ਭਾਰਤੀ ਜੇਲ੍ਹਾਂ ’ਚ ਬਦਇੰਤਜ਼ਾਮੀ, ਕੁੱਟਮਾਰ, ਨਸ਼ੇ ਦੀ ਸਮੱਗਲਿੰਗ ਅਤੇ ਹੁਣ ਸੁਰੰਗ

11/03/2022 2:20:00 AM

ਬਦਇੰਤਜ਼ਾਮੀ ਦੀਆਂ ਸ਼ਿਕਾਰ ਭਾਰਤੀ ਜੇਲ੍ਹਾਂ ’ਚ ਕੁੱਟਮਾਰ ਤੇ ਅਧਿਕਾਰੀਆਂ ’ਤੇ ਹਮਲਿਆਂ ਦੇ ਇਲਾਵਾ ਨਸ਼ਿਆਂ ਅਤੇ ਮੋਬਾਇਲ ਫੋਨਾਂ ਆਦਿ ਦੀ ਬਰਾਮਦਗੀ ਲਗਾਤਾਰ ਜਾਰੀ ਹੈ। ਇਨ੍ਹਾਂ ’ਚ ਕਈ ਮਾਮਲਿਆਂ ’ਚ ਅਧਿਕਾਰੀ ਵੀ ਸ਼ਾਮਲ ਹਨ। ਹੁਣ ਤਾਂ ਜੇਲ੍ਹਾਂ ’ਚ ਸੁਰੰਗ ਤੱਕ ਪਾਈ ਜਾਣ ਲੱਗੀ ਹੈ। ਸਮੱਸਿਆ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਹਾਲ ਹੀ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ : 
* 11 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਕੇਂਦਰੀ ਜੇਲ੍ਹ ਕੰਪਲੈਕਸ ’ਚ ਟਾਵਰ ਨੰਬਰ 3 ਦੇ ਨੇੜੇ ਇਕ ਪੈਕੇਟ ’ਚੋਂ ਬੀੜੀਆਂ ਦੇ 10 ਬੰਡਲ ਬਰਾਮਦ ਕੀਤੇ ਗਏ। 
* 11 ਅਕਤੂਬਰ ਨੂੰ ਹੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ 2 ਕੈਦੀਆਂ ਕੋਲੋਂ ਸਿਮ ਸਮੇਤ 2 ਮੋਬਾਇਲ ਫੋਨ ਫੜੇ ਗਏ। 
*11 ਅਕਤੂਬਰ ਨੂੰ ਹੀ ਫਰੀਦਕੋਟ ਮਾਡਰਨ ਜੇਲ੍ਹ ’ਚ ਬੈਰਕਾਂ ਦੀ ਤਲਾਸ਼ੀ ਦੇ ਦੌਰਾਨ ਹਵਾਲਾਤੀਆਂ ਕੋਲੋਂ 6 ਮੋਬਾਇਲ ਫੋਨ ਜ਼ਬਤ ਕੀਤੇ ਗਏ। 
* 13 ਅਕਤੂਬਰ ਨੂੰ ਸਪੈਸ਼ਲ ਟਾਸਕ ਫੋਰਸ ਵੱਲੋਂ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਇਕ ਸੀਕ੍ਰੇਟ ਆਪ੍ਰੇਸ਼ਨ ਦੇ ਦੌਰਾਨ  ਡਿਪਟੀ ਸੁਪਰਿੰਟੈਂਡੈਂਟ ਬਲਬੀਰ ਸਿੰਘ ਨੂੰ ਜੇਲ੍ਹ ’ਚ ਬੰਦ ਖਤਰਨਾਕ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਮੋਬਾਇਲ ਫੋਨ ਮੁਹੱਈਆ ਕਰਵਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਬਦਲੇ ’ਚ ਉਹ ਮੋਟੀ ਰਕਮ ਲੈਂਦਾ ਸੀ। 
* 16 ਅਕਤੂਬਰ ਨੂੰ ਨੋਹਰ (ਰਾਜਸਥਾਨ) ’ਚ ਚਿੱਟੇ ਦੀ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਨੌਜਵਾਨ ਨੇ ਦੱਸਿਆ ਕਿ ਬੀਕਾਨੇਰ  ਦੀ ਜੇਲ੍ਹ ’ਚ ਬੰਦ ਇਕ  ਹਾਰਡਕੋਰ ਅਪਰਾਧੀ ਜਗਤ ਪਾਲ ਉਸ ਦਾ ਚਚੇਰਾ ਭਰਾ ਹੈ ਜੋ ਜੇਲ੍ਹ ’ਚੋਂ  ਹੀ ਮੋਬਾਇਲ  ਰਾਹੀਂ ਨਸ਼ਾ ਸਪਲਾਈ ਕਰਨ ਦਾ ਰੈਕੇਟ ਚਲਾ ਰਿਹਾ ਹੈ। 
ਉਸ ਨੇ ਦੱਸਿਆ ਕਿ ਜਗਤ ਪਾਲ ਉਸ  ਨੂੰ ਨਸ਼ਾ ਸਪਲਾਈ ਕਰਨ ਦੇ ਇਵਜ਼ ’ਚ ਹਰ ਮਹੀਨੇ 10,000 ਰੁਪਏ ਦਿੰਦਾ ਹੈ ਅਤੇ ਇਸ ਦਾ ਲੈਣ-ਦੇਣ ਵੀ ਮੋਬਾਇਲ ਰਾਹੀਂ ਹੀ ਹੁੰਦਾ ਹੈ। 
* 17 ਅਕਤੂਬਰ ਨੂੰ ਮਧੇਪੁਰਾ (ਬਿਹਾਰ) ਸਥਿਤ ‘ਉਦਾ ਕਿਸ਼ਨਗੰਜ’ ਮੰਡਲ ਸਬ-ਜੇਲ੍ਹ ’ਚ ਪੁਲਸ ਅਤੇ ਕੈਦੀਆਂ ਦਰਮਿਆਨ ਜ਼ਬਰਦਸਤ ਮਾਰੋਮਾਰੀ ਦੇ ਕਾਰਨ 1 ਪੁਲਸ ਮੁਲਾਜ਼ਮ ਅਤੇ 3 ਕੈਦੀ ਜ਼ਖਮੀ ਹੋ ਗਏ। ਛੁਡਾਉਂਦਿਆਂ ਜੇਲ੍ਹ ਦੇ ਡਿਪਟੀ ਸੁਪਰਿੰਟੈਂਡੈਂਟ ਨੂੰ ਵੀ ਸੱਟਾਂ ਲੱਗੀਆਂ। 
* 17 ਅਕਤੂਬਰ ਨੂੰ ਮੱਧ ਪ੍ਰਦੇਸ਼ ’ਚ ਗੁਨਾ ਜੇਲ੍ਹ ਦਾ ਬਰਖਾਸਤ ਗਾਰਡ 11 ਗ੍ਰਾਮ ਸਮੈਕ ਦੇ ਨਾਲ ਫੜਿਆ ਗਿਆ। 
* 17 ਅਕਤੂਬਰ ਨੂੰ ਹੀ ਫਿਰੋਜ਼ਪੁਰ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ ’ਚ ਬੰਦ ਕੈਦੀ ਨੇ ਤਲਾਸ਼ੀ ਦੇ ਦੌਰਾਨ ਜੇਲ੍ਹ ਅਧਿਕਾਰੀਆਂ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। 
* 18 ਅਕਤੂਬਰ ਨੂੰ ਹਿਸਾਰ ਸੈਂਟ੍ਰਲ ਜੇਲ੍ਹ ’ਚ ਹਵਾਲਾਤੀ ਆਪਸ ’ਚ ਭਿੜ ਗਏ, ਜਿਸ ਦੇ ਨਤੀਜੇ ਵਜੋਂ ਇਕ ਕੈਦੀ ਦੇ ਸਿਰ ’ਤੇ ਸੱਟਾਂ ਲੱਗੀਆਂ। 
* 25  ਅਕਤੂਬਰ ਨੂੰ ਲੁਧਿਆਣਾ ਜੇਲ੍ਹ ’ਚ ਇਕ ਦੋਸ਼ੀ  ਕੋਲੋਂ 32 ਗ੍ਰਾਮ ਚਰਸ ਫੜੀ ਗਈ।   
* 26 ਅਕਤੂਬਰ ਨੂੰ ਫਰੀਦਕੋਟ ਸੈਂਟ੍ਰਲ ਜੇਲ੍ਹ ’ਚ ਬੈਰਕਾਂ ਦੀ ਤਲਾਸ਼ੀ ਦੌਰਾਨ 9 ਮੋਬਾਇਲ ਫੜੇ ਗਏ। ਜਨਵਰੀ ਤੋਂ ਹੁਣ ਤੱਕ ਇੱਥੇ 400 ਮੋਬਾਇਲ ਫੋਨ ਬਰਾਮਦ ਹੋ ਚੁੱਕੇ ਹਨ। ਬੀਤੇ ਸਾਲ ਇਸੇ ਅਰਸੇ ਦੌਰਾਨ 200 ਮੋਬਾਇਲ ਫੜੇ ਗਏ ਸਨ। 
* 27 ਅਕਤੂਬਰ ਨੂੰ ਸੈਂਟ੍ਰਲ ਜੇਲ੍ਹ ਅੰਮ੍ਰਿਤਸਰ ’ਚ ਕੈਦੀਆਂ ਨੂੰ ਦਵਾਈ ਦੇਣ ਵਾਲੇ ਮੈਡੀਕਲ ਅਫਸਰ ਨੂੰ ਪੁਲਸ ਨੇ ਨਸ਼ੀਲੇ ਪਾਊਡਰ ਦੇ ਨਾਲ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। 
* 29  ਅਕਤੂਬਰ ਨੂੰ ਪਟਿਆਲਾ ਸੈਂਟ੍ਰਲ ਜੇਲ ’ਚ ਇਕ ਏ. ਐੱਸ. ਆਈ. ਅਤੇ 2 ਜੇਲ ਵਾਰਡਨਾਂ  ਨੂੰ ਬੀੜੀਆਂ, ਸੁਲਫਾ ਅਤੇ ਜ਼ਰਦੇ ਦੇ ਨਾਲ ਫੜਿਆ ਗਿਆ। 
* 29 ਅਕਤੂਬਰ ਨੂੰ ਹੀ ਨਾਭਾ ਦੀ ਨਵੀਂ ਜ਼ਿਲਾ ਜੇਲ੍ਹ ’ਚ ਬਾਹਰੋਂ ਸੁੱਟੇ ਗਏ ਬੰਡਲ ’ਚੋਂ ਨਸ਼ੀਲਾ ਪਦਾਰਥ, ਮੋਬਾਇਲ ਫੋਨ, ਚਾਰਜਰ ਤੇ ਬੈਟਰੀਆਂ  ਬਰਾਮਦ ਕੀਤੀਆਂ ਗਈਆਂ ਅਤੇ ਬਠਿੰਡਾ ਸੈਂਟ੍ਰਲ  ਜੇਲ ’ਚ ਬੰਦ ਵਿਚਾਰਅਧੀਨ ਕੈਦੀ ਕੋਲੋਂ ਇਕ ਮੋਬਾਇਲ ਫੋਨ ਤੇ ਹੈੱਡਫੋਨ, ਬੈਟਰੀ ਤੇ ਸਿਮ ਕਾਰਡ ਫੜਿਆ ਗਿਆ। 
* 31 ਅਕਤੂਬਰ ਨੂੰ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ’ਚ ਬੰਦ ਗੈਂਗਸਟਰ ’ਤੇ ਜੇਲ੍ਹ ਸੁਪਰਿੰਟੈਂਡੈਂਟ ਅਤੇ ਜੇਲ੍ਹ ਵਾਰਡਨ ’ਤੇ ਹਮਲਾ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ। 
* 31 ਅਕਤੂਬਰ ਨੂੰ ਹੀ ਜੈਪੁਰ ਦੇ ਸੈਸ਼ਨ ਕੋਰਟ ਦੀ ਹਵਾਲਾਤ (ਬਖਸ਼ੀਖਾਨਾ) ’ਚ 4 ਫੁੱਟ ਲੰਬੀ ਸੁਰੰਗ ਮਿਲੀ ਜੋ ਪੇਸ਼ੀ ’ਤੇ ਲਿਆਂਦੇ ਜਾਣ ਵਾਲੇ ਹਾਰਡਕੋਰ ਬੰਦੀਆਂ ਨੂੰ ਭਜਾਉਣ ਦੇ ਲਈ ਬਣਾਈ ਗਈ ਸੀ। 
* 1 ਨਵੰਬਰ ਨੂੰ ਅੰਬਾਲਾ ਸੈਂਟ੍ਰਲ ਜੇਲ ਦੇ ਅਧਿਕਾਰੀਆਂ ਨੇ  ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੇ ਦੌਰਾਨ 1 ਐਪਲ ਆਈਫੋਨ ਸਮੇਤ 8 ਮੋਬਾਇਲ ਬਰਾਮਦ ਕੀਤੇ। 

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਜੇਲ੍ਹ ਸੁਧਾਰਾਂ ਦੇ ਪ੍ਰਤੀ ਪ੍ਰਸ਼ਾਸਨ ਦਾ ਵਤੀਰਾ ਕਿੰਨਾ  ਅਣਦੇਖੀ ਵਾਲਾ ਹੈ। ਆਜ਼ਾਦੀ ਦੇ ਬਾਅਦ ਤੋਂ ਦੇਸ਼ ’ਚ ਜੇਲਾਂ ਦੇ ਸੁਧਾਰ ਦੇ ਲਈ ਕਈ ਕਮੇਟੀਆਂ ਗਠਿਤ ਕੀਤੀਆਂ ਗਈਆਂ  ਪਰ ਸਾਰਿਆਂ ਦੇ ਸੁਝਾਅ ਠੰਡੇ ਬਸਤੇ ’ਚ ਪਾ ਦਿੱਤੇ ਜਾਣ ਦੇ ਕਾਰਨ ਜੇਲਾਂ ਦਾ ਲਗਾਤਾਰ ਬੁਰਾ ਹਾਲ ਹੁੰਦਾ ਜਾ ਰਿਹਾ ਹੈ। 
ਜੇਲ੍ਹਾਂ ’ਚ ਸਮਰਥਾ ਨਾਲੋਂ ਵੱਧ ਭੀੜ-ਭੜੱਕੇ ਦੇ ਕਾਰਨ ਕੈਦੀ ਵੀ ਨਰਕ ਵਾਲੀ ਜ਼ਿੰਦਗੀ ਜੀਅ ਰਹੇ ਹਨ ਅਤੇ ਵੱਡੀ ਗਿਣਤੀ ’ਚ ਮੁਕੱਦਮੇ ਪੈਂਡਿੰਗ ਰਹਿਣ ਦੇ ਕਾਰਨ ਵੀ ਜੇਲ੍ਹਾਂ ’ਚ ਵਿਚਾਰਅਧੀਨ ਕੈਦੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। 
ਇਸ ਲਈ ਜਿੱਥੇ ਮੁਕੱਦਮਿਆਂ ਦੇ ਜਲਦੀ ਨਿਪਟਾਰੇ ਦੇ ਲਈ ਅਦਾਲਤਾਂ ’ਚ ਜੱਜਾਂ ਦੀਆਂ ਖਾਲੀ ਅਸਾਮੀਆਂ ਬਿਨਾਂ ਦੇਰ ਕੀਤੇ ਭਰਨਾ ਅਤੇ ਨਵੀਆਂ ਜੇਲਾਂ ਦਾ ਨਿਰਮਾਣ ਜ਼ਰੂਰੀ ਹੈ, ਉੱਥੇ ਹੀ ਗੈਂਗਵਾਰ, ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ, ਜੇਲ੍ਹ ’ਚ ਰਹਿ ਕੇ ਬਾਹਰ ਨਸ਼ੇ ਦਾ ਧੰਦਾ ਚਲਾਉਣ ਵਰਗੀਆਂ ਬੁਰਾਈਆਂ ਰੋਕਣ ਦੇ ਲਈ ਬਿਹਤਰ ਸੁਰੱਖਿਆ ਪ੍ਰਬੰਧਾਂ ਅਤੇ ਜੇਲਾਂ ’ਚ ਮੋਬਾਇਲ ਆਦਿ ਲਿਜਾਣ ਤੋਂ ਰੋਕਣ ਦੇ ਲਈ ਤਕਨੀਕ ਨੂੰ ਹਾਈਟੈਕ ਕਰਨਾ ਵੀ  ਬਹੁਤ ਜ਼ਰੂਰੀ ਹੈ।                   

   –ਵਿਜੇ ਕੁਮਾਰ

Mandeep Singh

This news is Content Editor Mandeep Singh