ਘਾਗ ਨੇਤਾਵਾਂ ਅਤੇ ਸਹਿਯੋਗੀ ਪਾਰਟੀਆਂ ਦੀ ਅਣਦੇਖੀ ਭਾਜਪਾ ਲਈ ਨਹੀਂ ਠੀਕ

10/17/2017 1:34:27 AM

1998 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਦੇ ਗੱਠਜੋੜ ਸਹਿਯੋਗੀਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਸ਼੍ਰੀ ਵਾਜਪਾਈ ਨੇ ਰਾਜਗ ਦੇ ਸਿਰਫ 3 ਪਾਰਟੀਆਂ ੇਦੇ ਗੱਠਜੋੜ ਨੂੰ ਅੱਗੇ ਵਧਾਉਂਦਿਆਂ 26 ਪਾਰਟੀਆਂ ਤਕ ਪਹੁੰਚਾ ਦਿੱਤਾ। 
ਸ਼੍ਰੀ ਵਾਜਪਾਈ ਨੇ ਆਪਣੇ ਕਿਸੇ ਵੀ ਗੱਠਜੋੜ ਸਹਿਯੋਗੀ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਪਰ ਉਨ੍ਹਾਂ ਦੇ ਸਰਗਰਮ ਸਿਆਸਤ ਤੋਂ ਹਟਣ ਪਿੱਛੋਂ ਨਾ ਸਿਰਫ ਭਾਜਪਾ ਦੇ ਯਸ਼ਵੰਤ ਸਿਨ੍ਹਾ, ਸ਼ਤਰੂਘਨ ਸਿਨ੍ਹਾ ਤੇ ਅਰੁਣ ਸ਼ੋਰੀ ਵਰਗੇ ਆਪਣੇ ਬੰਦੇ ਨਾਰਾਜ਼ ਹੋ ਗਏ ਸਗੋਂ ਇਸ ਦੇ ਕੁਝ ਗੱਠਜੋੜ ਸਹਿਯੋਗੀ ਵੱਖ-ਵੱਖ ਮੁੱਦਿਆਂ 'ਤੇ ਅਸਹਿਮਤੀ ਕਾਰਨ ਇਸ ਨੂੰ ਛੱਡ ਗਏ ਤੇ ਸ਼ਿਵ ਸੈਨਾ ਵਰਗੇ ਪੁਰਾਣੇ ਅਤੇ ਹਮਖਿਆਲੀ ਸਹਿਯੋਗੀ ਇਸ ਤੋਂ ਬੁਰੀ ਤਰ੍ਹਾਂ ਨਾਰਾਜ਼ ਹਨ।
ਇਕ ਪਾਸੇ ਜਿਥੇ ਭਾਜਪਾ 'ਮਿਸ਼ਨ-2019' ਨੂੰ ਸਾਹਮਣੇ ਰੱਖ ਕੇ ਹੁਣ ਤੋਂ ਹੀ ਚੋਣ ਪ੍ਰਚਾਰ 'ਚ ਜੁਟ ਗਈ ਹੈ ਅਤੇ ਇਸ ਦੇ ਨੇਤਾਵਾਂ ਨੇ ਵੱਖ-ਵੱਖ ਸੂਬਿਆਂ ਦਾ ਦੌਰਾ ਕਰਨ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਇਸ ਦੀ ਜੇਤੂ ਮੁਹਿੰਮ ਨੂੰ ਝਟਕਾ ਲੱਗਣਾ ਵੀ ਸ਼ੁਰੂ ਹੋ ਗਿਆ ਹੈ, ਜਿਸ ਦਾ ਸਬੂਤ ਬੀਤੇ ਦਿਨੀਂ ਨਾਂਦੇੜ ਨਗਰ ਨਿਗਮ ਚੋਣਾਂ ਤੇ ਫਿਰ ਗੁਰਦਾਸਪੁਰ ਲੋਕ ਸਭਾ ਦੀ ਉਪ-ਚੋਣ ਦੇ ਨਤੀਜਿਆਂ 'ਚ ਸਾਹਮਣੇ ਆਇਆ।
ਜਿਥੇ ਨਾਂਦੇੜ-ਵਾਘਾਲਾ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਭਾਜਪਾ ਤੇ ਸ਼ਿਵ ਸੈਨਾ ਦੋਹਾਂ ਨੂੰ ਧੂੜ ਚਟਾਉਂਦਿਆਂ 81 'ਚੋਂ 73 ਸੀਟਾਂ ਜਿੱਤ ਕੇ ਇਤਿਹਾਸ ਰਚ ਦਿੱਤਾ, ਉਥੇ ਹੀ ਗੁਰਦਾਸਪੁਰ 'ਚ ਵੀ ਕਾਂਗਰਸ ਦੇ ਸੁਨੀਲ ਜਾਖੜ ਨੇ ਲੱਗਭਗ 1 ਲੱਖ 93 ਹਜ਼ਾਰ ਵੋਟਾਂ ਦੇ ਫਰਕ ਨਾਲ ਭਾਰੀ ਜਿੱਤ ਦਰਜ ਕਰ ਕੇ ਭਾਜਪਾ ਦੀ ਜੇਤੂ ਮੁਹਿੰਮ ਨੂੰ ਠੇਸ ਪਹੁੰਚਾਈ ਹੈ।
ਨਾਂਦੇੜ ਚੋਣ 'ਚ ਆਪਣੀ ਹਾਰ ਤੋਂ ਘਬਰਾਏ ਬਿਨਾਂ ਸ਼ਿਵ ਸੈਨਾ ਨੇ 13 ਅਕਤੂਬਰ ਨੂੰ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ''ਭਾਜਪਾ ਨੂੰ ਸਿਰਫ 6 ਸੀਟਾਂ 'ਤੇ ਸਮੇਟ ਕੇ ਇਨ੍ਹਾਂ ਨਤੀਜਿਆਂ ਨੇ ਇਕ ਸੰਦੇਸ਼ ਦਿੱਤਾ ਹੈ ਕਿ ਭਗਵਾ ਪਾਰਟੀ ਨੂੰ ਹਰਾਇਆ ਜਾ ਸਕਦਾ ਹੈ।''
ਸ਼ਿਵ ਸੈਨਾ ਨੇ ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਵਿਚ ਇਕ ਸੰਪਾਦਕੀ 'ਚ ਲਿਖਿਆ ਕਿ ''ਭਾਜਪਾ ਨੇ ਇਸ ਚੋਣ ਨੂੰ ਵੱਕਾਰ ਦਾ ਮੁੱਦਾ ਬਣਾ ਲਿਆ ਸੀ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੇ ਚੋਣ ਪ੍ਰਚਾਰ 'ਚ ਹਿੱਸਾ ਲਿਆ ਸੀ ਪਰ ਉਨ੍ਹਾਂ ਦਾ ਉਸੇ ਤਰ੍ਹਾਂ ਸਫਾਇਆ ਹੋਇਆ, ਜਿਸ ਤਰ੍ਹਾਂ ਦਿੱਲੀ 'ਚ 'ਆਪ' ਨੇ ਭਾਜਪਾ ਦਾ ਕੀਤਾ ਸੀ।''
ਕੇਂਦਰ ਸਰਕਾਰ ਤੇ ਮਹਾਰਾਸ਼ਟਰ ਸਰਕਾਰ 'ਚ ਰਾਜਗ ਦੀ ਸਹਿਯੋਗੀ ਪਾਰਟੀ ਨੇ ਸੰਪਾਦਕੀ 'ਚ ਇਹ ਵੀ ਲਿਖਿਆ ਕਿ ਇਸ ਚੋਣ ਤੋਂ ਸਭ ਤੋਂ ਵੱਡਾ ਸਬਕ ਇਹ ਮਿਲਦਾ ਹੈ ਕਿ ਧਨ-ਬਲ ਅਤੇ ਖਰੀਦੋ-ਫਰੋਖਤ ਵਾਲੀ ਸਿਆਸਤ ਹਮੇਸ਼ਾ ਕੰਮ ਨਹੀਂ ਆਉਂਦੀ।
ਇਥੇ ਹੀ ਬਸ ਨਹੀਂ, ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਨੇ ਵੀ ਇਕ ਇੰਟਰਵਿਊ 'ਚ ਕਿਹਾ ਹੈ ਕਿ ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਹੁਣ ਖਤਮ ਹੋ ਗਈ ਹੈ ਅਤੇ ਭਾਜਪਾ ਦੀ ਉਮੀਦਵਾਰ ਨੇ ਮੁੰਬਈ ਮਹਾਨਗਰ ਪਾਲਿਕਾ ਦੀ ਜੋ ਚੋਣ ਜਿੱਤੀ ਸੀ, ਉਹ ਉਮੀਦਵਾਰ ਦੀ ਸੱਸ ਦੀ ਮੌਤ ਕਾਰਨ ਮਿਲੀਆਂ ਹਮਦਰਦੀ ਵੋਟਾਂ ਕਾਰਨ ਸੰਭਵ ਹੋਈ ਸੀ।''
ਅੱਜ ਦੇਸ਼ 'ਚ ਦੋਹਾਂ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਵਿਚੋਂ ਜਿਥੇ ਕਾਂਗਰਸ ਹੁਣ ਤਕ ਹਾਸ਼ੀਏ 'ਤੇ ਚੱਲ ਰਹੀ ਸੀ, ਉਥੇ ਹੀ ਭਾਜਪਾ ਸਫਲਤਾ ਦੇ ਸਿਖਰ ਵੱਲ ਤੇਜ਼ੀ ਨਾਲ ਵਧ ਰਹੀ ਸੀ ਪਰ ਪਾਰਟੀ ਦੇ ਬੰਦਿਆਂ ਦੀ ਬਹੁਤ ਜ਼ਿਆਦਾ ਖਾਹਿਸ਼, ਕਈ ਸੀਨੀਅਰ ਮੈਂਬਰਾਂ ਤੇ ਸ਼ਿਵ ਸੈਨਾ ਵਰਗੀ ਸਹਿਯੋਗੀ ਪਾਰਟੀ ਦੀ ਨਾਰਾਜ਼ਗੀ, ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਫੈਸਲਿਆਂ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ 'ਚ ਹੋਏ ਵਾਧੇ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਮੈਂਬਰਾਂ ਦੇ ਵਿਚਾਰਾਂ ਦੀ ਅਣਸੁਣੀ ਤੇ ਉਨ੍ਹਾਂ ਦੇ ਮਜ਼ਾਕ ਦਾ ਵੀ ਲੋਕਾਂ 'ਚ ਨਾਂਹ-ਪੱਖੀ ਸੰਦੇਸ਼ ਗਿਆ ਹੈ।
ਹੁਣ ਜਦੋਂ ਆਮ ਚੋਣਾਂ 'ਚ 2 ਸਾਲ ਹੀ ਰਹਿ ਗਏ ਹਨ, ਭਾਜਪਾ ਲਈ ਇਹ ਸੋਚਣ ਦੀ ਘੜੀ ਹੈ ਕਿ ਪਾਰਟੀ ਅੰਦਰ ਇਹ ਕੀ ਹੋ ਰਿਹਾ ਹੈ। ਜੇ ਪਾਰਟੀ ਦੇ ਘਾਗ ਅਤੇ ਸਹਿਯੋਗੀ ਨਾਰਾਜ਼ ਹਨ ਤਾਂ ਉਨ੍ਹਾਂ ਨੂੰ ਮਨਾਉਣਾ ਚਾਹੀਦਾ ਹੈ ਤੇ ਜੇ ਕੋਈ ਕਮੀ ਹੈ ਤਾਂ ਉਸ ਨੂੰ ਦੂਰ ਕਰਨਾ ਚਾਹੀਦਾ ਹੈ। ਆਖਿਰ ਸ਼ਿਵ ਸੈਨਾ ਵਰਗੀ ਪਾਰਟੀ, ਜੋ ਵਿਚਾਰਾਂ 'ਚ ਭਾਜਪਾ ਦੇ ਇੰਨੀ ਨੇੜੇ ਹੈ, ਉਸ ਤੋਂ ਹੁਣ ਇੰਨੀ ਦੂਰੀ ਕਿਉਂ?
ਅੱਜ ਲੋੜ ਇਸ ਗੱਲ ਦੀ ਹੈ ਕਿ ਪਾਰਟੀ 'ਚ ਸੀਨੀਅਰ ਤੇ ਅਣਗੌਲੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਜਾਵੇ ਤੇ ਉਨ੍ਹਾਂ ਦੀ ਅਸਹਿਮਤੀ ਨੂੰ ਦੂਰ ਕੀਤਾ ਜਾਵੇ। ਜੇ ਕੰਮ 'ਚ ਕੋਈ ਤਰੁੱਟੀ ਹੈ ਤਾਂ ਸਭ ਨੂੰ ਨਾਲ ਲੈ ਕੇ ਚੱਲਦਿਆਂ ਉਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਹਿਯੋਗੀ ਪਾਰਟੀਆਂ ਦੀ ਨਾਰਾਜ਼ਗੀ ਨੂੰ ਵੀ ਦੂਰ ਕੀਤਾ ਜਾਵੇ।
ਪਾਰਟੀ ਦੇ ਅੰਦਰ ਅਤੇ ਸਹਿਯੋਗੀ ਪਾਰਟੀਆਂ ਨਾਲ ਲਗਾਤਾਰ ਵਧ ਰਹੀ ਕੁੜੱਤਣ ਯਕੀਨੀ ਤੌਰ 'ਤੇ ਭਾਜਪਾ ਦੇ ਹਿੱਤ 'ਚ ਨਹੀਂ। ਭਾਜਪਾ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਹੈ ਕਿ ਆਪਣੇ ਪੁਰਾਣੇ ਸੀਨੀਅਰ ਸਾਥੀਆਂ ਤੇ ਗੱਠਜੋੜ ਸਹਿਯੋਗੀਆਂ ਦੀ ਅਣਦੇਖੀ ਕਰਨਾ ਆਖਿਰ ਪਾਰਟੀ ਅਤੇ ਰਾਜਗ ਲਈ ਨੁਕਸਾਨਦੇਹ ਹੀ ਸਿੱਧ ਹੋਵੇਗਾ।
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra