ਰੱਬ ਸਾਰਿਆਂ ਨੂੰ ''ਮੋਨਿਕਾ ਵਰਗੀਆਂ ਧੀਆਂ ਦੇਵੇ''

04/06/2017 7:59:07 AM

ਬੇਸ਼ੱਕ ਹੀ ਸਾਡੇ ਕੰਨਿਆ ਪੂਜਕ ਦੇਸ਼ ''ਚ ਕੰਨਿਆ ਔਲਾਦਾਂ ਦੀ ਘੋਰ ਅਣਦੇਖੀ ਹੋ ਰਹੀ ਹੈ ਅਤੇ ਕੰਨਿਆਵਾਂ ਨੂੰ ਗਰਭ ''ਚ ਹੀ ਮਾਰਨ ਦੀਆਂ ਘਟਨਾਵਾਂ ਜਾਰੀ ਹਨ ਪਰ ਪੁੱਤਾਂ ਦੇ ਮੁਕਾਬਲੇ ਘੱਟ ਅਹਿਮੀਅਤ ਦਿੱਤੇ ਜਾਣ ਦੇ ਬਾਵਜੂਦ ਧੀਆਂ ਨੇ ਵਾਰ-ਵਾਰ ਸਿੱਧ ਕੀਤਾ ਹੈ ਕਿ ਉਹ ਕਿਸੇ ਵੀ ਪੱਖੋਂ ਪੁੱਤਾਂ ਨਾਲੋਂ ਘੱਟ ਨਹੀਂ ਅਤੇ ਬਹੁਤੇ ਮਾਮਲਿਆਂ ''ਚ ਉਹ ਪੁੱਤਾਂ ਨਾਲੋਂ ਵਧ ਕੇ ਮਾਂ-ਪਿਓ ਦੀ ਸੇਵਾ ਦਾ ਧਰਮ ਨਿਭਾ ਰਹੀਆਂ ਹਨ।
ਸਹੀ ਪਰਵਰਿਸ਼ ਅਤੇ ਹੱਲਾਸ਼ੇਰੀ ਮਿਲਣ ''ਤੇ ਧੀਆਂ ਨੇ ਆਪਣੀ ਪ੍ਰਤਿਭਾ ਦਾ ਝੰਡਾ ਹਰ ਜਗ੍ਹਾ ਲਹਿਰਾਇਆ ਹੈ ਤੇ ਹਰੇਕ ਉਸ ਖੇਤਰ ''ਚ ਆਪਣੀ ਯੋਗਤਾ ਦਾ ਸਿੱਕਾ ਮੰਨਵਾਇਆ ਹੈ, ਜੋ ਮੁੰਡਿਆਂ ਲਈ ਹੀ ਰਾਖਵੇਂ ਮੰਨੇ ਜਾਂਦੇ ਸਨ।
ਇਸੇ ਦਾ ਹੀ ਨਤੀਜਾ ਹੈ ਕਿ ਨਾਰੀ ਸ਼ਕਤੀ ਅੱਜ ਘਰ-ਗ੍ਰਹਿਸਥੀ ਸੰਭਾਲਣ ਤੋਂ ਲੈ ਕੇ ਡਾਕਟਰ, ਵਕੀਲ, ਅਧਿਆਪਕ, ਇੰਜੀਨੀਅਰ, ਸੈਨਿਕ, ਪੁਲਾੜ ਵਿਗਿਆਨੀ, ਸਿਆਸਤਦਾਨ, ਪੱਤਰਕਾਰ ਭਾਵ ਹਰ ਖੇਤਰ ''ਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਇਥੋਂ ਤਕ ਕਿ ਜਿਹੜੇ ਬਜ਼ੁਰਗ ਮਾਂ-ਪਿਓ ਨੂੰ ਉਨ੍ਹਾਂ ਦੀ ਵਿਰਾਸਤ ਦੇ ਅਸਲੀ ਦਾਅਵੇਦਾਰ ਅਖਵਾਉਣ ਵਾਲੇ ਪੁੱਤਾਂ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਪੜਾਅ ''ਚ ਬੇਸਹਾਰਾ ਕਰ ਕੇ ਘੁੱਟ-ਘੁੱਟ ਕੇ ਮਰਨ ਲਈ ਬਿਰਧ ਆਸ਼ਰਮਾਂ ''ਚ ਪਹੁੰਚਾ ਦਿੱਤਾ, ਅਜਿਹੇ ਲਾਚਾਰ ਤੇ ਦੁਖੀ ਬਜ਼ੁਰਗ ਮਾਂ-ਪਿਓ ਨੂੰ ਵੀ ਸਹਾਰਾ ਦੇਣ ਲਈ ਧੀਆਂ ਹੀ ਅੱਗੇ ਆ ਰਹੀਆਂ ਹਨ।
ਹੁਣੇ-ਹੁਣੇ ਜਿਸ ਧੀ ਨੇ ਪੁੱਤਰ ਧਰਮ ਨਿਭਾਉਣ ਦੀ  ਅਮਲਯੋਗ ਮਿਸਾਲ ਪੇਸ਼ ਕੀਤੀ, ਉਹ ਹੈ ਲੁਧਿਆਣਾ ਨੇੜਲੇ ਮੁੱਲਾਂਪੁਰ ਦਾਖਾ ਦੇ ਪਿੰਡ ''ਰਕਬਾ'' ਦੀ ਰਹਿਣ ਵਾਲੀ 40 ਸਾਲਾ ਅਧਿਆਪਕਾ ਸ਼੍ਰੀਮਤੀ ਮੋਨਿਕਾ ਲਿਖੀ।
ਮੋਨਿਕਾ ਦੇ ਮਾਤਾ-ਪਿਤਾ ਸ਼੍ਰੀਮਤੀ ਊਸ਼ਾ ਸੱਚਰ ਅਤੇ ਸ਼੍ਰੀ ਸਤੀਸ਼ ਸੱਚਰ ਅੰਬਾਲਾ ਕੈਂਟ ''ਚ ਆਪਣੇ ਬੇਟੇ ਨਾਲ ਰਹਿੰਦੇ ਸਨ ਤੇ ਉਥੇ ਇਨ੍ਹਾਂ ਦਾ ਵਿਗਿਆਨਿਕ ਯੰਤਰਾਂ ਦਾ ਕਾਰੋਬਾਰ ਸੀ। ਦਸੰਬਰ 2011 ''ਚ ਵਿਆਹ ਤੋਂ ਬਾਅਦ ਬੇਟੇ ਨੇ ਆਪਣੇ ਮਾਂ-ਪਿਓ ਨੂੰ ਘਰੋਂ ਕੱਢ ਦਿੱਤਾ ਤੇ ਉਦੋਂ ਤੋਂ ਇਹ ਦੋਵੇਂ ਕੁਰੂਕਸ਼ੇਤਰ ਦੇ ਇਕ ''ਬਿਰਧ ਆਸ਼ਰਮ'' ਵਿਚ ਰਹਿ ਰਹੇ ਸਨ।
ਮੋਨਿਕਾ ਤੇ ਉਸ ਦਾ ਪਤੀ ਇਨ੍ਹਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਸਨ ਪਰ ਬਜ਼ੁਰਗ ਮਾਂ-ਪਿਓ ਨੇ ਲੋਕਲਾਜ ਅਤੇ ਸਮਾਜਿਕ ਰੀਤਾਂ ਕਾਰਨ ਇਹ ਸੋਚ ਕੇ ਧੀ-ਜਵਾਈ ਦੇ ਘਰ ਰਹਿਣਾ ਕਬੂਲ ਨਹੀਂ ਕੀਤਾ ਕਿ ਲੋਕ ਕੀ ਕਹਿਣਗੇ!
ਪਿਛਲੇ ਸਾਲ 22 ਅਪ੍ਰੈਲ ਨੂੰ ਜਦੋਂ ਸ਼੍ਰੀ ਸਤੀਸ਼ ਸੱਚਰ ਦੀ ਬੋਨ ਕੈਂਸਰ ਕਾਰਨ ਮੌਤ ਹੋਣ ਤੋਂ ਬਾਅਦ ਸ਼੍ਰੀਮਤੀ ਊਸ਼ਾ ਸੱਚਰ ਇਕੱਲੀ ਰਹਿ ਗਈ ਤਾਂ ਦੁੱਖ ਦੀ ਉਸ ਘੜੀ ''ਚ ਵੀ ਬੇਟੇ ਨੇ ਦੁਖਿਆਰੀ ਮਾਂ ਦਾ ਹਾਲ ਜਾਣਨਾ ਠੀਕ ਨਹੀਂ ਸਮਝਿਆ ਤੇ ਉਸ ਨੇ ਆਪਣੇ ਸਵਰਗਵਾਸੀ ਪਿਤਾ ਦਾ ਅੰਤਿਮ ਸੰਸਕਾਰ ਤਕ ਕਰਨ ਤੋਂ ਇਨਕਾਰ ਕਰ ਦਿੱਤਾ।
ਬਿਰਧ ਆਸ਼ਰਮ ਦੇ ਸੰਚਾਲਕ ਨੇ ਸ਼੍ਰੀ ਸੱਚਰ ਦੇ ਬੇਟੇ  ਨੂੰ ਕਈ ਵਾਰ ਫੋਨ ਕਰ ਕੇ ਬੁਲਾਉਣਾ ਚਾਹਿਆ ਪਰ ਉਹ ਨਹੀਂ ਆਇਆ ਤੇ ਉਸ ਨੇ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੂੰ ਸਾਫ ਕਹਿ ਦਿੱਤਾ ਕਿ ਉਹ ਅੱਗੇ ਤੋਂ ਉਸ ਨੂੰ ਕਦੇ ਫੋਨ ਨਾ ਕਰਨ।
ਅਜਿਹੀ ਦੁੱਖ ਦੀ ਘੜੀ ''ਚ ਵੀ ਧੀ ਮੋਨਿਕਾ ਹੀ ਆਪਣੀ ਮਾਂ ਦਾ ਦੁੱਖ ਵੰਡਾਉਣ ਉਨ੍ਹਾਂ ਕੋਲ ਆਉਂਦੀ ਰਹੀ ਤੇ ਉਨ੍ਹਾਂ ਨੂੰ ਆਪਣੇ ਨਾਲ ਚੱਲਣ ਲਈ ਮਨਾਉਣ ਦੀ ਕੋਸ਼ਿਸ਼ ਕਰਦੀ ਰਹੀ।
ਸ਼੍ਰੀਮਤੀ ਊਸ਼ਾ ਸੱਚਰ ਦੇ ਵਾਰ-ਵਾਰ ਮਨ੍ਹਾ ਕਰਨ ਦੇ ਬਾਵਜੂਦ ਮੋਨਿਕਾ ਨੇ ਹਾਰ ਨਹੀਂ ਮੰਨੀ। ਆਖਿਰ ਮਾਂ ਨੂੰ ਪੁੱਤ ਵਰਗੀ ਧੀ ਅਤੇ ਪੁੱਤ ਵਰਗੇ ਜਵਾਈ ਦੀ ਜ਼ਿੱਦ ਅੱਗੇ ਝੁਕਣਾ ਪਿਆ ਤੇ ਹੁਣ ਮੋਨਿਕਾ ਉਨ੍ਹਾਂ ਨੂੰ ਆਪਣੇ ਨਾਲ ਲੈ ਆਈ ਹੈ।
ਸ਼੍ਰੀਮਤੀ ਸੱਚਰ ਅਨੁਸਾਰ, ''''ਮੇਰੇ ਬੇਟੇ ਦੇ ਦੋਸਤ ਮੇਰੇ ਪਤੀ ਦੇ ਅੰਤਿਮ ਸੰਸਕਾਰ ''ਚ ਆਏ ਪਰ ਬੇਟੇ ਨੇ ਫੋਨ ਤਕ ਨਹੀਂ ਕੀਤਾ। ਇਹ ਸਭ ਬਹੁਤ ਤਕਲੀਫਦੇਹ ਸੀ, ਜਿਸ ਨੂੰ ਹੁਣ ਮੈਂ ਭੁੱਲ ਜਾਣਾ ਚਾਹੁੰਦੀ ਹਾਂ। ਮੈਨੂੰ ਜ਼ਿੰਦਗੀ ''ਚ ਕਿਸੇ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਹੈ ਅਤੇ ਹੁਣ ਮੈਂ ਸ਼ਾਂਤਮਈ ਜ਼ਿੰਦਗੀ ਬਿਤਾਉਣਾ ਚਾਹੁੰਦੀ ਹਾਂ।''''
ਜਦੋਂ ਮੋਨਿਕਾ ਉਨ੍ਹਾਂ ਨੂੰ ਲੁਧਿਆਣੇ ਲਿਆਉਣ ਲਈ ਆਸ਼ਰਮ ਤੋਂ ਵਿਦਾ ਲੈ ਰਹੀ ਸੀ ਤਾਂ ਉਹ ਦ੍ਰਿਸ਼ ਦੇਖ ਕੇ ਆਸ਼ਰਮ ਦੇ ਸਾਰੇ ਬਜ਼ੁਰਗਾਂ ਦੀਆਂ ਅੱਖਾਂ ਭਰ ਆਈਆਂ। ਸਾਰਿਆਂ ਦੇ ਦਿਲ ''ਚੋਂ ਇਹੋ ਆਵਾਜ਼ ਨਿਕਲ ਰਹੀ ਸੀ ਕਿ ''''ਮੋਨਿਕਾ ਵਰਗੀ ਧੀ ਸਭ ਦੇ ਹੋਵੇ।''''
ਯਕੀਨੀ ਤੌਰ ''ਤੇ ਸ਼੍ਰੀਮਤੀ ਮੋਨਿਕਾ ਨੇ ਆਪਣੀ 72 ਸਾਲਾ ਮਾਂ ਨੂੰ ਸਹਾਰਾ ਦੇ ਕੇ ਧੀ ਹੋ ਕੇ ਵੀ ਪੁੱਤ ਦਾ ਫਰਜ਼ ਨਿਭਾਇਆ ਹੈ ਤੇ ਸਾਡੇ ਧਰਮ ਗ੍ਰੰਥਾਂ ਦੀ ਇਸ ਸਿੱਖਿਆ ਨੂੰ ਵੀ ਸਾਰਥਿਕ ਕਰ ਦਿੱਤਾ ਹੈ ਕਿ ਮਾਂ-ਪਿਓ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ। ਮੋਨਿਕਾ ਦੀ ਪੇਸ਼ ਕੀਤੀ ਮਿਸਾਲ ਨੂੰ ਦੇਖ ਕੇ ਭਲਾ ਕਿਹੜਾ ਮਾਂ-ਬਾਪ ਨਹੀਂ ਚਾਹੇਗਾ ਕਿ ਉਨ੍ਹਾਂ ਦੀ ਵੀ ਇਕ ਧੀ ''ਮੋਨਿਕਾ'' ਵਰਗੀ ਹੋਵੇ ਕਿਉਂਕਿ :
       ''ਪੁੱਤ ਵੰਡਾਉਣ ਜ਼ਮੀਨਾਂ ਤੇ ਧੀਆਂ ਦੁੱਖ ਵੰਡਾਉਂਦੀਆਂ ਨੇ''।
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra