ਨਿਤਿਨ ਗਡਕਰੀ ਦੀ ‘ਫਾਈਲਾਂ ਦਬਾਉਣ ਵਾਲੇ’ ਅਫਸਰਾਂ ਨੂੰ ‘ਬਾਹਰ ਦਾ ਰਸਤਾ’ ਦਿਖਾਉਣ ਦੀ ਚਿਤਾਵਨੀ

01/16/2020 1:26:33 AM

ਇਸ ਸਮੇਂ ਜਦਕਿ ਸਰਕਾਰ ਦੇਸ਼ ’ਚ ਕਈ ਸਮੱਸਿਆਵਾਂ ਨਾਲ ਜੂਝ ਰਹੀ ਹੈ, ਬੀਤੀ 22 ਦਸੰਬਰ ਨੂੰ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਮੰਤਰਾਲੇ ਦੇ ਵੱਖ-ਵੱਖ ਪ੍ਰਾਜੈਕਟਾਂ ’ਚ ਫਸੀ 89,000 ਕਰੋੜ ਰੁਪਏ ਦੀ ਰਕਮ ਦੇ ਦੇਸ਼ ਦੀ ਅਰਥ ਵਿਵਸਥਾ ’ਤੇ ਪ੍ਰਭਾਵ ’ਤੇ ਟਿੱਪਣੀ ਕਰਦੇ ਹੋਏ ਆਪਣੇ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਵੱਖ-ਵੱਖ ਪ੍ਰਾਜੈਕਟਾਂ ਦੇ ਕੰਮ ’ਚ ਤੇਜ਼ੀ ਲਿਆਉਣ ਦੀ ਨਸੀਹਤ ਦਿੱਤੀ ਸੀ।

ਅਤੇ ਹੁਣ ਇਕ ਵਾਰ ਫਿਰ 13 ਜਨਵਰੀ ਨੂੰ ਉਨ੍ਹਾਂ ਨੇ ਆਪਣੇ ਮੰਤਰਾਲੇ ’ਚ ਫਾਈਲਾਂ ਦਬਾਉਣ, ਕੰਮ ਨਾ ਕਰਨ ਅਤੇ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ’ਚ ਅੜਿੱਕਾ ਬਣਨ ਵਾਲੇ ਅਫਸਰਾਂ ਨੂੰ ‘ਬÅਾਹਰ ਦਾ ਰਸਤਾ’ ਦਿਖਾਉਣ ਦੀ ਚਿਤਾਵਨੀ ਦਿੱਤੀ ਹੈ।

ਸੜਕ ਸੁਰੱਖਿਆ ਨਾਲ ਜੁੜੇ ਸੰਗਠਨਾਂ ਦੇ ਅਫਸਰਾਂ ਦੀ ਬੈਠਕ ’ਚ ਸ਼੍ਰੀ ਗਡਕਰੀ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਅੰਦਰ ਹਰ ਫਾਈਲ ਦਾ ਨਿਪਟਾਰਾ ਕਰਨ ਦੀ ਨਸੀਹਤ ਦਿੰਦੇ ਹੋਏ ਕਿਹਾ, ‘‘ਅਜਿਹੇ ਅਫਸਰ ਜੋ ਸਾਲ-ਸਾਲ ਭਰ ਫਾਈਲਾਂ ਦਬਾ ਕੇ ਬੈਠੇ ਰਹਿੰਦੇ ਹਨ, ਨਾ ਤਾਂ ਖੁਦ ਕੋਈ ਫੈਸਲਾ ਕਰਦੇ ਹਨ ਅਤੇ ਨਾ ਦੂਜਿਆਂ ਨੂੰ ਕਰਨ ਦਿੰਦੇ ਹਨ, ਉਨ੍ਹਾਂ ਦੀ ਪਛਾਣ ਕਰ ਕੇ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ।’’

‘‘ਅਜਿਹੇ ਸੰਵੇਦਨਹੀਣ ਅਫਸਰ ਜੋ ਸਮੇਂ ਸਿਰ ਫੈਸਲਾ ਨਾ ਕਰ ਕੇ ਸੜਕ ਸੁਰੱਖਿਆ ਨਾਲ ਸਮਝੌਤਾ ਕਰਦੇ ਹਨ ਜਾਂ ਪ੍ਰਾਜੈਕਟ ਰਿਪੋਰਟ ’ਚ ਗੜਬੜੀ ਜਾਂ ਗਲਤ ਸੜਕ ਨਿਰਮਾਣ ਲਈ ਜ਼ਿੰਮੇਵਾਰ ਹਨ, ਉਨ੍ਹਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ।’’

‘‘ਕਿਸੇ ਵੀ ਹਾਲਤ ’ਚ ਅਜਿਹੇ ਅਫਸਰਾਂ ਅਤੇ ਲਾਲ ਫੀਤਾਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਅਜਿਹੇ ਹੀ ਅਫਸਰਾਂ ਕਾਰਣ ਬਲੈਕ ਸਪਾਟ ਖਤਮ ਕਰਨ ਵਰਗੇ ਅਨੇਕ ਪ੍ਰਾਜੈਕਟ ਲਟਕੇ ਹੋਏ ਹਨ। ਅਸੀਂ ਤਾਂ ਸੋਚਿਆ ਸੀ ਕਿ ਅਸੀਂ ਸੜਕ ਹਾਦਸਿਆਂ ਨੂੰ ਅੱਧੇ ਕਰ ਦੇਵਾਂਗਾ ਪਰ ਇਹ ਤਾਂ ਉਲਟੇ ਵਧ ਗਏ ਹਨ।’’

ਅਫਸਰਾਂ ਵਲੋਂ ਫਾਈਲਾਂ ਦਬਾ ਕੇ ਬੈਠਣ ਦੀ ਪ੍ਰਵਿਰਤੀ ਨਾਲ ਦੇਸ਼ ਨੂੰ ਹੋਣ ਵਾਲੇ ਨੁਕਸਾਨ ਬਾਰੇ ਸ਼੍ਰੀ ਗਡਕਰੀ ਦੀ ਟਿੱਪਣੀ ਬਿਲਕੁਲ ਸਹੀ ਹੈ। ਇਹ ਹਾਲਤ ਸਿਰਫ ਉਨ੍ਹਾਂ ਦੇ ਮੰਤਰਾਲੇ ’ਚ ਹੀ ਨਹੀਂ, ਦੇਸ਼ ਦੇ ਲੱਗਭਗ ਸਾਰੇ ਸਰਕਾਰੀ ਵਿਭਾਗਾਂ ’ਚ ਪੈਦਾ ਹੋਈ ਹੈ ਅਤੇ ਹੁਣ ਤਾਂ ਇਹ ਬੁਰਾਈ ਨਿੱਜੀ ਸੰਸਥਾਵਾਂ ’ਚ ਵੀ ਆਉਂਦੀ ਜਾ ਰਹੀ ਹੈ।

ਇਸ ਲਈ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਵਿਭਾਗਾਂ ’ਚ ਫਾਈਲਾਂ ਦਬਾ ਕੇ ਬੈਠਣ ਵਾਲੇ ਅਫਸਰਾਂ ਵਿਰੁੱਧ ਅਜਿਹਾ ਹੀ ਵਤੀਰਾ ਧਾਰਨ ਅਤੇ ਉਸ ’ਤੇ ਅਮਲ ਕਰਨ ਦੀ ਲੋੜ ਹੈ। ਇਸ ਨਾਲ ਉਨ੍ਹਾਂ ’ਚ ਜਵਾਬਦੇਹੀ ਦੀ ਭਾਵਨਾ ਵਧੇਗੀ ਅਤੇ ਸਮੇਂ ਸਿਰ ਸਭ ਕੰਮ ਹੋਣ ਨਾਲ ਦੇਸ਼ ਤੇਜ਼ੀ ਨਾਲ ਵਿਕਾਸ ਕਰੇਗਾ।

–ਵਿਜੇ ਕੁਮਾਰ


Bharat Thapa

Content Editor

Related News