੀ ਕਰਨ ਤਾਂ ਬਿਹਤਰ ਹੋਵੇਗਾ।
–ਵਿਜੇ ਕੁਮਾਰ

Bharat Thapa

This news is Content Editor Bharat Thapa