ਮਹਿਬੂਬਾ ਮੁਫਤੀ ਦੀ ‘ਅਗਵਾਈ ਹੇਠ’ ‘ਖਿੰਡਰ ਰਿਹਾ ਪੀ. ਡੀ. ਪੀ. ਦਾ ਕੁਨਬਾ’

12/16/2018 6:33:24 AM

ਮਹਿਬੂਬਾ ਮੁਫਤੀ ਦੀ ਛੋਟੀ ਭੈਣ ਰੂਬੀਆ ਸਈਦ  ਨੂੰ 7 ਦਸੰਬਰ 1989 ਨੂੰ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਨੇ ਉਦੋਂ ਅਗ਼ਵਾ ਕਰ ਲਿਆ ਸੀ, ਜਦੋਂ ਵੀ. ਪੀ. ਸਿੰਘ ਦੀ ਅਗਵਾਈ ਵਾਲੀ ਸਾਂਝੇ ਮੋਰਚੇ ਦੀ ਕੇਂਦਰ ਸਰਕਾਰ ’ਚ ਇਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਗ੍ਰਹਿ ਮੰਤਰੀ ਸਨ। 
ਰੂਬੀਆ ਨੂੰ ਅੱਤਵਾਦੀਆਂ ਤੋਂ ਛੁਡਵਾਉਣ ਲਈ ਕੇਂਦਰ ਸਰਕਾਰ ਨੇ 5 ਖਤਰਨਾਕ ਅੱਤਵਾਦੀਆਂ ਨੂੰ ਰਿਹਾਅ ਕਰਨ ਦੀ ਮੰਗ ਮੰਨ  ਲਈ ਸੀ। ਅਗ਼ਵਾ ਦੇ 122 ਘੰਟਿਆਂ ਬਾਅਦ ਰੂਬੀਆ ਰਿਹਾਅ ਹੋ ਗਈ, ਜਿਸ ਦੇ ਲਈ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਬਹੁਤ ਜ਼ਿਆਦਾ ਆਲੋਚਨਾ ਕੀਤੀ ਸੀ। 
ਵਾਦੀ ’ਚ ਹਾਲਾਤ ਵੀ ਉਦੋਂ ਤੋਂ  ਹੀ ਤੇਜ਼ੀ ਨਾਲ ਖਰਾਬ ਹੋਣੇ ਸ਼ੁਰੂ ਹੋਏ ਅਤੇ 1989 ’ਚ ਇਥੋਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜੇਕਰ ਉਦੋਂ ਸਰਕਾਰ ਅੱਤਵਾਦੀਆਂ ਅੱਗੇ ਗੋਡੇ ਨਾ ਟੇਕਦੀ ਤਾਂ ਕਸ਼ਮੀਰ ’ਚ ਹਾਲਾਤ ਅਜਿਹੇ ਨਾ ਹੁੰਦੇ।
ਮਹਿਬੂਬਾ ਮੁਫਤੀ ਹਮੇਸ਼ਾ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਸਿਆਸਤ ’ਚ ਸਰਗਰਮ ਰਹੀ ਅਤੇ ਪਿਓ-ਧੀ ਨੇ 1999 ’ਚ ਮਿਲ ਕੇ ‘ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ’ (ਪੀ. ਡੀ. ਪੀ.) ਬਣਾਈ, ਜਿਸ ਦੀ ਇਸ ਸਮੇਂ ਉਹ ਪ੍ਰਧਾਨ ਹੈ। 
ਮਹਿਬੂਬਾ ਮੁਫਤੀ ਨੇ ਆਪਣੇ ਪਿਤਾ ਮੁਫਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ 4 ਅਪ੍ਰੈਲ 2016 ਨੂੰ ਭਾਜਪਾ ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ’ਚ ਗੱਠਜੋੜ ਸਰਕਾਰ ਬਣਾਈ ਅਤੇ ਮੁੱਖ ਮੰਤਰੀ ਬਣੀ ਪਰ ਕਾਨੂੰਨ-ਵਿਵਸਥਾ ਨੂੰ ਕੰਟਰੋਲ ਕਰਨ ’ਚ ਨਾਕਾਮ ਰਹਿਣ ਕਰਕੇ ਭਾਜਪਾ ਵਲੋਂ ਪੀ. ਡੀ. ਪੀ. ਤੋਂ ਹਮਾਇਤ ਵਾਪਿਸ ਲੈ ਲੈਣ ’ਤੇ 19 ਜੂਨ 2018 ਨੂੰ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 
ਬਾਅਦ ’ਚ ਤੇਜ਼ੀ ਨਾਲ ਬਦਲਦੀÁ»ਆਂ ਘਟਨਾਵਾਂ ’ਚ ਪੀ. ਡੀ. ਪੀ. ਅੰਦਰ ਮਹਿਬੂਬਾ ਦੀ ਕਾਰਜਸ਼ੈਲੀ ਨੂੰ ਲੈ ਕੇ ਅਸਹਿਮਤੀ ਦੀਆਂ ਆਵਾਜ਼ਾਂ ਉੱਠਣ ਲੱਗੀਆਂ। ਉਨ੍ਹਾਂ ’ਤੇ ਸਰਕਾਰ ਤੇ ਪਾਰਟੀ ’ਚ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦੇ ਦੋਸ਼ ਵੀ ਲੱਗ ਰਹੇ ਹਨ। ਉਨ੍ਹਾਂ ਨੇ ਆਪਣੇ ਫਿਲਮ ਫੋਟੋਗ੍ਰਾਫਰ ਭਰਾ ਤਸੱਦੁਕ ਹੁਸੈਨ ਮੁਫਤੀ ਨੂੰ ਪਿਛਲੇ ਸਾਲ ਦਸੰਬਰ ’ਚ ਕੈਬਨਿਟ ਮੰਤਰੀ ਨਿਯੁਕਤ ਕਰਵਾ ਦਿੱਤਾ ਸੀ, ਜਿਸ ਨਾਲ ਪਾਰਟੀ ’ਚ ਨਾਰਾਜ਼ਗੀ ਵਧੀ। 
ਪੀ. ਡੀ. ਪੀ. ਦੀ ਬਦਹਾਲੀ ਲਈ ਮਹਿਬੂਬਾ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੀ. ਡੀ. ਪੀ. ਦੇ ਕਈ ਸੀਨੀਅਰ ਆਗੂਆਂ ਤੇ ਵਿਧਾਇਕਾਂ ਨੇ ਮਹਿਬੂਬਾ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕੀਤਾ ਹੋਇਆ ਹੈ। 
ਜੂਨ ’ਚ ਮਹਿਬੂਬਾ ਦੀ ਸਰਕਾਰ ਡਿਗਣ ਤੋਂ ਬਾਅਦ ਹੁਣ ਤਕ ਘੱਟੋ-ਘੱਟ 4 ਸਾਬਕਾ ਵਿਧਾਇਕ ਪਾਰਟੀ ਛੱਡ ਚੁੱਕੇ ਹਨ, ਜਿਨ੍ਹਾਂ ’ਚ ਇਮਰਾਨ ਰਜ਼ਾ ਅੰਸਾਰੀ, ਆਬਿਦ ਅੰਸਾਰੀ, ਮੁਹੰਮਦ ਅੱਬਾਸ ਵਾਨੀ ਤੇ ਸਾਬਕਾ ਵਿੱਤ ਮੰਤਰੀ ਡਾ. ਹਸੀਬ ਦ੍ਰਾਬੂ ਸ਼ਾਮਿਲ ਹਨ। 
ਇਮਰਾਨ ਅੰਸਾਰੀ ਨੇ 3 ਜੁਲਾਈ ਨੂੰ ਕਿਹਾ, ‘‘ਮੁਫਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ ਮਹਿਬੂਬਾ ਨੇ ਉਨ੍ਹਾਂ ਦੀ ਪਾਰਟੀ ਨੂੰ ‘ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ’ ਦੀ ਬਜਾਏ ‘ਫੈਮਿਲੀ ਡੈਮੋਕ੍ਰੇਟਿਕ ਪਾਰਟੀ’ ਵਿਚ ਬਦਲ ਦਿੱਤਾ, ਜਿਸ ਨੂੰ ਭਰਾਵਾਂ, ਚਾਚਿਆਂ ਤੇ ਹੋਰ ਰਿਸ਼ਤੇਦਾਰਾਂ ਵਲੋਂ ਚਲਾਇਆ ਜਾ ਰਿਹਾ ਸੀ।’’
ਪੀ. ਡੀ. ਪੀ. ਦਾ ‘ਥਿੰਕ ਟੈਂਕ’ ਮੰਨੇ ਜਾਣ ਵਾਲੇ ਸਾਬਕਾ ਵਿੱਤ ਮੰਤਰੀ ਹਸੀਬ ਦ੍ਰਾਬੂ ਨੇ 6 ਦਸੰਬਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ ਉਸ ਤੋਂ 2 ਦਿਨਾਂ ਬਾਅਦ ਹੀ 8 ਦਸੰਬਰ ਨੂੰ ਸਾਬਕਾ ਵਿਧਾਇਕ ਆਬਿਦ ਅੰਸਾਰੀ ਨੇ ਵੀ ਪਾਰਟੀ ਛੱਡ ਦਿੱਤੀ। ਇਸ ਮੌਕੇ ਆਬਿਦ ਅੰਸਾਰੀ ਨੇ ਕਿਹਾ ਕਿ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਨੀਚਾ ਦਿਖਾਇਆ ਹੈ, ਇਸ ਲਈ ਉਹ ਇਸ ਦੇ ਝੂਠ ਤੇ ਛਲ ਦਾ ਹਿੱਸਾ ਨਹੀਂ ਬਣੇ ਰਹਿਣਾ ਚਾਹੁੰਦੇ। 
11 ਦਸੰਬਰ ਨੂੰ ਤੰਗਮਰਗ ਤੋਂ ਪੀ. ਡੀ. ਪੀ. ਦੇ ਸਾਬਕਾ ਵਿਧਾਇਕ ਅੱਬਾਸ ਵਾਨੀ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਤੇ ਅਗਲੇ ਹੀ ਦਿਨ 12 ਦਸੰਬਰ ਨੂੰ ਉੱਤਰੀ ਕਸ਼ਮੀਰ ਦੇ ਉੜੀ ਚੋਣ ਹਲਕੇ ਤੋਂ ਪੀ. ਡੀ. ਪੀ. ਦੇ ਸੀਨੀਅਰ ਆਗੂ ਤੇ ਸਟੇਟ ਸੈਕਟਰੀ ਰਾਜਾ ਏਜਾਜ਼ ਅਲੀ ਖਾਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। 
ਰਾਜਾ ਏਜਾਜ਼ ਅਲੀ ਖਾਨ ਨੇ ਆਪਣੇ ਅਸਤੀਫੇ ’ਚ ਲਿਖਿਆ ਹੈ ਕਿ ਪਾਰਟੀ ’ਚ ਉਨ੍ਹਾਂ ਦਾ ਸਾਹ ਘੁੱਟ ਹੋ ਰਿਹਾ ਸੀ। ਉਹ ਆਪਣੇ ਉੜੀ ਹਲਕੇ ਦੇ ਪਾਰਟੀ ਵਰਕਰਾਂ ਦੇ ਭਾਰੀ ਦਬਾਅ ਹੇਠ ਪਾਰਟੀ ਤੋਂ ਅਸਤੀਫਾ ਦੇ ਰਹੇ ਹਨ, ਜਿਨ੍ਹਾਂ ਦੀ ਪਾਰਟੀ ਨੇ ਸੱਤਾ ’ਚ ਹੁੰਦਿਆਂ ਅਣਦੇਖੀ ਕੀਤੀ ਹੈ। 
ਸਪੱਸ਼ਟ ਤੌਰ ’ਤੇ ਮਹਿਬੂਬਾ ਮੁਫਤੀ ਦੀਆਂ ਪਰਿਵਾਰ-ਪੋਸ਼ਣ ਵਾਲੀਆਂ ਨੀਤੀਆਂ ਤੇ ਹੋਰ ਕਾਰਨਾਂ ਕਰਕੇ ਪੀ. ਡੀ. ਪੀ. ਅੰਦਰੂਨੀ ਕਲੇਸ਼ ਦਾ ਸਾਹਮਣਾ ਕਰ ਰਹੀ ਹੈ ਤੇ ਜੇ ਇੰਝ ਹੀ ਚੱਲਦਾ ਰਿਹਾ ਤਾਂ ਇਸ ਨੂੰ ਟੁੱਟਣ ਤੋਂ ਬਚਾਉਣਾ ਮਹਿਬੂਬਾ ਲਈ ਸੌਖਾ ਨਹੀਂ ਹੋਵੇਗਾ ਤੇ ਇਨ੍ਹਾਂ ਸਥਿਤੀਆਂ ’ਚ ਲੱਗਦਾ ਹੈ ਕਿ ਮਹਿਬੂਬਾ ਮੁਫਤੀ ਦਾ ਅਗਾਂਹ ਦਾ ਸਿਆਸੀ ਸਫਰ ਮੁਸ਼ਕਿਲਾਂ ਨਾਲ ਭਰਪੂਰ ਹੀ ਹੋਵੇਗਾ।                  

–ਵਿਜੇ ਕੁਮਾਰ