ਦਿੱਲੀ ਨਗਰ ਨਿਗਮ ਦੀਆਂ ਚੋਣਾਂ ''ਆਪ'' ਦੇ ਅਰਮਾਨਾਂ ''ਤੇ ਫਿਰਿਆ ਝਾੜੂ

04/27/2017 1:19:09 AM

ਦਿੱਲੀ ਨਗਰ ਨਿਗਮ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਿਵਲ ਬਾਡੀਜ਼ ''ਚੋਂ ਇਕ ਹੈ। ਕੁਝ ਹੀ ਸਮਾਂ ਪਹਿਲਾਂ ਸੰਪੰਨ ਹੋਈਆਂ ਮਹਾਰਾਸ਼ਟਰ ਦੀਆਂ ਲੋਕਲ ਬਾਡੀਜ਼ ਚੋਣਾਂ ਅਤੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ''ਚ ਯੂ. ਪੀ., ਉੱਤਰਾਖੰਡ, ਗੋਆ ਤੇ ਮਣੀਪੁਰ ਵਿਚ ਸਫਲਤਾ ਤੋਂ ਬਾਅਦ 23 ਅਪ੍ਰੈਲ ਨੂੰ ਹੋਈਆਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ''ਚ ਵੀ ਭਾਜਪਾ ਨੇ ਬੇਮਿਸਾਲ ਸਫਲਤਾ ਹਾਸਲ ਕਰ ਲਈ ਹੈ। ਇਨ੍ਹਾਂ ਚੋਣਾਂ ''ਚ ਜਿਥੇ ਭਾਜਪਾ ਨੇ 270 ਵਿਚੋਂ 181 ਸੀਟਾਂ ਜਿੱਤ ਕੇ 2012 ''ਚ ਜਿੱਤੀਆਂ 138 ਸੀਟਾਂ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕੀਤਾ, ਉਥੇ ਹੀ ''ਆਪ'' ਨੂੰ ਸਿਰਫ 48 ਸੀਟਾਂ ਜਿੱਤ ਕੇ ਦੂਜੇ ਨੰਬਰ ''ਤੇ ਹੀ ਸਬਰ ਕਰਨਾ ਪਿਆ ਅਤੇ ਕਾਂਗਰਸ 30 ਸੀਟਾਂ ਨਾਲ ਤੀਜੇ ਨੰਬਰ ''ਤੇ ਖਿਸਕ ਗਈ, ਜਦਕਿ ਹੋਰਨਾਂ ਨੂੰ 11 ਸੀਟਾਂ ਮਿਲੀਆਂ।
ਇਨ੍ਹਾਂ ਚੋਣਾਂ ''ਚ ਉਤਰੀਆਂ ਮੁੱਖ ਪਾਰਟੀਆਂ ਦੀ ਹਾਰ-ਜਿੱਤ ਦਾ ਜਾਇਜ਼ਾ ਲੈਣ ''ਤੇ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਭਾਜਪਾ ਲੀਡਰਸ਼ਿਪ ਨੇ ਪਾਰਟੀ ''ਚ ਹਰ ਤਰ੍ਹਾਂ ਦੇ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਨੂੰ ਖਤਮ ਕਰ ਕੇ ਪੂਰੇ ਅਨੁਸ਼ਾਸਿਤ ਰੂਪ ਨਾਲ ਚੋਣਾਂ ਲੜੀਆਂ।
ਇਥੋਂ ਤਕ ਕਿ ਪਿਛਲੀ ਵਾਰ ਦੇ ਸਾਰੇ ਜੇਤੂ ਕੌਂਸਲਰਾਂ ਦੀਆਂ ਟਿਕਟਾਂ ਕੱਟ ਦੇਣ ''ਤੇ ਵੀ ਕਿਸੇ ਨੇ ਚੂੰ ਤਕ ਨਹੀਂ ਕੀਤੀ ਅਤੇ ਇਕਜੁੱਟ ਹੋ ਕੇ ਪਾਰਟੀ ਉਮੀਦਵਾਰਾਂ ਲਈ ਕੰਮ ਕੀਤਾ। ਕਾਂਗਰਸ ਅਤੇ ''ਆਪ'' ਦੋਹਾਂ ''ਚ ਹੀ ਸਥਿਤੀ ਇਸ ਦੇ ਉਲਟ ਸੀ ਅਤੇ ਇਨ੍ਹਾਂ ''ਚ ਫੁੱਟ, ਅੰਦਰੂਨੀ ਕਲੇਸ਼ ਤੇ ਬੇਸੰਤੋਖੀ ਸਿਖਰਾਂ ''ਤੇ ਸੀ।
ਪਿਛਲੀਆਂ ਚੋਣਾਂ ''ਚ 77 ਸੀਟਾਂ ਜਿੱਤਣ ਵਾਲੀ ਕਾਂਗਰਸ ਨੂੰ ਇਸ ਵਾਰ ਫਿਰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪਿਆ। ''ਬੇ-ਚਿਹਰਾ'' ਹੋ ਚੁੱਕੀ ਤੇ ਆਪਣੀ ਜ਼ਮੀਨ ਲੱਭ ਰਹੀ ਕਾਂਗਰਸ ਅੰਦਰੂਨੀ ਕਲੇਸ਼ ਅਤੇ ਫੁੱਟ ਦਾ ਤਾਂ ਪਹਿਲਾਂ ਹੀ ਸ਼ਿਕਾਰ ਸੀ, ਐੱਮ. ਸੀ. ਡੀ. ਚੋਣਾਂ ਤੋਂ ਠੀਕ ਪਹਿਲਾਂ ਇਸ ਦੇ ਤਿੰਨ ਵੱਡੇ ਸੂਬਾਈ ਨੇਤਾਵਾਂ ਵਲੋਂ ਪਾਰਟੀ ਤੋਂ ਦਿੱਤੇ ਅਸਤੀਫਿਆਂ ਨੇ ਬਚੀ-ਖੁਚੀ ਕਸਰ ਪੂਰੀ ਕਰ ਦਿੱਤੀ।
ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ, ਦਿੱਲੀ ਯੂਥ ਕਾਂਗਰਸ ਦੇ ਪ੍ਰਧਾਨ ਅਮਿਤ ਮਲਿਕ ਅਤੇ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਬਰਖਾ ਸ਼ੁਕਲਾ ਨੇ ਨਾ ਸਿਰਫ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਭਾਜਪਾ ਦਾ ਪੱਲਾ ਫੜ ਲਿਆ ਸਗੋਂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਅਜੈ ਮਾਕਨ ''ਤੇ ਜ਼ਮੀਨੀ ਵਰਕਰਾਂ ਦੀ ਅਣਦੇਖੀ ਕਰਨ ਤੇ ਉਨ੍ਹਾਂ ਦੀ ਗੱਲ ਨਾ ਸੁਣਨ ਵਰਗੇ ਦੋਸ਼ ਵੀ ਲਾਏ।
2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ''ਚ 70 ''ਚੋਂ 67 ਸੀਟਾਂ ਜਿੱਤ ਕੇ ਇਤਿਹਾਸ ਰਚਣ ਵਾਲੀ ''ਆਪ'' ਨੂੰ ਇਨ੍ਹਾਂ ਚੋਣਾਂ ''ਚ ਉਹੋ ਜਿਹੀ ਸਫਲਤਾ ਦੀ ਉਮੀਦ ਤਾਂ ਨਹੀਂ ਸੀ ਪਰ ਇੰਨੀ ਦੁਰਗਤੀ ਹੋਣ ਦੀ ਵੀ ਉਮੀਦ ਨਹੀਂ ਸੀ। ਸਭ ਦਾ ਕਹਿਣਾ ਹੈ ਕਿ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਦੀ ਬਹੁਤ ਜ਼ਿਆਦਾ ਖਾਹਿਸ਼ ਅਤੇ ਵਰਕਰਾਂ ਦੀ ਅਣਦੇਖੀ ਲੈ ਡੁੱਬੀ।
ਬੇਸ਼ੱਕ ਕੇਜਰੀਵਾਲ ਨੇ ਦਿੱਲੀ ਦੀ ਸੱਤਾ ਸੰਭਾਲਣ ਤੋਂ ਬਾਅਦ ਲੋਕਾਂ ਨੂੰ ਬਿਜਲੀ, ਪਾਣੀ ਦੇ ਬਿੱਲਾਂ ''ਚ ਕੁਝ ਰਾਹਤ ਦਿੱਤੀ ਅਤੇ ਮੁਹੱਲਾ ਕਲੀਨਿਕ ਖੋਲ੍ਹੇ ਪਰ ਆਪਣੇ ਕਾਰਜਕਾਲ ਦੀ ਜ਼ਿਆਦਾਤਰ ਮਿਆਦ ''ਚ ਉਹ ਆਪਣੇ ਟੀਚੇ ਤੋਂ ਭਟਕੇ ਹੋਏ ਅਤੇ ਆਪਣੀਆਂ ਨਿੱਜੀ ਖਾਹਿਸ਼ਾਂ ਨੂੰ ਪਾਲਦੇ-ਪੋਸਦੇ ਹੀ ਨਜ਼ਰ ਆਏ।
ਨਾ ਸਿਰਫ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਦੋਹਾਂ ਉਪ-ਰਾਜਪਾਲਾਂ ਨਜੀਬ ਜੰਗ ਅਤੇ ਅਨਿਲ ਬੈਜਲ ਵਿਰੁੱਧ ਮੋਰਚਾ ਖੋਲ੍ਹੀ ਰੱਖਿਆ ਅਤੇ ਉਨ੍ਹਾਂ ਵਿਰੁੱਧ ਨਾਂਹ-ਪੱਖੀ ਪ੍ਰਚਾਰ ਕਰਦੇ ਰਹੇ ਸਗੋਂ ਆਪਣੀ ਪਾਰਟੀ ''ਚ ਉੱਠਣ ਵਾਲੀਆਂ ਵਿਰੋਧੀ ਸੁਰਾਂ ਨੂੰ ਵੀ ਦਬਾਉਂਦੇ ਗਏ।
ਇਸੇ ਕਾਰਨ ਕੇਜਰੀਵਾਲ ਦੇ ਸਭ ਤੋਂ ਵੱਧ ਭਰੋਸੇਯੋਗ ਸਾਥੀਆਂ ''ਚੋਂ ਇਕ ਕੁਮਾਰ ਵਿਸ਼ਵਾਸ ਨੇ ਵੀ ਇਨ੍ਹਾਂ ਚੋਣਾਂ ''ਚ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ ਤੇ ਬੀਤੇ ਦਿਨ ਕਿਸੇ ਗੱਲ ''ਤੇ ਇਥੋਂ ਤਕ ਕਹਿ ਦਿੱਤਾ—''ਪਾਰਟੀ ਜਾਵੇ ਢੱਠੇ ਖੂਹ ਵਿਚ''।
ਦਿੱਲੀ ''ਤੇ ਧਿਆਨ ਦੇ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਬਜਾਏ ਕੇਜਰੀਵਾਲ ਨੇ ਆਪਣੀਆਂ ਸਰਗਰਮੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਵਧਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਦਿੱਲੀ ਦੀ ਅਣਦੇਖੀ ਹੋਈ। ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਪ੍ਰਚਾਰਿਤ ਕਰਨ ਲਈ ਮੀਡੀਆ ''ਚ ਚਲਾਈ ਗਈ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਦਾ ਵੀ ਲੋਕਾਂ ''ਚ ਹਾਂ-ਪੱਖੀ ਦੀ ਬਜਾਏ ਨਾਂਹ-ਪੱਖੀ ਸੰਦੇਸ਼ ਹੀ ਗਿਆ।
ਨਤੀਜਾ ਇਹ ਨਿਕਲਿਆ ਕਿ ਪੰਜਾਬ ਤੇ ਗੋਆ ਦੀਆਂ ਚੋਣਾਂ ''ਚ ਤਾਂ ''ਆਪ'' ਨੂੰ ਮੂੰਹ ਦੀ ਖਾਣੀ ਹੀ ਪਈ, ਦਿੱਲੀ ਦੇ ਲੋਕਾਂ ''ਚ ਵੀ ਅਰਵਿੰਦ ਕੇਜਰੀਵਾਲ ਆਪਣੀ ਭਰੋਸੇਯੋਗਤਾ ਗੁਆ ਬੈਠੇ। ਅਰਵਿੰਦ ਕੇਜਰੀਵਾਲ ਵਲੋਂ ਆਪਣੇ ਪੁਰਾਣੇ ਸਾਥੀਆਂ ਅੰਨਾ ਹਜ਼ਾਰੇ, ਕਿਰਨ ਬੇਦੀ, ਰਾਮਦੇਵ, ਸ਼ਾਂਤੀ ਭੂਸ਼ਣ ਤੇ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਆਦਿ ਤੋਂ ਦੂਰੀ ਬਣਾਉਣਾ ਅਤੇ ਉਨ੍ਹਾਂ ਦੀ ਨਾਰਾਜ਼ਗੀ ਮੁੱਲ ਲੈਣਾ ਵੀ ਮਹਿੰਗਾ ਪਿਆ।
ਕੁਲ ਮਿਲਾ ਕੇ ''ਆਪ'' ''ਵਨ ਟਾਈਮ ਵੰਡਰ'' ਹੀ ਸਿੱਧ ਹੋਈ ਤੇ ਓਨੀ ਹੀ ਤੇਜ਼ੀ ਨਾਲ ਹਾਸ਼ੀਏ ਵੱਲ ਵਧ ਰਹੀ ਹੈ, ਜਿੰਨੀ ਤੇਜ਼ੀ ਨਾਲ ਉੱਭਰੀ ਸੀ। ਲੋਕਾਂ ਨੇ ਇਸ ਉਮੀਦ ''ਚ ਉਨ੍ਹਾਂ ਦੀ ਪਾਰਟੀ ਨੂੰ ਵੋਟ ਪਾਈ ਸੀ ਕਿ ਇਸ ਨਾਲ ਲੋਕਤੰਤਰ ਮਜ਼ਬੂਤ ਹੋਵੇਗਾ ਅਤੇ ਬਿਨਾਂ ਸ਼ੱਕ ਅਰਵਿੰਦ ਕੇਜਰੀਵਾਲ ''ਚ ਕੁਝ ਤਾਂ ਹੈ, ਜਿਸ ਕਾਰਨ ਉਹ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ''ਚ ਭਾਰੀ ਸਫਲਤਾ ਹਾਸਲ ਕਰ ਸਕੇ ਸਨ ਅਤੇ ਲੋਕ ਸਭਾ ਚੋਣਾਂ ''ਚ ਵੀ ਉਨ੍ਹਾਂ ਦੀ ਪਾਰਟੀ ਨੇ ਚਾਰ ਸੀਟਾਂ ਜਿੱਤ ਲਈਆਂ ਪਰ ਬਾਅਦ ''ਚ ਉਨ੍ਹਾਂ ਦੀ ਕਾਰਜਸ਼ੈਲੀ ''ਚ ਕਮੀਆਂ ਆ ਜਾਣ ਕਾਰਨ ਉਨ੍ਹਾਂ ਦੀ ਪਾਰਟੀ ਦੀ ਇਹ ਹਾਲਤ ਹੋਈ। ਲਿਹਾਜ਼ਾ ਉਹ ਸਵੈ-ਮੰਥਨ ਕਰਨ ਤੇ ਪਾਰਟੀ ''ਚ ਘਰ ਕਰ ਚੁੱਕੀਆਂ ਕਮੀਆਂ ਨੂੰ ਦੂਰ ਕਰਨ।                                        
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra