ਜ਼ਿਆਦਾ ਬੱਚੇ ਪੈਦਾ ਕਰਨ ਦਾ ਸੁਝਾਅ ਦੇਣ ਵਾਲੇ ਨੇਤਾ ਦੇਸ਼ ਨੂੰ ਕਿਸ ਰਸਤੇ ’ਤੇ ਲਿਜਾਣਾ ਚਾਹੁੰਦੇ ਹਨ

12/12/2019 1:30:08 AM

ਸਮੇਂ-ਸਮੇਂ ’ਤੇ ਸਾਡੇ ਕੁਝ ਨੇਤਾ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦੀ ਸਲਾਹ ਦਿੰਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਉੱਨਾਵ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇਕ ਬਿਆਨ ’ਚ ਕਿਹਾ ਸੀ ਕਿ ‘‘ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਹਰ ਹਿੰਦੂ ਘੱਟ ਤੋਂ ਘੱਟ 4 ਬੱਚੇ ਪੈਦਾ ਕਰੇ।’’

ਅਤੇ ਹੁਣ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ (ਭਾਜਪਾ) ’ਚ ਕੈਬਨਿਟ ਮੰਤਰੀ ਦਾ ਦਰਜਾ ਪ੍ਰਾਪਤ ਉੱਤਰ ਪ੍ਰਦੇਸ਼ ਮਜ਼ਦੂਰ ਕਲਿਆਣ ਦੇ ਪ੍ਰਧਾਨ ਸੁਨੀਲ ਭਰਾਲਾ ਨੇ 9 ਦਸੰਬਰ ਨੂੰ ਕਿਹਾ ਕਿ ‘‘ਹਿੰਦੂ ‘ਹਮ ਦੋ ਹਮਾਰੇ ਪਾਂਚ’ ਦੀ ਨੀਤੀ ’ਤੇ ਚੱਲਣ। ਘੱਟ ਤੋਂ ਘੱਟ 3 ਬੱਚੇ ਜ਼ਰੂਰ ਪੈਦਾ ਹੋਣੇ ਚਾਹੀਦੇ ਹਨ।’’

ਉਨ੍ਹਾਂ ਨੇ ਕਿਹਾ, ‘‘ਅੱਜ ਸਮਾਜ ’ਚ ਸਿਰਫ ਦੋ ਬੱਚੇ ਪੈਦਾ ਕਰਨ ਦੀ ਮੰਗ ਉਠ ਰਹੀ ਹੈ, ਜੋ ਚਿੰਤਾ ਦੀ ਗੱਲ ਹੈ। ਹਿੰਦੂਆਂ ਨੂੰ ‘ਹਮ ਦੋ ਹਮਾਰੇ ਦੋ’ ਦੀ ਨੀਤੀ ਛੱਡ ਕੇ ‘ਹਮ ਦੋ ਹਮਾਰੇ ਪਾਂਚ’ ਦੀ ਨੀਤੀ ਅਪਣਾਉਣੀ ਚਾਹੀਦੀ ਹੈ।’’

ਅੱਜ ਜਦਕਿ ਦੇਸ਼ ਭਿਆਨਕ ਆਬਾਦੀ ਧਮਾਕੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਲਗਾਤਾਰ ਵਧ ਰਹੀ ਬੇਰੋਜ਼ਗਾਰੀ ਦੀ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਹਰ ਪੰਜਵਾਂ ਨੌਜਵਾਨ ਬੇਰੋਜ਼ਗਾਰ ਹੈ। ਅਜਿਹੇ ਵਿਚ ਸੁਨੀਲ ਭਰਾਲਾ ਦੀ ਹਿੰਦੂਆਂ ਨੂੰ ਪੰਜ ਬੱਚੇ ਪੈਦਾ ਕਰਨ ਦੀ ਸਲਾਹ ਸਰਾਸਰ ਅਣਉਚਿਤ ਅਤੇ ਗੈਰ-ਵਿਵਹਾਰਕ ਹੈ।

ਅੱਜ ਜ਼ਮਾਨਾ ਬਦਲ ਚੁੱਕਾ ਹੈ। ਹਰ ਪੜ੍ਹਿਆ-ਲਿਖਿਆ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਨਾਲ ਕਿਉਂ ਨਾ ਸਬੰਧ ਰੱਖਦਾ ਹੋਵੇ, ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਹੋਰ ਜੀਵਨ ਉਪਯੋਗੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਇੱਛਾ ਕਾਰਣ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦਾ ਤਾਂਕਿ ਉਹ ਉੱਚ ਸਿੱਖਿਆ ਹਾਸਲ ਕਰ ਕੇ ਦੇਸ਼ ਦੇ ਸ੍ਰੇਸ਼ਠ ਨਾਗਰਿਕ ਬਣਨ ਅਤੇ ਸੁਖਮਈ ਅਤੇ ਸਨਮਾਨਜਨਕ ਜੀਵਨ ਗੁਜ਼ਾਰ ਸਕਣ।

ਇਸੇ ਕਾਰਣ ਅੱਜ ਪੜ੍ਹਿਆ-ਲਿਖਿਆ ਮੁਸਲਿਮ ਭਾਈਚਾਰਾ ਵੀ ਘੱਟ ਬੱਚੇ ਪੈਦਾ ਕਰ ਰਿਹਾ ਹੈ। ਇਸ ਦੇ ਉਲਟ ਦੇਸ਼ ਦੇ ਅਨੇਕ ਹਿੱਸਿਆਂ ਵਿਚ ਜਿਥੇ ਸਿੱਖਿਆ ਦਾ ਪ੍ਰਸਾਰ ਘੱਟ ਅਤੇ ਗਰੀਬੀ ਜ਼ਿਆਦਾ ਹੈ, ਉਥੇ ਸਭ ਧਰਮਾਂ ਦੇ ਲੋਕ ਜ਼ਿਆਦਾ ਬੱਚੇ ਪੈਦਾ ਕਰ ਰਹੇ ਹਨ ਤਾਂਕਿ ਉਹ ਬੱਚੇ ਰੋਜ਼ੀ-ਰੋਟੀ ਕਮਾਉਣ ’ਚ ਉਨ੍ਹਾਂ ਦਾ ਸਹਾਰਾ ਬਣ ਸਕਣ।

ਇਹੀ ਨਹੀਂ ਹੁਣ ਪੜ੍ਹੀਆਂ-ਲਿਖੀਆਂ ਔਰਤਾਂ ਵੀ ਦੋ ਤੋਂ ਵੱਧ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੀਆਂ ਕਿਉਂਕਿ ਜ਼ਿਆਦਾ ਬੱਚੇ ਪੈਦਾ ਕਰਨ ਨਾਲ ਉਨ੍ਹਾਂ ਦੀ ਸਿਹਤ ’ਤੇ ਉਲਟ ਪ੍ਰਭਾਵ ਪੈਂਦਾ ਹੈ। ਇਸ ਲਈ ਪੰਜ ਬੱਚਿਆਂ ਦਾ ਸੁਝਾਅ ਦੇਣ ਦੀ ਥਾਂ ’ਤੇ ਜੇਕਰ ਸ਼੍ਰੀ ਭਰਾਲਾ ਉਨ੍ਹਾਂ ਫਿਰਕਿਆਂ ’ਚ ਸਿੱਖਿਆ ਦੇ ਪ੍ਰਸਾਰ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਵਿਵਸਥਾ ਕਰਵਾਉਣ ’ਤੇ ਜ਼ੋਰ ਦਿੰਦੇ ਤਾਂ ਜ਼ਿਆਦਾ ਚੰਗਾ ਹੁੰਦਾ।

–ਵਿਜੇ ਕੁਮਾਰ


Bharat Thapa

Content Editor

Related News