ਆਪਣੀ ਪਾਰਟੀ ਛੱਡ ਕੇ ‘ਸੱਤਾਧਾਰੀ ਪਾਰਟੀ ਵਿਚ ਜਾਣਾ’ ‘ਚੜ੍ਹਦੇ ਸੂਰਜ ਨੂੰ ਸਲਾਮ ਵਰਗਾ’

06/22/2019 6:09:23 AM

20 ਜੂਨ ਨੂੰ ਤੇਦੇਪਾ ਦੇ 4 ਰਾਜ ਸਭਾ ਸੰਸਦ ਮੈਂਬਰਾਂ ਵਾਈ. ਐੱਸ. ਚੌਧਰੀ, ਟੀ. ਜੀ. ਵੈਂਕਟੇਸ਼, ਜੀ. ਐੱਮ. ਰਾਵ ਅਤੇ ਸੀ. ਐੱਮ. ਰਮੇਸ਼ ਆਪਣਾ ਵੱਖਰਾ ਧੜਾ ਬਣਾ ਕੇ ਭਾਜਪਾ ਵਿਚ ਜਾ ਰਲੇ। ਇਸ ਤੋਂ ਇਲਾਵਾ ਵੀ ਦੂਜੀਆਂ ਪਾਰਟੀਆਂ ‘ਆਪ’, ‘ਇਨੈਲੋ’ ਅਤੇ ‘ਤ੍ਰਿਣਮੂਲ ਕਾਂਗਰਸ’ ਤੋਂ ਵੱਡੀ ਗਿਣਤੀ ’ਚ ਭਾਜਪਾ ’ਚ ਦਲ-ਬਦਲੀ ਹੋਈ ਹੈ।

ਇਥੋਂ ਤਕ ਕਿ ਪਿਛਲੇ ਕੁਝ ਸਮੇਂ ਦੌਰਾਨ ਤ੍ਰਿਣਮੂਲ ਕਾਂਗਰਸ ’ਚੋਂ ਘੱਟੋ-ਘੱਟ ਅੱਧੀ ਦਰਜਨ ਵਿਧਾਇਕ ਅਤੇ ਅਨੇਕ ਕੌਂਸਲਰ ਭਾਜਪਾ ਨਾਲ ਨਾਤਾ ਜੋੜ ਚੁੱਕੇ ਹਨ। ਵਰਣਨਯੋਗ ਹੈ ਕਿ ਜਿੱਥੇ ਪਾਰਟੀ ਛੱਡਣ ਵਾਲਿਆਂ ਨੂੰ ਮਮਤਾ ਬੈਨਰਜੀ ਨੇ ‘ਕਚਰਾ’ ਦੱਸਿਆ ਹੈ, ਉਥੇ ਹੀ ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਨੂੰ ‘ਤ੍ਰਿਣਮੂਲ ਕਾਂਗਰਸ ਦੀ ਕੋਲੇ ਦੀ ਖਾਨ ਦੇ ਹੀਰੇ’ ਦੱਸਿਆ ਹੈ।

ਜਦੋਂ ਤੋਂ ਭਾਜਪਾ ਕੇਂਦਰ ’ਚ ਦੁਬਾਰਾ ਸੱਤਾ ’ਚ ਆਈ ਹੈ, ਇਹ ਪਹਿਲਾ ਮੌਕਾ ਹੈ, ਜਦੋਂ ਦੂਜੀਆਂ ਪਾਰਟੀ ਦੇ ਸੰਸਦ ਮੈਂਬਰ ਅਤੇ ਵਿਧਾਇਕ ਭਾਜਪਾ ’ਚ ਸ਼ਾਮਿਲ ਹੋ ਰਹੇ ਹਨ। ਇਥੋਂ ਤਕ ਕਿ ਇਸ ਮਾਮਲੇ ’ਚ ਉਹ ਵਿਚਾਰਕ ਫਰਕ ਨੂੰ ਵੀ ਕੋਈ ਮਹੱਤਵ ਨਹੀਂ ਦੇ ਰਹੇ।

ਹਾਲਾਂਕਿ ਆਪਣੀ ਮੂਲ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ਨੂੰ ਉਚਿਤ ਸਨਮਾਨ ਨਹੀਂ ਮਿਲਦਾ, ਫਿਰ ਵੀ ਉਹ ਸੱਤਾ ਦੇ ਮੋਹ ’ਚ ਉਸ ਪਾਰਟੀ ਨਾਲ ਜੁੜਨ ’ਚ ਸੰਕੋਚ ਨਹੀਂ ਕਰਦੇ, ਜਿਸ ਦਾ ਪੱਲੜਾ ਉਸ ਸਮੇਂ ਭਾਰੀ ਹੋਵੇ।

‘ਰਿਪਬਲਿਕ ਪਾਰਟੀ ਆਫ ਇੰਡੀਆ’ ਦੇ ਨੇਤਾ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ 19 ਜੂਨ ਨੂੰ ਲੋਕ ਸਭਾ ’ਚ ਇਸ ਗੱਲ ਨੂੰ ਸਵੀਕਾਰ ਕਰਦਿਆਂ ਕਿਹਾ, ‘‘ਰਾਹੁਲ ਜੀ, ਲੋਕਤੰਤਰ ’ਚ ਉਹੀ ਹੁੰਦਾ ਹੈ, ਜੋ ਲੋਕ ਚਾਹੁੰਦੇ ਹਨ। ਤੁਹਾਡੀ ਸੱਤਾ ਬਹੁਤ ਸਾਲਾਂ ਤਕ ਰਹੀ। ਜਦੋਂ ਤੁਹਾਡੀ ਸੱਤਾ ਸੀ, ਉਦੋਂ ਮੈਂ ਤੁਹਾਡੇ ਨਾਲ ਸੀ।’’

‘‘ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਲੋਕ ਮੈਨੂੰ ਕਹਿ ਰਹੇ ਸਨ ਇਧਰ ਆਓ, ਇਧਰ ਆਓ ਪਰ ਮੈਂ ਕਿਹਾ ਕਿ ਓਧਰ ਜਾ ਕੇ ਮੈਂ ਕੀ ਕਰਾਂ? ਮੈਂ ਹਵਾ ਦਾ ਰੁਖ਼ ਦੇਖਿਆ ਸੀ ਕਿ ਹਵਾ ਨਰਿੰਦਰ ਮੋਦੀ ਜੀ ਵੱਲ ਜਾ ਰਹੀ ਹੈ ਅਤੇ ਮੈਂ ਮੋਦੀ ਜੀ ਦੇ ਨਾਲ ਹਾਂ। ਸਾਡੀ ਸਰਕਾਰ ਪੰਜ ਸਾਲ ਚੱਲੇਗੀ, ਪੰਜ ਸਾਲ ਹੋਣ ਤੋਂ ਬਾਅਦ ਹੋਰ ਪੰਜ ਸਾਲ ਚੱਲੇਗੀ ਅਤੇ ਬਾਅਦ ਵਿਚ ਪੰਜ ਸਾਲ...ਭਾਵ ਚੱਲਦੀ ਰਹੇਗੀ।’’

ਚੜ੍ਹਦੇ ਸੂਰਜ ਨੂੰ ਸਲਾਮ ਕਰਨ ਦੀ ਇਹ ਪ੍ਰਵਿਰਤੀ ਲੋਕਤੰਤਰ ਲਈ ਸ਼ੁਭ ਨਹੀਂ ਹੈ। ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਆਪਣੀ ਪਾਰਟੀ ਤੋਂ ਕੋਈ ਸ਼ਿਕਾਇਤ ਵੀ ਹੋਵੇ ਤਾਂ ਉਸ ਨੂੰ ਪਾਰਟੀ ’ਚ ਰਹਿੰਦੇ ਹੋਏ ਹੀ ਆਪਣੀ ਗੱਲ ਨੇਤਾਵਾਂ ਤਕ ਪਹੁੰਚਾਉਣੀ ਚਾਹੀਦੀ ਹੈ, ਨਾ ਕਿ ਪਾਰਟੀ ਛੱਡ ਕੇ ਆਪਣੀ ਭਰੋਸੇਯੋਗਤਾ ’ਤੇ ਬੱਟਾ ਲਾਉਣ ਦੀ।

ਇਸ ਲਈ ਅਜਿਹਾ ਕਾਨੂੰਨ ਬਣਨਾ ਚਾਹੀਦਾ ਹੈ ਕਿ ਜੋ ਉਮੀਦਵਾਰ ਜਿਸ ਪਾਰਟੀ ’ਚੋਂ ਚੁਣਿਆ ਜਾਵੇ, ਆਪਣਾ ਕਾਰਜਕਾਲ ਖਤਮ ਹੋਣ ਤਕ ਉਸੇ ਪਾਰਟੀ ’ਚ ਰਹੇ ਅਤੇ ਪਾਰਟੀ ਨਾ ਬਦਲ ਸਕੇ।

–ਵਿਜੇ ਕੁਮਾਰ\\\
 

Bharat Thapa

This news is Content Editor Bharat Thapa