ਚੀਨ ''ਚ ਮੁਸਲਮਾਨਾਂ ''ਤੇ ਪਾਬੰਦੀ ਅਤੇ ਈਸਾਈ ਮੁਟਿਆਰਾਂ ਦੀ ਪਾਕਿਸਤਾਨ ਤੋਂ ਤਸਕਰੀ

05/12/2019 5:10:26 AM

ਇਕ ਪਾਸੇ ਜਿੱਥੇ ਚੀਨ ਦੇ ਸ਼ਾਸਕ ਪਾਕਿਸਤਾਨ ਨਾਲ ਦੋਸਤੀ ਦਾ ਦਮ ਭਰਦੇ ਹਨ, ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਆਪਣੇ ਦੇਸ਼ ਦੇ ਕਈ ਹਿੱਸਿਆਂ, ਖਾਸ ਕਰਕੇ 'ਸ਼ਿਨਜਿਆਂਗ' ਸੂਬੇ 'ਚ ਮੁਸਲਮਾਨਾਂ ਦੀ ਪਛਾਣ ਖਤਮ ਕਰਨ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਮੁਸਲਮਾਨਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਇਨ੍ਹਾਂ 'ਚ ਰਮਜ਼ਾਨ ਦੇ ਇਸ ਮਹੀਨੇ 'ਚ ਮੁਸਲਮਾਨਾਂ ਦੇ ਰੋਜ਼ੇ ਰੱਖਣ 'ਤੇ ਰੋਕ ਲਾਉਣਾ ਵੀ ਸ਼ਾਮਿਲ ਹੈ।
ਇਹੋ ਨਹੀਂ, ਚੀਨੀ ਮਨੁੱਖੀ ਤਸਕਰਾਂ ਵਲੋਂ ਵੱਡੀ ਗਿਣਤੀ 'ਚ ਧੋਖੇ ਨਾਲ ਪਾਕਿਸਤਾਨ ਤੋਂ ਘੱਟਗਿਣਤੀ ਈਸਾਈ ਕੁੜੀਆਂ ਦਾ ਚੀਨੀ ਨੌਜਵਾਨਾਂ ਨਾਲ 'ਨਕਲੀ ਵਿਆਹ' ਕਰਵਾ ਕੇ ਉਨ੍ਹਾਂ ਨੂੰ ਚੀਨ ਲਿਜਾ ਕੇ ਦੇਹ ਵਪਾਰ 'ਚ ਧੱਕਿਆ ਜਾ ਰਿਹਾ ਹੈ।
ਹਾਲਤ ਇਹ ਹੈ ਕਿ ਇਸ ਸਮੇਂ ਚੀਨੀ ਮਨੁੱਖੀ ਤਸਕਰਾਂ ਲਈ ਪਾਕਿਸਤਾਨ ਇਕ ਨਵਾਂ 'ਵਿਆਹ ਬਾਜ਼ਾਰ' ਬਣ ਗਿਆ ਹੈ। ਚੀਨੀ ਤੇ ਪਾਕਿਸਤਾਨੀ ਦਲਾਲ ਗਰੀਬ ਈਸਾਈ ਪਰਿਵਾਰਾਂ ਦੀਆਂ ਕੁੜੀਆਂ ਦੀ ਭਾਲ 'ਚ ਗਿਰਜਾਘਰਾਂ ਦੇ ਬਾਹਰ ਮੰਡਰਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਜਾਲ 'ਚ ਫਸਾਉਣ ਲਈ ਪਾਦਰੀਆਂ ਅਤੇ ਕੁੜੀਆਂ ਦੇ ਮਾਂ-ਪਿਓ ਨੂੰ ਮੋਟੀਆਂ ਰਕਮਾਂ ਦਿੰਦੇ ਹਨ।
ਕੁੜੀਆਂ ਦੇ ਮਾਂ-ਪਿਓ ਨੂੰ ਦੱਸਿਆ ਤਾਂ ਇਹ ਜਾਂਦਾ ਹੈ ਕਿ ਉਨ੍ਹਾਂ ਦਾ ਜਵਾਈ ਅਮੀਰ ਹੈ ਅਤੇ ਉਸ ਨੇ ਈਸਾਈ ਧਰਮ ਅਪਣਾ ਲਿਆ ਹੈ ਪਰ ਚੀਨ ਲਿਜਾ ਕੇ ਇਨ੍ਹਾਂ ਕੁੜੀਆਂ ਨੂੰ ਦੇਹ ਵਪਾਰ 'ਚ ਧੱਕ ਦਿੱਤਾ ਜਾਂਦਾ ਹੈ।
ਚੀਨੀ ਭਾਸ਼ਾ ਤੋਂ ਅਣਜਾਣ ਹੋਣ ਕਰਕੇ ਉਹ ਆਪਣੀ ਪੀੜ ਵੀ ਕਿਸੇ ਨੂੰ ਨਹੀਂ ਦੱਸ ਸਕਦੀਆਂ ਅਤੇ ਨਾ ਹੀ ਉਨ੍ਹਾਂ ਵਾਸਤੇ ਵਾਪਿਸ ਮੁੜ ਸਕਣਾ ਸੰਭਵ ਹੁੰਦਾ ਹੈ। ਇਹ ਕੁਚੱਕਰ ਇੰਨਾ ਗੰਭੀਰ ਰੂਪ ਧਾਰਨ ਕਰ ਗਿਆ ਹੈ ਕਿ ਪਾਕਿ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰ ਕੇ ਕੁੜੀਆਂ ਨੂੰ ਅਜਿਹੇ ਚੀਨੀ ਲਾੜਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ ਪਰ ਚੀਨ ਸਰਕਾਰ ਵਲੋਂ ਮੁਸਲਮਾਨਾਂ 'ਤੇ ਲਾਈਆਂ ਪਾਬੰਦੀਆਂ 'ਤੇ ਇਹ ਚੁੱਪ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਚੀਨ-ਪਾਕਿ ਆਰਥਿਕ ਗਲਿਆਰਾ ਬਣਨ ਤੋਂ ਬਾਅਦ ਵੱਡੀ ਗਿਣਤੀ 'ਚ ਚੀਨੀਆਂ ਨੇ ਪਾਕਿਸਤਾਨ 'ਚ ਮਕਾਨ ਅਤੇ ਜਾਇਦਾਦਾਂ ਖਰੀਦ ਲਈਆਂ ਹਨ ਅਤੇ ਉਹ ਵਪਾਰ ਦੇ ਨਾਂ ਹੇਠ ਚੀਨ ਤੋਂ ਇਲਾਵਾ ਮੱਧ ਪੂਰਬ ਦੇ ਦੇਸ਼ਾਂ ਤਕ 'ਚ ਦੇਹ ਵਪਾਰ ਅਤੇ ਮਨੁੱਖੀ ਅੰਗਾਂ ਦੀ ਤਸਕਰੀ ਨੂੰ ਸ਼ਹਿ ਦੇ ਰਹੇ ਹਨ।
ਪਾਕਿਸਤਾਨ ਬੇਸ਼ੱਕ ਹੀ ਚੀਨ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨ 'ਚ ਜੁਟਿਆ ਹੋਵੇ ਪਰ ਪਾਕਿਸਤਾਨੀ ਈਸਾਈ ਕੁੜੀਆਂ ਅਤੇ ਚੀਨ 'ਚ ਰਹਿਣ ਵਾਲੇ ਮੁਸਲਮਾਨਾਂ ਲਈ ਚੀਨ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ।

                                                                                                    –ਵਿਜੇ ਕੁਮਾਰ

KamalJeet Singh

This news is Content Editor KamalJeet Singh