ਖੂਨਦਾਨ ਅਤੇ ਅੰਗਦਾਨ ਨੂੰ ਹੱਲਾਸ਼ੇਰੀ ਦੇ ਰਹੀ ਕੇਰਲਾ ਦੀ ਇਕ ਲਾਇਬ੍ਰੇਰੀ

01/19/2018 5:19:24 AM

ਅੰਗਦਾਨ ਅਤੇ ਖੂਨਦਾਨ ਦੋ ਮਹਾਦਾਨ ਹਨ, ਜੋ ਕਿਸੇ ਵੀ ਮਰਨ ਕੰਢੇ ਪੁੱਜੇ ਪ੍ਰਾਣੀ ਨੂੰ ਜੀਵਨਦਾਨ ਦੇ ਸਕਦੇ ਹਨ। ਭਾਰਤ 'ਚ ਖੂਨਦਾਨ ਹੌਲੀ-ਹੌਲੀ ਪ੍ਰਚੱਲਿਤ ਹੋ ਰਿਹਾ ਹੈ ਪਰ ਅੰਗਦਾਨ ਦੇ ਮਾਮਲੇ 'ਚ ਅਜੇ ਵੀ ਅਸੀਂ ਦੁਨੀਆ ਤੋਂ ਕਾਫੀ ਪਿੱਛੇ ਹਾਂ। 
ਇਸੇ ਦਿਸ਼ਾ 'ਚ ਦੱਖਣੀ ਭਾਰਤ ਵਿਚ ਕੇਰਲਾ ਦੇ ਕੋਜ਼ੀਕੋਡ ਜ਼ਿਲੇ ਵਿਚ ਪੇਰੂਵਾਇਲ ਪਿੰਡ 'ਚ ਸਥਿਤ ਕੇ. ਵੀ. ਗੋਬਿੰਦਕੁੱਟੀ ਯਾਦਗਾਰੀ ਲਾਇਬ੍ਰੇਰੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਸ ਲਾਇਬ੍ਰੇਰੀ ਨੇ 5 ਸਾਲ ਪਹਿਲਾਂ ਇਸ ਪਿੰਡ ਨੂੰ ਕੇਰਲਾ 'ਚ ਆਪਣੀ ਮਰਜ਼ੀ ਨਾਲ ਅੰਗਦਾਨ ਕਰਨ ਵਾਲੇ ਸਭ ਤੋਂ ਵੱਧ ਲੋਕਾਂ ਵਾਲੀਆਂ ਥਾਵਾਂ 'ਚ ਸ਼ਾਮਿਲ ਕਰ ਲਿਆ ਹੈ ਪਰ ਇਸ ਤੋਂ ਵੀ ਪਹਿਲਾਂ ਇਸ ਜਗ੍ਹਾ ਨੂੰ ਅਧਿਕਾਰਤ ਤੌਰ 'ਤੇ ਆਪਣੀਆਂ ਅੱਖਾਂ ਦਾਨ ਕਰਨ ਵਾਲੇ ਸਭ ਤੋਂ ਵੱਧ ਲੋਕਾਂ ਵਾਲੇ ਪਿੰਡ ਵਜੋਂ ਐਲਾਨਿਆ ਗਿਆ ਸੀ। 
ਹੁਣ ਜਦੋਂ ਇਹ ਲਾਇਬ੍ਰੇਰੀ ਆਪਣੀ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ, ਇਥੋਂ ਦੀ ਗ੍ਰਾਮ ਪੰਚਾਇਤ ਇਕ ਹੋਰ ਰਿਕਾਰਡ ਕਾਇਮ ਕਰਨ ਵੱਲ ਵਧ ਰਹੀ ਹੈ। 1967 ਵਿਚ ਸਥਾਪਿਤ ਇਸ ਲਾਇਬ੍ਰੇਰੀ ਨੇ ਪਿੰਡ ਵਾਸੀਆਂ ਦੀ ਜ਼ਿੰਦਗੀ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ। 
ਸਭ ਤੋਂ ਪਹਿਲਾਂ ਇਸ ਨੇ 1980 ਵਿਚ ਪਿੰਡ ਵਾਸੀਆਂ ਦੇ ਬਲੱਡ ਗਰੁੱਪ ਦੀ ਡਾਇਰੈਕਟਰੀ ਛਾਪੀ, ਜਿਸ ਦੀ ਸਹਾਇਤਾ ਨਾਲ ਨੇੜਲੇ ਸਰਕਾਰੀ ਮੈਡੀਕਲ ਕਾਲਜ 'ਚ ਇਲਾਜ ਕਰਵਾਉਣ ਵਾਲੇ ਕਾਫੀ ਲੋੜਵੰਦ ਲੋਕਾਂ ਨੂੰ ਖੂਨ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਗਈ ਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। 
ਇਸ ਤੋਂ ਬਾਅਦ 1986 ਤੋਂ ਇਸ ਲਾਇਬ੍ਰੇਰੀ ਵਲੋਂ ਅੱਖਾਂ ਦੇ ਦਾਨ ਦਾ ਪ੍ਰਚਾਰ ਸ਼ੁਰੂ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਵੱਡੀ ਗਿਣਤੀ 'ਚ ਲੋਕ ਆਪਣੀਆਂ ਅੱਖਾਂ ਦਾਨ ਕਰ ਚੁੱਕੇ ਹਨ। ਫਿਰ 2013 ਵਿਚ ਲਾਇਬ੍ਰੇਰੀ ਦੇ ਪ੍ਰਬੰਧਕਾਂ ਦੀ ਪ੍ਰੇਰਨਾ ਨਾਲ ਹੀ 18 ਸਾਲ ਤੋਂ ਜ਼ਿਆਦਾ ਉਮਰ ਦੇ 2600 ਲੋਕਾਂ ਨੇ ਆਪਣੀ ਮਰਜ਼ੀ ਨਾਲ ਅੰਗ ਦਾਨ ਕਰਨ ਦਾ ਐਲਾਨ ਕਰ ਕੇ ਇਤਿਹਾਸ ਰਚਿਆ। 
ਲਾਇਬ੍ਰੇਰੀ ਦੇ ਸਕੱਤਰ ਟੀ. ਐੱਮ. ਚੰਦਰਸ਼ੇਖਰਨ ਦਾ ਕਹਿਣਾ ਹੈ ਕਿ ਅੰਗਦਾਨ ਹੁਣ ਇਸ ਪਿੰਡ ਵਿਚ ਇਕ ਰਵਾਇਤ ਬਣ ਗਿਆ ਹੈ। 18 ਸਾਲ ਦਾ ਹੋਣ ਵਾਲਾ ਹਰੇਕ ਵਿਅਕਤੀ ਆਪਣੇ ਆਪ ਹੀ ਅੰਗ ਦਾਨ ਕਰਨ ਦਾ ਐਲਾਨ ਕਰ ਦਿੰਦਾ ਹੈ। 2003 ਤੋਂ ਬਾਅਦ ਪਿੰਡ ਵਾਸੀਆਂ ਨੇ 165 ਜੋੜੀ ਅੱਖਾਂ ਦਾਨ ਕੀਤੀਆਂ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। 
ਅੰਗਦਾਨ ਅਤੇ ਖੂਨਦਾਨ ਨੂੰ ਅੱਗੇ ਵਧਾਉਣ 'ਚ ਉਕਤ ਪਿੰਡ ਦੀ ਲਾਇਬ੍ਰੇਰੀ ਵਲੋਂ ਨਿਭਾਈ ਜਾਣ ਵਾਲੀ ਭੂਮਿਕਾ ਸ਼ਲਾਘਾਯੋਗ ਹੈ। ਜੇ ਸਾਰੀਆਂ ਥਾਵਾਂ 'ਤੇ ਵੱਖ-ਵੱਖ ਸੰਸਥਾਵਾਂ ਅੱਗੇ ਆ ਕੇ ਖੂਨਦਾਨ ਤੇ ਅੰਗਦਾਨ ਨੂੰ ਹੱਲਾਸ਼ੇਰੀ ਦੇਣ ਤਾਂ ਦੇਸ਼ ਵਿਚ ਵੱਡੀ ਗਿਣਤੀ 'ਚ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ।             
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra