ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਕੀਤਾ ‘ਧਾਕੜ ਅਤੇ ਬਿਆਨਬਾਜ਼ ਨੇਤਾਵਾਂ ਨੂੰ ਫਿਟਕਾਰ ਲਾ ਕੇ’

07/04/2019 5:56:56 AM

ਸਿਆਸਤਦਾਨਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ, ਜਿਸ ਨਾਲ ਵਿਵਾਦ ਪੈਦਾ ਹੋਣ ਪਰ ਅੱਜ ਇਹੋ ਲੋਕ ਆਪਣੇ ਜ਼ਹਿਰੀਲੇ ਬਿਆਨਾਂ ਅਤੇ ਕਰਤੂਤਾਂ ਨਾਲ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਹਨ। ਅਜਿਹਾ ਕਰਨ ਵਾਲਿਆਂ ’ਚ ਭਾਜਪਾ ਨੇਤਾ ਅਤੇ ਉਨ੍ਹਾਂ ਦੇ ਸਕੇ-ਸਬੰਧੀ ਸਭ ਤੋਂ ਅੱਗੇ ਹਨ।

ਇਸੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 23 ਅਪ੍ਰੈਲ ਨੂੰ ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਫਿਟਕਾਰ ਲਾਉਂਦੇ ਹੋਏ ਕਿਹਾ ਕਿ ਉਹ ਮੀਡੀਆ ਦੇ ਸਾਹਮਣੇ ਵਿਵਾਦਪੂਰਨ ਬਿਆਨ ਦੇਣ ਤੋਂ ਬਚਣ ਅਤੇ ਇਸ ਸਾਲ ਵੀ ਚੋਣਾਂ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਭਾਜਪਾ ਨੇਤਾ ਆਪਣੀ ਵਾਣੀ ਅਤੇ ਕਰਤੂਤਾਂ ’ਤੇ ਸੰਜਮ ਰੱਖਣ ਪਰ ਉਨ੍ਹਾਂ ਦੀ ਇਹ ਨਸੀਹਤ ਬੋਲ਼ੇ ਕੰਨਾਂ ’ਚ ਪਈ ਅਤੇ ਕਿਸੇ ’ਤੇ ਕੋਈ ਅਸਰ ਨਹੀਂ ਹੋਇਆ।

ਇਸ ਦੀ ਸਭ ਤੋਂ ਖਰਾਬ ਮਿਸਾਲ ਬੀਤੀ 26 ਜੂਨ ਨੂੰ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਦੇ ਬੇਟੇ ਅਤੇ ਇੰਦੌਰ ਤੋਂ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀਯ ਨੇ ਪੇਸ਼ ਕੀਤੀ, ਜਦੋਂ ਉਸ ਨੇ ਆਪਣੀ ਟੀਮ ਨਾਲ ਇਕ ਖਸਤਾਹਾਲ ਮਕਾਨ ਡੇਗਣ ਗਏ ਇੰਦੌਰ ਨਗਰ ਨਿਗਮ ਦੇ ਅਧਿਕਾਰੀ ‘ਧਰਮੇਂਦਰ ਵਿਆਸ’ ਨੂੰ ਨਾ ਸਿਰਫ ਧਮਕਾਇਆ ਸਗੋਂ ਕ੍ਰਿਕਟ ਦੇ ਬੈਟ ਨਾਲ ਕੁੱਟ ਵੀ ਦਿੱਤਾ।

ਹੱਦ ਤਾਂ ਉਦੋਂ ਹੋਈ, ਜਦੋਂ ਇਸ ਮਾਮਲੇ ’ਚ ਗ੍ਰਿਫਤਾਰੀ ਤੋਂ ਬਾਅਦ ਆਕਾਸ਼ ਦੇ ਜ਼ਮਾਨਤ ’ਤੇ ਰਿਹਾਅ ਹੋਣ ’ਤੇ ਉਸ ਦੇ ਸਮਰਥਕਾਂ ਨੇ ਖੁਸ਼ੀ ’ਚ ਹਵਾਈ ਫਾਇਰ ਕਰ ਦਿੱਤੇ ਅਤੇ ਆਕਾਸ਼ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ ਹੈ।

ਮੀਡੀਆ ’ਚ ਉਕਤ ਘਟਨਾ ਦੀ ਚਰਚਾ ਅਤੇ ਵਿਧਾਇਕ ਦੀ ਕਰਤੂਤ ਕਾਰਣ ਹੋ ਰਹੀ ਪਾਰਟੀ ਦੀ ਬਦਨਾਮੀ ਨੂੰ ਦੇਖਦਿਆਂ ਹੁਣ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ’ਚ ਸਖਤ ਰੁਖ਼ ਅਪਣਾਉਂਦੇ ਹੋਏ ਚਿਤਾਵਨੀ ਦੇ ਦਿੱਤੀ ਹੈ ਕਿ ‘‘ਬੇਟਾ ਕਿਸੇ ਦਾ ਵੀ ਹੋਵੇ, ਮਨਮਰਜ਼ੀ ਨਹੀਂ ਚੱਲੇਗੀ ਅਤੇ ਅਜਿਹਾ ਰਵੱਈਆ ਸਹਿਣ ਨਹੀਂ ਕੀਤਾ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਕਰਤੂਤ, ਜੋ ਪਾਰਟੀ ਦਾ ਨਾਂ ਘਟਾਉਂਦੀ ਹੈ, ਮਨਜ਼ੂਰ ਨਹੀਂ ਹੈ।’’

ਕੈਲਾਸ਼ ਵਿਜੇਵਰਗੀਯ ਦੀ ਮੌਜੂਦਗੀ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਪਹਿਲਾਂ ਨਿਵੇਦਨ, ਫਿਰ ਆਵੇਦਨ, ਫਿਰ ਦਨਾਦਨ...ਇਹ ਕਿਹੋ ਜਿਹੀ ਭਾਸ਼ਾ ਹੈ। ਜੇਕਰ ਕਿਸੇ ਨੇ ਗਲਤ ਕੀਤਾ ਹੈ ਤਾਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਨਿਯਮ ਸਾਰਿਆਂ ’ਤੇ ਲਾਗੂ ਹੈ। ਜਿਨ੍ਹਾਂ ਲੋਕਾਂ ਨੇ ਸਵਾਗਤ ਕੀਤਾ ਹੈ, ਉਨ੍ਹਾਂ ਨੂੰ ਵੀ ਪਾਰਟੀ ’ਚ ਰਹਿਣ ਦਾ ਹੱਕ ਨਹੀਂ ਹੈ। ਸਾਰਿਆਂ ਨੂੰ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਹੈ...ਕੀ ਹੋਵੇਗਾ ਜੇਕਰ ਇਕ ਵਿਧਾਇਕ ਘੱਟ ਹੋ ਜਾਵੇਗਾ।’’

ਪਾਠਕ ਜਾਣਦੇ ਹੀ ਹਨ ਕਿ ਅਸੀਂ ਤਾਂ ਵਾਰ-ਵਾਰ ਇਸ ਵਿਸ਼ੇ ’ਚ ਲਿਖਦੇ ਰਹੇ ਹਾਂ ਅਤੇ ਭਾਜਪਾ ਦੇ ਬੜਬੋਲੇ ਨੇਤਾਵਾਂ ਦੇ ਬੜਬੋਲੇਪਣ ਅਤੇ ਕਰਤੂਤਾਂ ਦਾ ਵੇਰਵਾ ਦਿੰਦੇ ਹੋਏ ਕਹਿੰਦੇ ਰਹੇ ਹਾਂ ਕਿ ਇਨ੍ਹਾਂ ਦੀਆਂ ਅਜਿਹੀਆਂ ਕਰਤੂਤਾਂ ਪਾਰਟੀ ਦੇ ਅਕਸ ਨੂੰ ਠੇਸ ਪਹੁੰਚਾ ਰਹੀਆਂ ਹਨ।

ਇਸੇ ਨੂੰ ਦੇਖਦਿਆਂ ਹੁਣ ਪ੍ਰਧਾਨ ਮੰਤਰੀ ਵਲੋਂ ਅਜਿਹੇ ਨੇਤਾਵਾਂ ਨੂੰ ਦਿੱਤੀ ਗਈ ਉਕਤ ਚਿਤਾਵਨੀ ਸਹੀ ਹੈ ਅਤੇ ‘ਦੋਸ਼ੀਆਂ’ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਸ ਨੂੰ ਅਮਲੀਜਾਮਾ ਵੀ ਪਹਿਨਾ ਦੇਣਾ ਚਾਹੀਦਾ ਹੈ। ਇਸ ਨਾਲ ਪਾਰਟੀ ’ਚ ਮੌਜੂਦ ਤਾਨਾਸ਼ਾਹ ਨੇਤਾਵਾਂ ’ਤੇ ਰੋਕ ਲੱਗੇਗੀ ਅਤੇ ਪਾਰਟੀ ਬਦਨਾਮੀ ਤੋਂ ਬਚੇਗੀ।

–ਵਿਜੇ ਕੁਮਾਰ
 

Bharat Thapa

This news is Content Editor Bharat Thapa