ਲੰਡਨ ’ਚ ‘ਬਲੂ ਪਲਾਕ’ ਸਨਮਾਨ ਹਾਸਲ ਕਰਨ ਵਾਲੀ ਭਾਰਤੀ ਮੂਲ ਦੀ ‘ਪਹਿਲੀ ਮਹਿਲਾ ਨੂਰ ਇਨਾਇਤ ਖਾਨ’

08/31/2020 2:54:27 AM

ਲੰਡਨ ’ਚ ਬਲੂਮਸਬਰੀ ਦੀ ਟੇਵਿਟਨ ਸਟ੍ਰੀਟ ਦੇ ਇਕ ਮਕਾਨ ’ਤੇ ਸ਼ੁੱਕਰਵਾਰ ਨੂੰ ‘ਬਲੂ ਪਲਾਕ’ ਭਾਵ ਨੀਲੇ ਰੰਗ ਦੀ ਪੱਟੀ ਲਗਾਈ ਗਈ, ਜਿੱਥੇ ਕਿਸੇ ਸਮੇਂ ਦੂਜੀ ਸੰਸਾਰ ਜੰਗ ਦੀ ਜਾਸੂਸ ਨੂਰ ਇਨਾਇਤ ਖਾਨ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਬਲੂ ਪਲਾਕਸ ਦੀ ਵਰਤੋਂ ਕਿਸੇ ਸਥਾਨ ਅਤੇ ਕਿਸੇ ਪ੍ਰਸਿੱਧ ਵਿਅਕਤੀ ਜਾਂ ਘਟਨਾ ਦਰਮਿਆਨ ਸਬੰਧ ਦਿਖਾਉਣ ਲਈ ਕੀਤੀ ਜਾਂਦੀ ਹੈ ਅਤੇ ਇਹ ਕਿਸੇ ਭਾਰਤੀ ਮੂਲ ਦੀ ਔਰਤ ਲਈ ਪਹਿਲਾ ਹੈ। ਨੂਰ ਦਾ ਜਨਮ 1914 ’ਚ ਮਾਸਕੋ ’ਚ ਇਕ ਭਾਰਤੀ ਪਿਤਾ ਅਤੇ ਅਮਰੀਕੀ ਮਾਂ ਦੇ ਘਰ ’ਚ ਹੋਇਆ ਸੀ। ਉਸ ਦੇ ਪਿਤਾ ਹਜ਼ਰਤ ਇਨਾਇਤ ਖਾਨ 18ਵੀਂ ਸ਼ਤਾਬਦੀ ’ਚ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੇ ਵੰਸ਼ਜ ਸਨ। ਨੂਰ 13 ਸਾਲ ਦੀ ਸੀ ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਮਾਂ, ਭਰਾਵਾਂ ਅਤੇ ਭੈਣਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਸ ’ਤੇ ਆ ਗਈ। ਨੂਰ ਨੂੰ ਸੰਗੀਤ ਨਾਲ ਬਹੁਤ ਲਗਾਅ ਸੀ ਅਤੇ ਉਸ ਨੇ ਬੱਚਿਅਾਂ ਦੀਅਾਂ ਕਹਾਣੀਅਾਂ ਲਿਖਣੀਅਾਂ ਸ਼ੁਰੂ ਕਰ ਦਿੱਤੀਅਾਂ, ਜੋ ਫਰਾਂਸ, ਅਮਰੀਕਾ ਅਤੇ ਬ੍ਰਿਟੇਨ ’ਚ ਪ੍ਰਕਾਸ਼ਿਤ ਹੋਈਆਂ। ਨਾਜ਼ੀ ਜਰਮਨੀ ਵਲੋਂ ਫਰਾਂਸ ’ਤੇ ਕਬਜ਼ਾ ਕਰਨ ਦੇ ਬਾਅਦ ਨੂਰ ਅਤੇ ਉਸ ਦਾ ਪਰਿਵਾਰ ਇੰਗਲੈਂਡ ਭੱਜ ਆਇਆ ਅਤੇ ਨਵੰਬਰ 1940 ’ਚ ਉਹ ਵੂਮੈਨਸ ਐਗਜ਼ਿਲਰੀ ਏਅਰ ਫੋਰਸ ਨਾਲ ਜੁੜ ਗਈ। ਇਨਾਇਤ ਨੇ ਬ੍ਰਿਟਿਸ਼ ਸਰਕਾਰ ਵਲੋਂ ਗਠਿਤ ਸਪੈਸ਼ਲ ਆਪ੍ਰੇਸ਼ਨਸ ਐਗਜ਼ੀਕਿਊਟਿਵ (ਐੱਸ. ਓ. ਈ.) ਨਾਂ ਦੇ ਖੁਫੀਆ ਸੰਗਠਨ ਲਈ ਕੰਮ ਕੀਤਾ, ਜਿਸਨੇ ਉਨ੍ਹਾਂ ਦੇਸ਼ਾਂ ’ਚ ਜਾਸੂਸ ਭੇਜੇ, ਜਿਨ੍ਹਾਂ ’ਤੇ ਜਰਮਨੀ ਨੇ ਹਮਲਾ ਕੀਤਾ ਸੀ ਤਾਂਕਿ ਉਥੇ ਨਾਜ਼ੀ ਤਾਨਾਸ਼ਾਹੀ ’ਚ ਰਹਿ ਰਹੇ ਲੋਕਾਂ ਦੀ ਮਦਦ ਕੀਤੀ ਜਾ ਸਕੇ। ਨੂਰ ਇਨਾਇਤ ਖਾਨ ਨੇ ਪੈਰਿਸ ’ਚ ਇਕ ਸੀਕ੍ਰੇਟ ਏਜੰਟ ਦੇ ਤੌਰ ’ਤੇ ਕੰਮ ਕੀਤਾ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਯੂਰਪ ’ਚ ਬ੍ਰਿਟੇਨ ਦੀ ਪਹਿਲੀ ਜੰਗੀ ਨਾਇਕਾ ਸੀ। ਉਹ 1943 ’ਚ ਕਬਜ਼ੇ ’ਚ ਲਏ ਫਰਾਂਸ ’ਚ ਘੁਸਪੈਠ ਕਰਨ ਵਾਲੀ ਪਹਿਲੀ ਔਰਤ ਸੀ ਅਤੇ ਉਥੇ ਉਸ ਨੇ ‘ਮੈਡੇਲਿਨ’ ਦੇ ਕੂਟ ਨਾਂ ਨਾਲ ਕੰਮ ਕੀਤਾ।

ਐੱਸ. ਓ. ਈ. ਏਜੰਟਾਂ ਨੂੰ ਲੜਨ, ਰੇਡੀਓ ਅਤੇ ਟੈਲੀਗ੍ਰਾਫ ਕਮਿਊਨੀਕੇਸ਼ਨ ਦੀ ਵਰਤੋਂ ਕਰਨ ਅਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਅਸਫਲ ਕਰਨ ਦੀ ਟਰੇਨਿੰਗ ਦਿੱਤੀ ਜਾਂਦੀ ਸੀ। ਆਮ ਤੌਰ ’ਤੇ ਉਨ੍ਹਾਂ ਕੋਲ ਖੁਫੀਆ ਯੰਤਰ ਅਤੇ ਹਥਿਆਰ ਹੁੰਦੇ ਸਨ, ਉਦਾਹਰਣ ਲਈ ਧਮਾਕੇ ਵਾਲਾ ਪੈੱਨ ਅਤੇ ਛਤਰੀਆਂ ਅਤੇ ਸਿਗਾਰਾਂ ਵਰਗੀਅਾਂ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ ’ਚ ਲੁਕਾਏ ਗਏ ਹਥਿਆਰ, ਜੋ ਜੇਮਸ ਬਾਂਡ ਦੀਆਂ ਫਿਲਮਾਂ ’ਚ ਦਿਖਾਏ ਗਏ ਬਹੁਤ ਸਾਰੇ ਸੀਕ੍ਰੇਟ ਯੰਤਰਾਂ ਲਈ ਪ੍ਰੇਰਣਾ-ਸਰੋਤ ਬਣੇ। ਉਨ੍ਹਾਂ ਦੇ ਮਿਸ਼ਨ ਆਮ ਤੌਰ ’ਤੇ ਬਹੁਤ ਖਤਰਨਾਕ ਹੁੰਦੇ ਸਨ ਅਤੇ ਵਧੇਰੇ ਨੂੰ ਪਤਾ ਸੀ ਕਿ ਉਹ ਕਦੇ ਘਰ ਵਾਪਸ ਨਹੀਂ ਪਰਤਣਗੇ, ਪਰ ਉਨ੍ਹਾਂ ਨੇ ਜੋਖਮ ਪ੍ਰਵਾਨ ਕੀਤਾ। ਆਪਣੇ ਅੰਤਿਮ ਮਿਸ਼ਨ ਲਈ ਘਰ ਤੋਂ ਨਿਕਲਦੇ ਸਮੇਂ ਨੂਰ ਨੂੰ ਕਿਸੇ ਵੀ ਤਰ੍ਹਾਂ ਅੰਦਾਜ਼ਾ ਨਹੀਂ ਸੀ ਕਿ ਉਹ ਇਕ ਦਿਨ ਬਹਾਦਰੀ ਦਾ ਪ੍ਰਤੀਕ ਬਣ ਜਾਵੇਗੀ। ਨੂਰ ਦਾ ਕੰਮ ਖੁਫੀਆ ਸੰਦੇਸ਼ ਵਾਪਸ ਲੰਡਨ ਭੇਜਣਾ ਸੀ, ਜੋ ਸਭ ਤੋਂ ਵੱਧ ਜੋਖਮ ਭਰਪੂਰ ਕੰਮਾਂ ’ਚੋਂ ਇਕ ਸੀ ਪਰ ਉਸ ਨੇ ਦੁਸ਼ਮਣ ਦਾ ਪਿੱਛਾ ਕਰਕੇ ਆਪਣੀ ਜ਼ਿੰਦਗੀ ਲਈ ਜੋਖਮ ਉਠਾਇਆ। ਬੇਸ਼ੱਕ ਉਸ ਦੇ ਆਉਣ ਦੇ ਤੁਰੰਤ ਬਾਅਦ ਐੱਸ. ਓ. ਈ. ਨੈੱਟਵਰਕ ਦੇ ਬਹੁਤ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਨੂਰ ਨੇ ਫਰਾਂਸ ’ਚ ਹੀ ਰਹਿਣ ਦਾ ਫੈਸਲਾ ਕੀਤਾ ਅਤੇ ਥਾਵਾਂ ਬਦਲਦੀ ਰਹੀ। ਫੜੇ ਜਾਣ ਤੋਂ ਬਚਦੇ ਹੋਏ ਉਸ ਨੇ ਲੰਡਨ ਸੰਦੇਸ਼ ਭੇਜਣ ਦੇ ਯਤਨ ਕੀਤੇ ਪਰ ਆਖਿਰਕਾਰ ਉਸ ਨੂੰ ਫੜ ਲਿਆ ਗਿਆ।

ਤਿੰਨ ਹੋਰ ਏਜੰਟਾਂ ਦੇ ਨਾਲ ਉਸ ਨੂੰ ਦਾਚਾਊ ਨਜ਼ਰਬੰਦੀ ਕੈਂਪ ’ਚ ਲਿਜਾਇਆ ਗਿਆ। ਜਰਮਨ ਫੌਜੀਅਾਂ ਵਲੋਂ ਲਗਭਗ ਇਕ ਸਾਲ ਤਕ ਭੁੱਖੀ-ਪਿਆਸੀ ਰੱਖੇ ਜਾਣ ਦੇ ਬਾਵਜੂਦ ਨੂਰ ਨੇ ਕੋਈ ਵੀ ਰਹੱਸ ਉਜਾਗਰ ਕਰਨ ਤੋਂ ਨਾਂਹ ਕਰ ਦਿੱਤੀ। ਆਖਿਰਕਾਰ ਉਸਨੂੰ ਉਥੇ ਗੋਲੀ ਮਾਰ ਦਿੱਤੀ ਗਈ। ਨੂਰ ਨੂੰ ਉਸ ਦੀ ਬਹਾਦਰੀ ਲਈ ਜਾਰਜ ਕਰਾਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ, ਜੋ ਦੂਜੀ ਸੰਸਾਰ ਜੰਗ ਲਈ ਇਸ ਨੂੰ ਹਾਸਲ ਕਰਨ ਵਾਲੀਅਾਂ ਸਿਰਫ ਤਿੰਨ ਔਰਤਾਂ ’ਚੋਂ ਇਕ ਸੀ। ਅਜਿਹੇ ’ਚ ਵਰਣਨਯੋਗ ਗੱਲ ਇਹ ਹੈ ਕਿ ਉਂਝ ਤਾਂ ਇਸਰਾਈਲ ਤੋਂ ਲੈ ਕੇ ਬ੍ਰਿਟੇਨ ਤਕ ਪਹਿਲੀ ਸੰਸਾਰ ਜੰਗ ਅਤੇ ਦੂਜੀ ਸੰਸਾਰ ਜੰਗ ’ਚ ਲੜਨ ਵਾਲੇ ਵੀਰ ਭਾਰਤੀ ਫੌਜੀਅਾਂ ਦੇ ਪ੍ਰਤੀ ਆਦਰ ਅਤੇ ਸਤਿਕਾਰ ਪ੍ਰਗਟਾਉਣ ਲਈ ਯਾਦਗਾਰਾਂ ਬਣਾਈਆਂ ਗਈਆਂ ਹਨ ਪਰ ਭਾਰਤ ’ਚ ਅਜੇ ਤਕ ਅਜਿਹਾ ਘੱਟ ਹੀ ਦੇਖਿਆ ਗਿਆ ਹੈ ਕਿ ਉਨ੍ਹਾਂ ਵੀਰ ਫੌਜੀਅਾਂ ਨੂੰ ਯਾਦ ਕੀਤਾ ਗਿਆ ਹੋਵੇ। ਅਜਿਹੇ ’ਚ ਇਕ ਮੁਸਲਿਮ ਭਾਰਤੀ ਔਰਤ ਜੋ ਕਿ ਟੀਪੂ ਸੁਲਤਾਨ ਦੇ ਪਰਿਵਾਰ ਨਾਲ ਸੰਬੰਧਤ ਸੀ, ਅੱਜਕਲ ਦੇ ਮਾਹੌਲ ’ਚ ਕੀ ਭਾਰਤੀਅਾਂ ’ਚ ਅਜਿਹਾ ਸਨਮਾਨ ਅਤੇ ਪਿਆਰ ਦੇ ਸਕਾਂਗੇ, ਜਿਵੇਂ ਕਿ ਬ੍ਰਿਟੇਨ ਨੇ ਦਿੱਤਾ ਹੈ।


Bharat Thapa

Content Editor

Related News